Friday, 28 March 2025

ਪਿੰਡ ਬੋਲੀਨਾ ਦੁਆਬਾ ਦੇ ਸੁਖਦੇਵ ਰਾਜ ਬੀਐਸਐਫ ਵਿੱਚ ਬਣੇ, ਆਈਜੀ ਅਧਿਕਾਰੀ

ਅਮਰਜੀਤ ਸਿੰਘ ਜੰਡੂ ਸਿੰਘਾ-ਪਿੰਡ ਬੋਲੀਨਾ ਦੋਆਬਾ ਵਿੱਚ ਖਸ਼ੀ ਦੀ ਲਹਿਰ ਹੈ ਕਿਉਕਿ ਪਿੰਡ ਦੇ ਜੰਮਪੱਲ੍ਹ ਸੁਖਦੇਵ ਰਾਜ ਸਪੁੱਤਰ ਚਮਨ ਲਾਲ ਬਾਘਾ ਜੋ ਕਿ ਸੰਨ 1989 ਵਿੱਚ ਬਾਰਡਰ ਸਿਕਿਉਰਟੀ ਫੋਰਸ (ਬੀਐਸਐਫ) ਵਿੱਚ ਬਤੌਰ ਅਸਿਸਟੈਂਟ ਕਮਾਂਡਰ ਭਰਤੀ ਹੋਏ ਸਨ ਉਹ ਬੀਤੇ ਦਿਨ 28 ਮਾਰਚ ਨੂੰ ਆਈਜੀ (ਇੰਸਪੈਕਟਰ ਆਫ਼ ਜਰਨਲ) ਬਣੇ ਹਨ। ਜਾਣਕਾਰੀ ਦਿੰਦੇ ਪਿੰਡ ਬੋਲੀਨਾ ਦੇ ਸਾਬਕਾ ਸਰਪੰਚ ਕੁਲਵਿੰਦਰ ਬਾਘਾ (ਸਰਪੰਚ ਯੂਨੀਅਨ ਪ੍ਰਧਾਨ) ਨੇ ਦਸਿਆ ਕਿ ਸਾਡੇ ਪਿੰਡ ਬੋਲੀਨਾ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਸ਼੍ਰੀ ਸੁਖਦੇਵ ਰਾਜ ਜੀ ਨੂੰ ਇਸ ਅਹੁੱਦੇ ਦੀ ਪ੍ਰਾਪਤੀ ਹੋਈ ਹੈ। ਉਨ੍ਹਾਂ ਕਿਹਾ ਇਹ ਅਹੁੱਦਾ ਸਾਡੇ ਭਾਰਤ ਦੇਸ਼ ਵਿੱਚ ਬਹੁਤ ਵੱਡਾ ਮੰਨਿਆ ਜਾਂਦਾ ਹੈ ਅਤੇ ਇਸ ਅਹੁੱਦੇ ਦੇ ਮਿਲਣ ਦੇ ਨਾਲ ਜਿੱਥੇ ਸੁਖਦੇਵ ਰਾਜ ਦਾ ਰੁਤਬਾ ਵਧਿਆ ਹੈ ਉੱਥੇ ਹੀ ਪਿੰਡ ਬੋਲੀਨਾ ਦੁਆਬਾ ਦੇ ਹਰ ਨਗਰ ਨਿਵਾਸੀ ਦਾ ਰੁਤਬਾ ਵਧਿਆ ਹੈ। ਉਨ੍ਹਾਂ ਕਿਹਾ ਸਮੂਹ ਬਾਘਾ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਉਨ੍ਹਾਂ ਸੁਖਦੇਵ ਰਾਜ ਦੇ ਸਮੂਹ ਪਰਿਵਾਰ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਤੇ ਵਧਾਈਆਂ ਦਿੱਤੀਆਂ ਹਨ।

ਏ.ਸੀ.ਪੀ. ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ



ਵਿਦਿਆਰਥੀਆਂ ਨੇ ਨਸ਼ਿਆਂ ਖਿਲਾਫ਼ ਜੰਗ ’ਚ ਯੋਗਦਾਨ ਪਾਉਣ ਦਾ ਲਿਆ ਪ੍ਰਣ
ਜਲੰਧਰ.27 ਮਾਰਚ (ਅਮਰਜੀਤ ਸਿੰਘ)-
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸਮਾਜ ਸੇਵੀ ਸੰਸਥਾ ਦਿਸ਼ਾਦੀਪ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਨਾਰਥ ਕੈਂਪਸ ਮਕਸੂਦਾਂ ਵਿਖੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਏ.ਸੀ.ਪੀ. ਨਾਰਥ ਰਿਸ਼ਭ ਭੋਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਏ.ਸੀ.ਪੀ. ਰਿਸ਼ਭ ਭੋਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਖਿਲਾਫ਼ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਉਂਦੇ ਹੋਏ ਫੈਸਲਾਕੁੰਨ ਜੰਗ ਵਿੱਢੀ ਹੋਈ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਣਤ ਤੋਂ ਦੂਰ ਰਹਿਣ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਇਸ ਦੇ ਮਾੜੇ ਪ੍ਰਭਾਵਾਂ ਤੋਂ ਸੁਚੇਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੋਈ ਵੀ ਲੜਾਈ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਹੀਂ ਜਿੱਤੀ ਜਾ ਸਕਦੀ, ਇਸ ਲਈ ਲੋਕਾਂ ਖਾਸ ਕਰ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ਼ ਅੱਗੇ ਆਉਂਦਿਆਂ ਇਸ ਲੜਾਈ ਵਿੱਚ ਪੁਲਿਸ ਦਾ ਸਾਥ ਦੇਣਾ ਚਾਹੀਦਾ ਹੈ।
ਨਸ਼ਾ ਛੁਡਾਊ ਕੇਂਦਰ ਜਲੰਧਰ ਤੋਂ ਸ਼ਾਮਲ ਹੋਏ ਡਾ. ਬੀਨੂ ਚੋਪੜਾ ਨੇ ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਦੇ ਸਾਰੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਨਸ਼ੇ ਦੇ ਆਦੀ ਵਿਅਕਤੀਆਂ ਦਾ ਇਲਾਜ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਇਨ੍ਹਾਂ ਨੌਜਵਾਨਾਂ ਲਈ ਕਿੱਤਾ ਮੁਖੀ ਸਿਖ਼ਲਾਈ ਦਾ ਵੀ ਪ੍ਰਬੰਧ ਹੈ ਤਾਂ ਜੋ ਇਲਾਜ ਉਪਰੰਤ ਉਹ ਕਿੱਤਾ ਮੁਖੀ ਸਿਖ਼ਲਾਈ ਦਾ ਲਾਭ ਉਠਾ ਕੇ ਆਪਣੀ ਰੋਜ਼ੀ ਰੋਟੀ ਦਾ ਪ੍ਰਬੰਧ ਕਰ ਸਕਣ।
ਟੀਮ ਦਿਸ਼ਾਦੀਪ ਦੇ ਸੰਸਥਾਪਕ ਅਤੇ ਚੀਫ਼ ਲਾਇਨ ਐਸ ਐਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਵਿਰੋਧੀ ਹੈਲਪ ਲਾਈਨ 9779 100 200 ਕੀਤਾ ਗਿਆ ਹੈ।  ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ 98032-00980 ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਸਕੱਤਰ ਜਨਰਲ ਸੁਰਿੰਦਰ ਭਾਰਤੀ, ਯੂਥ ਕੋਆਰਡੀਨੇਟਰ ਹਰਜੋਤ ਸ਼ਰਮਾ, ਪ੍ਰਿੰਸ ਨਿੰਜਾ ਅਤੇ ਪ੍ਰਿੰਸੀਪਲ ਅੰਜੂ ਸ਼ਰਮਾ ਦੀ  ਅਗਵਾਈ ਵਿੱਚ ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਨਸ਼ਾ ਮੁਕਤ ਸਮਾਜ ਅਤੇ ਪੰਜਾਬ ਲਈ ਇਸ ਜੰਗ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਅਤੇ ਨਸ਼ਿਆਂ ਵਿਰੁੱਧ ਜਾਗਰੁਕਤਾ ਫੈਲਾਉਣ ਦਾ ਪ੍ਰਣ ਲਿਆ

ਇਹ ਬਜਟ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਬਜਟ, ਸਾਰੇ ਵਰਗਾਂ ਅਤੇ ਸਮਾਜਾਂ ਦਾ ਰੱਖਿਆ ਗਿਆ ਖਿਆਲ - ਪਵਨ ਕੁਮਾਰ ਟੀਨੂੰ

ਬਜਟ ਪੰਜਾਬ 'ਚੋਂ ਨਸ਼ਾ ਖਤਮ ਕਰਨ ਲਈ 'ਆਪ' ਸਰਕਾਰ ਦੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ, ਨਸ਼ਾ ਤਸਕਰੀ ਨੂੰ ਖਤਮ ਕਰਨ ਲਈ ਐਂਟੀ ਡਰੋਨ, ਡਰਗ ਜਨਗਣਨਾ ਲਈ 150 ਕਰੋੜ ਦੀ ਵਿਵਸਥਾ - ਟੀਨੂੰ
ਟੀਨੂੰ ਨੇ 4650 ਦਲਿਤ ਪਰਿਵਾਰਾਂ ਦੇ 70 ਕਰੋੜ ਰੁਪਏ ਦੇ ਕਰਜ਼ੇ ਮੁਆਫ ਕਰਨ ਦੇ ਫੈਸਲੇ ਦੀ ਵਿਸ਼ੇਸ਼ ਤੌਰ 'ਤੇ ਕੀਤੀ ਸ਼ਲਾਘਾ, ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦਾ ਕੀਤਾ ਧੰਨਵਾਦ
ਚੰਡੀਗੜ੍ਹ, 27 ਮਾਰਚ (ਅਮਰਜੀਤ ਸਿੰਘ)-
ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਬੁਲਾਰੇ ਪਵਨ ਕੁਮਾਰ ਟੀਨੂੰ ਨੇ ਪੰਜਾਬ ਦੇ ਬਜਟ 2025-26 ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਬਜਟ ਵਿੱਚ ਅਨੁਸੂਚਿਤ ਜਾਤੀ ਦੇ ਲੋਕਾਂ ਲਈ ਵਿਸ਼ੇਸ਼ ਪ੍ਰਬੰਧ ਕਰਨ ਲਈ ਧੰਨਵਾਦ ਕੀਤਾ।
      ਵੀਰਵਾਰ ਨੂੰ ਜਲੰਧਰ ਵਿੱਚ ‘ਆਪ’ ਆਗੂ ਤਰਨਦੀਪ ਸਿੰਘ ਸੰਨੀ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਵਨ ਟੀਨੂੰ ਨੇ ਕਿਹਾ ਕਿ ਇਹ ਬਜਟ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਵੱਡਾ ਬਜਟ ਹੈ ਅਤੇ ਇਸ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ ਹੈ।
      ਪਵਨ ਟੀਨੂੰ ਨੇ ਵਿਸ਼ੇਸ਼ ਤੌਰ 'ਤੇ ਅਨੁਸੂਚਿਤ ਜਾਤੀ ਵਿੱਤ ਕਾਰਪੋਰੇਸ਼ਨ ਦੇ ਤਹਿਤ ਦਲਿਤ ਪਰਿਵਾਰਾਂ ਵੱਲੋਂ 31 ਮਾਰਚ 2020 ਤੱਕ ਲਏ ਗਏ 70 ਕਰੋੜ ਰੁਪਏ ਦੇ ਕਰਜ਼ੇ ਮੁਆਫ ਕਰਨ ਦੇ ਫੈਸਲੇ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ 4650 ਤੋਂ ਵੱਧ ਪਰਿਵਾਰਾਂ ਨੂੰ ਲਾਭ ਹੋਇਆ ਹੈ ਜੋ ਉੱਚ ਵਿਆਜ ਦਰਾਂ ਅਤੇ ਵਿੱਤੀ ਮੁਸ਼ਕਲਾਂ ਕਾਰਨ ਅਦਾਇਗੀਆਂ ਕਰਨ ਤੋਂ ਅਸਮਰੱਥ ਸਨ। ਉਨ੍ਹਾਂ ਇਸ ਲਈ ਕਾਂਗਰਸ ਪਾਰਟੀ ਦੀ ਆਲੋਚਨਾ ਕਰਦਿਆਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸੀ ਆਗੂਆਂ ਨੇ ਇਹ ਕਰਜ਼ੇ ਮੁਆਫ਼ ਕਰਨ ਦਾ ਵਾਅਦਾ ਕਰਕੇ ਦਲਿਤ ਪਰਿਵਾਰਾਂ ਦੀਆਂ ਵੋਟਾਂ ਤਾਂ ਲੈ ਲਈਆਂ ਪਰ ਸੱਤਾ ਵਿੱਚ ਆਉਣ ਤੋਂ ਬਾਅਦ ਕੁਝ ਨਹੀਂ ਕੀਤਾ।
      ਇਸ ਤੋਂ ਇਲਾਵਾ, ਬਜਟ ਵਿੱਚ ਵੱਡੀਆਂ ਵੰਡਾਂ ਵਿੱਚ ਅਨੁਸੂਚਿਤ ਜਾਤੀ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ ਵਜ਼ੀਫੇ ਲਈ 262 ਕਰੋੜ ਰੁਪਏ, ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਵਿੱਚ ਸਹਾਇਤਾ ਲਈ ਆਸ਼ੀਰਵਾਦ ਸਕੀਮ ਤਹਿਤ 36 ਕਰੋੜ ਰੁਪਏ ਅਤੇ ਔਰਤਾਂ, ਬਜ਼ੁਰਗ ਨਾਗਰਿਕਾਂ, ਵੱਖ-ਵੱਖ ਤੌਰ 'ਤੇ ਅਪਾਹਜ ਵਿਅਕਤੀਆਂ ਜਾਂ ਤਲਾਕਸ਼ੁਦਾ ਔਰਤਾਂ ਨੂੰ ਲਾਭ ਪਹੁੰਚਾਉਣ ਵਾਲੇ ਸਮਾਜ ਭਲਾਈ ਪ੍ਰੋਗਰਾਮਾਂ ਲਈ 6,175 ਕਰੋੜ ਰੁਪਏ ਸ਼ਾਮਲ ਹਨ।
      ਸਰਕਾਰ ਨੇ ਮੁਫਤ ਬੱਸ ਸੇਵਾਵਾਂ ਨੂੰ ਜਾਰੀ ਰੱਖਣ ਲਈ 450 ਕਰੋੜ ਰੁਪਏ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਔਰਤਾਂ ਅਤੇ ਬੱਚਿਆਂ ਨੂੰ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਲਈ ਪੋਸ਼ਣ ਮੁਹਿੰਮ ਤਹਿਤ 1,177 ਕਰੋੜ ਰੁਪਏ ਵੀ ਅਲਾਟ ਕੀਤੇ ਹਨ।
      ਉਨ੍ਹਾਂ ਕਿਹਾ ਕਿ ਇਹ ਬਜਟ ‘ਆਪ’ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਅਤੇ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ। ਬਜਟ ਵਿੱਚ ਸਰਹੱਦ ਪਾਰ ਦੀ ਤਸਕਰੀ ਨਾਲ ਨਜਿੱਠਣ ਲਈ ਐਡਵਾਂਸ ਐਂਟੀ ਡਰੋਨ ਸਿਸਟਮ ਲਈ 110 ਕਰੋੜ ਰੁਪਏ ਅਤੇ ਪੰਜਾਬ ਦੀ ਪਹਿਲੀ ਡਰੱਗ ਜਨਗਣਨਾ ਲਈ 150 ਕਰੋੜ ਰੁਪਏ ਰੱਖੇ ਗਏ ਹਨ।
       ਟੀਨੂੰ ਨੇ ਕਿਹਾ ਕਿ ਨਸ਼ਿਆਂ ਨੂੰ ਖ਼ਤਮ ਕਰਨ ਦਾ ਵਧੀਆ ਤਰੀਕਾ ਖੇਡਾਂ ਨੂੰ ਉਤਸ਼ਾਹਿਤ ਕਰਨਾ ਹੈ। ਇਸ ਲਈ ‘ਆਪ’ ਸਰਕਾਰ ਵੀ ਪੰਜਾਬ ਦੀ ਖੇਡ ਪਰੰਪਰਾ ਨੂੰ ਮੁੜ ਸੁਰਜੀਤ ਕਰ ਰਹੀ ਹੈ। 2025-26 ਦੇ ਬਜਟ ਵਿੱਚ ਖੇਡਾਂ ਲਈ 979 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ, ਜੋ ਹੁਣ ਤੱਕ ਦਾ ਸਭ ਤੋਂ ਵੱਧ ਹੈ। ਇਸ ਦੇ ਨਾਲ ਹੀ ਹਰ ਪਿੰਡ ਵਿੱਚ ਖੇਡ ਮੈਦਾਨ ਅਤੇ 3000 ਤੋਂ ਵੱਧ ਇਨਡੋਰ ਜਿੰਮ ਵੀ ਬਣਾਏ ਜਾ ਰਹੇ ਹਨ।
       ਇਸ ਦੇ ਨਾਲ ਹੀ 'ਆਪ' ਸਰਕਾਰ ਵੀ ਤੰਦਰੁਸਤ ਪੰਜਾਬ ਦਾ ਨਿਰਮਾਣ ਕਰ ਰਹੀ ਹੈ। ਇਸ ਵਾਰ ਦੇ ਬਜਟ ਵਿੱਚ 65 ਲੱਖ ਪਰਿਵਾਰਾਂ ਨੂੰ ਸਿਹਤ ਬੀਮੇ ਅਧੀਨ ਲਿਆਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਤਹਿਤ ‘ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ’ ਦਾ ਘੇਰਾ 5 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਪ੍ਰਤੀ ਪਰਿਵਾਰ ਕੀਤਾ ਗਿਆ ਹੈ ਅਤੇ ਇਸ ਲਈ 778 ਕਰੋੜ ਰੁਪਏ ਅਲਾਟ ਕੀਤੇ ਗਏ ਹਨ।
       ਪੇਂਡੂ ਵਿਕਾਸ ਲਈ ਵੀ ਬਜਟ ਵਿੱਚ ਕਰੀਬ 3500 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ, ਜਿਸ ਰਾਹੀਂ ਪਿੰਡਾਂ ਦੀਆਂ ਕਰੀਬ 19 ਹਜ਼ਾਰ ਕਿਲੋਮੀਟਰ ਲਿੰਕ ਸੜਕਾਂ ਦੀ ਮੁਰੰਮਤ ਅਤੇ ਉਸਾਰੀ ਦਾ ਕੰਮ ਕੀਤਾ ਜਾਵੇਗਾ, ਜਿਸ ਤੋਂ ਬਾਅਦ ਪਿੰਡਾਂ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਜਾਵੇਗੀ। ਇਸ ਤੋਂ ਇਲਾਵਾ ਲੋਕ ਭਲਾਈ ਦੇ ਕੰਮਾਂ ਲਈ ਵੀ ਹਜ਼ਾਰਾਂ ਕਰੋੜ ਰੁਪਏ ਬਜਟ ਵਿੱਚ ਰੱਖੇ ਗਏ ਹਨ। ਇਸ ਲਈ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਸ਼ਲਾਘਾ ਦੇ ਹੱਕਦਾਰ ਹਨ।

