Sunday, 26 October 2025

ਚੇਤਨਾ ਵਿੱਦਿਅਕ ਟੂਰ ਤਹਿਤ ਵਿਦਿਆਰਥੀਆਂ ਨੇ ਸਰਕਾਰੀ ਵਿਭਾਗਾਂ ਦੀ ਕਾਰਜਪ੍ਰਣਾਲੀ ਤੇ ਸੇਵਾਵਾਂ ਬਾਰੇ ਹਾਸਲ ਕੀਤੀ ਜਾਣਕਾਰੀ

 


ਜਲੰਧਰ, 25 ਅਕਤੂਬਰ : ਜ਼ਿਲ੍ਹਾ ਪ੍ਰਸ਼ਾਸਨ ਦੇ ਨਿਵੇਕਲੇ ਉਪਰਾਲੇ ‘ਚੇਤਨਾ ਵਿੱਦਿਅਕ ਟੂਰ’ ਤਹਿਤ ਵੱਖ-ਵੱਖ ਸਕੂਲਾਂ ਦੇ ਕਰੀਬ 220 ਵਿਦਿਆਰਥੀਆਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਦਫ਼ਤਰਾਂ ਦਾ ਦੌਰਾ ਕਰਵਾਇਆ ਗਿਆ ਅਤੇ ਸਰਕਾਰੀ ਸੇਵਾਵਾਂ ਅਤੇ ਪ੍ਰਸ਼ਾਸਕੀ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ ਗਈ।

 

ਇਸ ਦੌਰਾਨ ਸਹਾਇਕ ਕਮਿਸ਼ਨਰ (ਜ) ਰੋਹਿਤ ਜਿੰਦਲ ਅਤੇ ਸੀ.ਐਮ.ਐਫ.ਓ. ਨਵਦੀਪ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਸਰਕਾਰੀ ਵਿਭਾਗਾਂ ਦੇ ਕੰਮਕਾਜ, ਸੇਵਾਵਾਂ ਅਤੇ ਯੋਜਨਾਵਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸੁਰਜੀਤ ਲਾਲ ਵੀ ਮੌਜੂਦ ਸਨ।

 

ਟੂਰ ਦੌਰਾਨ ਵਿਦਿਆਰਥੀਆਂ ਨੇ ਜਾਇਦਾਦ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ, ਇੰਤਕਾਲ, ਵਸੀਅਤਨਾਮਾ, ਹਲਫੀਆ ਬਿਆਨ, ਡਰਾਈਵਿੰਗ ਲਾਇਸੈਂਸ, ਜਾਤੀ ਸਰਟੀਫਿਕੇਟ, ਆਮਦਨ ਸਰਟੀਫਿਕੇਟ ਆਦਿ ਬਾਰੇ ਮੁੱਢਲੀ ਜਾਣਕਾਰੀ ਹਾਸਲ ਕੀਤੀ। ਉਪਰੰਤ ਵਿਦਿਆਰਥੀਆਂ ਨੂੰ ਡਾ. ਅੰਬੇਡਕਰ ਭਵਨ ਵਿਖੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਚੱਲ ਰਹੀਆਂ ਕੋਚਿੰਗ ਕਲਾਸਾਂ ਬਾਰੇ ਵੀ ਦੱਸਿਆ ਗਿਆ।

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਵਿਦਿਆਰਥੀਆਂ ਲਈ ਕਰੀਅਰ ਕਾਊਂਸਲਿੰਗ ਸੈਸ਼ਨ ਵੀ ਕਰਵਾਇਆ ਗਿਆ, ਜਿਸ ਵਿੱਚ ਉਨ੍ਹਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਰੋਜ਼ਗਾਰ ਦੇ ਮੌਕਿਆਂ ਅਤੇ ਸਰਕਾਰ ਦੀਆਂ ਵੱਖ-ਵੱਖ ਸਵੈ ਰੋਜ਼ਗਾਰ ਸਕੀਮਾਂ ਤਹਿਤ ਸਬਸਿਡੀ ’ਤੇ ਮਿਲਣ ਵਾਲੇ ਕਰਜ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ।

ਜ਼ਿਕਰਯੋਗ ਹੈ ਕਿ ਇਸ ਵਿੱਦਿਅਕ ਟੂਰ ਵਿੱਚ ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਫੁੱਲਰਵਾਨ, ਏ.ਪੀ.ਜੇ. ਸੀਨੀਅਰ ਸੈਕੰਡਰੀ ਸਕੂਲ, ਮਾਡਲ ਟਾਊਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਾ, ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਜਲੰਧਰ,  ਸਰਕਾਰੀ ਹਾਈ ਸਕੂਲ ਰੈਣਕ ਬਾਜ਼ਾਰ ਜਲੰਧਰ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਨਰਿੰਦਰ ਕੁਮਾਰ, ਚੇਤਨਾ ਪ੍ਰਾਜੈਕਟ ਕੋਆਰਡੀਨੇਟਰ ਅਸ਼ੋਕ ਸਹੋਤਾ ਵੀ ਮੌਜੂਦ ਸਨ।

ਫਗਵਾੜਾ ਹਲਕੇ ‘ਚ ਸਕੂਲਾਂ ਦੀ ਨੁਹਾਰ ਬਦਲਣ ‘ਤੇ ਖਰਚ ਕੀਤੇ 6 ਕਰੋੜ ਰੁਪਏ - ਮਾਨ


ਫਗਵਾੜਾ 25 ਅਕਤੂਬਰ (ਸ਼ਿਵ ਕੌੜਾ) ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਸਿੱਖਿਆ ਕ੍ਰਾਂਤੀ ਮੁਹਿਮ ਤਹਿਤ ਫਗਵਾੜਾ ਵਿਧਾਨਸਭਾ ਹਲਕੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਹੁਣ ਤੱਕ 6 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਹ ਗੱਲ ਆਮ ਆਦਮੀ ਪਾਰਟੀ ਦੇ ਸੂਬਾ ਸਪੋਕਸਪਰਸਨ ਅਤੇ ਫਗਵਾੜਾ ਹਲਕੇ ਦੇ ਇੰਚਾਰਜ ਹਰਨੂਰ ਸਿੰਘ (ਹਰਜੀ) ਮਾਨ ਨੇ ਪਿੰਡ ਸੁੰਨੜਾਂ ਰਾਜਪੂਤਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਇੰਟਰਲਾਕ ਟਾਇਲਾਂ ਨਾਲ ਪੱਕਾ ਫਰਸ਼ ਲਗਵਾਉਣ ਦੀ ਸ਼ੁਰੂਆਤ ਕਰਨ ਸਮੇਂ ਕਹੀ। ਉਹਨਾਂ ਦੱਸਿਆ ਕਿ ਫਰਸ਼ ਲਗਾਉਣ ਦੇ ਇਸ ਪ੍ਰੋਜੈਕਟ ‘ਤੇ 2 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਮੂਹ ਪ੍ਰਾਇਮਰੀ ਸਕੂਲਾਂ ‘ਚ ਪ੍ਰਾਈਵੇਟ ਸਕੂਲਾਂ ਵਰਗੀਆਂ ਉੱਚ ਦਰਜੇ ਦੀਆਂ ਸਹੂਲਤਾਂ ਦੇਣ ਲਈ ਵੱਡੀ ਪੱਧਰ ‘ਤੇ ਉਪਰਾਲੇ ਕਰ ਰਹੀ ਹੈ। ਬਹੁਤ ਸਾਰੇ ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ। ਅਧਿਆਪਕਾਂ ਨੂੰ ਸਿੱਖਿਆ ਦੀਆਂ ਨਵੀਂਆਂ ਤਕਨੀਕਾਂ ਦੀ ਟ੍ਰੇਨਿੰਗ ਲਈ ਵਿਦੇਸ਼ਾਂ ‘ਚ ਭੇਜਿਆ ਜਾ ਰਿਹਾ ਹੈ। ਜਿਸਦਾ ਮਕਸਦ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾ ਸਕੇ। ਹਰਜੀ ਮਾਨ ਨੇ ਕਿਹਾ ਕਿ ਕਿਸੇ ਵੀ ਰਵਾਇਤੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਅਜਿਹੇ ਕ੍ਰਾਂਤੀਕਾਰੀ ਕਦਮ ਨਹੀਂ ਚੁੱਕੇ। ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਦਾ ਨਤੀਜਾ ਹੈ ਕਿ ਅੱਜ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਬੋਰਡ ਪ੍ਰੀਖਿਆ ਵਿੱਚ ਮੈਰਿਟ ਸਥਾਨ ਹਾਸਲ ਕਰ ਰਹੇ ਹਨ। ਬਹੁਤ ਸਾਰੇ ਸਕੂਲਾਂ ਦਾ ਰਿਜਲਟ ਸੌ ਫੀਸਦੀ ਆ ਰਿਹਾ ਹੈ। ਜੋ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਵੱਡੀ ਪ੍ਰਾਪਤੀ ਹੈ। ਇਸ ਦੌਰਾਨ ਸਰਪੰਚ ਰੇਸ਼ਮੋ ਅਤੇ ਸਕੂਲ ਸਟਾਫ ਨੇ ਪੰਜਾਬ ਸਰਕਾਰ ਦੇ ਉਪਰਾਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੱਕਾ ਫਰਸ਼ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਵੱਡੀ ਮੁਸ਼ਕਿਲ ਹੋ ਰਹੀ ਸੀ। ਖਾਸ ਤੌਰ ਤੇ ਬਰਸਾਤ ਦੇ ਦਿਨਾਂ ‘ਚ ਪਾਣੀ ਤੇ ਚਿਕੜ ਸਟਾਫ ਤੇ ਵਿਦਿਆਰਥੀਆਂ ਲਈ ਪਰੇਸ਼ਾਨੀ ਦੇ ਕਾਰਨ ਬਣਦੇ ਸਨ। ਪੱਕਾ ਫਰਸ਼ ਲੱਗਣ ਦੇ ਨਾਲ ਵੱਡੀ ਰਾਹਤ ਮਿਲੇਗੀ। ਜਿਸ ਦੇ ਲਈ ਉਹ ਹਲਕਾ ਇੰਚਾਰਜ ਹਰਜੀ ਮਾਨ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਨ। ਇਸ ਮੌਕੇ ਪ੍ਰਦੀਪ ਕੈਲੇ, ਮਦਨ ਲਾਲ, ਨੀਲਮ, ਯਾਦਵਿੰਦਰ ਸਿੰਘ, ਜੋਗਿੰਦਰ ਕੁਮਾਰ, ਸੋਢੀ ਰਾਮ, ਸਤੀਸ਼ ਕੁਮਾਰ, ਰਾਜਕੁਮਾਰ, ਦਲਵਿੰਦਰ ਸਿੰਘ, ਸੁਰਿੰਦਰ ਸਿੰਘ, ਅਮਰਜੀਤ ਸਿੰਘ ਆਦਿ ਹਾਜਰ ਸਨ

