Monday, 3 May 2021

ਬੇਲੋੜੀ ਆਵਾਜਾਈ ਤੋਂ ਗੁਰੇਜ਼ ਕਰੋ, ਘਰ ਰਹੋ, ਸੁਰੱਖਿਅਤ ਰਹੋ- ਐਸ.ਐਸ.ਪੀ ਨਵਜੋਤ ਸਿੰਘ ਮਾਹਲ

ਕੋਰੋਨਾ ਕਾਰਨ ਪੈਦਾ ਹੋਏ ਸਿਹਤ ਸੰਕਟ ਤੋਂ ਬਚਣ ਲਈ ਲੋਕ ਨਵੀਂਆਂ ਹਦਾਇਤਾਂ ਦੀ ਪਾਲਣਾ ’ਚ ਲਾਪ੍ਰਵਾਹੀ ਨਾ ਕਰਨ
ਹਫਤਾਵਰੀ ਲਾਕਡਾਊਨ ਅਤੇ ਨਾਈਟ ਕਰਫਿਊ ਦੀ ਉਲੰਘਣਾ ਦੇ 46 ਮਾਮਲੇ ਦਰਜ
ਹੁਸ਼ਿਆਰਪੁਰ= ਦਲਜੀਤ ਅਜਨੋਹਾ
ਕੋਰੋਨਾ ਵਾਇਰਸ ਕਾਰਨ ਦਿਨੋਂ-ਦਿਨ ਗੰਭੀਰ ਹੁੰਦੇ ਜਾ ਰਹੇ ਸਿਹਤ ਸੰਕਟ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਸਬੰਧੀ ਸਿਹਤ ਸਲਾਹਕਾਰੀਆਂ ਦੀ ਪੂਰਨ ਪਾਲਣਾ ਕਰਦਿਆਂ ਬਿਨਾਂ ਜ਼ਰੂਰੀ ਕੰਮ ਤੋਂ ਆਵਾਜਾਈ ਤੋਂ ਗੁਰੇਜ਼ ਕਰਨ ਅਤੇ ਆਪੋ-ਆਪਣੇ ਘਰਾਂ ’ਚ ਸੁਰੱਖਿਅਤ ਰਹਿਣ।  
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਮੌਜੂਦਾ ਸੰਕਟ ਪ੍ਰਤੀ ਸਾਰਿਆਂ ਨੂੰ ਪੂਰੀ ਗੰਭੀਰਤਾ ਦਿਖਾਉਂਦਿਆਂ ਬੇਲੋੜੀ ਆਵਾਜਾਈ ਤੋਂ ਗੁਰੇਜ਼ ਕਰਨ ਦੇ ਨਾਲ-ਨਾਲ ਕੋਵਿਡ ਸਬੰਧੀ ਜਾਰੀ ਹਦਾਇਤਾਂ ਨੂੰ ਅਪਨਾਉਣ ’ਚ ਰਤਾ ਵੀ ਲਾਪ੍ਰਵਾਹੀ ਨਹੀਂ ਅਪਨਾਉਣੀ ਚਾਹੀਦੀ ਤਾਂ ਜੋ ਕੀਮਤੀ ਜਾਨਾਂ ਨੂੰ ਸਮੇਂ ਸਿਰ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਕੋਰੋਨਾ ਦੀ ਦੂਜੀ ਲਹਿਰ ਪਹਿਲਾਂ ਨਾਲੋਂ ਵੀ ਜ਼ਿਆਦਾ ਖਤਰਨਾਕ ਹੈ ਜਿਸ ’ਤੇ ਲੋਕਾਂ ਦੇ ਸਹਿਯੋਗ ਨਾਲ ਫਤਿਹ ਪਾਈ ਜਾ ਸਕਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਤਾਕੀਦ ਕੀਤੀ ਕਿ ਉਹ ਘਰ ਰਹਿਣ-ਸੁਰੱਖਿਅਤ ਰਹਿਣ ਅਤੇ ਸਰਕਾਰੀ ਹਦਾਇਤਾਂ ਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ’ਚ ਬਿਨਾਂ ਦੇਰੀ ਲਾਗੂ ਕਰਨ।
ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਖੇਤਰਾਂ ਵਿੱਚ ਨਾਕੇਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਹਫਤਾਵਰੀ ਲਾਕਡਾਊਨ ਅਤੇ ਕਰਫਿਊ ਦੌਰਾਨ ਸ਼ਨੀਵਾਰ ਤੇ ਐਤਵਾਰ ਨੂੰ ਪੁਲਿਸ ਵਲੋਂ ਸਰਕਾਰੀ ਹਦਾਇਤਾਂ ਦੀ ਉਲੰਘਣਾ ਦੇ 46 ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਲੋਕਾਂ ਨੂੰ ਬਿਨਾਂ ਵਜ੍ਹਾ ਘਰੋਂ ਬਾਹਰ ਨਿਕਲਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਕੋਰੋਨਾ ਵਾਇਰਸ ਦੀ ਚੇਨ ਨੂੰ ਅਸਰਦਾਰ ਢੰਗ ਨਾਲ ਤੋੜ ਕੇ ਇਸ ਦੇ ਹੋਰ ਫੈਲਾਅ ਨੂੰ ਰੋਕਿਆ ਜਾ ਸਕੇ।