Wednesday, 26 March 2025

"ਐਨ.ਜੀ.ਓ ਦਸਵੰਧ ਗਰੀਬਾਂ ਲਈ" ਦਾ ਹੋਇਆ ਵਿਸ਼ੇਸ਼ ਸਨਮਾਨ

           ਜਲੰਧਰ, (ਬਿਊਰੌ)- ਬੀਤੇ ਦਿਨ ਮਹਾਨ ਸ਼ਹੀਦ ਸਿੰਘਾਂ, ਸੂਰਬੀਰ ਯੋਧਿਆਂ ਨੂੰ ਯਾਦ ਕਰਦਿਆਂ ਸ. ਭੁਪਿੰਦਰ ਸਿੰਘ ਦੀ ਅਗਵਾਈ ਤੇ ਉਪਕਾਰ ਐਜੂਕੇਸ਼ਨ ਐਂਡ ਚੈਰੀਟੇਬਲ ਟਰੱਸਟ (ਰਜਿ.) ਗੜਸ਼ੰਕਰ ਵੱਲੋਂ ਮਾਨਵਤਾ ਦੀ ਸੇਵਾ ਤਹਿਤ (ਮੇਲਾ ਖੂਨਦਾਨੀਆਂ ਦਾ) ਸਲਾਨਾ ਬਲੱਡ ਡੋਨੇਸ਼ਨ ਮੈਗਾ ਕੈਂਪ ਲਗਾਇਆ ਗਿਆ/ ਜਿਸ ਦਾ ਸ਼ੁੱਭ ਉਦਘਾਟਨ ਸੰਤ ਬਾਬਾ ਲਾਭ ਸਿੰਘ ਜੀ, ਸੰਤ ਬਾਬਾ ਭਾਗ ਸਿੰਘ ਜੀ ਤੋਂ ਵਰਸੋਏ ਸੰਤ ਬਾਬਾ ਸਤਨਾਮ ਸਿੰਘ ਜੀ (ਸ਼੍ਰੀ ਅਨੰਦਪੁਰ ਸਾਹਿਬ ਰੋਡ ਬਣਾਉਣ ਵਾਲੇ) ਤੇ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਡਰੋਲੀ ਕਲਾਂ ਨੇ ਮੋਮਬੱਤੀਆਂ ਨੂੰ ਜਗਾ ਕੇ ਕੀਤਾ/ ਭਾਈ ਸੁਖਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਦਸਿਆ ਸੇਵਾਦਾਰਾਂ ਵੱਲੋ ਤਿੰਨ ਸੌ ਤੋਂ ਵੱਧ ਬਲੱਡ ਯੂਨਿਟ ਇਕੱਤਰ ਕੀਤਾ ਗਿਆ/ ਉਨ੍ਹਾਂ ਦਸਵੰਧ ਗਰੀਬਾਂ ਲਈ ਐਨ.ਜੀ.ਓ ਨੂੰ ਸਨਮਾਨਿਤ ਕਰਨ ਤੇ ਉਪਕਾਰ ਐਜੂਕੇਸ਼ਨ ਐਂਡ ਚੈਰੀਟੇਬਲ ਦੇ ਸਮੂਹ ਅਹੁਦੇਦਾਰ ਸਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ/

ਸ਼ਿਵ ਮੰਦਿਰ ਜੰਡੂ ਸਿੰਘਾ ਵਿਖੇ ਭਗਵਤੀ ਜਾਗਰਣ 6 ਅਪ੍ਰੈਲ ਨੂੰ

       ਅਮਰਜੀਤ ਸਿੰਘ ਜੰਡੂ ਸਿੰਘਾ - ਜੰਡੂ ਸਿੰਘਾ ਦੇ ਸ੍ਰੀ ਰਘੂਨਾਥ ਸ਼ਿਵ ਮੰਦਿਰ ਵਿਖੇ ਭਗਵਤੀ ਜਾਗਰਣ ਸੱਚਖੰਡ ਵਾਸੀ ਮਹੰਤ ਗੋਮਤੀ ਦਾਸ ਦੇ ਅਸ਼ੀਰਵਾਦ ਨਾਲ ਮੁੱਖ ਸੇਵਾਦਾਰ ਮਹੰਤ ਪਵਨ ਦਾਸ ਦੀ ਨਿਗਰਾਨੀ ਹੇਠ ਸੰਗਤਾਂ ਵੱਲੋਂ 6 ਅਪ੍ਰੈਲ ਦਿਨ ਐਤਵਾਰ ਨੂੰ ਬਹੁਤ ਹੀ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ। ਇਸ ਜਾਗਰਣ ਦੇ ਸੰਬੰਧ 6 ਅਪ੍ਰੈਲ ਨੂੰ ਸ਼ਾਮ 8 ਵਜੇ ਪਹਿਲਾ ਮਹਾਂਮਾਈ ਦੀ ਜੋਤ ਪ੍ਰਚੰਡ ਕਰਕੇ ਰਾਤ 9 ਵਜੇ ਭਗਵਤੀ ਜਾਗਰਣ ਦੀ ਆਰੰਭਤਾ ਹੋਵੇਗੀ। ਇਸ ਮੌਕੇ ਪੁੱਜੇ ਕਲਾਕਾਰ ਭੱਟੀ ਗਰੁੱਪ ਮਦਾਰਾ ਤੇ ਸਿੰਗਰ ਰੀਨਾ ਹੁਸ਼ਿਆਰਪੁਰ ਸੰਗਤਾਂ ਨੂੰ ਮਹਾਮਾਈ ਦੀ ਮਹਿਮਾ ਗਾਕੇ ਨਿਹਾਲ ਕਰਨਗੇ। ਇਸ ਮੌਕੇ ਕੋਹਲੀ ਗਰੁੱਪ ਜਲੰਧਰ ਵੱਲੋਂ ਮਾਤਾ ਜੀ, ਭਗਵਾਨ ਭੋਲੇਨਾਥ ਮਹਾਰਾਜ, ਮਾਤਾ ਪਾਰਵਤੀ ਜੀ ਤੇ ਸ਼੍ਰੀ ਰਾਧੇ ਕ੍ਰਿਸ਼ਨ ਮਹਾਰਾਜ ਜੀ ਦੀਆਂ ਸੁੰਦਰ ਝਾਕੀਆਂ ਸਜਾਈਆਂ ਜਾਣਗੀਆਂ/ ਜਾਗਰਣ ਦੌਰਾਨ ਮਹਾਮਾਈ ਦਾ ਲੰਗਰ ਸੰਗਤਾਂ ਨੂੰ ਅਤੁੱਟ ਵਰਤਾਇਆ ਜਾਵੇਗਾ।     

Sunday, 23 March 2025

ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ 28 ਮਾਰਚ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਜ਼ਬਰ ਵਿਰੋਧੀ ਦਿਨ ਮਨਾਇਆ ਜਾਵੇਗਾ

ਨੰਗਲ 23 ਮਾਰਚ (ਜੋਗਿੰਦਰ ਰਾਣਾ), ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨ  28 ਮਾਰਚ ਨੂੰ ਜਬਰ ਵਿਰੋਧੀ ਦਿਨ ਵਜੋਂ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਧਰਨੇ ਮਾਰਨ ਤੇ ਦਿੱਤੇ ਸੱਦੇ ਤਹਿਤ ਅੱਜ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਢੇਰ ਦੀ ਅਗਵਾਈ ਹੇਠ ਬੇਲਾ ਪੱਤੀ ਟੇਕ ਸਿੰਘ, ਬੇਲਾ ਰਾਮਗੜ੍ਹ ਵਿਖੇ ਕਿਸਾਨਾਂ ਦੀਆਂ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਇਹਨਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਸੁਰਜੀਤ ਢੇਰ ਨੇ ਕਿਹਾ ਪੰਜਾਬ ਸਰਕਾਰ ਦੇ ਕਿਸਾਨ ਲਹਿਰ ਵਿਰੁੱਧ ਕੀਤੇ ਜਾ ਰਹੇ ਜਬਰ ਦੇ ਵਿਰੋਧ 28 ਮਾਰਚ ਨੂੰ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਅੱਗੇ ਧਰਨੇ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ। ਇਹਨਾਂ  ਵਿਰੋਧ ਪ੍ਰਦਰਸ਼ਨਾਂ ਨੂੰ ਜਬਰ ਵਿਰੋਧੀ ਦਿਨ ਵਜੋਂ ਮਨਾਇਆ ਜਾਵੇਗਾ। ਕਿਸਾਨ ਜਥੇਬੰਦੀਆਂ ਸੂਬੇ ਦੇ ਸਾਰੇ ਇਨਸਾਫ ਪਸੰਦ ਲੋਕਾਂ ਨੂੰ ਇਹਨਾਂ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਪਾਉਣ ਦੀ ਅਪੀਲ ਕੀਤੀ ਜਾਂਦੀ ਹੈ। ਜਬਰ ਵਿਰੋਧੀ ਕਾਰਨ 26 ਮਾਰਚ ਨੂੰ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਨ ਦੇ ਪ੍ਰੋਗਰਾਮ ਨੂੰ ਸੰਯੁਕਤ ਕਿਸਾਨ ਮੋਰਚਾ ਨੇ ਮੁਲਤਵੀ ਕਰ ਦਿੱਤਾ ਹੈ। ਕਾਮਰੇਡ ਢੇਰ ਨੇ ਮੰਗ ਕੀਤੀ ਪੰਜਾਬ ਸਰਕਾਰ ਕਿਸਾਨਾਂ ਪ੍ਰਤੀ ਆਪਣਾ ਜਬਰ ਵਿਰੋਧੀ ਵਤੀਰਾ ਬੰਦ ਕਰੇ ਅਤੇ ਸੂਬੇ ਵਿੱਚ ਸਾਜ਼ਗਾਰ ਮਾਹੌਲ ਬਣਾ ਕੇ ਕਿਸਾਨਾਂ ਨਾਲ ਗੱਲ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਸ਼ੰਭੂ ਤੇ ਖਨੌਰੀ ਬਾਰਡਰ ਤੇ ਗਿਰਫਤਾਰ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਉਹਨਾਂ ਦੇ ਸੰਦ ਅਤੇ ਹੋਰ ਕੀਮਤੀ ਸਮਾਨ ਵਾਪਸ ਕੀਤਾ ਜਾਵੇ, ਜਬਰ ਬੰਦ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨ ਵਿਰੋਧੀ ਸਰਕਾਰ ਸਾਬਤ ਹੋ ਰਹੀ ਹੈ। ਜੋ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰੇ ਉੱਤੇ ਕਿਸਾਨਾਂ ਤੇ ਬੇਹਤਾਸ਼ਾ ਜਬਰ ਢਾਇਆ ਜਾ ਰਿਹਾ ਹੈ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਕੁੱਲ ਹਿੰਦ ਕਿਸਾਨ ਸਭਾ ਦੇਸ਼ ਪੱਧਰ ਦੀ ਸਭ ਤੋਂ ਵੱਡੀ ਕਿਸਾਨਾਂ ਦੀ ਜਥੇਬੰਦੀ ਹੈ।ਇਸ ਦਾ ਨੀਂਹ ਪੱਥਰ 1936 ਵਿੱਚ ਮਹਾਨ ਦੇਸ਼ ਭਗਤਾਂ ਨੇ ਰੱਖਿਆ ਸੀ। ਉਹਨਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਕਿਸਾਨਾਂ ਦੇ ਭਲੇ ਲਈ ਕਿਸਾਨ ਨੀਤੀ ਬਣਾਈ ਜਾਵੇ।ਪਿੰਡਾਂ ਦੇ ਕਿਸਾਨਾਂ ਨੂੰ ਵੱਡੇ ਪੱਧਰ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਮੈਂਬਰ ਬਣ ਕੇ ਆਪਣੀ ਹੱਕੀ ਤੇ ਜਾਇਜ਼ ਮੰਗਾਂ ਲਈ ਇੱਕਮੁੱਠ ਹੋ ਕੇ ਲੜਾਈ ਲੜਨੀ ਪੈਣੀ ਹੈ। ਉਹਨਾਂ ਨੇ ਕਿਹਾ ਕਿ ਜੇਕਰ ਕਿਸਾਨ ਇਕੱਠੇ ਹੋਣਗੇ ਤਾਂ ਸਤਲੁਜ ਦਰਿਆ ਵਿੱਚ ਗੈਰ ਕਾਨੂੰਨੀ ਮਾਈਨਿੰਗ ਸਿਲਟ ਦੇ ਨਾਂ ਤੇ ਕਰਨ ਸਰਕਾਰ ਦੇ ਮੰਤਰੀ ਦਾ ਸੁਪਨਾ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਤੇ ਕਿਸਾਨਾਂ ਨੂੰ  ਭਰਤੀ ਕਰਨ ਦੀ ਮੁਹਿੰਮ ਆਰੰਭਣ ਦਾ ਸੱਦਾ ਵੀ ਦਿੱਤਾ ਗਿਆ। ਇਸ ਮੌਕੇ ਤੇ ਹਰਜੀਤ ਸਿੰਘ ਵਿਰਕ ,ਜਸਵੰਤ ਸਿੰਘ ਬੇਲਾ ਸਾਬਕਾ ਸਰਪੰਚ, ਸੁਰਜੀਤ ਸਿੰਘ, ਸੁਰਿੰਦਰ ਸਿੰਘ ਬੇਲਾ, ਰਾਜਵੀਰ ਸਿੰਘ, ਮੇਜਰ ਸਿੰਘ, ਮਾਸਟਰ ਪਰਮਿੰਦਰ ਸਿੰਘ, ਰਣਵੀਰ ਸਿੰਘ ਅਟਵਾਲ, ਜਸਵੀਰ ਸਿੰਘ ਦਿਆਲ, ਮਲਕੀਤ ਸਿੰਘ ਮਾਨ ,ਮਲਕੀਤ ਸਿੰਘ ਦਿਆਲ, ਬਲਵਿੰਦਰ ਸਿੰਘ, ਬਲਕਾਰ ਸਿੰਘ ਬੇਲਾ ਵੀ ਹਾਜ਼ਰ ਸਨ। ਅੱਜ ਦੀ ਇਸ ਮੀਟਿੰਗ ਵਿੱਚ ਪੰਜਾਬ ਪੁਲਿਸ ਪਟਿਆਲਾ ਵੱਲੋਂ ਕਰਨਲ ਅਤੇ ਉਸ ਦੇ ਪੁੱਤਰ ਦੀ ਕੁੱਟਮਾਰ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਤੇ ਮੰਗ ਕੀਤੀ ਗਈ ਕਿ ਕਰਨਲ ਤੇ ਉਸ ਦੇ ਪੁੱਤਰ ਤੇ ਤਸ਼ੱਦਦ ਢਾਹੁਣ ਵਾਲੇ ਮੁਲਾਜ਼ਮਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।ਸੂਬੇ ਵਿੱਚ ਪੁਲਸੀਆ ਰਾਜ ਨੂੰ ਬੰਦ ਕੀਤਾ ਜਾਵੇ।