ਮਨੁੱਖੀ ਅਧਿਕਾਰ ਮੰਚ ਵੱਲੋਂ ਕੰਵਲਜੀਤ ਕੌਰ ਬਰਾੜ ਨੂੰ ਬਣਾਇਆ ਸੂਬਾ ਪ੍ਰਧਾਨ - ਡਾਕਟਰ ਖੇੜਾ



ਖਰੜ ------------------
ਮਨੁੱਖੀ ਅਧਿਕਾਰ ਮੰਚ ਵੱਲੋਂ  ਇੱਕ ਵਿਸ਼ੇਸ਼ ਮੀਟਿੰਗ ਜਿਲ੍ਹਾ ਮੋਹਾਲੀ ਦੇ ਬਲਾਕ ਖਰੜ ਵਿਖੇ ਪੰਜਾਬ ਚੇਅਰਮੈਨ ਗੁਰਪ੍ਰੀਤ ਸਿੰਘ ਝਾਮਪੁਰ ਦੀ ਪ੍ਰਧਾਨਗੀ ਹੇਠ ਕਰਵਾਈ ਗਈ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ , ਕੌਮੀ ਪ੍ਰਧਾਨ ਇਸਤਰੀ ਵਿੰਗ ਮੈਡਮ ਪ੍ਰਿਤਪਾਲ ਕੌਰ, ਕੁਲਦੀਪ ਕੌਰ ਚੇਅਰਪਰਸਨ ਇਸਤਰੀ ਵਿੰਗ ਪੰਜਾਬ, ਸੁਰਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ, ਲਖਮੀਰ ਸਿੰਘ ਔਜਲਾ ਚੇਅਰਮੈਨ ਐਂਟੀ ਕ੍ਰਾਈਮ ਸੈੱਲ ਪੰਜਾਬ, ਕੌਮੀ ਸਕੱਤਰ ਹਰਭਜਨ ਸਿੰਘ ਜੱਲੋਵਾਲ, ਅਤੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ । ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਕੰਵਲਜੀਤ ਕੌਰ ਬਰਾੜ ਨੂੰ ਪ੍ਰਧਾਨ ਇਸਤਰੀ ਵਿੰਗ ਪੰਜਾਬ, ਮਨਦੀਪ ਸਿੰਘ ਨੂੰ ਮੁੱਖ ਸਕੱਤਰ ਪੰਜਾਬ, ਰਮਨਜੀਤ ਕੌਰ ਸੈਕਟਰੀ ਇਸਤਰੀ ਵਿੰਗ ਪੰਜਾਬ, ਮਨਰਾਜ ਸਿੰਘ ਨੂੰ ਪ੍ਰਧਾਨ ਯੂਥ ਵਿੰਗ ਜਿਲ੍ਹਾ ਮੋਹਾਲੀ, ਇੰਦਰਜੀਤ ਸਿੰਘ ਮਾਨ ਨੂੰ ਚੇਅਰਮੈਨ ਜ਼ਿਲ੍ਹਾ ਫ਼ਰੀਦਕੋਟ ਅਤੇ ਲਕਸ਼ਮੀ ਚੇਅਰਪਰਸਨ ਇਸਤਰੀ ਵਿੰਗ ਜਿਲ੍ਹਾ ਰੋਪੜ ਲਗਾ ਕੇ ਸ਼ਨਾਖ਼ਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਦੀਪ ਕੌਰ ਪ੍ਰੋਗਰਾਮ ਸੈਕਟਰੀ, ਰਣਜੀਤ ਸਿੰਘ ਚੀਫ਼ ਅਡਵਾਈਜ਼ਰ ਲੀਗਲ ਸੈੱਲ, ਹਰਭਜਨ ਸਿੰਘ ਜੱਲੋਵਾਲ ਕੌਮੀ ਸਕੱਤਰ , ਕਾਕਾ ਸਿੰਘ ਅਡਵਾਈਜ਼ਰ, ਗੁਰਵਿੰਦਰ ਸਿੰਘ ਔਜਲਾ ਮੀਤ ਪ੍ਰਧਾਨ, ਮਨਜੀਤ ਕੌਰ ਮੀਤ ਪ੍ਰਧਾਨ ਮੋਹਾਲੀ, ਹਰਚਰਨ ਕੌਰ ਗੋਲਡੀ ਪ੍ਰਧਾਨ ਇਸਤਰੀ ਵਿੰਗ ਜਿਲ੍ਹਾ ਰੋਪੜ, ਰੁਪਿੰਦਰ ਸਿੰਘ ਰਾਜੂ ਬਲਾਕ ਪ੍ਰਧਾਨ ਮੋਰਿੰਡਾ, ਮਿਸਟਰ ਰਾਹੁਲ ਪੰਚਕੂਲਾ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਹਰਪ੍ਰੀਤ ਰਾਣਾ, ਜਸਪਾਲ ਸਿੰਘ ਅਤੇ ਹੋਰ ਬਹੁਤ ਸਾਰੇ ਮੈਂਬਰ ਅਤੇ ਲੋਕਾਂ ਨੇ ਸ਼ਮੂਲੀਅਤ ਕੀਤੀ।

42ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ, ਇੰਡੀਅਨ ਏਅਰ ਫੋਰਸ ਨੇ ਪੰਜਾਬ ਪੁਲਿਸ ਨੂੰ 3-2 ਨਾਲ ਹਰਾਇਆ



ਜਲੰਧਰ 25 ਅਕਤੂਬਰ (ਅਮਰਜੀਤ ਸਿੰਘ)-
ਉਲੰਪੀਅਨ ਖਿਡਾਰੀਆਂ ਨਾਲ ਸਜੀ ਪੰਜਾਬ ਪੁਲਿਸ ਨੂੰ 42ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਵਿੱਚ ਇੰਡੀਅਨ ਏਅਰ ਫੋਰਸ ਹੱਥੋਂ 2-3 ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿੱਚ ਚਲ ਰਹੇ ਇਸ ਟੂਰਨਾਮੈਂਟ ਦੇ ਤੀਜੇ ਦਿਨ ਲੀਗ ਦੌਰ ਦੇ ਦੂਜੇ ਮੈਚ ਵਿੱਚ ਸੀਆਰਪੀਐਫ ਦਿੱਲੀ ਅਤੇ ਭਾਰਤੀ ਰੇਲਵੇ ਦਿੱਲੀ ਦੀਆਂ ਇਕ ਇਕ ਦੀ ਬਰਾਬਰੀ ਤੇ ਰਹੀਆਂ।
        

ਪਹਿਲਾ ਮੈਚ ਪੂਲ ਬੀ ਵਿੱਚ ਇੰਡੀਅਨ ਏਅਰ ਫੋਰਸ ਅਤੇ 10 ਉਲੰਪੀਅਨ ਖਿਡਾਰੀਆਂ ਨਾਲ ਸਜੀ ਪੰਜਾਬ ਪੁਲਿਸ ਜਲੰਧਰ ਦਰਮਿਆਨ ਖੇਡਿਆ ਗਿਆ। ਪੰਜਾਬ ਪੁਲਿਸ ਵਲੋਂ ਪਹਿਲਾ ਗੋਲ ਖੇਡ ਦੇ 7ਵੇਂ ਮਿੰਟ ਵਿੱਚ ਪ੍ਰਭਦੀਪ ਸਿੰਘ ਨੇ ਕਰਕੇ ਸਕੋਰ 1-0 ਕੀਤਾ। ਜਦਕਿ 9ਵੇਂ ਮਿੰਟ ਵਿੱਚ ਇੰਡੀਅਨ ਏਅਰ ਫੋਰਸ ਦੇ ਸੁਮਿਤ ਨੇ ਗੋਲ ਕਰਕੇ ਸਕੋਰ 1-1 ਕੀਤਾ।ਖੇਡ ਦੇ 35ਵੇਂ ਮਿੰਟ ਵਿੱਚ ਪੰਜਾਬ ਪੁਲਿਸ ਦੇ ਉਲੰਪੀਅਨ ਦਿਲਪ੍ਰੀਤ ਸਿੰਘ ਨੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਨਪ੍ਰੀਤ ਸਿੰਘ ਦੇ ਪਾਸ ਤੇ ਗੋਲ ਕਰਕੇ ਸਕੋਰ 2-1 ਕੀਤਾ। ਖੇਡ ਦੇ 39ਵੇਂ ਮਿੰਟ ਵਿੱਚ ਏਅਰ ਫੋਰਸ ਦੇ ਐਮ ਕ੍ਰਿਅੱਪਾ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 2-2 ਕੀਤਾ। ਖੇਡ ਦੇ 41ਵੇਂ ਮਿੰਟ ਵਿੱਚ ਏਅਰ ਫੋਰਸ ਦੇ ਸਾਗਰ ਸਿੰਗਡੇ ਨੇ ਗੋਲ ਕਰਕੇ ਸਕੋਰ 3-2 ਕੀਤਾ। ਮੈਚ ਦੌਰਾਨ ਪੰਜਾਬ ਪੁਲਿਸ ਨੂੰ 13 ਪੈਨਲਟੀ ਕਾਰਨਰ ਮਿਲੇ ਪਰ ਏਅਰ ਫੋਰਸ ਦੇ ਗੋਲਕੀਪਰ ਪੁਨੰਨਾ ਪਾਲਨਗਡੇ ਨੇ ਭਾਰਤੀ ਟੀਮ ਦੇ ਕਪਤਾਨ ਉਲੰਪੀਅਨ ਹਰਮਨਪ੍ਰੀਤ ਸਿੰਘ ਅਤੇ ਉਲੰਪੀਅਨ ਰੁਪਿੰਦਰਪਾਲ ਸਿੰਘ ਵਲੋਂ ਲਾਏ ਸਾਰੇ ਪੈਨਲਟੀ ਕਾਰਨਰ ਬੇਕਾਰ ਕਰ ਦਿੱਤੇ। ਪੰਜਾਬ ਪੁਲਿਸ ਦੇ ਦੋ ਲੀਗ ਮੈਚਾਂ ਤੋਂ ਤਿੰਨ ਅੰਕ ਹਨ। ਪੰਜਾਬ ਪੁਲਿਸ ਨੇ ਪਹਿਲੇ ਮੈਚ ਵਿੱਚ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੂੰ ਹਰਾਇਆ ਸੀ।
             ਦੂਜਾ ਮੈਚ ਪੂਲ ਏ ਵਿੱਚ ਸੀਆਰਪੀਐਫ ਦਿੱਲੀ ਅਤੇ ਭਾਰਤੀ ਰੇਲਵੇ ਦਿੱਲੀ ਦਰਮਿਆਨ ਖੇਡਿਆ ਗਿਆ।ਖੇਡ ਦੇ ਅੱਧੇ ਸਮੇਂ ਤੱਕ ਦੋਵੇਂ ਟੀਮਾਂ 0-0 ਤੇ ਬਰਾਬਰ ਸਨ। ਖੇਡ ਦੇ 57ਵੇਂ ਮਿੰਟ ਵਿੱਚ ਭਾਰਤੀ ਰੇਲਵੇ ਦੇ ਸ੍ਰੀਆਸ ਭਾਵਿਕਦਾਸ ਦੂਬੇ ਨੇ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। 59ਵੇਂ ਮਿੰਟ ਵਿੱਚ ਸੀਆਰਪੀਐਫ ਦੇ ਸ਼ਮਸ਼ੇਰ ਨੇ ਪੈਨਲਟੀ ਸਟਰੋਕ ਰਾਹੀਂ ਗੋਲ ਕਰਕੇ ਸਕੋਰ 1-1 ਕੀਤਾ। ਮੈਚ ਬਰਾਬਰੀ ਤੇ ਰਹਿਣ ਕਰਕੇ ਦੋਵੇਂ ਟੀਮਾਂ ਨੂੰ ਇਕ ਇਕ ਅੰਕ ਮਿਿਲਆ।
          ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਉਲੰਪੀਅਨ ਗੁਰਮੇਲ ਸਿੰਘ, ਅਰਜੁਨ ਐਵਾਰਡੀ ਰਾਜਬੀਰ ਕੌਰ, ਮੇਅਰ ਨਗਰ ਨਿਗਮ ਜਲੰਧਰ ਵਨੀਤ ਧੀਰ, ਐਨਆਰਆਈ ਰਣਜੀਤ ਸਿੰਘ ਟੁੱਟ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਮੌਕੇ ਤੇ ਉਲੰਪੀਅਨ ਰਜਿੰਦਰ ਸਿੰਘ, ਉਲੰਪੀਅਨ ਮੁਖਬੈਨ ਸਿੰਘ, ਮੁੱਖਵਿੰਦਰ ਸਿੰਘ, ਲਖਵਿੰਦਰ ਪਾਲ ਸਿੰਘ ਖਹਿਰਾ, ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁੱਲੂ, ਰਾਮ ਪ੍ਰਤਾਪ, ਪ੍ਰੋਫੈਸਰ ਕ੍ਰਿਪਾਲ ਸਿੰਘ ਮਠਾਰੂ, ਐਲ ਆਰ ਨਈਅਰ, ਬਲਜੀਤ ਸਿੰਘ ਉਲੰਪੀਅਨ ਸੁਰਜੀਤ ਸਿੰਘ ਦੇ ਵੱਡੇ ਭਰਾ, ਹਰਿੰਦਰ ਸੰਘਾ, ਗੁਰਿੰਦਰ ਸੰਘਾ, ਰਣਬੀਰ ਟੁੱਟ, ਨਰਿੰਦਰ ਪਾਲ ਸਿੰਘ ਜੱਜ, ਨੱਥਾ ਸਿੰਘ ਗਾਖਲ, ਗੌਰਵ ਮਹਾਜਨ, ਕੁਲਵਿੰਦਰ ਸਿੰਘ ਥਿਆੜਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
     26 ਅਕਤੂਬਰ ਦੇ ਮੈਚ
ਭਾਰਤ ਪੈਟਰੋਲੀਅਮ ਬਨਾਮ ਬੀਐਸਐਫ ਜਲੰਧਰ - 4-30 ਵਜੇ
ਇੰਡੀਅਨ ਆਇਲ ਮੁੰਬਈ ਬਨਾਮ ਰੇਲ ਕੋਚ ਫੈਕਟਰੀ ਕਪੂਰਥਲਾ –5-45 ਵਜੇ ਵੀ ਮੌਜੂਦ ਸਨ।