ਐਸ.ਐਸ.ਪੀ. ਨੇ ਦੱਸਿਆ ਕਿ ਸਾਰੀਆਂ ਗੈਰ-ਜ਼ਰੂਰੀ ਸਮਾਨ ਵਾਲੀਆਂ ਦੁਕਾਨਾਂ ਜਿਵੇਂ ਸੈਲੂਨ, ਜਿਓਲਰੀ ਦੀਆਂ ਦੁਕਾਨਾਂ, ਕੱਪੜਿਆਂ ਦੇ ਸਟੋਰ, ਕਾਸਮੈਟਿਕ ਦੀਆਂ ਦੁਕਾਨਾਂ ਆਦਿ 15 ਮਈ ਤੱਕ ਮੁਕੰਮਲ ਬੰਦ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਜਿਨ੍ਹਾਂ ’ਚ ਦੁੱਧ, ਬਰੈਡ, ਸਬਜ਼ੀਆਂ, ਫ਼ਲ, ਡੇਅਰੀ, ਪੋਲਟਰੀ, ਦਵਾਈਆਂ ਦੀਆਂ ਦੁਕਾਨਾਂ, ਲੈਬਾਰਟਰੀਆਂ ਆਦਿ ਖੁੱਲ੍ਹੀਆਂ ਰਹਿਣਗੀਆਂ। ਨਵਜੋਤ ਸਿੰਘ ਮਾਹਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਵਿੱਚ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਾਗੂ ਹੈ ਜਿਸ ਦੀ ਉਲੰਘਣਾ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹੋਟਲਾਂ, ਰੈਸਟੋਰੈਂਟਾਂ ਵਿੱਚ ਖਾਣ-ਪੀਣ ’ਤੇ ਮਨਾਹੀ ਹੈ ਅਤੇ ਸ਼ਨੀਵਾਰ ਤੇ ਐਤਵਾਰ ਨੂੰ ਪੂਰਨ ਲਾਕਡਾਊਨ ਕੀਤਾ ਗਿਆ ਹੈ।  ਉਨ੍ਹਾਂ ਕਿਹਾ ਕਿ ਚਾਰ ਪਹੀਆ ਵਾਲੇ ਸਵਾਰੀ ਵਾਹਨਾਂ ਵਿੱਚ 2 ਸਵਾਰੀਆਂ ਨੂੰ ਹੀ ਮਨਜ਼ੂਰੀ ਹੈ। ਪਿੰਡਾਂ ਵਿੱਚ ਠੀਕਰੀ ਪਹਿਰੇ ਮੁੜ ਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਪੇਂਡੂ ਖੇਤਰਾਂ ਵਿੱਚ ਇਸ ਵਾਇਰਸ ਦੇ ਹੋਰ ਪ੍ਰਸਾਰ ਨੂੰ ਠੱਲਿ੍ਹਆ ਜਾ ਸਕੇ।
ਨਵਜੋਤ ਸਿੰਘ ਮਾਹਲ ਨੇ ਧਾਰਮਿਕ ਥਾਵਾਂ ’ਤੇ ਵਾਧੂ ਭੀੜ ਨਾ ਇਕੱਠੀ ਕਰਨ ਦੀ ਅਪੀਲ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ 6 ਵਜੇ ਧਾਰਮਿਕ ਸਥਾਨ ਬੰਦ ਕੀਤੇ ਜਾਣਗੇ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਵੱਡੀਆਂ ਸਬਜੀਆਂ ਮੰਡੀਆਂ ਵਿੱਚ ਜਾਣ ਦੀ ਬਜਾਏ ਰੇਹੜੀ ਵਾਲਿਆਂ ਤੋਂ ਸਬਜੀ ਖਰੀਦਣ ਨੂੰ ਤਰਜ਼ੀਹ ਦੇਣ ਕਿਉਂਕਿ ਭੀੜ ਵਾਲੀ ਥਾਂ ’ਤੇ ਵਾਇਰਸ ਦਾ ਵਾਧੂ ਖਤਰਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕਿਸੇ ਵੀ ਵਿਅਕਤੀ ਨੂੰ ਤੰਗ ਪ੍ਰੇਸ਼ਾਨ ਕਰਨਾ ਨਹੀਂ ਚਾਹੁੰਦੀ ਪਰ ਲੋਕਾਂ ਨੂੰ ਸਮੇਂ ਦੀ ਨਜ਼ਾਕਤ ਸਮਝਦਿਆਂ ਸਰਕਾਰੀ ਹਦਾਇਤਾਂ ’ਤੇ ਪੂਰਾ ਅਮਲ ਕਰਨਾ ਚਾਹੀਦਾ ਹੈ।

ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਸੁਰੀਲੀ ਗਾਇਕਾ- ਬੱਲੀ ਸੰਧੂ

ਅੰਤਰਰਾਸ਼ਟਰੀ ਗਾਇਕਾਵਾਂ ਦੀ ਕਤਾਰ ਵਿਚ ਬੋਲਦਾ ਬੱਲੀ ਸੰਧੂ (ਕੌਰ ਬਿੱਲੋ) ਇਕ ਐਸਾ ਖ਼ੂਬਸੂਰਤ ਨਾਂਓਂ ਹੈ ਜੋ ਆਪਣੀ ਮਿੱਠੀ, ਸੁਰੀਲੀ ਤੇ ਦਮਦਾਰ ਅਵਾਜ਼ ਸਦਕਾ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਣ ਚੁੱਕਾ ਹੈ। ਅੰਬਾਲਾ ਸ਼ਹਿਰ ਵਿਖੇ ਮਾਤਾ ਪਿਆਰ ਕੌਰ ਦੀ ਪਾਕਿ ਕੁੱਖ ਨੂੰ ਭਾਗ ਲਾਉਣ ਵਾਲੀ ਬੱਲੀ ਦੱਸਦੀ ਹੈ ਕਿ ਉਹ 10 ਕੁ ਵਰਿ੍ਆਂ ਦੀ ਹੀ ਸੀ ਜਦੋਂ ਉਹ ਆਪਣੇ ਪਿਤਾ ਸ੍ਰ. ਗੁਰਦੇਵ ਸਿੰਘ ਜੀ ਦੇ ਨਾਲ ਕੀਰਤਨ ਕਰਨ ਲੱਗ ਪਈ ਸੀ। ਪੜ੍ਹਾਈ ਕਰਨ ਉਪਰੰਤ ਧਾਰਮਿਕ ਗਾਇਕੀ ਵਿਚ ਮਾਨ-ਸਨਮਾਨ ਹਾਸਲ ਕਰਦੀ ਉਹ ਸੁਪ੍ਰਸਿੱਧ ਪਾਕਿਸਤਾਨੀ ਗਾਇਕਾ ਨੂਰ ਜਹਾਂ ਦੀ ਗਾਇਕੀ ਤੋਂ ਬਹੁਤ ਪ੍ਰਭਾਵਿਤ ਹੋਈ।