ਫੂਡ ਸੇਫ਼ਟੀ ਅਧਿਕਾਰੀਆਂ ਵੱਲੋਂ ਬੇਕਰੀ ਨੂੰ ਨੋਟਿਸ ਜਾਰੀ



ਨਿਰਧਾਰਤ ਮਾਪਦੰਡਾਂ ਅਨੁਸਾਰ ਸੁਧਾਰ ਕਰਨ ਦੇ ਦਿੱਤੇ ਨਿਰਦੇਸ਼
ਜਲੰਧਰ, 23 ਮਾਰਚ : (ਅਮਰਜੀਤ ਸਿੰਘ)-
ਖਾਣ-ਪੀਣ ਵਾਲੇ ਪਦਾਰਥਾਂ ਵਿੱਚ ਮਿਲਾਵਟ ਨੂੰ ਰੋਕਣ ਲਈ ਜਾਰੀ ਚੈਕਿੰਗ ਮੁਹਿੰਮ ਦੌਰਾਨ ਫੂਡ ਸੇਫ਼ਟੀ ਅਧਿਕਾਰੀਆਂ ਦੀ ਟੀਮ ਵੱਲੋਂ ਖਾਧ ਪਦਾਰਥਾਂ ਦੀ ਵਿਕਰੀ ਕਰਨ ਵਾਲੇ ਅਦਾਰਿਆਂ ਦਾ ਨਿਰੀਖਣ ਕੀਤਾ ਗਿਆ।
      ਸਹਾਇਕ ਕਮਿਸ਼ਨਰ ਡਾ. ਹਰਜੋਤ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਧਿਕਾਰੀਆਂ ਦੀ ਟੀਮ, ਜਿਸ ਵਿੱਚ ਫੂਡ ਸੇਫ਼ਟੀ ਅਫ਼ਸਰ ਮੁਕੁਲ ਗਿੱਲ, ਰਜਨੀ ਰਾਣੀ ਅਤੇ ਅਨਿਲ ਸ਼ਾਮਲ ਸਨ, ਵੱਲੋਂ ਸਬਜ਼ੀ ਮੰਡੀ ਨੇੜੇ ਬਸਤੀ ਸ਼ੇਖ ਵਿਖੇ ਇਕ ਬੇਕਰੀ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ ਕੁਝ ਕਮੀਆਂ ਪਾਏ ਜਾਣ ’ਤੇ ਟੀਮ ਵੱਲੋਂ ਬੇਕਰੀ ਸੰਚਾਲਕ ਨੂੰ ਨੋਟਿਸ ਜਾਰੀ ਕਰਦਿਆਂ ਨਿਰਧਾਰਤ ਮਾਪਦੰਡਾਂ ਅਨੁਸਾਰ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ ਗਏ।
     ਸਹਾਇਕ ਕਮਿਸ਼ਨਰ ਨੇ ਕਿਹਾ ਕਿ ਫੂਡ ਸੇਫ਼ਟੀ ਵਿਭਾਗ ਖਾਧ ਪਦਾਰਥਾਂ ਵਿੱਚ ਮਿਲਾਵਟ ਦੀ ਰੋਕਥਾਮ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੀਆਂ ਚੈਕਿੰਗਾਂ ਜਾਰੀ ਰਹਿਣਗੀਆਂ। ਉਨ੍ਹਾਂ ਖਾਣ-ਪੀਣ ਵਾਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਸਾਫ-ਸੁਥਰੇ ਅਤੇ ਗੁਣਵੱਤਾ ਭਰਪੂਰ ਖਾਧ ਪਦਾਰਥਾਂ ਦੀ ਹੀ ਵਿਕਰੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮਿਲਾਵਟ ਕਰਨ ਵਾਲਿਆਂ ਖਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਬੇਨਿਯਮੀਆਂ ਨੂੰ ਰੋਕਣ ਲਈ ਵਿਜੀਲੈਂਸ ਬਿਊਰੋ ਵੱਲੋਂ ਵਾਹਨ ਫਿਟਨੈਸ ਕਾਰਜਾਂ ਦਾ ਅਚਨਚੇਤ ਨਿਰੀਖਣ

 


ਚੰਡੀਗੜ, 22 ਮਾਰਚ :(Beurau)-
ਪੰਜਾਬ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਨੇ ਲੁਧਿਆਣਾ ਵਿੱਚ ਟਰਾਂਸਪੋਰਟ ਵਿਭਾਗ ਵੱਲੋਂ ਕੀਤੀ ਗਈ ਵਾਹਨ ਫਿਟਨੈਸ ਪਾਸਿੰਗ ਪ੍ਰਕਿਰਿਆ ਵਿੱਚ ਬੇਨਿਯਮੀਆਂ ਦੀ ਜਾਂਚ ਕਰਨ ਲਈ ਮੌਕੇ ‘ਤੇ  ਜਾ ਕੇ ਅਚਨਚੇਤ ਨਿਰੀਖਣ ਕੀਤਾ ਗਿਆ।

 ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ  ਬੁਲਾਰੇ ਨੇ ਦੱਸਿਆ ਕਿ ਅੱਜ ਮੌਕੇ ‘ਤੇ ਜਾ ਕੇ, ਫਿਟਨੈਸ ਪਾਸਿੰਗ ਸੈਂਟਰ ਦੀ ਅਚਨਚੇਤ ਜਾਂਚ ਕਰਨ ਦਾ ਉਦੇਸ਼ ਮੋਟਰ ਵਾਹਨ ਇੰਸਪੈਕਟਰਾਂ ਅਤੇ ਹੋਰ ਅਧਿਕਾਰੀਆਂ ਲਈ ਨਿਯਮਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣਾ ਸੀ।

 ਉਨਾਂ ਅੱਗੇ ਖੁਲਾਸਾ ਕੀਤਾ ਕਿ ਕਾਰਵਾਈ ਦੌਰਾਨ, ਟੀਮ ਨੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ  ਅਤੇ ਫਿਟਨੈਸ ਪਾਸਿੰਗ ਪ੍ਰਕਿਰਿਆ ਦੀ ਨੇੜਿਓਂ ਨਿਗਰਾਨੀ ਕੀਤੀ। ਹੋਰ ਜਾਂਚ ਲਈ ਕੁਝ ਵਾਹਨਾਂ ਦੇ ਵਾਹਨ ਰਿਕਾਰਡ ਵੀ ਜਬਤ ਕੀਤੇ ਗਏ ਸਨ। ਇਕੱਤਰ ਕੀਤੇ ਡੇਟਾ ਦੇ ਡੂੰਘਾਈ ਨਾਲ ਵਿਸ਼ਲੇਸਣ ਤੋਂ ਬਾਅਦ ਇੱਕ ਵਿਸਤਿ੍ਰਤ ਰਿਪੋਰਟ ਤਿਆਰ ਕੀਤੀ ਜਾਵੇਗੀ।

ਇਹ ਅਚਨਚੇਤ ਨਿਰੀਖਣ ਸੜਕ ਸੁਰੱਖਿਆ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੁਆਰਾ ਸੜਕ ਯੋਗਤਾ ਸਰਟੀਫਿਕੇਟ ਜਾਰੀ ਕਰਨ ਵਿੱਚ ਬੇਨਿਯਮੀਆਂ ਨੂੰ ਰੋਕਣ ਲਈ ਬਿਊਰੋ ਦੇ ਚੱਲ ਰਹੇ ਯਤਨਾਂ ਦਾ ਹਿੱਸਾ ਹੈ।

ਸਾਬਕਾ ਵਿਧਾਇਕ ਸੰਦੋਆ ਨੇ ਲਾਲਾ ਜੰਗੀ ਰਾਮ ਦੀ ਮੌਤ ਤੇ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ


ਨੂਰਪੁਰ ਬੇਦੀ 23 ਮਾਰਚ (ਜੋਗਿੰਦਰ ਰਾਣਾ ) -
ਖੇਤਰ ਦੇ ਪਿੰਡ ਕੋਲਾਪੁਰ ਦੇ ਵਸਨੀਕ ਲਾਲਾ ਜੰਗੀ ਰਾਮ ਬੀਤੇ ਦਿਨੀ ਇੱਕ ਸੜਕ ਹਾਸੇ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਸਨ। ਜਿਸ ਤੇ ਅੱਜ ਰੂਪਨਗਰ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਲਾਲਾ ਜੰਗੀ ਰਾਮ ਦੀ ਬੇਵਕਤੀ ਮੌਤ ਲਈ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਉਨਾਂ ਨੇ ਜਿੱਥੇ ਵਾਹਿਗੁਰੂ ਦੇ ਚਰਨਾਂ ਚ ਸਮੁੱਚੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ। ਉੱਥੇ ਹੀ ਲਾਲਾ ਜੀ ਦੇ ਦੋਨੋਂ ਸਪੁੱਤਰਾਂ ਫੌਜੀ ਅਸ਼ਵਨੀ ਕੁਮਾਰ ਤੇ ਦਿਨੇਸ਼ ਕੁਮਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਪਿਤਾ ਇੱਕ ਠੰਡੀ ਬੋਹਡ ਦੀ ਛਾਂ ਵਰਗਾ ਹੁੰਦਾ ਹੈ। ਜਿਸ ਦਾ ਘਾਟਾ ਕਦੇ ਵੀ ਕੋਈ ਪੂਰਾ ਨਹੀਂ ਕਰ ਸਕਦਾ। ਪ੍ਰੰਤੂ ਸਾਨੂੰ ਵਾਹਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਜਾਣਨਾ ਚਾਹੀਦਾ ਹੈ। ਕਿਉਂਕਿ ਇਸ ਸੰਸਾਰ ਚ ਜੋ ਜਨਮਿਆਂ ਹੈ ਉਸਨੇ ਇੱਕ ਨਾ ਇੱਕ ਦਿਨ ਜਾਣਾ ਹੀ ਹੈ। ਇਸ ਮੌਕੇ ਸਰਪੰਚ ਦਿਲਬਾਗ ਸਿੰਘ, ਹਰਦੇਵ ਸਿੰਘ, ਸੋਹਣ ਸਿੰਘ, ਰਵਿੰਦਰ ਧੀਮਾਨ, ਮਾਸਟਰ ਬਖਸ਼ੀਸ਼ ਸਿੰਘ ਟਿੱਬਾ ਨੰਗਲ, ਮੁਕੇਸ਼ ਕੁਮਾਰ ਪੱਪਾ, ਕਰਨੈਲ ਸਿੰਘ, ਜਗਦੀਪ ਸਿੰਘ ਫੌਜੀ, ਡਾਕਟਰ ਦਿਨੇਸ਼ ਹੱਲਣ ਹਾਜ਼ਰ ਸਨ।

ਜ਼ੀ.ਟੀ.ਬੀ ਸਕੂਲ ਹਜ਼ਾਰਾ ਵਿਖੇ ਨੰਨ੍ਹੇ-ਮੁੰਨੇ ਗਰੈਜੂਏਟਾਂ ਨੂੰ ਡਿਗਰੀਆਂ ਵੰਡੀਆਂ



ਅਮਰਜੀਤ ਸਿੰਘ ਜੰਡੂ ਸਿੰਘਾ-
ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖੇ ਨੰਨ੍ਹੇ-ਮੁੰਨੇ ਗਰੈਜੂਏਟਾਂ ਨੂੰ ਡਿਗਰੀਆਂ ਡਾਇਰੈਕਟਰ ਨਿਸ਼ਾਂ ਮੜੀਆਂ ਤੇ ਪਿ੍ਰੰਸੀਪਲ ਅਮਿਤਾਲ ਕੌਰ ਦੀ ਨਿਗਰਾਨੀ ਹੇਠ ਵੰਡੀਆਂ ਗਈਆਂ। ਇਸ ਮੌਕੇ ਤੇ ਹਾਜ਼ਰ ਮਾਪਿਆਂ ਨੇ ਅਧਿਆਪਕਾਂ ਨਾਲ ਮਿਲਨੀ ਕੀਤਾ। ਇਸ ਮੌਕੇ ਤੇ ਸਕੂਲ ਸਕੱਤਰ ਸਰਦਾਰ ਸੁਰਜੀਤ ਸਿੰਘ ਜੀ ਚੀਮਾ, ਸਰਦਾਰ ਜਸਵਿੰਦਰ ਸਿੰਘ ਜੀ ਟਰੱਸਟੀ ਨੇ ਆਏ ਹੋਏ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਸਕੂਲ ਦੀ ਬਿਹਤਰੀ ਲਈ ਮਾਪਿਆਂ ਨਾਲ ਸਲਾਹ ਮਸ਼ਵਰਾ ਵੀ ਕੀਤਾ ਤਾਂ ਜੋ ਭਵਿੱਖ ਵਿੱਚ ਬੱਚਿਆਂ ਦੀ ਬੇਹਤਰੀ ਲਈ ਕੀਤੇ ਜਾਂਦੇ ਕਾਰਜਾਂ ਵਿੱਚ ਹੋਰ ਵਾਧਾ ਕੀਤਾ ਜਾ ਸਕੇ । ਗਰੈਜੂਏਸ਼ਨ  ਸੈਰੇਮਨੀ ਤੇ ਮੌਕੇ ਉੱਤੇ ਸਕੂਲ ਦੇ ਸਕੱਤਰ ਸ. ਸੁਰਜੀਤ ਸਿੰਘ ਨੇ ਨੰਨ੍ਹੇ ਮੂੰਨੇ ਗਰੈਜੂਏਟਾਂ ਨੂੰ ਵਧਾਈ ਦਿੱਤੀ ਅਤੇ ਨਵੇਂ ਸੈਸ਼ਨ ਵਿਚ ਵੀ ਇਸੇ ਤਰਾਂ ਹੀ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਡਾਇਰੈਕਟਰ ਸ਼੍ਰੀਮਤੀ ਨਿਸ਼ਾ ਮੜੀਆ, ਪ੍ਰਿੰਸੀਪਲ ਸ਼੍ਰੀਮਤੀ ਅਮਿਤਾਲ ਕੌਰ ਤੇ ਸਮੂਹ ਸਟਾਫ ਹਾਜ਼ਰ ਸਨ।


ਵਿਧਾਇਕ ਚੱਢਾ ਨੇ ਜੇਤੇਵਾਲ ਪਿੰਡ ਤੋਂ ਮੁੱਖ ਮਾਰਗ ਨੂੰ ਜਾਣ ਵਾਲੇ ਰਸਤੇ ਨੂੰ ਪੱਕਾ ਕਰਨ ਦੀ ਕਰਵਾਈ ਸ਼ੁਰੂਆਤ



ਪਿੰਡ ਦੇ ਬਜ਼ੁਰਗ ਮਾਸਟਰ ਸ਼ੀਤਲ ਸਿੰਘ, ਮਾਸਟਰ ਗੁਰਬੈਬ ਸਿੰਘ ਤੇ ਬੱਲਮ ਤੋਂ ਟੱਕ ਲਗਾਵਕੇ ਕਰਵਾਈ ਕੰਮ ਦੀ ਆਰੰਭਤਾ ਨੂਰਪੁਰ ਬੇਦੀ, 23 ਮਾਰਚ (ਜੋਗਿੰਦਰ ਰਾਣਾ)-
ਵਿਧਾਇਕ ਦਿਨੇਸ਼ ਚੱਢਾ ਵਲੋਂ ਸ਼ੁਰੂ ਕੀਤੇ ਗਏ ਵਿਕਾਸ ਦੇ ਕੰਮਾਂ ਦੀ ਲੜੀ ਨੂੰ ਅੱਗੇ ਤੋਰਦਿਆ ਖੇਤਰ ਦੇ ਪਿੰਡ ਜੇਤੇਵਾਲ (ਸਿੰਬਲਮਾਜਰਾ) ਦੀ ਬਾਹਰਲੀ ਫਿਰਨੀ ਤੋਂ ਮੁੱਖ ਸੜਕ ਨੂੰ ਜਾਣ ਵਾਲੀ ਕੱਚੇ ਰਸਤੇ ਨੂੰ ਪੱਕਾ ਕਰਨ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ੳਨ੍ਹਾਂ ਨੇ ਪਿੰਡ ਦੇ ਬਜ਼ੁਰਗ ਮਾਸਟਰ ਸ਼ੀਤਲ ਸਿੰਘ, ਮਾਸਟਰ ਗੁਰਬੈਬ ਸਿੰਘ ਤੇ ਬੱਲਮ ਤੋਂ ਟੱਕ ਲਗਾਵਕੇ ਕਰਵਾਈ ਕੰਮ ਦੀ ਆਰੰਭਤਾ ਕਰਵਾਈ। ਇਸ ਮੌਕੇ ਗੱਲ ਕਰਦਿਆਂ ਵਿਧਾਇਕ ਨੇ ਦੱਸਿਆ ਕਿ ਕਰੀਬ 10 ਲੱਖ ਰੁਪਏ ਦੀ ਲਾਗਤ ਨਾਲ ਇੰਨਟਰਲਾਕ ਟਾਇਲਾਂ ਨਾਲ ਇਸ ਰਸਤੇ ਦਾ ਨਿਰਮਾਣ ਕੀਤਾ ਜਾਵੇਗਾ। ਜਿਸਦੇ ਬਣਨ ਨਾਲ ਪਿੰਡ ਦੇ ਲੋਕਾਂ ਨੂੰ ਬਾਹਰੋਂ ਬਾਹਰ ਹੀ ਮੁੱਖ ਮਾਰਗ ਤੱਕ ਪਹੁੰਚਣਾ ਅਸਾਨ ਹੋ ਜਾਵੇਗਾ। ਇਸ ਤੋਂ ਇਲਾਵਾ ਵੀ ਜੋ ਪਿਡ ਦੀਆ ਹੋਰ ਸਮੱਸਿਆਵਾਂ ਹਨ।ੳਨ੍ਹਾਂ ਦਾ ਇਕ ਇਕ ਕਰਕੇ ਹੱਲ ਕੀਤਾ ਜਾਵੇਗਾ। ੳਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਸਦਕਾ ਹੀ ਉਹ ਕੰਮ ਵੀ ਨੇਪਰੇ ਚਾੜੇ ਜਾ ਰਹੇ ਹਨ ਜੋ ਕਿ ਅੱਜ ਤੋਂ ਪਹਿਲਾਂ ਦੀਆਂ ਕਿਸੇ ਵੀ ਸਰਕਾਰਾਂ ਦੇ ਏਜੰਡੇ ਚ ਹੀ ਨਹੀਂ ਸੀ। ਇਸ ਮੌਕੇ ਪਿੰਡ ਦੀ ਪੰਚਾਇਤ ਤੇ ਪਤਵੰਤਿਆ ਨੇ ਵਿਧਾਇਕ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ। ਇਸ ਮੌਕੇ ਗੁਰਮੁੱਖ ਸਿੰਘ ਸਰਪੰਚ, ਮਾਸਟਰ ਸ਼ੀਤਲ ਸਿੰਘ, ਮਾਸਟਰ ਗੁਰਬੈਬ ਸਿੰਘ, ਬੱਲਮ ਸਿੰਘ, ਜਗਤਾਰ ਸਿੰਘ, ਮਾਸਟਰ ਭੁਪਿੰਦਰ ਸਿੰਘ, ਰਣਧੀਰ ਸਿੰਘ ਧੀਰਾ, ਮੁਨੀਸ਼ ਰੀਹਲ, ਪਲਵਿੰਦਰ ਸਿੰਘ ਪੋਲਾ, ਮਾਸਟਰ ਚਰਨ ਸਿੰਘ, ਕਾਲਾ ਮੱਲੀ, ਰੇਸ਼ਮ ਸਿੰਘ, ਸੋਹਣ ਸਿੰਘ, ਕਮਲ ਸਿੰਘ ਪੰਚ, ਬਲਵੰਤ ਰਾਏ ਪੰਚ, ਮਮਤਾ ਸ਼ਰਮਾ ਪੰਚ, ਗੁਰਵਿੰਦਰ ਸਿੰਘ ਪੰਚ, ਗੁਰਮੇਲ ਸਿੰਘ ਸੰਧੂ, ਗੁਰਦੇਵ ਸਿੰਘ ਸੰਧੂ, ਅਮਰ ਸਿੰਘ ਸਾਬਕਾ ਸਰਪੰਚ, ਚੰਨਣ ਸਿੰਘ ਸਾਬਕਾ ਸਰਪੰਚ, ਸਰਵਣ ਸਿੰਘ, ਨਾਨਕ ਚੰਦ, ਸ਼ਮਸ਼ੇਰ ਸਿੰਘ ਸਮੇਤ ਸਮੂਹ ਪਿੰਡ ਵਾਸੀ‌ ਹਾਜ਼ਰ ਸਨ।