ਕੁਲਦੀਪ ਮਾਣਕ ਨੂੰ ਯਾਦ ਕਰਦਿਆਂ, ਜਦੋਂ ਇਸ ਦੁਨੀਆਂ ਤੋਂ ਅੱਖਾਂ ਮੀਟ ਜਾਵਾਂਗਾ…................



ਰਹਿੰਦੀ ਦੁਨੀਆਂ ਤਕ ਪੰਜਾਬੀ ਗਾਇਕੀ ਦੇ ਗਗਨ ਵਿੱਚ ਕੁਲਦੀਪ ਮਾਣਕ ਦਾ ਨਾਂ ਧਰੂ ਤਾਰੇ ਵਾਂਗੂੰ ਚਮਕਦਾ ਰਹੇਗਾ । ਉਸਦੀ ਗਾਇਕੀ ਦਾ ਕੋਈ ਬਦਲ ਨਹੀਂ ।  ਨਾ ਤਾਂ ਏਹੇ ਬਦਲ ਉਸਦੇ ਸਮੇਂ ਵਿੱਚ ਸੀ ਤੇ ਨਾ ਹੁਣ ਬਾਅਦ ਵਿੱਚ ਕੋਈ ਬਦਲ ਸੰਭਵ ਹੈ।  ਕੁਲਦੀਪ ਮਾਣਕ ਨੇ ਆਪਣੀ ਗਇਕੀ ਦੇ ਸਫਰ ਦੌਰਾਨ ਹਰੇਕ ਰੰਗ ਦੇ ਗੀਤ ਨੂੰ ਗਾਇਆ ਹੈ। ਉਸਨੇ ਦੋ-ਗਾਣਿਆਂ, ਕਲੀਆਂ, ਲੋਕ ਗਥਾਵਾਂ, ਧਾਰਮਿਕ ਗੀਤਾਂ ਰਾਹੀਂ ਆਪਣੀ ਬੁਲੰਦ ਆਵਾਜ਼ ਦਾ ਲੋਹਾ ਮੰਨਵਾਇਆ ਹੈ।  ਕੁਲਦੀਪ ਮਾਣਕ ਦਾ ਜਨਮ ਬਾਬੇ ਮਰਦਾਨੇ ਦੀ ਕੁੱਲ ਵਿੱਚ ਜਨਮੇ ਪਿਤਾ ਸ੍ਰੀ ਨਿੱਕਾ ਖਾਂ ਦੇ ਘਰ ਮਾਂ ਬਦਾਨੋ ਦੀ ਸੁਲੱਖਣੀ ਕੁੱਖੋਂ ਪਿੰਡ ਜਲਾਲ ਜਿਲ੍ਹਾ ਬਠਿੰਡਾ ਵਿਖੇ 15 ਨਵੰਬਰ 1949 ਨੂੰ ਹੋਇਆ ਸੀ। ਉਸਦਾ ਬਚਪਨ ਦਾ ਨਾਂ ਲਤੀਫ਼ ਮੁਹੰਮਦ ਸੀ ਪ੍ਰੰਤੂ ਲਤੀਫ਼ ਮੁਹੰਮਦ ਨੂੰ ਘਰ ਵਿੱਚ ਅਕਸਰ  "ਲੱਧਾ" ਕਹਿ ਕੇ ਹੀ ਬੁਲਾਇਆ ਜਾਂਦਾ ਸੀ। ਸਕੂਲ ਵਿੱਚ ਲੱਗਦੀਆਂ ਬਾਲ ਸਭਾਵਾਂ ਦੌਰਾਨ ਉਹ ਅਧਿਆਪਕਾ ਦਾ ਚਹੇਤਾ ਕਲਾਕਾਰ ਸੀ ਹੋਰ ਤਾਂ ਹੋਰ ਉਹ ਸਕੂਲ ਸਮੇਂ ਬਾਲ ਸਭਾਵਾਂ ਦੌਰਾਨ ਨਾਟਕ ਮੰਡਲੀਆਂ ਵਲੋਂ ਖੇਡੇ ਜਾਂਦੇ ਨਾਟਕਾਂ ਵਿੱਚ ਭਗਤ ਸਿੰਘ ਦਾ ਰੋਲ ਵੀ ਕਰਦਾ ਸੀ । ਉਸ ਸਮੇਂ ਦੇ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਜਦੋਂ ਸਕੂਲ ਦੇ ਇੱਕ ਪ੍ਰੋਗਰਾਮ ਦੌਰਾਨ ਕੁਲਦੀਪ ਮਾਣਕ ਨੂੰ ਗਾਉਂਦਿਆਂ ਸੁਣਿਆ ਤਾਂ ਉਨ੍ਹਾਂ ਦੇ ਮੂੰਹੋਂ ਸੁਭਾਵਿਕ ਹੀ ਨਿਕਲ ਗਿਆ "ਇਹ ਮੁੰਡਾ ਤਾਂ ਮਣਕਾ ਐ ਮਣਕਾ"। ਮਣਕਾ ਸ਼ਬਦ ਉਸ ਲਈ ਭਾਗਾਂ ਭਰਿਆ  ਸਾਬਿਤ ਹੋਇਆ ਤੇ ਉਸਨੇ ਆਪਣੇ ਨਾਂ ਨਾਲ ਮਾਣਕ ਸ਼ਬਦ ਤਖ਼ਲਸ ਵਜੋਂ ਵਰਤਿਆ ਤੇ ਉਹ ਲਤੀਫ਼ ਮੁਹੰਮਦ ਤੋਂ ਕੁਲਦੀਪ ਮਾਣਕ ਬਣ ਗਿਆ।  