ਫਿਰ ਜ਼ਮਨਾ ਨਗਰ ਤੋਂ ਗੀਤ-ਸੰਗੀਤ ਦੇ ਮਾਹਰ ਮਦਨ ਭਾਰਦਵਾਜ਼ ਤੋਂ ਗੀਤ-ਸੰਗੀਤ ਦੀ ਸਿੱਖਿਆ ਹਾਸਲ ਕਰਕੇ ਉਹ ਪੱਕੇ ਤੌਰ ਤੇ ਗਾਇਕੀ ਦੇ ਪਿੜ ਵਿਚ ਨਿਕਲ ਤੁਰੀ। ਉਸ ਨੇ ਪਹਿਲੇ ਆਪਣੀ ਸੋਲ੍ਹੋ ਦੇ ਅੱਠ ਗੀਤਾਂ ਦੀ ਕੈਸਿਟ, ‘‘ਅੱਖੀਆਂ’’ ਮਾਰਕੀਟ ਵਿਚ ਉਤਾਰੀ। ਇਸ ਕੈਸਿਟ ਨੂੰ ਕਲਾ-ਪ੍ਰੇਮੀਆਂ ਵਲੋਂ ਉਸ ਦੀਆਂ ਆਸਾਂ-ਉਮੀਦਾਂ ਤੋਂ ਵੱਧ ਭਰਵਾਂ ਹੁੰਗਾਰਾ ਮਿਲਿਆ। ਉਸ ਨੇ ਫਿਰ ਜਿੱਥੇ ਵੱਖ-ਵੱਖ ਗਾਇਕਾਂ ਨਾਲ ਸਟੇਜਾਂ ਕੀਤੀਆਂ, ਉਥੇ ਗੀਤ, ‘‘ਚੂੜੀਆਂ’’ ਸੋਲ੍ਹੋ ਅਤੇ ਮਨਜੀਤ ਮਾਨ ਨਾਲ, ‘‘ਪਿਆਰ ਦੀ ਝੜੀ’’ ਡਿਊਟ ਗੀਤ ਵੀ ਰਿਕਾਰਡ ਕਰਵਾਇਆ।  ਵਧਦੇ ਕਦਮੀਂ ਉਹ ਜਾਗਰਣ ਅਤੇ ਵਿਆਹਾਂ-ਸ਼ਾਦੀਆਂ ਵਿਚ ਲੇਡੀ-ਸੰਗੀਤ ਵੱਲ ਨੂੰ ਵੀ ਹੋ ਤੁਰੀ। ਸੰਨ- 2000 ਵਿਚ ਉਸ ਨੂੰ ਅੰਤਰ-ਰਾਸ਼ਟਰੀ ਗਾਇਕ ਸੁਰਿੰਦਰ ਸ਼ਿੰਦਾ ਜੀ ਨਾਲ ਬਾਬਾ ਮੁਰਾਦ ਸ਼ਾਹ ਜੀ (ਮੰਢਾਲੀ ਸ਼ਰੀਫ਼) ਅਤੇ ਲਾਡੀ ਸ਼ਾਹ ਜੀ (ਨਕੋਦਰ) ਮੇਲਿਆਂ ਉਤੇ ਜਾਣ ਤੇ ਪੀਰਾਂ-ਫ਼ਕੀਰਾਂ ਦਾ ਅਸ਼ੀਰਵਾਦ ਹਾਸਲ ਕਰਕੇ ਰੱਬ ਨੇ ਉਸ ਦੀਆਂ ਹੋਰ ਵੀ ਮੁਰਾਦਾਂ ਪੂਰੀਆਂ ਕੀਤੀਆਂ।

  ਉਸ ਉਪਰੰਤ ਸੁਰਿੰਦਰ ਸ਼ਿੰਦਾ ਜੀ ਨਾਲ, ‘‘ਰੱਬ ਰੱਖੇ ਤੇਰੀ ਖ਼ੈਰ’’, ‘‘ਚਾਹ ਦਾ ਗਿਲਾਸ ਫੜਾਉਂਦੀ ਦਾ’’, ‘‘ਸੋਹਣਾ ਬੜਾ ਜਵਾਈ’’ ਅਤੇ ‘ਤੇਰੀ ਫੀਅਟ ’ਤੇ ਜੇਠ ਨਜ਼ਾਰੇ ਲੈਂਦਾ’, ਆਦਿ ਡਿਯੂਟ ਗੀਤਾਂ ਨਾਲ ਅਤੇ ‘ਜਦੋਂ ਹੌਲੀ ਜਿਹੇ ਲੈਂਦਾ ਮੇਰਾ ਨਾਂ ਤੇ ‘ਆਜਾ ਮਾਹੀ ਆ’ ਆਦਿ ਸੋਲ੍ਹੋ ਗੀਤਾਂ ਨਾਲ ਸਟੇਜਾਂ ’ਤੇ ਕਾਫ਼ੀ ਨਾਮਨਾ ਖੱਟ ਚੁੱਕੀ ਬੱਲੀ ਸੰਧੂ ਜਿੱਥੇ ਦੂਰ-ਦਰਸ਼ਨ ਜਲੰਧਰ ਦੇ ਸਮਾਗਮਾਂ ਵਿਚ ਕਈ ਹਾਜ਼ਰੀਆਂ ਭਰ ਚੁੱਕੀ ਹੈ, ਉਥੇ 2003 ਤੋਂ ਅੱਜ ਤੱਕ ਸੱਤ ਸਮੁੰਦਰੋਂ ਪਾਰਲੀਆਂ ਉਡਾਰੀਆਂ ਮਾਰਦੀ ਉਹ ਦੁਬੱਈ, ਉਮਾਨ, ਸਿੰਘਾ ਪੁਰ ਅਤੇ ਅਮਰੀਕਾ ਆਦਿ ਦੇਸ਼ਾਂ ਵਿਚ ਵੀ ਆਪਣੀ ਗਾਇਕੀ ਦੀਆਂ ਪੈੜਾਂ ਛੱਡ ਆਈ ਹੈ।  . . .ਮਾਨ-ਸਨਮਾਨ ਖੇਤਰ ਵਿਚ ਉਸ ਕਿਹਾ,‘‘ਭਾਂਵੇਂ ਕਿ ਮੈਨੂੰ ਮੁਹਾਲੀ-ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਦੇ ਕੋਨੇ-ਕੋਨੇ ਅਤੇ ਵਿਦੇਸ਼ਾਂ ਤੋਂ ਅਨਗਿਣਤ ਮਾਨ-ਸਨਮਾਨ ਮਿਲ ਚੁੱਕੇ ਹਨ, ਪਰ, ਲੁਧਿਆਣਾ ਦੇ ਪ੍ਰਸਿੱਧ ਮਾਸਿਕ ਮੈਗਜ਼ੀਨ, ‘ਫਿਲਮੀ ਫੋਕਸ’, ਵਲੋਂ 5 ਜਨਵਰੀ, 2020 ਨੂੰ, ‘‘ਲੋਹੜੀ ਧੀਆਂ ਦੀ’’ ਮੇਲੇ ਦੌਰਾਨ ਮੈਨੂੰ ਮੈਡਲ ਅਤੇ ਸ਼ੀਲਡ ਨਾਲ ਸਨਮਾਨਿਆ ਜਾਣਾ ਅਤੇ ਮੰਢਾਲੀ ਸ਼ਰੀਫ’’ ਅਤੇ ਨਕੋਦਰ ਦੀਆਂ ਦਰਗਾਹਾਂ ਤੋਂ ਮੂੰਹ ਮੰਗੀਆਂ ਮੁਰਾਦਾਂ ਮਿਲਣੀਆਂ ਦਾ ਨਜ਼ਾਰਾ ਹੀ ਕੁਝ ਹੋਰ ਹੈ।’’    