Friday, 21 March 2025

ਡੇਰਾ ਚਹੇੜੂ ਤੋਂ ਸੰਤ ਕ੍ਰਿਸ਼ਨ ਨਾਥ ਜੀ ਯੂਰਪ ਦੇ ਵੱਖ ਵੱਖ ਦੇਸ਼ਾਂ ਦੇ ਦੌਰੇ ਲਈ ਰਵਾਨਾਂ


ਡੇਰਾ ਚਹੇੜੂ ਵਿਖੇ ਅਰਦਾਸ ਬੇਨਤੀ ਉਪਰੰਤ ਸੰਗਤਾਂ ਨੇ ਮਹਾਂਪੁਰਸ਼ਾਂ ਨੂੰ ਵਿਦੇਸ਼ ਜਾਣ ਲਈ ਕੀਤਾ ਰਵਾਨਾਂ
ਅਮਰਜੀਤ ਸਿੰਘ ਜੰਡੂ ਸਿੰਘਾ-
ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀ.ਟੀ ਰੋ੍ਹਡ ਚਹੇੜੂ ਦੇ ਮੁੱਖ ਗੱਦੀਨਸ਼ੀਨ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਯੂਰਪ ਦੇ ਵੱਖ ਵੱਖ ਦੇਸ਼ਾਂ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਵਸ ਸਬੰਧੀ ਮਨਾਏ ਜਾ ਰਹੇ ਸਮਾਗਮਾਂ ਵਿੱਚ ਸ਼ਾਮਲ ਹੋਣ ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦੇ ਪ੍ਰਚਾਰ ਤੇ ਪ੍ਰਸਾਰ ਲਈ ਡੇਰਾ ਚਹੇੜੂ ਤੋਂ ਵਿਦੇਸ਼ ਲਈ ਰਵਾਨਾਂ ਹੋਏ ਹਨ। ਗੁਰੂ ਘਰ ਦੇ ਸੈਕਟਰੀ ਕਮਲਜੀਤ ਖੋਥੜਾਂ ਨੇ ਦਸਿਆ ਕਿ ਡੇਰਾ ਚਹੇੜੂ ਵਿਖੇ ਅਰਦਾਸ ਬੇਨਤੀ ਉਪਰੰਤ ਸੰਗਤਾਂ ਨੇ ਸੰਤ ਕ੍ਰਿਸ਼ਨ ਨਾਥ ਜੀ ਨੂੰ ਵਿਦੇਸ਼ ਜਾਣ ਲਈ ਰਵਾਨਾਂ ਕੀਤਾ। ਉਨ੍ਹਾਂ ਦਸਿਆ ਕਿ ਮਹਾਂਪੁਰਸ਼ ਯੂਰਪ ਦੇ ਵਿੱਚ ਕਰੀਬ 69 ਦਿਨਾਂ ਦੇ ਲਈ ਗਏ ਹਨ ਅਤੇ ਉਥੇ ਹੋ ਰਹੇ ਸਮਾਗਮਾਂ ਵਿੱਚ ਹਿੱਸਾ ਲੈ ਕੇ ਜਿਥੇ ਸੰਗਤਾਂ ਨੂੰ ਪ੍ਰਬੱਚਨਾਂ ਰਾਹੀਂ ਨਿਹਾਲ ਕਰਨਗੇ। ਅੱਜ ਡੇਰੇ ਵਿਖੇ ਸੇਵਾਦਾਰ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਸੈਕਟਰੀ ਕਮਲਜੀਤ ਖੋਥੜਾਂ, ਹੈੱਡ ਗ੍ਰੰਥੀ ਭਾਈ ਪ੍ਰਵੀਨ ਕੁਮਾਰ, ਜਸਵਿੰਦਰ ਬਿੱਲਾ, ਮਾ. ਪਰਮਜੀਤ ਗੋਰਾਇਆ, ਬਿੰਦਰ ਹਰਦਾਸਪੁਰ, ਰਾਜ਼ੇਸ਼ ਕੁਮਾਰ, ਦੇਵ ਰਾਜ, ਵਿਜੇ ਕੁਮਾਰ, ਮਿੱਠੂ ਸਿੰਘ ਮਾਲਵਾ, ਕੋਸ਼ਲਿਆ ਦੇਵੀ, ਅਮਰਜੀਤ ਕੌਰ, ਬਿੰਦਰ, ਸੁਰਜੀਤ ਕੌਰ, ਭੋਲੀ, ਹਰਦਾਸਪੁਰ, ਅਨੀਤਾ, ਬਿਮਲਾ ਰਾਣੀ, ਕਮਲੇਸ਼ ਰਾਣੀ, ਸੁਨੀਤਾ ਦੇਵੀ, ਨੀਲਮ, ਸੋਨੀਆ, ਜਸਵਿੰਦਰ, ਕਮਲਜੀਤ ਮਹੇੜੂ ਤੇ ਹੋਰ ਸੇਵਾਦਾਰ ਸੰਗਤਾਂ ਹਾਜ਼ਰ ਸਨ।

Wednesday, 19 March 2025

ਡੇਰਾ ਚਹੇੜੂ ਵਿਖੇ ਹਰਿਆਣੇ ਦੀਆਂ ਸੰਗਤਾਂ ਹੋਈਆਂ ਨਤਮਸਤਕ

\ਹਰਿਆਣੇ ਦੀਆਂ ਸੰਗਤਾਂ ਦਾ ਵਿਸ਼ੇਸ਼ ਸਨਮਾਨ ਕਰਦੇ ਸੰਤ ਕ੍ਰਿਸ਼ਨ ਨਾਥ ਜੀ ਤੇ ਡੇਰਾ ਚਹੇੜੂ ਪ੍ਰਬੰਧਕ।

ਅਮਰਜੀਤ ਸਿੰਘ ਜੰਡੂ ਸਿੰਘਾ-
ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ ਰੋਡ ਚਹੇੜੂ ਵਿਖੇ ਪਿੰਡ ਹਾਵੜੀ (ਹਰਿਆਣਾ) ਤੋਂ.ਸੰਤ ਸਤੀਸ਼ ਦਾਸ ਜੀ ਸਮੂਹ ਸੰਗਤਾਂ ਸਮੇਤ ਗੁਰੂ ਘਰ ਨਤਮਸਤਕ ਹੋਣ ਲਈ ਪੁੱਜੇ। ਜਿਨ੍ਹਾਂ ਦਾ ਡੇਰਾ ਮੁੱਖੀ ਸੰਤ ਕ੍ਰਿਸ਼ਨ ਨਾਥ ਜੀ ਅਤੇ ਸਮੂਹ ਮੈਨੇਂਜਮੈਂਟ ਵੱਲੋਂ ਨਿੱਘਾ ਸਵਾਗਤ ਤੇ ਸਨਮਾਨ ਕੀਤਾ ਗਿਆ। ਮਹਾਂਪੁਰਸ਼ਾਂ ਨੇ ਦਸਿਆ ਕਿ ਇਹ ਸਾਰੀਆਂ ਹਰਿਆਣੇ ਦੀਆਂ ਸੰਗਤਾਂ ਪੰਜਾਬ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਧਾਰਮਿਕ ਅਸਥਾਨਾਂ ਦੀ ਯਾਤਰਾ ਤੇ ਆਈਆਂ ਹੋਈਆਂ ਹਨ ਜੋ ਕਿ ਡੇਰਾ ਚਹੇੜੂ ਤੋਂ ਡੇਰਾ ਸੱਚਖੰਡ ਬੱਲਾਂ ਵਿੱਖੇ ਪੁੱਜਣਗੀਆਂ। ਇਸ ਮੌਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਪ੍ਰਚਾਰ ਪ੍ਰਤੀ ਸੰਗਤਾਂ ਨੇ ਸੰਤ ਕ੍ਰਿਸ਼ਨ ਨਾਥ ਜੀ ਨਾਲ ਵਿਚਾਰ ਚਰਚਾ ਵੀ ਕੀਤੀ। ਇਸ ਮੌਕੇ ਤੇ ਧਰਮਪਾਲ ਕਲੇਰ, ਸੈਕਟਰੀ ਕਮਲਜੀਤ ਖੋਥੜਾਂ, ਜਸਵਿੰਦਰ ਬਿੱਲਾ, ਐਡਵੋਕੇਟ ਪਵਨ ਕੁਮਾਰ ਤੇ ਹੋਰ ਹਾਜ਼ਰ ਸਨ।
ਕੈਪਸ਼ਨ- ਹਰਿਆਣੇ ਦੀਆਂ ਸੰਗਤਾਂ ਦਾ ਵਿਸ਼ੇਸ਼ ਸਨਮਾਨ ਕਰਦੇ ਸੰਤ ਕ੍ਰਿਸ਼ਨ ਨਾਥ ਜੀ ਤੇ ਡੇਰਾ ਚਹੇੜੂ ਪ੍ਰਬੰਧਕ।

Tuesday, 18 March 2025

ਸ਼ੀਤਲਾ ਮਾਤਾ ਮੰਦਿਰ ਵਿਖੇ ਸਥਿਤ ਚੇਤ ਮਹੀਨੇ ਦਾ ਚਾਲਾ ਸ਼ੁਰੂ ਹੋਇਆ


ਸ੍ਰੀ ਅਨੰਦਪੁਰ ਸਾਹਿਬ, 18 ਮਾਰਚ (ਜੋਗਿੰਦਰ ਰਾਣਾ)- ਸ੍ਰੀ ਅਨੰਦਪੁਰ ਸਾਹਿਬ ਵਾਰਡ ਨੰ- 1 ਮਜਾਰਾ ਵਿਖੇ ਸਥਿਤ ਪ੍ਰਾਚੀਨ ਉਦਾਸੀਨ ਆਸ਼ਰਮ ਸ਼ੀਤਲਾ ਮਾਤਾ ਮੰਦਿਰ ਵਿਖੇ ਸਥਿਤ ਚੇਤ ਮਹੀਨੇ ਦਾ ਮਾਤਾ ਸ਼ੀਤਲਾ ਜੀ ਦਾ ਚਾਲਾ ਸ਼ੁਰੂ ਹੋਇਆ ਇਹ ਪੂਜਾ ਮਾਤਾ ਸ਼ੀਤਲਾ ਜੀ ਦੀ ਚੇਤ ਮਹੀਨੇ ਵਿਚ ਆਉਦੇ ਚਾਰ ਮੰਗਲ ਵਾਰ ਕੀਤੀ ਜਾਂਦੀ ਹੈ, ਅੱਜ ਪਹਿਲੇ ਮੰਗਲਵਾਰ ਵਾਲੇ ਦਿਨ ਮਾਤਾ ਸ਼ੀਤਲਾ ਮੰਦਿਰ ਦੇ ਮਹੰਤ ਮਹੰਤ ਬਚਨ ਦਾਸ ਜੀ ਵਲੋ ਸਵੇਰੇ 4 ਵਜੇ ਆਰਤੀ ਪੂਜਾ ਸਰਭਤ ਦੇ ਭਲੇ ਦੀ ਅਰਦਾਸ ਕਰਕੇ ਸ਼ੁਰੂਆਤ ਕੀਤੀ ਅਤੇ ਕੰਜਕ ਪੂਜਾ ਕੀਤਾ ਅਤੇ ਮਾਤਾ ਸ਼ੀਤਲਾ ਜੀ ਦੇ ਚਾਲੈ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧੀਆਂ ਦਿੱਤੀਆਂ ਸਵੇਰੇ ਚਾਰ ਵਜੇ ਤੋ ਹੀ ਸੰਗਤਾਂ ਦੀਆਂ ਲਾਇਨਾ ਲਗਣੀਆ ਸ਼ੁਰੂ ਹੋ ਗਈਆਂ ਸੀ ਦੂਰ ਦਰਾਡੇ ਤੋ ਸੰਗਤ ਬਹੁਤ ਸ਼ਰਦਾ ਭਾਵਨਾ ਦੇ ਨਾਲ ਪਹੁੰਚਦੀਆਂ ਹਨ ਇਸ ਮੌਕੇ ਤੇ ਪੰਡਿਤ ਪਿਊਸ਼ ਬਾਬਾ ਸੁਰਜੀਤ ਸਿੰਘ, ਸ਼ਾਸਤਰੀ, ਗੁਰਮਿੰਦਰ ਸਿੰਘ ਉਦਾਸੀਨ, ਮਨੀਸ਼ ਲਾਲਾ, ਲਾਲਾ ਪ੍ਰਮੋਦ ਕੁਮਾਰ, ਜੱਸੀ ਰਾਣਾ, ਕੇਸ਼ਵ, ਮਾਧਵ, ਰਾਜਪਾਲ ਆਂਗਰਾ, ਗਾਂਦੀ ਪਰਿਵਾਰ, ਕਾਲਾ ਸੁਨਿਆਰਾ, ਬਿੱਟੂ, ਰਾਜੂ ਧੀਮਾਨ, ਇੰਦਰ ਜੀਤ ਧੀਮਾਨ, ਡਾਕਟਰ ਸੁਨੈਨਾ ਗੁਪਤਾ, ਡਾਕਟਰ ਵਿਸ਼ਾਲ ਸਿੰਗਲਾ, ਭਾਰਤਕਪੁਰ, ਸੰਜੇ ਮਹਿਤਾ ਕਮਲਜੀਤ ਸੈਣੀ, ਸ਼ਿਵੂ, ਹਿੰਮਤ ਸੋਢੀ, ਸਨਤਨ ਧਰਮ ਸਭਾ ਪ੍ਰਧਾਨ ਸ੍ਰੀ ਪੰਡਿਤ ਹਰੀਓਮ, ਪੰਡਿਤ ਤਰਲੋਚਨ ਸ਼ਰਮਾ, ਜੱਸੀ ਰਾਣਾ ਅਗੰਮਪੁਰ ਆਦਿ ਸੰਗਤ ਹਾਜ਼ਰ ਹੋਈ।

ਹੋਲੇ ਮਹੱਲੇ ਦੇ ਪਾਵਨ ਪੁਰਬ ਨੂੰ ਸਮਰਪਿਤ 10ਵਾਂ ਕੀਰਤਨ ਦਰਬਾਰ 20 ਮਾਰਚ ਨੂੰ


ਸ੍ਰੀ ਅਨੰਦਪੁਰ ਸਾਹਿਬ, 18 ਮਾਰਚ (ਜੋਗਿੰਦਰ ਰਾਣਾ )-
ਸ੍ਰੀ ਅਨੰਦਪੁਰ ਸਾਹਿਬ ਫਾਊਂਡੇਸ਼ਨ ਅਤੇ ਸਤਿਗੁਰ ਓਟ ਆਸਰਾ ਟਰੱਸਟ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੀ ਛਤਰ ਛਾਇਆ ਹੇਠ ਹੋਲੇ ਮਹੱਲੇ ਦੇ ਪਾਵਨ ਪੁਰਬ ਨੂੰ ਸਮਰਪਿਤ 10ਵਾਂ ਕੀਰਤਨ ਦਰਬਾਰ ਭਲ ਕੇ 20 ਮਾਰਚ ਦਿਨ ਵੀਰਵਾਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਰਾਤੀ 8 ਵਜੇ ਤੋਂ 10 ਵਜੇ ਤੱਕ ਕਰਵਾਇਆ ਜਾ ਰਿਹਾ ਹੈ ਇਹ ਜਾਣਕਾਰੀ ਮਨਿੰਦਰ ਪਾਲ ਸਿੰਘ ਮਨੀ ਅਤੇ ਮਨਿੰਦਰ ਪਾਲ ਸਿੰਘ ਮਨੀ ਚੱਠਾ ਵੱਲੋਂ ਸਾਂਝੇ ਰੂਪ ਦਿੱਤੀ ਗਈ। ਉਨਾਂ ਹੋਰ ਦੱਸਿਆ ਕਿ ਇਸ ਮੌਕੇ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਅਤੇ ਭਾਈ ਸਤਿੰਦਰ ਪਾਲ ਸਿੰਘ ਹਜੂਰੀ ਰਾਗੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਕੀਰਤਨੀ ਜਥੇ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਉਨਾਂ ਨੇ ਦੱਸਿਆ ਕਿ ਸਮਾਗਮ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਇਸ ਮੌਕੇ ਉਨਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਹਾਜ਼ਰੀਆਂ ਭਰਦੇ ਹੋਏ ਗੁਰੂ ਘਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ।

Monday, 17 March 2025

ਆਸ਼ਾ ਵਰਕਰਾਂ ਲਈ "ਮਾਨਸਿਕ ਸਿਹਤ, ਇਲਾਜ ਅਤੇ ਬਜ਼ੁਰਗਾਂ ਦੀ ਦੇਖਭਾਲ" ਵਿਸ਼ੇ 'ਤੇ ਪੰਜ ਰੋਜ਼ਾ ਸਿਖਲਾਈ ਪ੍ਰੋਗਰਾਮ ਦੇ ਦੂਜੇ ਸ਼ੈਸ਼ਨ ਦਾ ਆਗਾਜ਼