ਸਮੇਂ ਦੇ ਗੇੜ ਨਾਲ ਗਾਇਕੀ ਦੇ ਪਿੜ ਵਿੱਚ ਪੱਕੇ ਪੈਂਰੀਂ ਖੜ੍ਹਨ ਲਈ ਕੁਲਦੀਪ ਮਾਣਕ ਨੇ ਆਪਣਾ ਪਿੰਡ ਜਲਾਲ ਛੱਡ ਦਿੱਤਾ ਅਤੇ ਗਾਇਕਾਂ ਦੀ ਨਗਰੀ ਵਜੋਂ ਮਸ਼ਹੂਰ ਸ਼ਹਿਰ ਲੁਧਿਆਣੇ ਆ ਗਿਆ। ਉਸਨੇ ਉਸਤਾਦ ਖੁਸ਼ੀ ਮੁਹੰਮਦ ਕਵਾਲ  ਫਿਰੋਜ਼ਪੁਰ ਤੋਂ ਸੰਗੀਤ ਦੀ ਸਿਖਿਆ ਪ੍ਰਾਪਤ ਕੀਤੀ ਅਤੇ ਹਰਚਰਨ ਗਰੇਵਾਲ ਦੇ ਨਾਲ ਸਟੇਜੀ ਸਾਥ ਕਰਨਾ ਸ਼ੁਰੂ ਕਰ ਦਿੱਤਾ। ਏਸੇ ਦੌਰਾਨ ਸਿਰਫ 19 ਕੁ ਵਰ੍ਹਿਆ ਦੀ ਉਮਰ ਵਿੱਚ 1968  ਵਿੱਚ ਪੰਜਾਬੀ ਗਾਇਕੀ ਦੇ ਪਿੜ ਵਿੱਚ ਪੈਰ ਧਰਨ ਲੱਗਿਆਂ ਉਸਦਾ ਪਹਿਲਾ ਦੋ-ਗਾਣਾ ਉਸ ਸਮੇਂ ਦੀ ਪ੍ਰਸਿੱਧ ਗਾਇਕਾ ਸੀਮਾ ਗਰੇਵਾਲ ਦੇ ਨਾਲ ਗੀਤਕਾਰ ਬਾਬੂ ਸਿੰਘ ਮਾਨ ਮਰਾੜ੍ਹਾਂ ਦੇ ਲਿਖੇ ਗੀਤ "ਜੀਜਾ ਅੱਖੀਆਂ ਨਾ ਮਾਰ ਵੇ ਮੈਂ ਕੱਲ ਦੀ ਕੁੜੀ" ਨੂੰ ਐਚਐਮਵੀ ਨੇ ਰਲੀਜ਼ ਕੀਤਾ ਸੀ ਜੋ  ਬੇਹੱਦ ਮਕਬੂਲ ਹੋਇਆ ਸੀ ਕਿਉਂਕਿ ਉਨਾਂ ਦਿਨਾਂ ਵਿੱਚ ਦੋ-ਗਾਣਾ ਗਾਇਕੀ ਦਾ ਵੇਲਾ ਸੀ । ਬੇਸ਼ਕ ਮਾਣਕ ਦਾ ਏਹੇ ਦੋ-ਗਾਣਾ ਕਾਫੀ ਸੁਣਿਆ ਗਿਆ ਸੀ ਪਰ ਜਦੋਂ ਐਚਐਮਵੀ ਕੰਪਨੀ ਨੇ ਕਰਨੈਲ ਜਲਾਲ ਦੇ ਲਿਖੇ ਗੀਤ "ਮਾਂ ਮਿਰਜ਼ੇ ਦੀ ਬੋਲਦੀ" ਪਹਿਲੇ ਈ.ਪੀ. ਰਿਕਾਰਡ ਨੂੰ ਰਲੀਜ਼ ਕੀਤਾ ਤਾਂ ਮਾਣਕ ਦੀ ਗਾਇਕੀ ਦਾ ਵੱਖਰਾ ਹੀ ਰੰਗ ਦੇਖਣ ਨੂੰ ਮਿਲਿਆ। ਇਸ ਤੋਂ ਬਾਅਦ ਹਰਦੇਵ ਦਿਲਗੀਰ {ਥਰੀਕਿਆਂਵਾਲਾ} ਦੀ ਪ੍ਰੇਰਨਾ ਸਦਕਾ ਕੁਲਦੀਪ ਮਾਣਕ  ਨੇ ਲੋਕ ਗਥਾਵਾਂ ਗਾਉਣ ਨੂੰ ਹੀ ਤਰਜੀਹ ਦਿੱਤੀ ਜਿਸਦੇ ਨਤੀਜੇ ਵਜੋਂ ਲੋਕ ਗਥਾਵਾਂ ਦਾ ਈ.ਪੀ. ਰਿਕਾਰਡ "ਪੰਜਾਬ ਦੀਆਂ ਲੋਕ ਗਥਾਵਾਂ" 1974 ਵਿੱਚ ਐਚਐਮਵੀ ਨੇ ਰਲੀਜ਼ ਕੀਤਾ  ਜਿਸ ਵਿੱਚ ਹਰਦੇਵ ਦਿਲਗੀਰ ਦੀਆਂ ਲਿਖੀਆਂ ਲੋਕ-ਗਥਾਵਾਂ ਬੇਹੱਦ ਮਕਬੂਲ ਹੋਈਆਂ ਜਿੰਨ੍ਹਾਂ ਵਿੱਚ ਜੈਮਲ ਫੱਤਾ, ਪੂਰਨ ਤੇ ਰਸਾਲੂ ਦੀਆਂ ਲੋਕ ਗਥਾਵਾਂ ਨੇ ਮਾਣਕ ਦੀ ਆਪਣੀ ਵੱਖਰੀ ਪਛਾਣ ਬਣਾਈ।1975 ਵਿੱਚ ਕੁਲਦੀਪ ਮਾਣਕ ਦਾ ਵਿਆਹ ਸਰਬਜੀਤ ਕੌਰ ਨਾਲ ਹੋਇਆ। ਉਸਦੀ ਜੀਵਨ ਸਾਥਣ ਸਰਬਜੀਤ ਕੌਰ ਦਾ ਸੰਯੋਗ ਵੀ ਉਸ ਲਈ ਬੇਹੱਦ ਭਾਗਾਂ ਭਰਿਆ ਸਾਬਤ ਹੋਇਆ ਕਿਉਂਕਿ 1976 ਵਿੱਚ ਜਦੋਂ ਐਚਐਮਵੀ ਨੇ ਕੁਲਦੀਪ ਮਾਣਕ ਦਾ ਐਲ.ਪੀ. ਰਿਕਾਰਡ "ਇੱਕ ਤਾਰਾ" ਸੰਗੀਤਕਾਰ ਕੇਸਰ ਸਿੰਘ ਨਰੂਲਾ ਦੇ ਸੰਗੀਤ ਹੇਠ ਰਲੀਜ਼ ਕੀਤਾ ਤਾਂ ਉਸ ਵਿੱਚ ਹੀਰ ਦੀ ਕਲੀ "ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਆ ਹੀਰ ਦੀ" ਨੇ ਮਾਣਕ ਦੀ ਚਾਰ ਚੁਫੇਰੇ ਬੱਲੇ ਬੱਲੇ ਕਰਵਾ ਦਿੱਤੀ ਸੀ ।

ਕੁਲਦੀਪ ਮਾਣਕ ਦੇ ਸੈਂਕੜੇ ਹੀ ਧਾਰਿਮਕ ਗੀਤ ਹਿੱਟ ਹੋਏ ਜਿੰਨ੍ਹਾਂ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ, ਸਿੱਖੀ ਦੀਆਂ ਜੜ੍ਹਾਂ, ਝੰਡੇ ਖਾਲਸਾ ਰਾਜ ਦੇ, ਭਗਤ ਸਿੰਘ, ਭਾਈ ਮਤੀ ਦਾਸ ਗੁਰੂ ਦਾ ਪਿਆਰਾ, ਸਤਿਨਾਮ ਵਾਹਿਗੁਰੂ ਬੋਲ ਸੰਗਤੇ, ਮੱਸਾ ਰੰਗੜ, ਖ਼ਾਲਸੇ ਪੰਜਾਬ ਦੇ, ਸਭ ਤੋਂ ਨਿਆਰਾ ਖ਼ਾਲਸਾ ਆਦਿ ਦਾ ਨਾਂ ਸ਼ਾਮਲ ਹੈ। ਬੇਸ਼ਕ ਕੁਲਦੀਪ ਮਾਣਕ ਨੇ ਬਹੁਤੇ ਗੀਤ ਦੇਵ ਥਰੀਕੇਵਾਲਾ ਵਾਲੇ ਦੇ ਲਿਖੇ ਹੀ ਗਾਏ ਹਨ ਪ੍ਰੰਤੂ  ਦਲੀਪ ਸਿੱਧੂ ਕਣਕਵਾਲੀਆਂ, ਗੁਰਦੇਵ ਮਾਨ, ਕਰਨੈਲ ਜਲਾਲ, ਰਾਮ ਸਿੰਘ ਢਿੱਲੋਂ, ਬਚਨ ਬੇਦਿਲ, ਬਿੱਕਰ ਮਹਿਰਾਜ, ਰਾਮ ਸਿੰਘ ਢਿੱਲੋਂ, ਪਾਲੀ ਦੇਤਵਾਲੀਆ, ਗਿੱਲ ਜੱਬੋ ਮਾਜਰੇ ਵਾਲਾ, ਗਿੱਲ ਨੱਥੋਹੇੜੀਵਾਲਾ, ਗਿੱਲ ਮਹਿਲਾਂ ਵਾਲਾ ਸਮੇਤ ਸੌ ਦੇ ਕਰੀਬ ਗੀਤਕਾਰਾਂ ਦੇ ਗੀਤ ਰਿਕਾਰਡ ਕਰਵਾਏ ਹਨ । ਕੁਲਦੀਪ ਮਾਣਕ ਨੇ ਆਪਣੇ ਗਾਇਕੀ ਦੇ ਸਫਰ ਦੌਰਾਨ ਅਨੇਕਾਂ ਗਾਇਕਾਵਾਂ ਨਾਲ ਰਿਕਾਰਡਿੰਗ ਕਰਵਾਈ ਸੀ ਜਿੰਨਾਂ ਵਿੱਚੋਂ ਸੀਮਾ ਗਰੇਵਾਲ, ਪ੍ਰਕਾਸ਼ ਸੋਢੀ, ਸਵਰਨ ਲਤਾ, ਸੁਖਵੰਤ ਕੌਰ,  ਸਤਿੰਦਰ ਬੀਬਾ, ਕੁਲਦੀਪ ਕੌਰ, ਅਮਰਜੋਤ, ਅਮਰ ਨੂਰੀ, ਸੁਚੇਤ ਬਾਲਾ ਅਤੇ ਗੁਲਸ਼ਨ ਕੋਮਲ ਦੇ ਨਾਲ ਹਿੱਟ ਦੋ-ਗਾਣੇ ਆਪਣੇ ਸਰੋਤਿਆਂ ਨੂੰ ਸੁਣਨ ਲਈ ਦਿੱਤੇ ਹਨ। ਏਹੀ ਨਹੀਂ ਮਾਣਕ ਨੇ ਆਪਣੇ ਸਮਕਾਲੀ ਸਾਥੀ ਕਲਾਕਾਰਾਂ ਦੇ ਨਾਲ ਗਾਇਆ ਵੀ ਹੈ ਤੇ ਉਨ੍ਹਾਂ ਨੂੰ ਆਪਣੇ ਨਾਲ ਗਵਾਇਆ ਵੀ ਹੈ । ਜਿੰਨਾਂ ਵਿੱਚ ਕਰਤਾਰ ਰਮਲਾ, ਸੁਰਿੰਦਰ ਛਿੰਦਾ, ਪ੍ਰੀਤਮ ਬਰਾੜ ਅਤੇ ਸੁਰਜੀਤ ਬਿੰਦਰਿਖੀਏ ਦਾ ਨਾਂ ਵਰਨਣਯੋਗ ਹੈ। 

ਕੁਲਦੀਪ ਮਾਣਕ ਦੇ ਭਾਵੇਂ ਸਾਰੇ ਦੇ ਸਾਰੇ  ਗੀਤ ਹਿੱਟ ਹੋਏ ਹਨ ਪ੍ਰੰਤੂ ਡੋਲੀ ਦੇ ਵਿੱਚ ਵੇਖ ਸਲੇਟੀ, ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਆ ਹੀਰ ਦੀ, ਰਾਂਝਾ ਜੋਗੀ ਹੋ ਗਿਆ, ਛੇਤੀ ਕਰ ਸਰਵਣ ਪੁੱਤਰਾ, ਮੇਰੇ ਯਾਰ ਨੂੰ ਮੰਦਾ ਨਾ ਬੋਲੀ, ਮਾਂ ਹੰਦੀ ਏ ਮਾਂ, ਸਾਹਿਬਾਂ ਬਣੀ ਭਰਾਵਾਂ ਦੀ, ਸਾਹਿਬਾਂ ਮਿੰਨਤਾਂ ਕਰਦੀ ਆ, ਤੂੰ ਨਾ ਮੁੱਕੇ ਨੀ ਸ਼ਰਾਬ ਦੀਏ ਬੋਤਲੇ, ਇੱਕ ਵੀਰ ਦੇਈਂ ਵੇ ਰੱਬਾ, ਜੁਗਨੀ ਯਾਰਾਂ ਦੀ, ਗੋਲੀ ਮਾਰੋ ਇਹੋ ਜੇ ਬਨਾਉਟੀ ਯਾਰ ਦੇ ਤੋਂ ਇਲਾਵਾ ਸੈਂਕੜੇ ਗੀਤਾਂ ਨੇ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਆਪਣੀ ਵੱਖਰੀ ਥਾਂ ਬਣਾਈ ਹੈ ।