  ਗਾਇਕੀ ਵਿਚ ਵਧ ਰਹੀ ਅਸ਼ਲੀਲਤਾ ਬਾਰੇ ਪੁੱਛਣ ਤੇ ਬੱਲੀ ਸੰਧੂ ਨੇ ਕਿਹਾ,‘‘ਅਸ਼ਲੀਲਤਾ ਨੂੰ ਗੀਤਾਂ ਅਤੇ ਗਾਇਕੀ ਵਿਚ ਸ਼ਾਮਲ ਕਰ ਕੇ ਅੱਜ ਕੱਲ ਅੱਗੇ ਵਧਣ ਦੀ ਇਕ ਹੋੜ ਲੱਗੀ ਹੋਈ ਹੈ, ਜਿਹੜੀ ਕਿ ਸਾਡੇ ਵੱਡਮੁੱਲੇ ਵਿਰਸੇ ਲਈ ਮੰਦਭਾਗੀ ਹੈ। ’’ . . . .ਆਪਣੇ ਵਤਨ ਦੀਆਂ ਖ਼ੁਸ਼ਬੂਆਂ ਵਿਸ਼ਵ ਪੱਧਰ ਤੇ ਵਿਖ਼ੇਰ ਰਹੀ ਮਿੱਠੀ, ਸੁਰੀਲੀ ਤੇ ਦਮਦਾਰ ਅਵਾਜ਼ ਦੀ ਮਲਿਕਾ, ਚੁਲਬਲੀ ਗਾਇਕਾ ਬੱਲੀ ਸੰਧੂ (ਕੌਰ ਬਿੱਲੋ) ਦਾ ਨਾਂਓਂ ਗੀਤ-ਸੰਗੀਤ ਦੇ ਪ੍ਰੇਮੀਆਂ ਦੇ ਬੁੱਲ੍ਹਾਂ ਉਤੇ ਹੋਰ ਵੀ ਗੂਹੜਾ ਹੋ ਜਾਵੇ, ਸੱਚੇ ਮਨ ਤੋਂ ਅਰਦਾਸਾਂ ਤੇ ਜੋਦੜੀਆਂ ਹਨ, ਇਸ ਕਲਮ ਦੀਆਂ !

  -ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ, 9876428641

ਸੰਪਰਕ : ਬੱਲੀ ਸੰਧੂ (ਕੌਰ ਬਿੱਲੋ), ਲੁਧਿਆਣਾ, 9781823853