ਕੀਰਤਪੁਰ ਸਾਹਿਬ, 18 ਮਾਰਚ (ਜੋਗਿੰਦਰ ਰਾਣਾ/ਦਰਸ਼ ਰਾਣਾ)-
ਕੀਰਤਪੁਰ ਸਾਹਿਬ ਸਥਿਤ ਮੁੱਢਲੇ ਸਿਹਤ ਕੇਂਦਰ ਵਿਚ ਆਸ਼ਾ ਵਰਕਰਾਂ ਲਈ "ਮਾਨਸਿਕ ਸਿਹਤ, ਇਲਾਜ ਅਤੇ ਬਜ਼ੁਰਗਾਂ ਦੀ ਦੇਖਭਾਲ" ਵਿਸ਼ੇ 'ਤੇ ਪੰਜ ਰੋਜ਼ਾ ਸਿਖਲਾਈ ਪ੍ਰੋਗਰਾਮ ਦਾ ਦੂਜਾ ਸੈਸ਼ਨ ਅੱਜ ਸ਼ੁਰੂ ਹੋ ਗਿਆ ਹੈ।
       ਡਾ. ਦਲਜੀਤ ਕੌਰ ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਆਸ਼ਾ ਵਰਕਰਾਂ ਅਤੇ ਆਸ਼ਾ ਫ਼ੈਸਿਲੀਟੇਟਰ ਨੂੰ ਬਜ਼ੁਰਗਾਂ ਦੀ ਦੇਖਭਾਲ, ਇਲਾਜ ਅਤੇ ਉਹਨਾਂ ਦੀ ਮਾਨਸਿਕ ਸਿਹਤ ਬਾਰੇ ਸਿੱਖਿਅਤ ਕਰਕੇ ਬੁਢਾਪੇ 'ਚ ਪੈਦਾ ਹੋਣ ਵਾਲੀਆਂ ਮੁਸ਼ਕਲਾਂ ਨੂੰ ਘੱਟ ਕਰਨਾ ਅਤੇ ਉਹਨਾਂ ਦੀ ਦੇਖਭਾਲ ਲਈ ਵਰਤੀਆਂ ਜਾਣ ਵਾਲੀਆਂ ਵਿਧੀਆਂ ਬਾਰੇ ਸਿੱਖਿਅਤ ਕਰਨਾ ਹੈ। ਉਹਨਾਂ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਤੋਂ ਬਾਅਦ ਆਸ਼ਾ ਵਰਕਰਾਂ ਨੂੰ ਬਜ਼ੁਰਗ ਮਰੀਜ਼ਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਇਆ ਕਰਵਾਉਣ ਵਿਚ ਮੱਦਦ ਮਿਲੇਗੀ ਅਤੇ ਉਹਨਾਂ ਦੀ ਕਾਰਜ ਕੁਸ਼ਲਤਾ ਵਿਚ ਵਾਧਾ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਦੀ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਤੋਂ ਪੀੜ੍ਹਤ ਬਜ਼ੁਰਗਾਂ ਲਈ ਸਹੀ ਇਲਾਜ ਅਤੇ ਦਵਾਈਆਂ ਦੀ ਵਰਤੋਂ ਕਰਨ ਦੀ ਸਮਝ ਵਿਚ ਵੀ ਵਾਧਾ ਹੋਵੇਗਾ।
      ਡਾ.ਦਲਜੀਤ ਕੌਰ ਨੇ ਕਿਹਾ ਕਿ ਆਸ਼ਾ ਵਰਕਰ ਆਪਣੇ ਸਬੰਧਤ ਖੇਤਰ ਦੇ ਨਿਵਾਸੀਆਂ ਦੀਆਂ ਮੁੱਢਲੀਆਂ ਲੋੜਾਂ, ਸਮਾਜਿਕ ਤੇ ਆਰਥਿਕ ਸਥਿਤੀ ਅਤੇ ਰੀਤੀ-ਰਿਵਾਜ਼ਾਂ ਵਰਗੇ ਸਾਰੇ ਪੱਖਾਂ ਤੋਂ ਜਾਣੂ ਹੁੰਦੀਆਂ ਹਨ ਪਰ ਫਿਰ ਵੀ ਪ੍ਰਭਾਵਸ਼ਾਲੀ ਭੂਮਿਕਾ ਅਦਾ ਕਰਨ ਲਈ ਉਹਨਾਂ ਨੂੰ ਹੋਰ ਜ਼ਿਆਦਾ ਸਿਖਲਾਈ ਦੀ ਲੋੜ ਹੁੰਦੀ ਹੈ। ਇਸੇ ਉਦੇਸ਼ ਦੀ ਪੂਰਤੀ ਲਈ ਸਿਹਤ ਵਿਭਾਗ ਵੱਲੋਂ ਇਸ ਪੰਜ ਰੋਜ਼ਾ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੌਰਾਨ ਆਸ਼ਾ ਵਰਕਰਾਂ ਨੂੰ ਉਹਨਾਂ ਦੇ ਮੁੱਢਲੇ ਕੰਮ ਕਰਨ ਦੀ ਸਹੀ ਵਿਧੀ ਅਤੇ ਬਜ਼ੁਰਗ ਮਰੀਜ਼ਾਂ ਨੂੰ ਸਮੇਂ ਸਿਰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਸਬੰਧੀ ਮਹੱਤਵਪੂਰਣ ਜਾਣਕਾਰੀ ਦਿੱਤੀ ਜਾਵੇਗੀ।
      ਬਲਾਕ ਐਜੂਕੇਟਰ ਰਤਿਕਾ ਉਬਰਾਏ ਨੇ ਦੱਸਿਆ ਕਿ 21 ਮਾਰਚ ਤੱਕ ਚੱਲਣ ਵਾਲੇ ਇਸ ਪੰਜ ਰੋਜ਼ਾ ਸਿਖਲਾਈ ਪ੍ਰੋਗਰਾਮ ਦੌਰਾਨ ਸੀ.ਐੱਚ.ਓ ਗਗਨਦੀਪ ਕੌਰ ਵੱਲੋਂ 40 ਆਸ਼ਾ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ 5 ਤੋਂ 10 ਮਾਰਚ ਤੱਕ ਚੱਲੇ ਸੈਸ਼ਨ ਦੌਰਾਨ 40 ਆਸ਼ਾ ਵਰਕਰਾਂ ਅਤੇ ਆਸ਼ਾ ਫ਼ੈਸਿਲੀਟੇਟਰ ਨੂੰ ਬਜ਼ੁਰਗਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਵਿਚ ਸੁਧਾਰ ਲਿਆਉਣ ਵਿੱਚ ਸਹਾਈ ਵਿਧੀਆਂ ਬਾਰੇ ਜਾਣਕਾਰੀ ਅਤੇ ਵਿਹਾਰਕ ਸਿਖਲਾਈ (ਪ੍ਰੈਕਟੀਕਲ ਟ੍ਰੇਨਿੰਗ) ਦਿੱਤੀ ਗਈ ਜੋ ਆਸ਼ਾ ਵਰਕਰਾਂ ਦੀ ਕਾਰਜ ਕੁਸ਼ਲਤਾ ਵਧਾਉਣ ਵਿਚ ਮੱਦਦਗਾਰ ਸਾਬਿਤ ਹੋਵੇਗੀ।ਇਸ ਮੌਕੇ ਸੀ.ਓ ਭਰਤ ਕਪੂਰ ਵੀ ਮੌਜੂਦ ਰਹੇ।

ਤਰਕਸ਼ੀਲ ਸੁਸਾਇਟੀ ਰੋਪੜ ਦੀ ਸਰਬਸੰਮਤੀ ਨਾਲ ਹੋਈ ਚੋਣ, ਅਸ਼ੋਕ ਕੁਮਾਰ ਬਣੇ ਜਥੇਬੰਦਕ ਮੁਖੀ

ਨੰਗਲ,18 ਮਾਰਚ (ਜੋਗਿੰਦਰ ਰਾਣਾ)- ਤਰਕਸ਼ੀਲ ਸੁਸਾਇਟੀ ਰੋਪੜ ਦੀ ਮੀਟਿੰਗ ਖਾਲਸਾ ਸਕੂਲ ਵਿਖੇ ਹੋਈ ਜਿਸ ਵਿੱਚ ਸੈਸ਼ਨ 2025-27 ਲਈ ਇਕਾਈ ਦੀ ਚੋਣ ਕਰਵਾਉਣ ਲਈ ਸੂਬਾ ਆਗੂ ਅਜੀਤ ਪ੍ਰਦੇਸੀ ਅਤੇ ਜ਼ੋਨ ਚੰਡੀਗੜ੍ਹ ਦੇ ਜਥੇਬੰਦਕ ਮੁਖੀ ਸੇਵਾ ਮੁਕਤ ਪ੍ਰਿੰਸੀਪਲ ਗੁਰਮੀਤ ਖਰੜ ਜੀ ਦੀ ਡਿਊਟੀ ਨਿਰਧਾਰਿਤ ਕੀਤੀ ਗਈ ਸੀ ਤੇ ਇਨ੍ਹਾਂ ਦੋਨਾਂ ਆਗੂਆਂ ਦੀ ਦੇਖਰੇਖ ਚੋਣ ਪ੍ਰਣਾਲੀ ਸਰਬਸੰਮਤੀ ਨਾਲ ਖ਼ੁਸ਼ਗਵਾਰ ਮਹੌਲ ਵਿੱਚ ਨੇਪਰੇ ਚੜ੍ਹ ਗਈ। ਇਸ ਚੋਣ ਵਿੱਚ ਅਸ਼ੋਕ ਕੁਮਾਰ (ਜਥੇਬੰਦਕ ਮੁਖੀ) , ਮਾਸਟਰ ਪਰਵਿੰਦਰ (ਵਿੱਤ ਮੁਖੀ), ਹਰਵਿੰਦਰ ਸੁਖਰਾਮ ਪੁਰੀ (ਮੀਡੀਆ ਮੁਖੀ), ਹਰਨੇਕ ਸਿੰਘ (ਸੱਭਿਆਚਾਰਕ ਮੁਖੀ) ਅਤੇ ਅਮਰ ਨਾਥ (ਮਾਨਸਿਕ ਸਿਹਤ ਵਿਭਾਗ ਮੁਖੀ) ਚੁਣੇ ਗਏ। ਅਪ੍ਰੈਲ ਦੇ ਪਹਿਲੇ ਹਫ਼ਤੇ ਜਥੇਬੰਦੀ ਦੇ ਹੈੱਡ ਆਫ਼ਿਸ ਬਰਨਾਲਾ ਵਿਖੇ ਹੋਣ ਜਾ ਰਹੇ ਸੂਬਾ ਇਜਲਾਸ ਲਈ  ਸ਼ੈਲਿੰਦਰ ਕੁਰਾਲੀ ਇਕਬਾਲ ਬੇਲਾ ਵੀ ਡੈਲੀਗੇਟ ਬਣਾਏ ਗਏ।ਪਿਛਲੇ ਸਾਲ ਹੋਈ ਸੂਬਾ ਪੱਧਰੀ ਵਿਦਿਆਰਥੀ ਵਿਗਿਆਨਕ ਚੇਤਨਾ ਪਰਖ਼ ਪ੍ਰਿਖਿਆ ਵਿੱਚ ਰੋਪੜ ਇਕਾਈ ਸੂਬਾ ਪੱਧਰੀ ਮੈਰਿਟ ਸੂਚੀ ਵਿਚ ਪਹਿਲੇ ਸਥਾਨ ਤੇ ਰਹੀ ਸੀ ਜਿਸ ਵਿੱਚ ਅਸ਼ੋਕ ਕੁਮਾਰ ਦਾ ਪ੍ਰਮੁੱਖ ਯੋਗਦਾਨ ਰਿਹਾ ਜਿਸ ਕਾਰਨ ਅਸ਼ੋਕ ਕੁਮਾਰ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸੂਬਾ ਆਗੂ ਅਜੀਤ ਪ੍ਰਦੇਸੀ, ਇਕਬਾਲ ਬੇਲਾ, ਜਸਵੰਤ ਬੂਰ ਮਾਜਰਾ, ਪ੍ਰਸੋਤਮ ਬੂਰ ਮਾਜਰਾ, ਸੋਹਣ ਲਾਲ, ਪਵਨ ਰੱਤੋ, ਜਸਪਾਲ ਮਾਜਰੀ, ਦਵਿੰਦਰ ਸਰਥਲੀ,ਅਸ਼ੋਕ ਜੋਧਪੁਰ, ਪਰਮਜੀਤ ਜੋਧ ਆਦਿ ਮੈਂਬਰ ਵੀ ਮੌਕੇ ਤੇ ਹਾਜਰ ਸਨ।

Sunday, 16 March 2025

ਅਵਾਜ਼-ਏ-ਕੌਮ ਸੰਤ ਕ੍ਰਿਸ਼ਨ ਨਾਥ ਜੀ ਵਲੋਂ "ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਜੀਵਨ ਸੰਘਰਸ਼ ਅਤੇ ਮਿਸ਼ਨ" ਪੁਸਤਕ ਲੋਕ ਅਰਪਣ

ਸੰਤ ਕ੍ਰਿਸ਼ਨ ਨਾਥ ਜੀ ਸੰਗਤਾਂ ਦੀ ਹਾਜ਼ਰੀਵਿੱਚ ਕਿਤਾਬ ਰੀਲਿੰਜ਼ ਕਰਦੇ ਹੋਏ।

ਡੇਰਾ ਚਹੇੜੂ ਵਿਖੇ ਲੇਖਕ ਰਾਜੇਸ਼ ਭਬਿਆਣਾ ਤੇ ਸਾਥੀਆਂ ਦਾ ਸਨਮਾਨ ਹੋਇਆ
ਅਮਰਜੀਤ ਸਿੰਘ ਜੰਡੂ ਸਿੰਘਾ-
ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਚਹੇੜੂ ਵਿਖੇ ਪਿਛਲੇ ਦਿਨੀਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਅਨੇਕਾਂ ਬੁੱਧੀਜੀਵੀ, ਲੇਖਕਾਂ, ਗਾਇਕਾਂ, ਲੀਡਰ ਸਾਹਿਬਾਨ ਨੇ ਸ਼ਮੂਲੀਅਤ ਕੀਤੀ। ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਸੰਘਰਸ਼ਮਈ ਜੀਵਨ ਤੇ ਚਾਨਣਾ ਪਾਇਆ ਕਿ ਕਿਵੇਂ ਸਾਹਿਬ ਕਾਂਸ਼ੀ ਰਾਮ ਜੀ ਨੇ ਸਮਾਜ ਖਾਤਿਰ ਆਪਣਾ ਘਰ ਬਾਰ ਤਿਆਗ ਦਿੱਤਾ ਅਤੇ ਕਸਮ ਖਾਧੀ ਕਿ ਮੈਂ ਕਦੇ ਵਿਆਹ ਨਹੀਂ ਕਰਵਾਵਾਂਗਾ, ਕਦੇ ਵੀ ਆਪਣਾ ਘਰ ਨਹੀਂ ਬਣਾਵਾਂਗਾ ਅੱਜ ਤੋਂ ਬਾਅਦ ਸਾਰਾ ਸਮਾਜ ਹੀ ਮੇਰਾ ਘਰ ਹੈ। ਸੱਚਮੁੱਚ ਸਾਹਿਬ ਕਾਂਸ਼ੀ ਰਾਮ ਜੀ ਦਾ ਜੀਵਨ ਤਿਆਗ ਦੀ ਅਦੁੱਤੀ ਮਿਸਾਲ ਹੈ । ਇਸ ਮੌਕੇ ਅਨੇਕਾਂ ਪੁਸਤਕਾਂ ਦੇ ਰਚੇਤਾ, ਪ੍ਰਸਿੱਧ ਮਿਸ਼ਨਰੀ ਲੇਖਕ ਰਾਜੇਸ਼ ਭਬਿਆਣਾ ਵਲੋਂ ਲਿਖੀ ਹੋਈ ਪੁਸਤਕ "ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਜੀਵਨ, ਸੰਘਰਸ਼ ਅਤੇ ਮਿਸ਼ਨ" ਦਾ  ਦੂਜਾ ਐਡੀਸ਼ਨ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੇ ਕਰ ਕਮਲਾਂ ਨਾਲ ਅਤੇ ਬੁੱਧੀਜੀਵੀ, ਲੇਖਕਾਂ, ਗਾਇਕਾਂ ਅਤੇ ਸੰਗਤਾਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ ਜੋ ਇਸ ਸਮਾਗਮ ਦਾ ਮੁੱਖ ਆਕਰਸ਼ਣ ਰਿਹਾ। ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਵਲੋਂ ਇਸ ਕਿਤਾਬ ਦੀ ਵਾਰੇ ਵੀ ਵਿਸਥਾਰ ਸਹਿਤ ਚਰਚਾ ਕੀਤੀ ਕਿਉਂਕਿ ਇਸ ਕਿਤਾਬ ਦਾ ਮੁੱਖ ਬੰਦ ਵੀ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਵਲੋਂ ਲਿਖਿਆ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਸਿੱਧ ਲੇਖਕ ਸਤਪਾਲ ਸਾਹਲੋਂ, ਮਹਿੰਦਰ ਸੰਧੂ, ਸੈਕਟਰੀ ਕਮਲਜੀਤ ਸਾਬਕਾ ਸਰਪੰਚ, ਸ਼ਿਲਪਾ ਕੈਂਥ, ਅਸ਼ੋਕ ਸੰਧੂ, ਬਲਵਿੰਦਰ ਪੁਆਰ ਆਦਿ ਵੀ ਹਾਜਰ ਸਨ। ਕਿਤਾਬ ਰਿਲੀਜ਼ ਉਪਰੰਤ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਵਲੋਂ ਲੇਖਕ ਰਾਜੇਸ਼ ਭਬਿਆਣਾ ਅਤੇ ਉਹਨਾਂ ਦੇ ਪਰਿਵਾਰ ਦਾ ਸਿਰੋਪਾਉ ਪਾ ਕੇ ਸਨਮਾਨ ਕੀਤਾ ਗਿਆ।


Thursday, 13 March 2025

ਗੁ. ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਤੋਂ ਹੌਲਾ ਮੁਹੱਲਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲੰਗਰ ਲਗਉਣ ਲਈ ਸੰਗਤ ਸਮੇਤ ਰਸਦ ਦੀ ਰਵਾਨਗੀ