ਮਾਣਕ ਹੀ ਅਜਿਹਾ ਕਲਾਕਾਰ ਸੀ ਜਿਸਦੇ ਅਖਾੜੇ ਨੂੰ ਸੁਨਣ ਲਈ ਬਜੁਰਗ ਔਰਤਾਂ ਤੋਂ ਇਲਾਵਾ ਪਿੰਡ ਦੀਆਂ ਧੀਆਂ ਭੈਣਾਂ ਵੀ ਹੁੰਮ-ਹੁੰਮਾਕੇ ਪੁੱਜਦੀਆਂ ਸਨ । ਬਜੁਰਗ ਮਾਵਾਂ ਨੂੰ ਇਸ ਗੱਲ ਦੀ ਉਡੀਕ ਹੁੰਦੀ ਸੀ ਕਿ ਇੱਕ ਮਾਣਕ ਹੀ ਹੈ ਜੋ ਆਪਣੇ ਗੀਤ "ਓ ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਓ, ਓ ਮਾਂ ਹੈ ਠੰਡੜੀ ਛਾਂ, ਓ ਦੁਨੀਆਂ ਵਾਲਿਓ" ਰਾਹੀਂ ਉਨ੍ਹਾਂ ਦੀ ਗੱਲ ਕਰਦਾ ਹੈ ਤੇ ਕੁੜੀਆਂ ਨੂੰ ਇਸ ਗੱਲ ਦਾ ਮਾਣ ਸੀ ਕਿ ਮਾਣਕ ਆਪਣੇ ਇਸ ਗੀਤ  "ਇੱਕ ਵੀਰ ਦੇਈਂ ਵੇ ਰੱਬਾ, ਸਹੁੰ ਖਾਣ ਨੂੰ  ਬੜਾ ਹੀ ਚਿੱਤ ਕਰਦਾ" ਰਾਹੀਂ ਰੱਬ ਅੱਗੇ ਸਾਡੇ ਭਲੇ ਲਈ ਅਰਦਾਸਾਂ ਬੇਨਤੀਆਂ ਕਰਦਾ ਹੈ। ਕੁੜੀਆਂ ਤਾਂ ਓਦੋਂ ਹੋਰ ਵੀ ਭਾਵੁਕ ਹੋ ਜਾਂਦੀਆਂ ਸਨ ਜਦੋਂ ਮਾਣਕ ਗੀਤ ਰਾਹੀਂ ਇਹ ਗਾਉਂਦਾ ਹੋਇਆ ਕਹਿੰਦਾ ਹੈ "ਹੋਇਆ ਕੀ ਜੇ ਧੀ ਜੰਮ ਪਈ, ਚੱਲੋ ਕੁੱਖ ਤਾਂ ਸੁਲੱਖਣੀ ਹੋਈ" ਜਾਂ "ਸਾਉਣ ਮਹੀਨਾ ਕਿਣ-ਮਣ ਕਣੀਆਂ ਗਲੀਆਂ ਦੇ ਵਿੱਚ ਗਾਰਾ, ਲੈ ਕੇ ਆਇਆ ਨੀ ਮੇਰਾ ਵੀਰ ਸੰਧਾਰਾ" ਆਦਿ ਗੀਤਾਂ ਰਾਹੀਂ ਕੁਲਦੀਪ ਮਾਣਕ ਹਰ ਵਰਗ ਦਾ ਚਹੇਤਾ ਕਲਾਕਾਰ ਹੋ ਨਿਬੜਦਾ ਸੀ । ਸਿਰਫ ਏਹੀ ਨਹੀਂ 'ਵੀਰ ਊਠਾ ਵਾਲਿਓ ਵੇ ਲੈ ਜੋ ਇੱਕ ਸੁਨੇਹਾ ਮੇਰਾ' 'ਇੱਛਰਾਂ ਥਾਹਾਂ ਮਾਰਦੀ ਨਾਲੇ ਦੇਵੇ ਦੁਹਾਈਆਂ' ਵਰਗੇ ਗੀਤ ਦਿਲਾਂ ਨੂੰ ਧੂਹ ਪਾਉਣ ਵਾਲੇ ਹੁੰਦੇ ਸਨ। ਉਸਨੇ ਪੱਥਰ ਦੇ ਤਵਿਆਂ ਤੋਂ ਲੈ ਕੇ ਕੈਸਿਟ ਯੁੱਗ ਤਕ ਸੈਂਕੜੇ ਹੀ ਗੀਤ ਆਪਣੇ ਸਰੋਤਿਆਂ ਦੀ ਝੋਲੀ ਵਿੱਚ ਪਾਏ। ਇਸ ਤੋਂ ਇਲਾਵਾ ਉਸਨੇ ਅਨੇਕਾਂ ਹੀ ਕਈ  ਵੱਡੇ ਸੰਗੀਤਕਾਰਾਂ ਦੇ ਸੰਗੀਤ ਦਾ ਅਨੰਦ ਮਾਣਿਆ ਹੈ।    
 
ਕੁਲਦੀਪ ਮਾਣਕ ਦੇ ਬਹੁਤ ਹੀ ਨੇੜਲੇ ਸਾਥੀ ਸ. ਚੰਦ ਸਿੰਘ ਧਾਲੀਵਾਲ (ਵਾਸੀ ਆਕਲੀਆ ਜਲਾਲ) ਦੇ ਕਹਿਣ ਅਨੁਸਾਰ ਇੱਕ ਬਹੁਤ ਹੀ ਹੈਰਾਨੀਜਨਕ ਤੱਥ ਹੈ ਜੋ ਵਿਚਾਰਨਯੋਗ ਵੀ ਹੈ ਕਿ ਕੁਲਦੀਪ ਮਾਣਕ ਮੁਸਲਿਮ ਧਰਮ ਨਾਲ ਸੰਬੰਧ ਰੱਖਦਾ ਹੋਇਆ ਵੀ ਸਿੱਖ ਧਰਮ ਨੂੰ ਕਿੰਨਾ ਸਤਿਕਾਰ ਦਿੰਦਾ ਸੀ ਇਹ ਆਪਣੇ ਆਪ ਵਿੱਚ ਇੱਕ ਮਿਸਾਲ ਹੀ ਹੈ।  ਉਸਨੇ ਆਪਣੇ ਗਾਇਕੀ ਜੀਵਨ ਦੌਰਾਨ ਸਿੱਖ ਇਤਿਹਾਸ ਨਾਲ ਸੰਬੰਧਤ ਤਿੰਨ ਦਰਜਨ ਤੋਂ ਵੀ ਵੱਧ ਕੈਸਿਟਾਂ ਆਪਣੇ ਸਰੋਤਿਆਂ ਨੂੰ ਸੁਨਣ ਲਈ ਦਿੱਤੀਆਂ। ਪਰ ਸਮੇਂ ਦੀਆਂ ਸਰਕਾਰਾਂ ਨੇ ਕੁਲਦੀਪ ਮਾਣਕ ਦਾ ਬਣਦਾ ਸਤਿਕਾਰ ਨਹੀਂ ਕੀਤਾ। "ਬਾਬਾ ਬੰਦਾ ਸਿੰਘ ਬਹਾਦਰ" ਦੀ ਵਾਰ ਉਸ ਲਈ ਏਨੀ ਮਹੱਤਵ ਪੂਰਨ ਸੀ ਕਿ ਕਿਤੇ ਵੀ ਕਿਸੇ ਵੀ ਵਿਆਹ ਆਦਿ  ਦੇ ਪ੍ਰੋਗਰਾਮ ਦੀ ਸ਼ੁਰੂਆਤ ਉਹ ਹਮੇਸ਼ਾ 'ਬਾਬਾ ਬੰਦਾ ਸਿੰਘ ਬਹਾਦਰ' ਦੀ ਵਾਰ ਨਾਲ ਹੀ ਕਰਦਾ ਸੀ । ਧਾਲੀਵਾਲ ਨੇ ਹੋਰ ਵੀ ਦੱਸਿਆ ਕਿ ਮੁੱਖ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਸ਼ਾਸਨ ਕਾਲ ਦੌਰਾਨ ਸਰਕਾਰ ਨੇ "ਗ੍ਰਾਮ ਰਖਸ਼ਾ ਦਲ" (ਜੀ.ਆਰ.ਡੀ.) ਨਾਂ ਦੀ ਇੱਕ ਸੰਸਥਾ ਦੀ ਸਥਾਪਨਾ ਕੀਤੀ ਸੀ। ਇਸ ਸੰਸਥਾ ਦਾ ਮੁੱਖ ਕੰਮ ਪਿੰਡਾਂ ਵਿੱਚ ਲੋਕਾਂ ਨੂੰ ਸੁਰੱਖਿਆ ਸੰਬੰਧੀ ਜਾਗਰੂਕ ਕਰਨਾ ਹੁੰਦਾ ਸੀ ਤੇ ਕੁਲਦੀਪ
ਮਾਣਕ ਇਸ ਸੰਸਥਾ ਦੀਆਂ ਇਕੱਤਰਤਾਵਾਂ ਦੌਰਾਨ ਲੋਕਾਂ ਦਾ ਮਨੋਰੰਜਨ ਕਰਨ ਲਈ ਪ੍ਰੋਗਰਾਮ ਕਰਦਾ ਹੁੰਦਾ ਸੀ।  
 
ਪੰਜਾਬੀ ਫਿਲਮਾਂ ਵਿੱਚ ਪਿੱਠਵਰਤੀ ਗਾਇਕ ਵਜੋਂ ਕੁਲਦੀਪ ਮਾਣਕ ਸਫਲ ਗਇਕ ਸੀ । ਫਿਲਮ "ਸੈਦਾ ਜੋਗਣ" ਵਿੱਚ "ਆਹ ਲੈ ਸਾਂਭ ਲੈ ਨੀ ਸੈਦੇ ਦੀਏ ਨਾਰੇ, ਸਾਥੋਂ ਨੀ ਮੱਝਾਂ ਚਾਰ ਹੁੰਦੀਆਂ" ਗੀਤ ਰਾਹੀਂ  ਕੁਲਦੀਪ ਮਾਣਕ ਦੀ ਐਂਟਰੀ ਨੂੰ ਪੰਜਾਬੀ ਫਿਲਮ ਇੰਡਸਟਰੀ ਨੇ ਫਿਲਮਾਂ ਦੀ ਸਫਲਤਾ ਲਈ ਭਰਪੂਰ ਲਾਹਾ ਲਿਆ। ਫਿਲਮ "ਲੰਬੜਦਾਰਨੀ" ਵਿੱਚ ਉਸਦੇ ਗਾਏ ਗੀਤ "ਜੀ ਟੀ ਰੋਡ ਤੇ ਦੁਹਾਈਆ ਪਾਵੇ ਨੀ ਯਾਰਾਂ ਦਾ ਟਰੱਕ ਬੱਲੀਏ" ਨੇ ਸਿਨਮਿਆਂ ਦੀਆਂ ਖਿੜਕੀਆਂ ਤੇ ਦਰਸ਼ਕਾਂ ਦੀ ਭੀੜ ਜੁਟਾਉਣ ਦਾ ਤਜਰਬਾ ਸਫਲ ਰਿਹਾ। ਇਨ੍ਹਾਂ ਫਿਲਮਾਂ ਦੇ ਸਫਲ ਹੋਣ ਤੋਂ ਬਾਅਦ ਕੁਲਦੀਪ ਮਾਣਕ ਨੇ ਚੰਨ ਗੁਰਾਇਆ ਵਾਲੇ ਦੇ ਨਾਲ ਰਲਕੇ "ਬਲਬੀਰੋ ਭਾਬੀ" ਫਿਲਮ ਦਾ ਨਿਰਮਾਣ ਵੀ ਕੀਤਾ ਸੀ। ਇਸ ਫਿਲਮ ਵਿੱਚ ਉਸਨੇ ਅਦਾਕਾਰੀ ਕਰਨ ਦਾ ਸ਼ੌਂਕ ਵੀ ਪੂਰਾ ਕੀਤਾ। ਇਸ ਤੋਂ ਇਲਾਵਾ 'ਬਗਾਵਤ', 'ਰੂਪ ਸ਼ੁਕੀਨਣ ਦਾ', 'ਵਿਹੜਾ ਲੰਬੜਾਂ ਦਾ', 'ਜੱਟ  ਯੋਧੇ', 'ਭਗਤ ਸੂਰਮਾ', 'ਸੱਸੀ ਪੁੰਨੂੰ', 'ਗੀਤਾਂ ਦਾ ਵਣਜਾਰਾ' ਆਦਿ ਪੰਜਾਬੀ ਫਿਲਮ ਵਿੱਚ ਪਿੱਠਵਰਤੀ ਗਾਇਕ ਵਜੋਂ ਸਫਲਤਾ ਹਾਸਲ ਕੀਤੀ ਸੀ। 

