Wednesday, 21 September 2022

ਉੱਘੇ ਗੀਤਕਾਰ ਰਣਜੋਧ ਸਿੰਘ ਰਾਣਾ ਦੀਆਂ ਪੁਸਤਕਾਂ, ‘ਮਹਿਕਾਂ’ ਤੇ ‘ਯਾਦਾਂ ਪਿੰਡ ਦੀਆਂ’ ਲੋਕ-ਅਰਪਣ

 


ਚੰਡੀਗੜ, (ਪ੍ਰੀਤਮ ਲੁਧਿਆਣਵੀ), 19 ਸਤੰਬਰ, 2022
:  ਮਾਂ ਬੋਲੀ ਪੰਜਾਬੀ ਦੀ ਸੇਵਾ ਵਿੱਚ ਜੁਟੇ ਸਾਹਿਤਕ ਵਿੰਗ ਮੁਹਾਲੀ ਵੱਲੋਂ ਉੱਘੇ ਗੀਤਕਾਰ ਰਣਜੋਧ ਸਿੰਘ ਰਾਣਾ ਦੀਆਂ ਪੁਸਤਕਾਂ-‘ਮਹਿਕਾਂ’ ਤੇ ‘ਯਾਦਾਂ ਪਿੰਡ ਦੀਆਂ’ ਦਾ ਲੋਕ ਅਰਪਣ ਸਮਾਗਮ ਕੋਠੀ ਨੰ: 1127, 3ਬੀ-2 ਮੁਹਾਲੀ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਨਾਮਵਰ ਸ਼ਾਇਰ ਭਗਤ ਰਾਮ ਰੰਗਾੜਾ ਨੇ ਕੀਤੀ ਜਦੋਂ ਕਿ ਪ੍ਰਸਿੱਧ ਕਹਾਣੀਕਾਰ ਅਵਤਾਰ ਸਿੰਘ ਮਹਿਤਪੁਰੀ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਸਮਾਗਮ ਦੇ ਆਰੰਭ ਵਿੱਚ ਪੁਸਤਕਾਂ ਦੇ ਰਚੇਤਾ ਰਣਜੋਧ ਸਿੰਘ ਰਾਣਾ ਵੱਲੋਂ ਜੀ ਆਇਆਂ ਨੂੰ ਕਹਿੰਦੇ ਹੋਏ ਪੁਸਤਕਾਂ ਰਚਨ ਦੇ ਪ੍ਰਯੋਜਨ ਨੂੰ ਸਰੋਤਿਆਂ ਨਾਲ ਸਾਂਝਾਂ ਕਰਦਿਆਂ ਦੱਸਿਆ ਕਿ ਉਹ ਹਮੇਸ਼ਾਂ ਆਪਣੀ ਜਨਮ ਭੌਇੰ ਨਾਲ ਜੁੜਿਆ ਰਿਹਾ ਹੈ ਤੇ ਆਪਣੇ ਜੀਵਨ ਵਿੱਚ ਸਮਾਜ ਵਿੱਚੋਂ ਜਿਹੜਾ ਤਜਰਬਾ ਉਸ ਨੇ ਹਾਸਿਲ ਕੀਤਾ ਹੈ, ਉਹੀ ਇਨਾਂ ਪੁਸਤਕਾਂ ਵਿੱਚ ਕਲਮੀ ਵਹਿਣ ਬਣ ਕੇ ਵਹਿਆ ਹੈ। ਉਸ ਨੇ ਇਹ ਵੀ ਦੱਸਿਆ ਕਿ ਉਹ 1967 ਤੋਂ ਹੀ ਕਵਿਤਾਕਾਰੀ ਦੇ ਖੇਤਰ ਵਿੱਚ ਨਿਰੰਤਰ ਵਿਚਰਦਾ ਆ ਰਿਹਾ ਹੈ।  ਇਸ ਉਪਰੰਤ ਸਮਾਗਮ ਵਿੱਚ ਹਾਜ਼ਰ ਸੁਰੀਲੀ ਆਵਾਜ਼ ਦੇ ਮਾਲਕ ਦਰਸ਼ਨ ਤਿਊਣਾ ਨੇ ਆਪਣਾ ਗੀਤ ‘ਝੁੱਗੀਆਂ ’ਚੋਂ ਪੂਰਾ ਪਰਿਵਾਰ ਹੱਸੀ ਜਾਂਦਾ ਹੈ’ ਗਾ ਕੇ ਚੰਗਾ ਆਨੰਦ ਬੰਨਿਆ। ਇਸਤੋਂ ਬਾਅਦ, ਪ੍ਰਸਿੱਧ ਲੇਖਕ ਬਲਦੇਵ ਸਿੰਘ ਪ੍ਰਦੇਸੀ ਵੱਲੋਂ ਪੁਸਤਕਾਂ ਦੀ ਨਿੱਠ ਕੇ ਪੜਚੋਲ ਕਰਦਿਆਂ ਪੁਸਤਕਾਂ ਨੂੰ ਮਿਆਰੀ ਅਤੇ ਲਾਇਬਰੇਰੀਆਂ ਦਾ ਸ਼ਿੰਗਾਰ ਬਣਨ ਦਾ ਦਮਖਮ ਭਰਨ ਵਾਲੀਆਂ ਦੱਸਿਆ। ਫਿਰ, ਬਲਦੇਵ ਪ੍ਰਦੇਸੀ ਵੱਲੋਂ ਆਪਣੀ ਚਰਚਿਤ ਰਚਨਾ ‘ਜ਼ਿੰਦਗੀ ’ਚ ਹੱਸਣਾ ਜ਼ਰੂਰ ਚਾਹੀਦਾ’ ਵੀ ਤਰਨੰਮ ਵਿੱਚ ਸੁਣਾ ਕੇ ਚੰਗੀ ਵਾਹ ਵਾਹ ਖੱਟੀ। 

          ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਾਣੇ-ਪਛਾਣੇ ਸਾਹਿਤਕਾਰ ਰਾਜ ਕੁਮਾਰ ਸਾਹੋਵਾਲੀਆ ਨੇ ਦੱਸਿਆ ਕਿ ਇਸ ਮੌਕੇ ਤੇ ਲੋਕ ਗਾਇਕ ਅਮਰ ਵਿਰਦੀ ਵੱਲੋਂ ਗੀਤਾਕਾਰ ਰਣਜੋਧ ਸਿੰਘ ਰਾਣਾ ਦੇ ਚਰਚਿਤ ਗੀਤ ‘ਬੰਮ ਬੰਮ ਵੇ ਰੇਲ ਗੱਡੀ ਆਈ ਹੈ’, ‘ਖਾਲਸਾ ਧੰਨ ਤੇਰੀ ਕੁਰਬਾਨੀ’ ਤੇ ‘ਕਿਸੇ ਦਾ ਨਾ ਵੀਰ ਵਿਛੜੇ’ ਗਾ ਕੇ ਸਮਾਗਮ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ।  ਸਰੋਤਿਆਂ ਦੀ ਭਰਵੀਂ ਮੰਗ ਉਤੇ ਗਾਇਕ ਵਿਰਦੀ ਵੱਲੋਂ ਆਪਣਾ ਨਵਾਂ ਗੀਤ ‘ਚੰਗਿਆਈਆਂ ਬੁਰਾਈਆਂ’ ਵੀ ਬੁਲੰਦ ਅਵਾਜ਼ ਵਿੱਚ ਸੁਣਾ ਕੇ ਸਮਾਰੋਹ ਦੇ ਮਾਹੌਲ ਵਿਚ ਹੋਰ ਵੀ ਰੰਗੀਨਤਾ ਭਰ ਦਿੱਤੀ। ਰਣਜੋਧ ਸਿੰਘ ਰਾਣਾ, ਅਵਤਾਰ ਸਿੰਘ ਮਹਿਤਪੁਰੀ ਅਤੇ ਬੀ. ਆਰ ਰੰਗਾੜਾ ਨੂੰ ਮੰਚ ਵੱਲੋਂ ਸ਼ਾਲ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨਗੀ ਮੰਡਲ ਨੇ ਸਮੁੱਚੇ ਸਮਾਗਮ ਨੂੰ ਮਿਆਰੀ ਦੱਸਦਿਆਂ ਇਸ ਦੀ ਭਰਪੂਰ ਸ਼ਲਾਘਾ ਕੀਤੀ।  ਦੇਰ ਤੱਕ ਚੱਲੇ ਇਸ ਭਾਵਪੂਰਤ ਸਮਾਗਮ ਦਾ ਮੰਚ ਸੰਚਾਲਨ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਬਾਖੂਬੀ ਕੀਤਾ ਗਿਆ। ਇਸ ਮੌਕੇ ਤੇ ਹੋਰਾਂ ਤੋਂ ਇਲਾਵਾ ਹਰਦੀਪ ਸਿੰਘ ਢਿੱਲੋਂ, ਪਰਮਿੰਦਰ ਸਿੰਘ, ਕਰਿਸ਼ਨ ਬਲਦੇਵ, ਰਵਿੰਦਰ ਕੁਮਾਰ ਬਾਂਸਲ, ਮਨਮੋਹਨ ਸਿੰਘ, ਪ੍ਰਦੀਪ ਗਰਗ, ਨਿਰਮਲ ਕੌਰ, ਰੁਪਿੰਦਰ ਪਾਲ ਸਿੰਘ, ਰਮਿੰਦਰਪਾਲ ਕੌਰ, ਰਮਨਦੀਪ ਕੌਰ ਅਤੇ ਅਮਨਪ੍ਰੀਤ ਸਿੰਘ ਨੇ ਵੀ ਹਾਜ਼ਰੀ ਭਰ ਕੇ ਸਮਾਗਮ ਦਾ ਆਨੰਦ ਮਾਣਿਆ।  ਇਸ ਤਰਾਂ ਇਹ ਸਮਾਗਮ ਸਿਖਰਾਂ ਛੂੰਹਦਾ ਹੋਇਆ ਯਾਦਗਾਰੀ ਪੈੜਾ ਛੱਡਦਾ ਸੰਪੰਨ ਹੋਇਆ ਤੇ ਰਣਜੋਧ ਸਿੰਘ ਰਾਣੇ ਦੇ ਪੂਰੇ ਪਰਿਵਾਰ ਵੱਲੋਂ ਆਏ ਮਹਿਮਾਨਾਂ ਦੀ ਚਾਹ ਪਾਣੀ ਨਾਲ ਭਰਪੂਰ ਸੇਵਾ ਕੀਤੀ ਗਈ।

No comments:

Post a Comment