ਆਦਮਪੁਰ, 12 ਮਾਰਚ (ਅਮਰਜੀਤ ਸਿੰਘ)- ਹੋਲਾ ਮਹੱਲਾ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਲੀਆਂ ਸੰਗਤਾਂ ਦੀ ਸੇਵਾ ਹਿੱਤ ਲੰਗਰ ਲਗਾਉਣ ਲਈ ਗੁਰਦੁਆਰਾ ਸ਼ਹੀਦ ਬਾਬਾ ਮੱਤੀ ਸਾਹਿਬ ਜੀ ਪਿੰਡ ਡਰੋਲੀ ਕਲਾਂ ਤੋਂ ਰਸਦ ਸਮੇਤ ਸੰਗਤਾਂ ਦਾ ਭਾਰੀ ਜਥਾ ਗੁ. ਸਾਹਿਬ ਦੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਦੀ ਵਿਸ਼ੇਸ਼ ਅਗਵਾਹੀ ਵਿੱਚ ਰਵਾਨਾਂ ਹੋਇਆ। ਪ੍ਰਧਾਨ ਜਥੇਦਾਰ ਮਨੋਹਰ ਸਿੰਘ ਨੇ ਦਸਿਆ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਹ ਗੁਰੂ ਕੇ ਲੰਗਰ ਲਗਾਏ ਜਾਂਦੇ ਹਨ। ਇਸ ਵਾਰ ਵੀ ਸੰਗਤਾਂ ਦੀ ਸਹੂਲਤ ਹਿੱਤ ਇਹ ਉਪਰਾਲਾ ਸੰਗਤਾਂ ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਤੇ ਪਹਿਲਾ ਗੁਰੂ ਘਰ ਦੇ ਗ੍ਰੰਥੀ ਸਿੰਘ ਵਲੋਂ ਕੀਤੀ ਅਰਦਾਸ ਬੇਨਤੀ ਕੀਤੀ ਗਈ ਉਪਰੰਤ ਇਕ ਟਰਾਲੀ ਸਮੇਤ ਸੇਵਾਦਾਰਾਂ ਦੀ ਬੱਸ ਰਵਾਨਾ ਕੀਤੀ ਗਈ। ਜਾਣਕਾਰੀ ਦਿੰਦੇ ਪ੍ਰਧਾਨ ਮਨੋਹਰ ਸਿੰਘ ਡਰੋਲੀ ਕਲਾਂ ਨੇ ਦੱਸਿਆ ਕਰੀਬ 40 ਸਾਲਾਂ ਤੋਂ ਹੋਲੇ ਮਹੱਲੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਗੁਰੂ ਕੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਰਸ਼ਨ ਕਾਰਨ ਆਉਣ ਵਾਲੀਆਂ ਸੰਗਤਾਂ ਦੇ ਲਈ ਕਰੀਬ ਇਕ ਹਫ਼ਤੇ ਲਈ ਲੰਗਰ ਲਗਾ ਕੇ ਸੇਵਾਦਾਰਾਂ ਵਲੋਂ ਸੇਵਾ ਕੀਤੀ ਜਾਂਦੀ ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਧੰਨ ਧੰਨ ਬਾਬਾ ਮਤੀ ਜੀ ਦਾ ਵਿਸ਼ੇਸ਼ ਸਥਾਨ ਵੀ ਬਣਾਇਆ ਗਿਆ ਹੈ। ਇਸ ਮੌਕੇ ਪ੍ਰਧਾਨ ਜਥੇਦਾਰ ਮਨੋਹਰ ਸਿੰਘ, ਜਰਨੈਲ ਸਿੰਘ, ਹਰਦਿਆਲ ਸਿੰਘ, ਇਕਬਾਲ ਸਿੰਘ, ਸਵਰਨ ਸਿੰਘ, ਸਤਨਾਮ ਸਿੰਘ, ਜਸਪਾਲ ਸਿੰਘ ਸਾਭਾ, ਰਣਬੀਰ ਪਾਲ ਸਿੰਘ, ਭਾਈ ਸੁਖਜੀਤ ਸਿੰਘ, ਸੁਖਦੇਵ ਸਿੰਘ, ਕਰਮ ਸਿੰਘ, ਮਨਜੀਤ ਸਿੰਘ, ਮੱਖਣ ਸਿੰਘ, ਹਰਜੀਤ ਸਿੰਘ, ਗੁਰਮੀਤ ਸਿੰਘ ਤੇ ਹੋਰ ਹਾਜ਼ਰ ਸਨ।

Sunday, 9 March 2025

ਗ੍ਰਾਮ ਪੰਚਾਇਤ ਕਪੂਰ ਪਿੰਡ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ



32 ਪਿੰਡ ਵਾਸੀਆਂ ਨੇ ਪਿਮਸ ਹਸਪਤਾਲ ਜਲੰਧਰ ਦੀ ਟੀਮ ਨੂੰ ਖੂਨਦਾਨ ਕੀਤਾ
ਅਮਰਜੀਤ ਸਿੰਘ ਜੰਡੂ ਸਿੰਘਾ-
ਸਮੂਹ ਗ੍ਰਾਮ ਪੰਚਾਇਤ ਕਪੂਰ ਪਿੰਡ ਜਲੰਧਰ ਵੱਲੋਂ ਸਰਪੰਚ ਅਸ਼ੋਕ ਕੁਮਾਰ ਦੀ ਵਿਸ਼ੇਸ਼ ਦੇਖਰੇਖ ਹੇਠ ਇੱਕ ਖੂਨਦਾਨ ਕੈਂਪ ਗੁਰਦੁਆਰਾ ਸਿੰਘ ਸਭਾ ਕਪੂਰ ਪਿੰਡ ਵਿਖੇ ਲਗਾਇਆ ਗਿਆ। ਇਸ ਮੌਕੇ ਖੂਨ ਇਕੱਤਰ ਕਰਨ ਵਾਸਤੇ ਪਿਮਸ ਹਸਪਤਾਲ ਦੇ ਡਾਕਟਰ ਰਾਜ ਰਿਸ਼ੀ, ਮਨਪ੍ਰੀਤ, ਕੋਸਲਰ ਆਰਤੀ, ਸ਼ੰਮੀ ਭੱਲਾ ਪੁੱਜੇ। ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ 32 ਯੂਨਿਟ ਖੂਨਦਾਨ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੂੰ ਸਬੰਧੋਨ ਕਰਦੇ ਹੋਏ ਸਰਪੰਚ ਅਸ਼ੋਕ ਕੁਮਾਰ ਨੇ ਕਿਹਾ ਪਿੰਡ ਵਾਸੀਆਂ ਵੱਲੋਂ ਦਾਨ ਕੀਤੇ ਇੱਕ ਯੂਨਿਟ ਖੂਨ ਨਾਲ ਤਿੰਨ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਸਾਨੂੰ ਸਾਰਿਆਂ ਨੂੰ ਲੋ੍ੜਵੰਦ ਮਰੀਜ਼ਾਂ ਦੀ ਮੱਦਦ ਕਰਨ ਲਈ ਖੂਨਦਾਨ ਕਰਨਾਂ ਚਾਹੀਦਾ ਹੈ। ਇਸ ਮੌਕੇ ਪੰਚ ਬਿਕਰਮਜੀਤ, ਪੰਚ ਨਗਿੰਰਦ ਸਿੰਘ, ਪੰਚ ਅਮਨਜੌਤ ਕੌਰ, ਪੰਚ ਰਾਜਵੀਰ, ਪੰਚ ਬਲਦੇਵ ਰਾਜ, ਗੁਰਪ੍ਰੀਤ ਸਿੰਘ ਹੈਪੀ (ਐਮ.ਡੀ ਹਰਲੀਨ ਵਾਟਰ ਪਾਰਕ), ਸਤਨਾਮ ਸਿੰਘ, ਸਤਵਿੰਦਰ ਸਿੰਘ, ਕੁਲਵਿੰਦਰ, ਨਰਿੰਦਰ ਕੌਰ, ਕੁਲਵਿੰਦਰ ਕੌਰ, ਗੁਰਨਾਮ ਸਿੰਘ ਧਨੋਆ, ਗੁਰਿੰਦਰ ਸਿੰਘ, ਸੰਤ ਪ੍ਰਕਾਸ਼, ਪਰਮਿੰਦਰ ਕੁਮਾਰ, ਹਰਪ੍ਰੀਤ ਸਿੰਘ ਹੈੱਡ ਗ੍ਰੰਥੀ, ਹਰਵਿੰਦਰ ਸਿੰਘ ਗ੍ਰੰਥੀ ਤੇ ਹੋਰ ਪਤਵੰਤੇ ਹਾਜ਼ਰ ਸਨ। 

Saturday, 8 March 2025

ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੇ ਜੰਡੂ ਸਿੰਘਾ ਦੀਆਂ ਸੰਗਤਾਂ ਨੂੰ ਪ੍ਰਬੱਚਨਾਂ ਰਾਹੀਂ ਨਿਹਾਲ ਕੀਤਾ



ਸ਼੍ਰੀ ਗੁਰੂ ਰਵਿਦਾਸ ਅਮਿ੍ਰਤਬਾਣੀ ਮੰਦਿਰ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ ਮਨਾਇਆ
ਸਮਾਗਮਾਂ ਵਿੱਚ ਨਗਰ ਦੀਆਂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਭਰੀ ਹਾਜ਼ਰੀ
ਅਮਰਜੀਤ ਸਿੰਘ ਜੰਡੂ ਸਿੰਘਾ-
ਸਰੱਬਤ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਵੱਲੋਂ ਦਰਸਾਏ ਮਾਰਗ ਤੇ ਚੱਲਣਾਂ ਚਾਹੀਦਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜ਼ੀ.ਟੀ ਰੋਡ ਚਹੇੜੂ ਦੇ ਮੁੱਖ ਗੱਦੀਨਸ਼ੀਨ ਸੇਵਾਦਾਰ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਜੀ ਨੇ ਜੰਡੂ ਸਿੰਘਾ ਵਿਖੇ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਦੇ ਕੀਤਾ ਅਤੇ ਸਰਬੱਤ ਸੰਗਤਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ। ਅੱਜ ਨਗਰ ਜੰਡੂਸਿੰਘਾ ਦੀਆਂ ਸਮੂਹ ਸੰਗਤਾਂ ਵੱਲੋਂ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦਾ ਜੰਡੂ ਸਿੰਘਾ ਪੁੱਜਣ ਤੇ ਨਿੱਘਾ ਸਵਾਗਤ ਕੀਤਾ। ਜੰਡੂ ਸਿੰਘਾ ਦੀਆਂ ਸਮੂਹ ਸੰਗਤਾਂ ਵੱਲੋਂ ਅੱਜ ਸ਼੍ਰੀ ਗੁਰੂ ਰਵਿਦਾਸ ਅਮਿ੍ਰਤਬਾਣੀ ਮੰਦਿਰ ਮੁਹੱਲਾ ਬੇਗਮਪੁਰਾ ਜੰਡੂ ਸਿੰਘਾ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਦੇ ਸਮਾਗਮ ਸ਼ਰਧਾ ਭਾਵਨਾ ਨਾਲ ਮਨਾਏ। ਜਿਸਦੇ ਸਬੰਧ ਵਿੱਚ ਪਹਿਲਾ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਦੇ ਭੋਗ ਪਾਏ ਗਏ। ਉਪਰੰਤ ਰਾਗੀ ਭਾਈ ਮੰਗਤ ਰਾਮ ਮਹਿਮੀ ਦਕੋਹੇ ਵਾਲੇ ਤੇ ਬੰਗੜ ਬਰੋਦਰਜ਼ ਵੱਲੋਂ ਸੰਗਤਾਂ ਗੁਰਬਾਣੀ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ। ਅੱਜ ਦੇ ਸਮਾਗਮਾਂ ਮੌਕੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨਾਲ ਹਰਮੇਸ਼ ਸਿੰਘ ਢੰਡਾ, ਕਰਤਾਰ ਸਿੰਘ ਢੰਡਾ ਯੂਐਸਏ, ਸੈਕਟਰੀ ਕਮਲਜੀਤ ਖੋਥੜਾਂ, ਹੈੱਡ ਗ੍ਰੰਥੀ ਭਾਈ ਪ੍ਰਵੀਨ ਕੁਮਾਰ ਡੇਰਾ ਚਹੇੜੂ, ਜਸਵਿੰਦਰ ਬਿੱਲਾ ਤੇ ਹੋਰ ਆਏ ਸੇਵਾਦਾਰਾਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਸੰਗਤਾਂ ਚਾਹ ਪਕੋੜੇ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਇਸ ਮੌਕੇ ਤੇ ਵਿਜੇ ਕੁਮਾਰ ਬੈਂਸ ਪ੍ਰਧਾਨ, ਚਮਨ ਲਾਲ ਬੈਂਸ ਸੈਕਟਰੀ, ਵਿਜੇ ਕੁਮਾਰ ਪਾਲ, ਮੇਜਰ ਸਿੰਘ ਪਾਲ, ਪਵਨ ਕੁਮਾਰ ਬੈਂਸ ਐਡਵੋਕੇਟ, ਬਖਸ਼ੀ ਰਾਮ ਬੰਗੜ, ਜੀਤ ਰਾਮ ਕਲੇਰ, ਦਿਲਬਾਗ ਰਾਮ, ਵਿਜੇ ਕੁਮਾਰ ਬੈਂਸ, ਸਾਹਿਬਜੋਤ ਕਲੇਰ, ਸ਼ਤੀਸ਼ ਕੁਮਾਰ ਕਲੇਰ, ਸੁਰਿੰਦਰ ਕੁਮਾਰ ਕੌਲ, ਸੁਰਿੰਦਰ ਕੁਮਾਰ, ਸੰਜੀਵ ਕੁਮਾਰ ਕੌਲ, ਸਤਨਾਮ ਪਾਲ, ਰਾਕੇਸ਼ ਝੱਮਟ ਤੇ ਹੋਰ ਸੇਵਾਦਾਰ ਸੰਗਤਾਂ ਹਾਜ਼ਰ ਸਨ।

ਜ਼ੀ.ਟੀ.ਬੀ ਸਕੂਲ ਹਜ਼ਾਰਾ ਵਿਖੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ

ਅਮਰਜੀਤ ਸਿੰਘ ਜੰਡੂ ਸਿੰਘਾ- ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਖੇ ਕੌਮਾਂਤਰੀ ਮਹਿਲਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਐਨਸੀਸੀ ਦੇ ਵਿਦਿਆਰਥੀਆਂ ਦੁਆਰਾ ਪੰਜਾਬੀ, ਅੰਗਰੇਜ਼ੀ ਅਤੇ  ਹਿੰਦੀ ਵਿੱਚ ਔਰਤ ਦੇ ਮਹੱਤਵ ਉੱਤੇ ਲੈਕਚਰ ਦਿੱਤੇ ਗਏ ਅਤੇ ਵੱਖ-ਵੱਖ ਕਵਿਤਾਵਾਂ ਪੜ੍ਹੀਆਂ ਗਈਆਂ। ਇਸ ਮੌਕੇ ਤੇ ਸਕੂਲ ਸਕੱਤਰ ਸੁਰਜੀਤ ਸਿੰਘ ਚੀਮਾ, ਟਰਸਟੀ ਜਸਵਿੰਦਰ ਸਿੰਘ, ਡਾਇਰੈਕਟ ਨਿਸ਼ਾ ਮੜੀਆ ਅਤੇ ਪ੍ਰਿੰਸੀਪਲ ਅਮਿਤਾਲ ਕੌਰ ਸ਼ਾਮਲ ਹੋਏ। ਡਾਇਰੈਕਟ ਨਿਸ਼ਾ ਮੜੀਆ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਹੋਇਆ ਕਿਹਾ ਕਿ ਕੌਮਾਂਤਰੀ ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਮਨਾਇਆ ਜਾਂਦਾ ਹੈ। ਇਸ ਨੂੰ ਮਨਾਉਣ ਦਾ ਮੁੱਖ ਮਨੋਰਥ ਔਰਤਾਂ ਨੂੰ ਉਹਨਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਅਤੇ ਬਰਾਬਰਤਾ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨਾ  ਹੈ। ਭਾਰਤ ਸਮੇਤ ਵਿਦੇਸ਼ਾਂ ਵਿੱਚ ਵੀ ਅੰਤਰ ਰਾਸ਼ਰਤੀ  ਮਹਿਲਾ ਦਿਵਸ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਮਹਿਲਾਂ ਦਿਵਸ ਨਿਊਯਾਰਕ ਸ਼ਹਿਰ ਵਿੱਚ ਸਿਆਸੀ ਪ੍ਰੋਗਰਾਮ ਦੇ ਤੌਰ ਤੇ ਮਨਾਇਆ ਗਿਆ ਸੀ ਪਰ ਹੁਣ ਵਿਸ਼ਵ ਵਿਚ ਕੌਮਾਂਤਰੀ ਮਹਿਲਾ ਦਿਵਸ ਪੂਰੇ ਜੋਸ਼ੋ- ਖਰੋਸ਼ ਨਾਲ ਮਨਾਇਆ ਜਾਂਦਾ ਹੈ। ਆਪਣੇ ਭਾਸ਼ਣ ਵਿਚ ਉਹਨਾਂ ਨੇ ਮਹਿਲਾ ਕਰਮਚਾਰੀਆਂ ਨੂੰ ਵਧਾਈ ਦਿੱਤੀ।