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੁਲਦੀਪ ਮਾਣਕ ਨੇ ਪੰਜਾਬੀ ਗਾਇਕੀ ਉੱਤੇ ਆਪਣੀ ਬੁਲੰਦ ਆਵਾਜ਼ ਦੇ ਸਦਕੇ ਚਾਰ ਦਹਾਕੇ ਰਾਜ ਕੀਤਾ ਹੈ । ਗੀਤਕਾਰ ਦੇਵ ਥਰੀਕੇ ਵਾਲਾ ਅਤੇ ਕੁਲਦੀਪ ਮਾਣਕ ਦੀ ਜੋੜੀ ਨੇ ਲੋਕ ਗਥਾਵਾਂ ਦੇ ਅਮੁੱਲ ਖਜਾਨੇ ਨੂੰ ਕਲੀਆਂ ਦੇ ਰੂਪ ਵਿੱਚ ਸੰਭਾਲਕੇ ਅਮਰ ਕਰਨ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ । ਸੱਚ-ਮੁੱਚ ਹੀ ਮਾਣਕ  ਹਰੇਕ ਉਮਰ ਦੇ ਸਰੋਤੇ ਵਰਗ ਦਾ ਹਰਮਨ ਪਿਆਰਾ ਕਾਲਕਾਰ ਸੀ।

ਇਹ ਗੱਲ ਸੱਚ ਹੀ ਕਿ ਬੰਦਾ ਦਿਹਾੜੀ  ਵਿੱਚ ਇੱਕ ਵਾਰ ਸੱਚ ਬੋਲਦਾ ਹੈ ਤੇ ਇਹ ਸੱਚ ਕੁਲਦੀਪ ਮਾਣਕ ਨੇ ਆਪਣੇ ਤੁਰ ਜਾਣ ਤੋਂ ਪਹਿਲਾਂ ਆਪਣੇ ਇਸ ਗੀਤ ਰਾਹੀਂ ਬੋਲ ਦਿਤਾ ਸੀ "ਜਦੋਂ ਇਸ ਦੁਨੀਆਂ ਤੋਂ ਅੱਖਾਂ ਮੀਟ ਜਾਵਾਂਗਾ, ਫੇਰ ਇਸ ਦੁਨੀਆਂ ਨੂੰ ਡਾਢਾ ਯਾਦ ਆਵਾਂਗਾ" ਤੇ ਫਿਰ ਸੱਚਮੁੱਚ ਹੀ 30 ਨਵੰਬਰ 2011 ਨੂੰ ਚੰਦਰੀ ਮੌਤ ਨੇ ਪੰਜਾਬੀ ਗਾਇਕੀ ਦੇ ਇਸ ਸ਼ਾਹ-ਅਸਵਾਰ ਨੂੰ ਆਪਣੀ ਬੁੱਕਲ ਵਿੱਚ ਲੁਕੋ ਲਿਆ ਤੇ ਉਸਦੀ ਪਤਨੀ ਸਰਬਜੀਤ, ਬੇਟਾ ਯੁੱਧਵੀਰ ਮਾਣਕ, ਧੀ ਸ਼ਕਤੀ ਸਮੇਤ ਲੱਖਾਂ ਸੰਗੀਤ ਪ੍ਰੇਮੀਆਂ ਨੂੰ ਵਿਲਕਦੇ ਛੱਡਕੇ ਕੁਲਦੀਪ ਮਾਣਕ ਕਿਸੇ ਅਣਦੱਸੀ ਥਾਂ ਤੇ ਚੱਲਿਆ ਗਿਆ। ਜਿੱਥੋਂ ਕਦੇ ਕੋਈ ਮੁੜਿਆ ਨਹੀਂ।  
 
ਮੁੱਕਦੀ ਗੱਲ ਦੋ ਗੱਲਾਂ ਕੁਲਦੀਪ ਮਾਣਕ ਦੇ ਪਰਿਵਾਰ ਦੀ ਮੌਜੂਦਾ ਹਾਲਤ ਬਾਰੇ : ਮਾਣਕ ਦੇ ਹੁੰਦਿਆਂ ਹੀ ਉਸਦੇ ਪੁੱਤਰ ਯੁੱਧਵੀਰ ਮਾਣਕ ਨੂੰ ਬਰੇਨ ਹੈਮਰਜ਼ ਦਾ ਅਟੈਕ ਹੋ ਚੁੱਕਾ ਸੀ । ਪੁੱਤਰ ਦਾ ਗ਼ਮ ਵੀ ਮਾਣਕ ਲਈ ਜਾਨਲੇਵਾ ਸਾਬਿਤ ਹੋਇਆ ਸੀ। ਮੌਜੂਦਾ ਸਮੇਂ ਦੌਰਾਨ  ਯੁੱਧਵੀਰ ਮਾਣਕ ਜ਼ਿੰਦਗੀ ਪ੍ਰਤੀ ਪੂਰੀ ਸ਼ੁਧ-ਬੁਧ ਨਹੀਂ ਰੱਖਦਾ । ਜਿਹੜੀਆਂ ਸੰਸਥਾਵਾਂ ਕੁਲਦੀਪ ਮਾਣਕ ਦੇ ਜਿਉਂਦੇ ਜੀਅ ਉਸਨੂੰ 'ਲੋਕ-ਗਥਾਵਾਂ ਦਾ ਬਾਦਸ਼ਾਹ', 'ਪੰਜਾਬ ਦਾ ਮਾਣ' ਆਦਿ ਅਨੇਕਾਂ ਹੀ ਰੁਤਬੇ ਦੇ ਕੇ ਸਨਮਾਨਿਤ ਕਰਦੀਆਂ ਸਨ ਅੱਜ ਉਨ੍ਹਾਂ ਨੂੰ ਪਰਿਵਾਰ ਦੀ ਮੌਜੁਦਾ ਹਾਲਤ ਤੋਂ ਵੀ ਜਰੂਰ ਜਾਣੂੰ ਹੋਣਾ ਚਾਹੀਦਾ ਹੈ।  ਸਮਾਜਿਕ ਸੰਸਥਾਵਾਂ ਜਾਂ ਸਾਡੀਆਂ ਸਰਕਾਰਾਂ ਨੂੰ ਇਸ ਮਹਾਨ  ਗਾਇਕ ਦੇ ਪਰਿਵਾਰ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ। 

 

ਸ. ਸ. ਰਮਲਾ, ਸੰਗਰੂਰ ।
ਸੰਪਰਕ: 98722-50956

ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਇਕ ਹਫ਼ਤੇ ਦੇ ਅੰਦਰ ਫ਼ਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਦੇਣ ਦੇ ਨਿਰਦੇਸ਼


ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ  ਮੁਆਵਜ਼ਾ ਰਾਸ਼ੀ ਜਲਦੀ ਵੰਡਣ ਲਈ ਕੀਤੀ ਹੰਗਾਮੀ ਮੀਟਿੰਗ
‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ‘ਗਰਾਊਂਡ ਟਰੂਥਿੰਗ’ ਦਾ ਕੰਮ 3 ਨਵੰਬਰ ਤੱਕ ਮੁਕੰਮਲ ਕਰਨ ਦੀ ਹਦਾਇਤ
ਡਿਜੀਟਲ ਕਰਾਪ ਸਰਵੇ ’ਚ ਤੇਜ਼ੀ ਲਿਆਉਣ ਲਈ ਕਿਹਾ

ਜਲੰਧਰ, 25 ਅਕਤੂਬਰ (ਅਮਰਜੀਤ ਸਿੰਘ)-
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਅਧਿਕਾਰੀਆਂ ਦੀ ਬੁਲਾਈ ਇਕ ਐਮਰਜੈਂਸੀ ਮੀਟਿੰਗ ਦੌਰਾਨ ਉਨ੍ਹਾਂ ਨੂੰ ਹੜ੍ਹਾਂ ਕਾਰਨ ਫ਼ਸਲਾਂ ਦੇ ਹੋਏ ਖ਼ਰਾਬੇ ਦਾ ਕਿਸਾਨਾਂ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਮੁਆਵਜ਼ਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ। ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹੜ੍ਹਾਂ ਕਾਰਨ ਖਾਸ ਕਰ ਸ਼ਾਹਕੋਟ ਇਲਾਕੇ ਵਿੱਚ ਨੁਕਸਾਨੀਆਂ ਫ਼ਸਲਾਂ ਦਾ ਕਿਸਾਨਾਂ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਮੁਆਵਜ਼ਾ ਜਾਰੀ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ, ਤਾਂ ਜੋ ਕਿਸਾਨਾਂ ਨੂੰ ਸਮੇਂ ਸਿਰ ਰਾਹਤ ਮਿਲ ਸਕੇ। ਡਾ. ਅਗਰਵਾਲ ਨੇ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਜ਼ਿਲ੍ਹੇ ਦੇ 115 ਪਿੰਡਾਂ ਵਿੱਚ ਚੱਲ ਰਹੇ ‘ਗਰਾਊਂਡ ਟਰੂਥਿੰਗ’ ਦੇ ਕੰਮ ਦਾ ਵੀ ਜਾਇਜ਼ਾ ਲਿਆ। ਇਸ ਤਹਿਤ ਪਟਵਾਰੀਆਂ ਵੱਲੋਂ ਉਕਤ ਪਿੰਡਾਂ ਵਿੱਚ ਘਰ-ਘਰ ਜਾ ਕੇ ਲਾਲ ਲਕੀਰ ਵਾਲੇ ਘਰਾਂ ਦੀ ਪਛਾਣ ਕੀਤੀ ਜਾ ਰਹੀ ਹੈ, ਤਾਂ ਜੋ ਲੋੜੀਂਦੀ ਪ੍ਰਕਿਰਿਆ ਅਮਲ ਵਿੱਚ ਲਿਆ ਕੇ ਯੋਗ ਪਰਿਵਾਰਾਂ ਨੂੰ ਮਾਲਕਾਨਾਂ ਅਧਿਕਾਰ ਸੌਂਪੇ ਜਾ ਸਕਣ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ‘ਗਰਾਊਂਡ ਟਰੂਥਿੰਗ’ ਦੇ ਚੱਲ ਰਹੇ ਕੰਮ ਨੂੰ 3 ਨਵੰਬਰ ਤੱਕ ਹਰ ਹਾਲ ਵਿੱਚ ਮੁਕੰਮਲ ਕਰਨ ਨੂੰ ਯਕੀਨੀ ਬਣਾਇਆ ਜਾਵੇ, ਤਾਂ ਜੋ ਲਾਲ ਲਕੀਰ ਅੰਦਰ ਰਹਿਣ ਵਾਲੇ ਲੋਕਾਂ ਨੂੰ ਮਾਲਕੀ ਦੇ ਹੱਕ ਪ੍ਰਦਾਨ ਕੀਤੇ ਜਾ ਸਕਣ। ਡਿਜੀਟਲ ਕਰਾਪ ਸਰਵੇ (ਆਨਲਾਈਨ ਗਿਰਦਾਵਰੀ) ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇਸ ਕੰਮ ਵਿੱਚ ਹੋਰ ਤੇਜ਼ੀ ਲਿਆਉਂਦਿਆਂ ਇਸ ਨੂੰ 5 ਦਿਨਾਂ ਦੇ ਅੰਦਰ-ਅੰਦਰ ਨੇਪਰੇ ਚਾੜ੍ਹਨ ਦੀਆਂ ਹਦਾਇਤਾਂ ਕੀਤੀਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕਰੀਬ 600 ਪਿੰਡਾਂ ਵਿੱਚ ਡਿਜੀਟਲ ਕਰਾਪ ਸਰਵੇ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਸਰਵੇ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਸਿਰੇ ਚਾੜ੍ਹਨ ਲਈ ਕਿਸਾਨਾਂ ਨੂੰ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਮਾਲ ਵਿਭਾਗ ਨਾਲ ਸਬੰਧਤ ਸੇਵਾਵਾਂ ਸਮੇਂ ਸਿਰ ਮੁਹੱਈਆ ਕਰਵਾਉਣ ’ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਇੰਤਕਾਲ, ਤਕਸੀਮ, ਜਮ੍ਹਾਬੰਦੀਆਂ ਅਤੇ ਨਿਸ਼ਾਨਦੇਹੀ ਦੇ ਮਾਮਲਿਆਂ ਨੂੰ ਬਿਨ੍ਹਾਂ ਕਿਸੇ ਦੇਰੀ ਤੋਂ ਸਮਾਂਬੱਧ ਢੰਗ ਨਾਲ ਨਿਪਟਾਉਣ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਰਿਕਵਰੀ ਨਾਲ ਸਬੰਧਤ ਮਾਮਲਿਆਂ ਨੂੰ ਤਰਜੀਹ ਦੇਣ ਦੀ ਹਦਾਇਤ ਵੀ ਕੀਤੀ। ਇਸ ਦੌਰਾਨ ਉਨ੍ਹਾਂ ਈਜ਼ੀ ਰਜਿਸਟ੍ਰੇਸ਼ਨ ਪ੍ਰਣਾਲੀ, ਈਜ਼ੀ ਜਮ੍ਹਾਂਬੰਦੀ ਦਾ ਵੀ ਜਾਇਜ਼ਾ ਲਿਆ। ਭ੍ਰਿਸ਼ਟਾਚਾਰ ਖਿਲਾਫ਼ ਪੰਜਾਬ ਸਰਕਾਰ ਦੀ ਜ਼ੀਰੋ ਟਾਲਰੈਂਸ ਦੀ ਨੀਤੀ ’ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਆਮ ਲੋਕਾਂ ਨੂੰ ਮਾਲ ਵਿਭਾਗ ਨਾਲ ਸਬੰਧਤ ਸੇਵਾਵਾਂ ਬਿਨ੍ਹਾਂ ਕਿਸੇ ਖੱਜਲ-ਖੁਆਰੀ ਦੇ ਪੂਰੀ ਪਾਰਦਰਸ਼ਤਾ, ਨਿਰਵਿਘਨ ਅਤੇ ਤੈਅ ਸਮੇਂ ਵਿੱਚ ਮਿਲਣੀਆਂ ਚਾਹੀਦੀਆਂ ਹਨ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ, ਐਸ.ਡੀ.ਐਮ. ਵਿਵੇਕ ਕੁਮਾਰ ਮੋਦੀ, ਰਣਦੀਪ ਸਿੰਘ ਹੀਰ, ਲਾਲ ਵਿਸ਼ਵਾਸ ਬੈਂਸ ਅਤੇ ਸ਼ੁਭੀ ਆਂਗਰਾ, ਜ਼ਿਲ੍ਹਾ ਮਾਲ ਅਫ਼ਸਰ ਨਵਦੀਪ ਸਿੰਘ ਭੋਗਲ ਸਮੇਤ ਮਾਲ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

Friday, 17 October 2025

ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਸ਼ਾਮ ਲਾਲ ਮੁਹੱਦੀਪੁਰ ਨੂੰ ਵੱਖ-ਵੱਖ ਸ਼ਖਸ਼ੀਅਤਾਂ ਵੱਲੋਂ ਸ਼ਰਧਾਜ਼ਲੀਆਂ

ਪਿੰਡ ਮੁਹੱਦੀਪੁਰ ਅਰਾਈਆਂ ਵਿਖੇ ਹੋਈ, ਸਾਬਕਾ ਸਰਪੰਚ ਸ਼ਾਮ ਲਾਲ ਦੀ ਅੰਤਿਮ ਅਰਦਾਸ ਦੀ ਰਸਮ
ਜਲੰਧਰ, 16 ਅਕਤੂਬਰ (ਅਮਰਜੀਤ ਸਿੰਘ)- ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਤੇ ਸਾਬਕਾ ਸਰਪੰਚ ਸ਼ਾਮ ਲਾਲ ਮੁਹੱਦੀਪੁਰ ਅਰਾਈਆਂ (60 ਸਾਲ) ਜੋ ਕਿ ਬੀਤੇ ਦਿਨ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਉਨ੍ਹਾਂ ਨਮਿੱਤ ਸ਼੍ਰੀ ਸੁਖਮਨੀ ਸਾਹਿਬ ਜੀ ਜਾਪ ਉਨ੍ਹਾਂ ਦੇ ਗ੍ਰਹਿ ਪਿੰਡ ਮੁਹੱਦੀਪੁਰ ਅਰਾਈਆਂ ਵਿੱਖੇ ਕਰਵਾਏ ਗਏ। ਉਪਰੰਤ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਈਆਂ ਹਲਕੇ ਦੀਆਂ ਸਿਆਸੀ, ਧਾਰਮਿਕ ਤੇ ਹੋਰ ਉੱਘੀਆਂ ਸ਼ਖਸ਼ੀਅਤਾਂ ਵੱਲੋਂ ਸ਼੍ਰੀ ਸ਼ਾਮ ਲਾਲ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਭਾਈ ਜਸਵਿੰਦਰ ਸਿੰਘ ਤੇ ਸਾਥੀਆਂ ਦੇ ਰਾਗੀ ਜਥੇ ਨੇ ਸੰਗਤਾਂ ਨੂੰ ਬੈਰਾਗਮਈ ਗੁਰਬਾਣੀ ਕੀਰਤਨ ਸਰਵਣ ਕਰਵਾਇਆ। ਇਸ ਮੌਕੇ ਤੇ ਸਾਬਕਾ ਸਰਪੰਚ ਸ਼ਾਮ ਲਾਲ ਸਿੱਧੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਹਲਕਾ ਆਦਮਪੁਰ ਦੇ ਐਮਐਲਏ ਸੁਖਵਿੰਦਰ ਸਿੰਘ ਕੋਟਲੀ, ਸਾਬਕਾ ਐਮਐਲਏ ਜਲੰਧਰ ਕੈਂਟ ਜਗਬੀਰ ਸਿੰਘ ਬਰਾੜ, ਲੰਬਰਦਾਰ ਸੁੱਚਾ ਸਿੰਘ ਨੌਲੀ, ਜਸਵੰਤ ਸਿੰਘ ਬਾਂਸਲ ਸੀਨੀਅਰ ਆਗੂ, ਪ੍ਰੇਮ ਕੁਮਾਰ ਭੋਜੇਵਾਲ, ਸਾਬਕਾ ਸਰਪੰਚ ਰਣਜੀਤ ਸਿੰਘ ਨੌਲੀ, ਕਾਲਾ ਕੋਟਲੀ ਕਾਂਗਰਸੀ ਆਗੂ ਨੇ ਜਿਥੇ ਸ਼੍ਰੀ ਸ਼ਾਮ ਲਾਲ ਹੁਰਾਂ ਵੱਲੋਂ ਇਲਾਕੇ ਵਿੱਚ ਸਮਾਜ ਸੇਵਕ ਵੱਜ਼ੋਂ ਨਿਭਾਈਆਂ ਸੇਵਾਵਾਂ ਤੇ ਚਾਨਣਾ ਪਾਇਆ ਉਥੇ ਉਨ੍ਹਾਂ ਕਿਹਾ ਕਿ ਸ਼੍ਰੀ ਸ਼ਾਮ ਲਾਲ ਸਾਬਕਾ ਸਰਪੰਚ ਨੇ ਹਲਕੇ ਵਿੱਚੋਂ ਜਿਲ੍ਹਾਂ ਪ੍ਰੀਸ਼ਦ ਮੈਂਬਰ ਤੇ ਸਰਪੰਚੀ ਦੀ ਚੌਣ ਜਿੱਤ ਕੇ ਇਲਾਕਾ ਵਾਸੀਆਂ ਦੀ ਸੇਵਾ ਕੀਤੀ। ਉਨ੍ਹਾਂ ਕਿਹਾ ਸ਼ਾਮ ਲਾਲ ਹਰ ਇੱਕ ਕੇ ਕੰਮ ਆਉਣ ਵਾਲੇ ਇਨਸਾਨ ਸਨ। ਜਿਨ੍ਹਾਂ ਵੱਲੋਂ ਲੋਕ ਸੇਵਾ ਲਈ ਨਿਭਾਈਆਂ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਸਟੇਜ ਦੀ ਸੇਵਾ ਗੋਲਡ ਮੈਡਲਿਸਟ ਮਾਸਟਰ ਸੋਮ ਰਾਜ ਫਗਵਾੜਾ ਜੀ ਵੱਲੋਂ ਨਿਭਾਈ ਗਈ। ਇਸ ਮੌਕੇ ਤੇ ਸ਼ਾਮ ਲਾਲ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੀ ਧਰਮਪਤਨੀ ਮੌਜੂਦਾ ਸਰਪੰਚ ਕੁਲਜੀਤ ਕੌਰ ਸਾਬਕਾ ਸੰਮਤੀ ਮੈਂਬਰ, ਬੇਟੇ ਜਸਪ੍ਰੀਤ ਸਿੱਧੂ, ਪ੍ਰਦੀਪ ਸਿੱਧੂ, ਸੁਨੇਹ ਸਿੱਧੂ, ਸੰਦਲ ਸਿੱਧੂ ਨਾਲ ਬਲਦੇਵ ਸਿੰਘ ਪ੍ਰਧਾਨ ਖਾਨਗਾਹ ਕਮੇਟੀ, ਠੇਕੇਦਾਰ ਬਲਵੀਰ ਭੂਸਲਾ ਪਿੰਡ ਤੱਲਣ, ਪੰਜਾਬੀ ਗਾਇਕ ਦਲਵਿੰਦਰ ਦਿਆਲਪੁਰੀ, ਸਰਬਜੀਤ ਸਿੰਘ ਮੋਘੋਵਾਲ, ਰਾਮ ਪਾਲ ਮੈਘੋਵਾਲ, ਸਤਨਾਮ ਸਿੰਘ, ਅਵਤਾਰ ਸਿੰਘ, ਪੰਚ ਕਮਲਜੀਤ ਕੌਰ, ਪੰਚ ਸੁਰਜੀਤ ਕੁਮਾਰ, ਪੰਚ ਬਲਵੀਰ ਕੌਰ, ਪੰਚ ਰੁਪਿੰਦਰ ਕੌਰ, ਸੁਖਦੇਵ ਸਿੰਘ ਭਰਤਪੁਰ ਜੱਟਾਂ ਦਾ, ਕੁਲਦੀਪ ਸਿੰਘ ਭਰੋਵਾਲ, ਡਾ. ਸਤਨਾਮ ਸਿੰਘ, ਬਿੰਦਰ ਖਲਵਾੜਾ, ਨਿਰਮਲ ਸਿੰਘ ਖਲਵਾੜਾ, ਨਰਿੰਦਰਪਾਲ ਸਿੰਘ, ਰਾਜ ਕੁਮਾਰ ਮੁਹੱਦੀਪੁਰ, ਚਰਨਜੀਤ ਫੋਜ਼ੀ, ਸੋਹਣ ਲਾਲ, ਮੁਲਖ ਰਾਜ ਕਪੂਰਥਲਾ, ਸਾਬਕਾ ਸਰਪੰਚ ਸ਼ਿਵ ਸਿੰਘ, ਜਗਦੀਸ਼ ਚੰਦਰ ਸਾਬਕਾ ਪੰਚ, ਮਾਸਟਰ ਜਗਦੀਸ਼ ਸਿੰਘ, ਸੀਨੀਅਰ ਕਾਂਗਰਸੀ ਆਗੂ ਕਾਲਾ ਕੋਟਲੀ, ਐਡਵੋਕੇਟ ਰਮਨ ਭਾਰਦਵਾਜ, ਚਰਨਜੀਤ ਸਿੰਘ ਫੋਜ਼ੀ, ਐਡਵੋਕੇਟ ਬਲਰਾਜ ਸਿੰਘ ਕਾਹਲੋਂ, ਐਡਵੋਕੇਟ ਕੁਲਦੀਪ ਸਿੰਘ, ਐਡਵੋਕੇਟ ਸ਼ੁਭਮ ਗੋਇਲ, ਰਮਨ ਸਲੇਮਪੁਰ, ਅਵਤਾਰ ਸਿੰਘ, ਜਰਨੈਲ ਸਿੰਘ, ਐਡਵੋਕੇਟ ਬਲਵਿੰਦਰ ਸਿੰਘ ਲਹੁਰਾ, ਰਾਹੁਲ, ਰਤਨ, ਸੋਹਣ ਸਿੰਘ ਐਡਵੋਕੇਟ, ਸਾਬਕਾ ਸਰਪੰਚ ਰਾਜ ਕੁਮਾਰੀ, ਸੂਰਮਾ ਪੰਜਾਬ ਦੇ ਸੰਪਾਦਕ ਅਮਰਜੀਤ ਸਿੰਘ ਵੱਲੋਂ ਸਮੂਹ ਪਰਿਵਾਰ ਨਾਲ ਗਹਿੱਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਡੇਰਾ ਚਹੇੜੂ ਵਿਖੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦਾ ਜਨਮ ਦਿਹਾੜਾ ਤੇ ਕੱਤਕ ਮਹੀਨੇ ਦੀ ਸੰਗਰਾਂਦ ਦਾ ਸਮਾਗਮ ਧੂਮਧਾਮ ਨਾਲ ਮਨਾਇਆ