      ਸਕੂਲ ਦੇ ਸਕੱਤਰ ਸੁਰਜੀਤ ਸਿੰਘ ਚੀਮਾ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇਕ ਔਰਤ ਕਿਤੇ ਵੀ ਅਤੇ ਕਿਸੇ ਵੀ ਸਮੇਂ ਕਿਸੇ ਵੀ ਸਥਿਤੀ ਦਾ ਬਹਾਦਰੀ ਨਾਲ ਸਾਹਮਣਾ ਕਰ ਸਕਦੀ ਹੈ। ਸਕੂਲ ਵਿੱਚ ਵੱਖ-ਵੱਖ ਸਮਾਗਮ ਹੋਏ। ਇਹਨਾਂ ਸਮਾਗਮਾਂ ਦਾ ਉਦੇਸ਼ ਵਿਦਿਆਰਥੀਆਂ ਵਿੱਚ ਮਹਿਲਾ ਸਸ਼ਕਤੀਕਰਨ ਅਤੇ ਲਿੰਗ ਸਮਾਨਤਾ ਪ੍ਰਤੀ ਸਤਿਕਾਰ ਅਤੇ ਕਦਰਦਾਨੀ ਦੀ ਭਾਵਨਾ ਨੂੰ ਜਗਾਉਣਾ ਸੀ। ਅੱਜ ਸਮਾਜ ਦਾ ਕੋਈ ਐਸਾ ਖੇਤਰ ਨਹੀਂ ਜਿੱਥੇ ਔਰਤ ਦੀ ਭਾਗੀਦਾਰੀ ਨਹੀਂ ਹੈ ਤੇ ਅੱਜ ਦੇ ਸਮਾਜ  ’ਚ ਔਰਤਾਂ ਆਦਮੀਆਂ ਦੇ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਦੇਸ਼ ਦੀ ਤਰੱਕੀ ’ਚ ਬਰਾਬਰ ਹਿੱਸਾ ਪਾ ਰਹੀਆਂ ਹਨ।   
ਕੈਪਸ਼ਨ- ਜ਼ੀ.ਟੀ.ਬੀ ਸਕੂਲ ਹਜ਼ਾਰਾ ਵਿਖੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਵਿਦਿਆਰਥੀਆਂ ਨਾਲ ਡਾਇਰੈਕਟ ਨਿਸ਼ਾ ਮੜੀਆ, ਪ੍ਰਿੰਸੀਪਲ ਅਮਿਤਾਲ ਕੌਰ ਤੇ ਹੋਰ ਅਧਿਆਪਕ।


Friday, 7 March 2025

ਸਰਕਾਰੀ ਮਿਡਲ ਸਕੂਲ ਲੁਹਾਰ ਸੁੱਖਾ ਸਿੰਘ ਨੂੰ ਮਿਲਿਆ ਉੱਤਮ ਸਕੂਲ ਪੁਰਸਕਾਰ

ਜਲੰਧਰ (ਅਮਰਜੀਤ ਸਿੰਘ)-
ਪੰਜਾਬ ਸਰਕਾਰ ਵਲੋ ਜਲ਼ੰਧਰ ਜਿਲੇ ਵਿੱਚੋ ਸਾਲ 2024-25 ਲਈ ਸਰਕਾਰੀ ਮਿਡਲ ਸਕੂਲ ਲੁਹਾਰ ਸੁੱਖਾ ਸਿੰਘ ਨੂੰ ਉੱਤਮ ਸਕੂਲ ਪੁਰਸਕਾਰ ਦਿੱਤਾ ਗਿਆ ਅਤੇ ਵਿਭਾਗ ਵਲੋ ਸਕੂਲ ਨੂੰ ਸਨਮਾਨ ਚਿੰਨ  ਅਤੇ ਪੰਜ ਲੱਖ ਰੁਪਏ ਦਾ ਪੁਰਸਕਾਰ  ਵੀ ਦਿੱਤਾ ਗਿਆ। ਇਸ ਮੋਕੇ ਤੇ ਸ੍ਰੀ ਮਤੀ ਸਿਵਾਲੀ ਸਕੂਲ ਇੰਚਾਰਜ ਨੇ ਪੰਜਾਬ ਸਰਕਾਰ, ਮਾਣਯੋਗ ਸਿੱਖਿਆ ਮੰਤਰੀ ਸ ਹਰਜੋਤ ਸਿੰਘ ਬੈਸ, ਮਾਣਯੋਗ ਸਿੱਖਿਆ ਸਕੱਤਰ ਅਨਿੰਦਿਤਾ ਮਿਤਰਾ, ਡੀ ਪੀ ਆਈ ਸ੍ਰੀ ਪਰਮਜੀਤ ਸਿੰਘ ਅਤੇ ਜਿਲਾ ਸਿੱਖਿਆ ਅਫਸਰ ਸ੍ਰੀ ਮਤੀ ਗੁਰਿੰਦਰਜੀਤ ਕੌਰ ਜੀ ਦਾ ਬਹੁਤ ਧੰਨਵਾਦ ਕੀਤਾ ਅਤੇ ਕਿਹਾ ਵਿਦਿਆਰਥੀ ਦੀ ਵਿਦਿਆ ਅਤੇ ਸਕੂਲ ਦੇ ਵਿਕਾਸ ਸਾਰਾ ਸਟਾਫ ਹੋਰ ਮਿਹਨਤ ਅਤੇ ਸਿੱਦਤ ਨਾਲ ਆਪਣਾ ਫਰਜ ਨਿਭਾਵਾਗੇ। ਮਾਸਟਰ ਬਲਜੀਤ ਸਿੰਘ ਵਲੋ ਪਿੰਡ ਦੀ ਪੰਚਾਇਤ ਅਤੇ ਐਨ. ਆਰ. ਆਈ ਸੱਜਣਾ ਦਾ ਵਿਸੇਸ ਧੰਨਵਾਦ ਕੀਤਾ ਜਿਨਾ ਦੇ ਸਹਿਯੋਗ ਸਦਕਾ ਪਿੰਡ ਦਾ ਇੰਨਾ ਮਾਣ ਵਧਿਆ ਹੈ। ਇਸ ਮੋਕੇ ਸ੍ਰੀ ਮਤੀ ਹਰਿੰਦਰ ਕੌਰ ਪ੍ਰਿੰਸੀਪਲ, ਗੀਤਾ ਰਾਣੀ, ਪ੍ਰਿਆ ਪਸਰੀਚਾ, ਵਰਿੰਦਰ ਸਿੰਘ ਗਰੋਵਰ, ਲੀਨਾ, ਮਨਜੀਤ ਕੌਰ ਅਤੇ ਸੁਖਵਿੰਦਰ ਕੌਰ ਵੀ ਮੌਜੂਦ ਸਨ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਨੂੰ ਮਿਲਿਆ ਜਿਲ੍ਹਾ ਉੱਤਮ ਸਕੂਲ ਐਵਾਰਡ



ਅਮਰਜੀਤ ਸਿੰਘ ਜੰਡੂ ਸਿੰਘਾ-
ਰਾਜ ਦੇ ਉੱਤਮ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਨਮਾਨਿਤ ਕਰਨ ਲਈ ਬੈਸਟ ਸਕੂਲ ਅਵਾਰਡ ਸਮਾਰੋਹ ਚੰਡੀਗੜ੍ਹ ਵਿਖੇ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਪੁੱਜੇ। ਇਸ ਮੌਕੇ ਤੇ ਜਿਥੇ ਪੰਜਾਬ ਦੇ ਵੱਖ ਵੱਖ ਜਿਲਿਆਂ ਦੇ ਸਕੂਲਾਂ ਦਾ ਮਾਣ ਸਨਮਾਨ ਹੋਇਆ ਉਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾ ਨੂੰ ਜਿਲ੍ਹੇ ਦਾ ਉੱਤਮ ਸਕੂਲ ਐਵਾਰਡ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਕੂਲ ਪਿ੍ਰੰਸੀਪਲ ਕੁਲਦੀਪ ਕੌਰ ਸੋਪਿਆ। ਪਿ੍ਰੰਸੀਪਲ ਕੁਲਦੀਪ ਕੌਰ ਨੇ ਇਹ ਸਨਮਾਨ ਹਾਸਲ ਕਰਨ ਉਪਰੰਤ ਪੰਜਾਬ ਸਰਕਾਰ ਤੇ ਸਿਖਿਆ ਵਿਭਾਗ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਦਸਿਆ ਕਿ ਇਸ ਐਵਾਰਡ ਦੇ ਨਾਲ ਸਕੂਲ ਲਈ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਦੀ ਰਾਸ਼ੀ ਵੀ ਭੇਟ ਕੀਤੀ ਗਈ ਹੈ। ਜਿਸ ਨਾਲ ਸਕੂਲ ਦੀ ਨੁਹਾਰ ਬਦਲੇਗੀ ਤੇ ਸਕੂਲ ਹੋਰ ਸੁੰਦਰੀਕਰਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਇਹ ਮਾਨ ਸਨਮਾਨ ਸਕੂਲ ਚੰਗੀ ਕਾਰਗੁਜਾਰੀ ਅਤੇ ਵੱਖ ਵੱਖ ਗਤੀਵਿਧੀਆਂ ਰਾਹੀਂ ਹਰ ਖੇਤਰ ਵਿੱਚ ਸਕੂਲ ਨੂੰ ਅੱਗੇ ਰਹਿਣ ਲਈ ਮਿਲਿਆ ਹੈ। ਸਕੂਲ ਦੀ ਇਸ ਪ੍ਰਾਪਤੀ ਦਾ ਸਿਹਰਾ ਪਿ੍ਰੰਸੀਪਲ ਨੇ ਸਮੂਹ ਸਕੂਲ ਸਟਾਫ ਦੇ ਸਿਰ ਬੰਨਿਆ ਹੈ।

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਾਡਲ ਟਾਊਨ ਡਵੀਜ਼ਨ ਦੀ ਚੋਣ ਦਾ ਅਜਲਾਸ ਕੀਤਾ



ਜਲੰਧਰ, (ਅਮਰਜੀਤ ਸਿੰਘ)-
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਾਡਲ ਟਾਊਨ ਡਵੀਜ਼ਨ ਦਾ ਚੋਣ ਅਜਲਾਸ ਥੋੜੂ ਰਾਮ ਡਵੀਜ਼ਨ ਪ੍ਰਧਾਨ ਦੀ ਪ੍ਰਧਾਨਗੀ ਹੇਠ ਜਸਵੰਤ ਸਿੰਘ ਸਮਰਾ ਹਾਲ ਜਲੰਧਰ ਵਿਖੇ ਕੀਤਾ ਗਿਆ। ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਪੈਨਸ਼ਨਰ ਸ਼ਾਮਲ ਹੋਏ। ਅਜਲਾਸ ਸ਼ੁਰੂ ਕਰਨ ਤੋਂ ਪਹਿਲਾਂ ਵਿਛੜੇ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਡਵੀਜ਼ਨ ਸਕੱਤਰ ਪ੍ਰੇਮ ਲਾਲ ਨੇ ਪਿਛਲੇ ਤਿੰਨ ਸਾਲਾਂ ਤੋਂ ਵੱਧ ਸਮੇਂ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ ਅਤੇ ਡਵੀਜ਼ਨ ਵਿਤ ਸਕੱਤਰ ਕ੍ਰਿਸ਼ਨ ਦੱਤ ਨੇ ਆਮਦਨ ਅਤੇ ਖਰਚੇ ਦਾ ਹਿਸਾਬ ਪੇਸ਼ ਕੀਤਾ। ਦੋਵਾਂ ਰਿਪੋਰਟਾਂ ਤੇ ਸਾਰੇ ਪੈਨਸ਼ਨਰਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ। ਡਵੀਜ਼ਨ ਪ੍ਰਧਾਨ ਨੇ ਪਿਛਲੇ ਸਮੇਂ ਵਿੱਚ ਆਪਣੀਆਂ ਹੱਕੀ ਮੰਗਾਂ ਲਈ ਪੰਜਾਬ ਸਰਕਾਰ ਅਤੇ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਵਿਰੁੱਧ ਕੀਤੇ ਗਏ ਸੰਘਰਸ਼ਾਂ ਵਿੱਚ ਪੈਨਸ਼ਨਰ ਸਾਥੀਆਂ ਵੱਲੋਂ ਪਾਏ ਗਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਪਿਛਲੀ ਕਮੇਟੀ ਭੰਗ ਕਰਕੇ ਸਰਕਲ ਪ੍ਰਧਾਨ ਨੂੰ ਅਗਲੇ ਤਿੰਨ ਸਾਲਾਂ ਲਈ ਡਵੀਜ਼ਨ ਕਮੇਟੀ ਦੀ ਚੋਣ ਕਰਨ ਲਈ ਅਪੀਲ ਕੀਤੀ। ਜਲੰਧਰ ਸਰਕਲ ਦੇ ਪ੍ਰਧਾਨ ਅਤੇ ਸੂਬਾ ਮੀਤ ਪ੍ਰਧਾਨ ਸ਼ਿਰੀ ਰਾਮ ਜੱਗੀ ਦੀ ਪ੍ਰਧਾਨਗੀ ਹੇਠ ਨਵੀਂ ਕਮੇਟੀ ਦੀ ਚੋਣ ਕੀਤੀ ਗਈ।

ਜਿਸ ਵਿੱਚ ਡਵੀਜ਼ਨ ਪ੍ਰਧਾਨ ਥੋੜੂ ਰਾਮ, ਸੀਨੀਅਰ ਮੀਤ ਪ੍ਰਧਾਨ ਪ੍ਰੇਮ ਦਾਸ, ਮੀਤ ਪ੍ਰਧਾਨ ਬਲਵਿੰਦਰ ਕੁਮਾਰ, ਸਕੱਤਰ ਹਰਮੇਸ਼ ਸਿੰਘ, ਸਹਾਇਕ ਸਕੱਤਰ ਪ੍ਰੇਮ ਲਾਲ, ਵਿੱਤ ਸਕੱਤਰ ਮਲਕੀਤ ਚੰਦ, ਪ੍ਰੈਸ ਸਕੱਤਰ ਹਰੀ ਕ੍ਰਿਸ਼ਨ, ਆਡੀਟਰ ਜਸਵੀਰ ਸਿੰਘ, ਜਥੇਬੰਦਕ ਸਕੱਤਰ ਰਣਜੀਤ ਸਿੰਘ ਤੋਂ ਇਲਾਵਾ ਕਾਰਜਕਾਰੀ ਮੈਂਬਰੀ ਸਤਪਾਲ ਡਰੋਲੀ, ਤਰਲੋਚਨ ਸਿੰਘ, ਕ੍ਰਿਸ਼ਨ ਦੱਤ, ਭਜਨ ਸਿੰਘ ਅਤੇ ਗੁਰਦੇਵ ਸਿੰਘ ਸਰਵ ਸੰਮਤੀ ਨਾਲ ਚੁਣੇ ਗਏ। ਚੁਣੀ ਗਈ ਕਮੇਟੀ ਨੇ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਪੁਰਜ਼ੋਰ ਯਤਨ ਕਰਨ ਦਾ ਪ੍ਰਣ ਕੀਤਾ। ਚੋਣ ਅਜਲਾਸ ਨੂੰ ਸੰਬੋਧਨ ਕਰਦਿਆਂ ਸਰਕਲ ਆਗੂ ਪ੍ਰੇਮ ਲਾਲ, ਥੋੜੂ ਰਾਮ, ਅਵਤਾਰ ਸਿੰਘ, ਜੋਗਿੰਦਰ ਪਾਲ, ਚਮਨ ਜੀਤ ਸਿੰਘ ਅਤੇ ਬਾਲ ਕ੍ਰਿਸ਼ਨ ਨੇ ਪੰਜਾਬ ਸਰਕਾਰ ਵੱਲੋਂ ਮੰਗਾਂ ਨਾ ਮੰਨਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕਿਹਾ ਕਿ ਮਿਤੀ 22 ਮਾਰਚ 2025 ਨੂੰ  ਬਿਜਲੀ ਮੰਤਰੀ ਦੇ ਨਿਵਾਸ ਸਥਾਨ ਅੰਮ੍ਰਿਤਸਰ ਵਿਖੇ ਪੰਜਾਬ ਪੱਧਰ ਦੇ ਧਰਨੇ ਵਿੱਚ ਜਲੰਧਰ ਸਰਕਲ ਤੋਂ ਬਹੁਤ ਵੱਡੀ ਪੱਧਰ ਤੇ ਪੈਨਸ਼ਨਰਜ਼ ਸ਼ਾਮਲ ਹੋਣਗੇ। ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਸ਼ਾਂਤ ਮਈ ਸੰਘਰਸ਼ ਨੂੰ ਦਬਾਉਣ ਲਈ ਉਹਨਾਂ ਦੀਆਂ ਕੀਤੀਆਂ ਗਈਆਂ ਗ੍ਰਿਫ਼ਤਾਰੀਆਂ ਅਤੇ ਉਹਨਾਂ ਨੂੰ ਘਰਾਂ ਵਿੱਚ ਨਜ਼ਰ ਬੰਦ ਕਰਨ ਦੀ ਵੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਅੰਤ ਵਿੱਚ ਡਵੀਜ਼ਨ ਪ੍ਰਧਾਨ ਸ੍ਰੀ ਥੋੜੂ ਰਾਮ ਨੇ ਆਏ ਸਾਥੀਆਂ ਦਾ ਧੰਨਵਾਦ ਕੀਤਾ।

Thursday, 6 March 2025

ਪਿੰਡ ਪਤਾਰਾ ਵਾਸੀਆਂ ਨੂੰ ਮਿਲੇਗਾ ਸਾਫ ਸੁਥਰਾ ਪੀਣ ਵਾਲਾ ਪਾਣੀ, ਗਾ੍ਰਮ ਪੰਚਾਇਤ ਨੇ ਵੱਡੇ ਬੋਰ ਦਾ ਕੰਮ ਸ਼ੁਰੂ ਕਰਵਾਇਆ



ਅਮਰਜੀਤ ਸਿੰਘ ਜੰਡੂ ਸਿੰਘਾ- ਗ੍ਰਾਮ ਪੰਚਾਇਤ ਪਿੰਡ ਪਤਾਰਾ ਵੱਲੋਂ ਪਿੰਡ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਹੈ। ਸਰਪੰਚ ਸੰਦੀਪ ਵਰਮਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਮੂਹ ਮੈਂਬਰ ਪੰਚਾਇਤ ਅਤੇ ਪਿੰਡ ਦੇ ਹੋਰ ਪਤਵੰਤੇ ਸੱਜਣਾਂ ਨੇ ਇਕੱਠੇ ਹੋ ਕੇ ਇੱਕ ਪਾਣੀ ਵਾਲੇ ਵੱਡੇ ਬੋਰ ਦੀ ਸ਼ੁਰੂਆਤ ਕੀਤੀ ਗਈ ਹੈ। ਸੰਦੀਪ ਵਰਮਾ ਨੇ ਕਿਹਾ ਬੋਰ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾ ਪਰਮਾਤਮਾ ਦਾ ਨਾਮ ਲੈਂਦੇ ਹੋਏ ਅਰਦਾਸ ਬੇਨਤੀ ਕੀਤੀ ਗਈ। ਉਪਰੰਤ ਇਹ ਬੋਰ ਦਾ ਕੰਮ ਸ਼ੁਰੂ ਹੋਇਆ। ਉਨ੍ਹਾਂ ਕਿਹਾ ਪਿੰਡ ਵਿੱਚ ਇਹ ਬੋਰ ਹੋਣ ਨਾਲ ਲੋਕਾਂ ਨੂੰ ਸਾਫ ਸੁਥਰਾ ਪੀਣ ਵਾਲਾ ਪਾਣੀ ਮਿਲੇਗਾ ਅਤੇ ਪਿੰਡ ਵਿੱਚੋਂ ਪਾਣੀ ਦੀ ਸਮੱਸਿਆ ਵੀ ਦੂਰ ਹੋਵੇਗੀ। ਉਨ੍ਹਾਂ ਨੇ ਸ਼ਮੂਹ ਸਹਿਯੋਗੀਆਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸਰਪੰਚ ਸੰਦੀਪ ਵਰਮਾ, ਪੰਚ ਦਵਿੰਦਰ, ਪੰਚ ਹਰਜਿੰਦਰ ਮਿੰਟੂ, ਪੰਚ ਸਤਵੀਰ, ਪੰਚ ਕੁਲਵਿੰਦਰ, ਪੰਚ ਚਰਨਜੀਤ, ਸ਼ੁਭਮ, ਵਿਜੇ ਟੋਨੀ, ਬਿੰਦੂ ਬੈਂਸ, ਸਤਪਾਲ ਦਾਸ, ਸ਼ਰਮਾਂ, ਰਵੀ, ਅਮਰਜੀਤ, ਸ਼ਾਮ ਸ਼ੁੰਦਰ, ਅਮਰਜੀਤ ਗੱਗੂ, ਪਰਮਜੀਤ ਪੰਮਾਂ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Sunday, 2 March 2025

ਸਿਹਤ, ਸਿਖਿਆ ਤੇ ਸਮਾਜਿਕ ਖੇਤਰ ਵਿੱਚ ਐਨਆਰਆਈ ਤੇ ਸਮਾਜ ਸੇਵਕ ਹਰਬੰਸ ਸਿੰਘ ਖੱਟਕੜ੍ਹ ਅਤੇ ਬੀਬੀ ਮਹਿੰਦਰ ਕੌਰ ਖੱਟਕੜ ਵਡਮੁੱਲਾ ਯੋਗਦਾਨ



ਗੁਰਦੁਆਰਾ ਪੰਜ ਤੀਰਥ ਸਾਹਿਬ ਜੰਡੂਸਿੰਘਾ ਵਿਖੇ ਅੱਖਾਂ ਫ੍ਰੀ ਜਾਂਚ ਕੈਂਪ ਲਗਾਇਆ
300 ਮਰੀਜ਼ਾਂ ਦੀ ਹੋਈ ਜਾਂਚ, 40 ਮਰੀਜ਼ ਆਪਰੇਸ਼ਨ ਵਾਸਤੇ ਚੁੱਣੇ ਗਏ, 200 ਮਰੀਜ਼ਾਂ ਨੂੰ ਐਨਕਾਂ ਮੁਫਤ ਦਿੱਤੀਆਂ ਗਈਆਂ
ਗੁਰੂ ਘਰ ਦੇ ਪ੍ਰਧਾਨ ਤੇ ਪ੍ਰਬੰਧਕਾਂ ਵੱਲੋਂ ਐਨਆਰਆਈ ਤੇ ਡਾਕਟਰਾਂ ਦੀ ਟੀਮ ਨੂੰ ਸਿਰੇਪਾਉ ਦੇ ਕੇ ਕੀਤਾ ਸਨਮਾਨਿੱਤ ਗਿਆ
ਅਮਰਜੀਤ ਸਿੰਘ ਜੰਡੂਸਿੰਘਾ-
ਇਤਿਹਾਸਕ ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਜੰਡੂ ਸਿੰਘਾ ਜਲੰਧਰ ਵਿਖੇ ਐਨਆਰਆਈ ਤੇ ਸਮਾਜ ਸੇਵਕ ਹਰਬੰਸ ਸਿੰਘ ਖੱਟਕੜ੍ਹ ਅਤੇ ਬੀਬੀ ਮਹਿੰਦਰ ਕੌਰ ਖੱਟਕੜ੍ਹ ਵਲੋਂ ਨਰਿੰਦਰ ਸਿੰਘ ਬੰਗਾ ਟੈਕਨੀਕਲ ਡਾਇਰੈਕਟਰ ਦੂਰਦਰਸ਼ਨ ਜਲੰਧਰ ਦੀ ਪ੍ਰੇਰਨਾਂ ਨਾਲ ਇੱਕ ਅੱਖਾਂ ਦੀ ਜਾਂਚ ਤੇ ਆਪਰੇਸ਼ਨ ਸਬੰਧੀ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਮੌਕੇ ਅਰੋੜਾ ਆਈ ਹਸਪਤਾਲ ਜਲੰਧਰ ਤੋਂ ਡਾ. ਚਰਨਜੀਤ ਸਿੰਘ ਤੇ ਉਨ੍ਹਾਂ ਦੀ ਟੀਮ ਵੱਲੋਂ ਜਿਥੇ 300 ਮਰੀਜ਼ਾਂ ਦੀ ਜਾਂਚ ਫ੍ਰੀ ਕੀਤੀ ਉਥੇ 40 ਮਰੀਜ਼ਾਂ ਦੀ ਚੋਣ ਆਪਰੇਸ਼ਨ ਵਾਸਤੇ ਕੀਤੀ ਗਈ ਤੇ 200 ਮਰੀਜ਼ਾਂ ਨੂੰ ਐਨਕਾਂ ਫ੍ਰੀ ਦਿੱਤੀਆਂ। ਇਸ ਕੈਂਪ ਦਾ ਉਦਘਾਟਨ ਐਨਆਰਆਈ ਹਰਬੰਸ ਸਿੰਘ ਖੱਟਕੜ੍ਹ ਅਤੇ ਬੀਬੀ ਮਹਿੰਦਰ ਕੌਰ ਖੱਟਕੜ੍ਹ ਵਲੋਂ ਕੀਤਾ ਗਿਆ। ਜਿਸਦਾ ਮਰੀਜ਼ਾਂ ਨੇ ਭਰਭੂਰ ਲਾਭ ਉਠਾਇਆ। ਇਸ ਮੌਕੇ ਮਰੀਜ਼ਾਂ ਲਈ ਪ੍ਰਬੰਧਕਾਂ ਵੱਲੋਂ ਗੁਰੂ ਕੇ ਲੰਗਰ ਵੀ ਲਗਾਏ ਗਏ। ਇਸ ਮੌਕੇ ਤੇ ਜਗਦੀਸ਼ ਬੰਗਾ ਸ਼ੋਸ਼ਲ ਵਰਕਰ ਯੂ.ਕੇ, ਅਧਿਆਪਕਾ ਤੇ ਸਮਾਜ ਸੇਵਿਕਾ ਕਮਲਜੀਤ ਬੰਗਾ, ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਘਾ, ਸੈਕਟਰੀ ਅਮਰਜੀਤ ਸਿੰਘ, ਕਰਨੈਲ ਸਿੰਘ, ਜਸਪਾਲ ਸਿੰਘ ਗਿੱਲ, ਕੇਹਰ ਸਿੰਘ ਜੋਹਲ, ਗੁਰਦਿਆਲ ਸਿੰਘ ਕਪੂਰ ਪਿੰਡ, ਰਣਜੀਤ ਸਿੰਘ ਮੱਲੀ ਸਾਬਕਾ ਸਰਪੰਚ, ਜਸਪਾਲ ਸਿੰਘ ਸੋਨੀ ਸੰਘਾ, ਤੇਜਾ ਸਿੰਘ ਖਟਕੜ੍ਹ, ਜੋਗਿੰਦਰ ਸਿੰਘ, ਬਲਵਿੰਦਰ ਕੌਰ ਖਟਕੜ੍ਹ, ਜਗਵਿੰਦਰ ਸਿੰਘ ਸੰਘਾ, ਮਲਕੀਤ ਸਿੰਘ ਖਟਕੜ੍ਹ, ਹਰਜਿੰਦਰ ਕੌਰ ਖਟਕੜ੍ਹ, ਜਸਵਿੰਦਰ ਸਿੰਘ ਖਟਕੜ੍ਹ, ਬਲਦੇਵ ਸਿੰਘ ਖਟਕੜ੍ਹ, ਤੀਰਥ ਕੌਰ ਖਟਕੜ੍ਹ, ਪਰਵਿੰਦਰ ਸਿੰਘ ਖਟਕੜ੍ਹ, ਰਜਿੰਦਰ ਸਿੰਘ ਹੈੱਡ ਗ੍ਰੰਥੀ ਗੁ. ਗੁਰੂ ਨਾਨਕ ਦਰਬਾਰ ਖਾਨਪੁਰ ਤੇ ਹੋਰ ਸੇਵਾਦਾਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।
ਕੈਪਸ਼ਨ- ਜੰਡੂ ਸਿੰਘਾ ਵਿਖੇ ਲਗਾਏ ਅੱਖਾਂ ਦੇ ਫ੍ਰੀ ਜਾਂਚ ਕੈਂਪ ਮੌਕੇ ਜਾਂਚ ਕਰਦੇ ਡਾ. ਚਰਨਜੀਤ ਸਿੰਘ ਤੇ ਹਾਜ਼ਰ ਐਨਆਰਆਈ ਤੇ ਪ੍ਰਬੰਧਕ।

Saturday, 1 March 2025

ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਤੇ ਅਮਲ ਕਰਨਾ ਅੱਜ ਦੇ ਸਮੇਂ ਦੀ ਵੱਡੀ ਲੋੜ : ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ


ਅਮਰਜੀਤ ਸਿੰਘ ਜੰਡੂ ਸਿੰਘਾ-
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਡੇਰਾ ਸੰਤ ਬਾਬਾ ਫੂਲ ਨਾਥ ਜੀ ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਜੀ.ਟੀ ਰੋਡ ਚਹੇੜੂ ਵਿਖੇ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ। ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ 28 ਫਰਵਰੀ ਨੂੰ ਡੇਰਾ ਚਹੇੜੂ ਅਤੇ ਨਾਨਕ ਨਗਰੀ ਸ਼੍ਰੀ ਗੁਰੂ ਰਵਿਦਾਸ ਭਵਨ ਵਿਖੇ ਨਿਸ਼ਾਨ ਸਾਹਿਬ ਦੀ ਰਸਮ ਸਮੂਹ ਸੰਗਤਾਂ ਵੱਲੋਂ ਸਾਂਝੇ ਤੌਰ ਤੇ ਮਹਾਂਪੁਰਖਾਂ ਦੀ ਅਗਵਾਈ ਵਿੱਚ ਨਿਭਾਈ ਗਈ। ਇਨਾਂ ਸਮਾਗਮਾਂ ਦੇ ਸੰਬੰਧ ਵਿੱਚ ਅੱਜ 1 ਮਾਰਚ ਨੂੰ ਸਵੇਰੇ ਪਹਿਲਾਂ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅਖੰਡ ਜਾਪਾਂ ਦੇ ਭੋਗ ਪਾਏ ਗਏ, ਉਪਰੰਤ ਭਾਈ ਪ੍ਰਵੀਨ ਜੀ ਹੈਡ ਗ੍ਰੰਥੀ ਵੱਲੋਂ ਸਰਬੱਤ ਸੰਗਤਾਂ ਦੇ ਭਲੇ ਦੀ ਅਰਦਾਸ ਕੀਤੀ ਗਈ। ਸਮਾਗਮ ਮੌਕੇ ਖੁੱਲੇ ਪੰਡਾਲਾਂ ਅੰਦਰ ਮਹਾਨ ਧਾਰਮਿਕ ਦੀਵਾਨ ਵੀ ਸਜਾਏ ਗਏ। ਜਿਸ ਵਿੱਚ ਪੰਜਾਬੀ ਗਾਇਕਾ ਗਿੰਨੀ ਮਾਹੀ ਅਤੇ ਬਲਰਾਜ ਬਿਲਗਾ ਨੇ ਲਗਾਤਾਰ ਚਾਰ ਘੰਟੇ ਸਤਿਗੁਰੂ ਰਵਿਦਾਸ ਮਹਾਰਾਜ ਜੀ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਅਤੇ ਮਹਾਨ ਮਹਾਂਪੁਰਸ਼ਾਂ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਡੇਰਾ ਚਹੇੜੂ ਦੇ ਮੁੱਖ ਗੱਦੀਨਸ਼ੀਨ ਸੇਵਾਦਾਰ ਸੰਤ ਕ੍ਰਿਸ਼ਨ ਨਾਥ ਜੀ ਅਤੇ ਡੇਰਾ ਮੈਨੇਜਮੈਂਟ ਵੱਲੋਂ ਗਾਇਕਾ ਗਿੰਨੀ ਮਾਹੀ ਅਤੇ ਬਲਰਾਜ ਬਿਲਗਾ ਦੋਵਾਂ ਨੂੰ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ। ਇਨ੍ਹਾਂ ਸਮਾਗਮਾਂ ਮੌਕੇ ਤੇ ਦੇਸ਼ ਵਿਦੇਸ਼ ਤੋਂ ਪਹੁੰਚੀਆਂ ਸੰਗਤਾਂ ਨੂੰ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਵੱਲੋਂ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਮੌਕੇ ਤੇ ਵੱਖ-ਵੱਖ ਡੇਰਿਆਂ ਤੋਂ ਸੰਤ ਮਹਾਂਪੁਰਸ਼ਾਂ ਨੇ ਵੀ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ ਅਤੇ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਪੰਜਾਬ ਬਸਪਾ ਪ੍ਰਧਾਨ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ, ਐਡਵੋਕੇਟ ਬਲਵਿੰਦਰ ਕੁਮਾਰ ਕਰਤਾਰਪੁਰ ਸਕੱਤਰ ਬਸਪਾ ਪੰਜਾਬ, ਲੇਖਕ ਮਹਿੰਦਰ ਸੰਧੂ ਮਹੇੜੂ, ਪੰਛੀ ਡੱਲੇਵਾਲੀਆ, ਰੋਸ਼ਨ ਭਾਰਤੀ, ਜਰਨੈਲ ਫਰਮਾਹੀ, ਮਹੰਤ ਅਵਤਾਰ ਦਾਸ ਚਹੇੜੂ, ਮਹੰਤ ਬਲਵੀਰ ਦਾਸ ਖੰਨਾ, ਬਾਬਾ ਮੋਤੀ ਰਾਮ ਜੀ, ਸੰਤ ਰਾਣਾ ਦਾਸ, ਸਾਂਈ ਪੱਪਲ ਸ਼ਾਹ ਭਰੋਮਜਾਰਾ, ਨਰਪਿੰਦਰ ਲੁਧਿਆਣਾ ਨੇ ਵੀ ਉਚੇਚੇ ਤੌਰ ਤੇ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਯੂਥ ਬਲੱਡ ਡੋਨਰ ਆਰਗਨਾਈਜੇਸ਼ਨ ਐਂਡ ਵੈਲਫੇਅਰ ਸੋਸਾਇਟੀ ਜਲੰਧਰ ਵੱਲੋਂ ਡੇਰੇ ਵਿਖੇ ਵਿਸ਼ਾਲ ਖੂਨਦਾਨ ਕੈਂਪ ਵੀ ਲਗਾਇਆ ਗਿਆ। ਜਿਸ ਵਿੱਚ 40 ਯੂਨਿਟ ਸੇਵਾਦਾਰਾ ਵੱਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਮਾਤਾ ਸਵਿਤਰੀ ਬਾਈ ਫੂਲੇ ਫ੍ਰੀ ਟਿਊਸ਼ਨ ਸੈਂਟਰ ਦੇ ਬੱਚਿਆਂ ਨੂੰ ਕੋਰਸ ਪੂਰਾ ਹੋਣ ਉਪਰੰਤ ਸਰਟੀਫਿਕੇਟ ਵੀ ਦਿੱਤੇ ਗਏ। ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪੜੇ ਚਾੜਨ ਵਿੱਚ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਮੈਨੇਜਮੈਂਟ ਕਮੇਟੀ ਪਿੰਡ ਜੈਤੇਵਾਲੀ ਜ਼ਿਲ੍ਹਾ ਜਲੰਧਰ, ਮਾਤਾ ਸਮਿਤੀ ਬਾਈ ਫੂਲੇ ਐਜੂਕੇਸ਼ਨ ਕਮੇਟੀ ਡੇਰਾ ਚਹੇੜੂ, ਸੰਤ ਬਾਬਾ ਫੂਲ ਨਾਥ ਸਪੋਰਟਸ ਕਲੱਬ ਨਾਨਕ ਨਗਰੀ ਜੀ.ਟੀ ਰੋਡ ਚਹੇੜੂ, ਡੇਰੇ ਦੇ ਸਮੂਹ ਸੇਵਾਦਾਰ ਅਤੇ ਸੰਗਤਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਟੇਜ ਸਕੱਤਰ ਦੀ ਭੂਮਿਕਾ ਸੈਕਟਰੀ ਕਮਲਜੀਤ ਖੋਥੜਾਂ ਵੱਲੋਂ ਬਾਖੂਬੀ ਨਿਭਾਈ ਗਈ।