ਮਾਤਾ ਸਵਿੱਤਰੀ ਬਾਈ ਫੂਲੇ ਫ੍ਰੀ ਕੋਚਿੰਗ ਸੈਂਟਰ ਦਾ ਸੰਤ ਕ੍ਰਿਸ਼ਨ ਨਾਥ ਜੀ ਮਹਾਰਾਜ ਜੀ ਨੇ ਕੀਤਾ ਉਦਘਾਟਨ
ਅਮਰਜੀਤ ਸਿੰਘ ਜੰਡੂ ਸਿੰਘਾ : ਡੇਰਾ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ ਨਾਨਕ ਨਗਰੀ ਚਹੇੜੂ ਵਿਖੇ ਕੱਤਕ ਮਹੀਨੇ ਦੀ ਸੰਗਰਾਂਦ ਅਤੇ ਡੇਰੇ ਦੇ ਮੁਖੀ ਗੱਦੀਨਸ਼ੀਨ ਆਵਾਜ਼-ਏ-ਕੌਮ ਸਤਿਕਾਰਯੋਗ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੇ 62ਵੇਂ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਧਾਰਮਿਕ ਸਮਾਗਮ ਸਮੂਹ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਮੌਕੇ ਵਿਦੇਸ਼ ਦੀ ਧਰਤੀ ਤੋਂ ਗੁਰੂ ਘਰ ਪੁੱਜੇ ਸੇਵਾਦਾਰਾਂ ਵੱਲੋਂ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। 
      ਇਨ੍ਹਾਂ ਸਮਾਗਮਾਂ ਸਬੰਧੀ ਪਹਿਲਾ ਸਵੇਰੇ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅਖੰਡ ਜਾਪਾਂ ਦੇ ਭੋਗ ਪਾਏ ਗਏ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਰਾਗੀ ਜੱਥਿਆਂ ਵੱਲੋਂ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਸ਼ੁੱਭ ਮੌਕੇ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਦੇ ਆਸ਼ੀਰਵਾਦ ਨਾਲ ਡੇਰੇ ਵਿਖੇ ਮਾਤਾ ਸਵਿੱਤਰੀ ਬਾਈ ਫੂਲੇ ਫ੍ਰੀ ਕੋਚਿੰਗ ਸੈਂਟਰ ਦਾ ਉਦਘਾਟਨ ਵੀ ਕੀਤਾ ਗਿਆ। ਡੇਰਾ ਮੁੱਖੀ ਸੰਤ ਕ੍ਰਿਸ਼ਨ ਨਾਥ ਜੀ ਨੇ ਸੰਗਤਾਂ ਨੂੰ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਅਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਅਤ ਕਰਨ ਦੀ ਜਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇੱਕ ਚੰਗੇ ਸਮਾਜ ਦੀ ਸਿਰਜਣਾ ਅਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਬੱਚਿਆਂ ਨੂੰ ਮਿਆਰੀ ਤੇ ਉਚੇਰੀ ਸਿੱਖਿਆ ਮਹੁੱਈਆ ਕਰਵਾਉਣ ਲਈ ਸਾਨੂੰ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। 
     ਇਸ ਦੌਰਾਨ ਰਾਮ ਜੀ ਦਾਸ ਚੰਦੜ, ਗੁਰਵਿੰਦਰਾ ਰਾਣੀ ਯੂ.ਕੇ, ਓਮ ਪ੍ਰਕਾਸ਼ ਮਹਿਤੋਂ, ਆਸ਼ਾ ਰਾਣੀ ਈਸਟ ਲੰਡਨ, ਇੰਦਰਜੀਤ ਇਟਲੀ, ਸ਼ੀਤਲ ਸਿੰਘ ਢੰਡਾ ਯੂ.ਕੇ, ਸੰਦੀਪ ਔਜਲਾ ਯੂ.ਕੇ, ਰੇਨੂ ਮਹਿਤੋਂ ਈਸਟ ਲੰਡਨ, ਸੇਵਾਦਾਰ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਸੈਕਟਰੀ ਕਮਲਜੀਤ ਖੋਥੜਾਂ, ਰੋਸ਼ਨ ਢੰਡਾ, ਪਿਆਰਾ ਜੱਸਲ, ਪ੍ਰਿੰਸੀਪਲ ਹਰਦੀਪ ਕੌਰ ਤੇ ਸਮੂਹ ਸਟਾਫ ਮੈਂਬਰ ਸਤਿਗੁਰ ਰਵਿਦਾਸ ਪਬਲਿਕ ਸਕੂਲ, ਸਰਪੰਚ ਸੁਮਿੱਤਰੀ ਦੇਵੀ, ਰਾਕੇਸ਼ ਮਾਹੀ, ਮਦਨ ਦਕੋਹਾ, ਬਲਦੇਵ ਮੱਲ, ਕਮਲ ਭੈਰੋਂ, ਅਸ਼ੋਕ ਸੰਧੂ, ਸੰਤ ਬਾਬਾ ਫੂਲ ਨਾਥ ਸਪੋਰਟਸ ਕਲੱਬ ਦੇ ਸਾਰੇ ਮੈਂਬਰ ਅਤੇ ਮਾਤਾ ਸਵਿੱਤਰੀ ਬਾਈ ਫੂਲੇ ਟਿਊਸ਼ਨ ਸੈਂਟਰ ਦੇ ਸਾਰੇ ਅਧਿਆਪਕ, ਸੂਬੇਦਾਰ ਲੈਂਬਰ ਸਿੰਘ, ਕੇਵਲ ਕ੍ਰਿਸ਼ਨ ਸੰਧੂ ਅਤੇ ਹਰਜਿੰਦਰ ਬੰਗਾ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕਰਦਿਆਂ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਗੁਰੂ ਘਰ ਪੁੱਜੀਆਂ ਸਮੂਹ ਸੰਗਤਾਂ ਲਈ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Saturday, 11 October 2025

ਜ਼ੀ.ਟੀ.ਬੀ ਸਕੂਲ ਵਿਖੇ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

 


ਅਮਰਜੀਤ ਸਿੰਘ ਜੰਡੂ ਸਿੰਘਾ-
ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਦੀ ਸਮੂਹ ਪ੍ਰਬੰਧਕ ਕਮੇਟੀ, ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਸਮਾਗਮ ਦੀ ਆਰੰਭਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੱਚਿਆਂ ਵੱਲੋਂ ਸ੍ਰੀ ਜਪੁ ਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਕੀਤੀ ਗਈ । ਇਸ ਤੋਂ ਬਾਅਦ ਨਰਸਰੀ ਕਲਾਸ ਦੇ ਬੱਚਿਆਂ ਨੇ ਮੂਲ ਮੰਤਰ ਦਾ ਗਾਇਨ ਕੀਤਾ ਅਤੇ ਫਿਰ ਦੂਜੀ ਕਲਾਸ ਦੇ ਬੱਚਿਆਂ ਨੇ  ਜਪੁਜੀ ਸਾਹਿਬ ਦੀਆਂ ਪੰਜ ਪਉੜੀਆਂ ਦਾ ਪਾਠ ਕੀਤਾ  ।ਇਸ ਤੋਂ ਇਲਾਵਾ ਵੱਡੀਆਂ ਕਲਾਸਾਂ ਦੇ ਬੱਚਿਆਂ ਨੇ ਚੌਥੇ ਮਹਾਨ ਸਤਿਗੁਰੂ ਜੀ ਦੀ ਸ਼ੋਭਾ ਵਿੱਚ ਉਚਾਰੇ ਸ਼ਬਦਾਂ ਰਾਮਕਲੀ ਵਾਰ ਵਿੱਚੋਂ “ ਐਸੇ ਗੁਰ ਕਉ ਬਲਿ ਬਲਿ ਜਾਈਐ, ਅਬ ਗੁਰੂ ਰਾਮਦਾਸ ਕਉ ਮਿਲੀ ਬਡਾਈ”ਸ਼ਬਦਾਂ ਦਾ ਗਾਇਨ ਕੀਤਾ ਅਤੇ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਕਵਿਤਾਵਾਂ ਅਤੇ ਕਵੀਸ਼ਰੀਆਂ ਗਾਇਨ ਕੀਤੀਆਂ ਗਈਆਂ ।ਇਸ ਤੋਂ ਇਲਾਵਾ ਸਮਾਗਮ ਵਿੱਚ ਸਕੂਲ ਦੇ ਵਿਦਿਆਰਥੀਆਂ ਦੁਆਰਾ ਸ੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਉੱਤੇ ਪ੍ਰਕਾਸ਼ ਪਾਇਆ ਗਿਆ। ਬੱਚਿਆਂ ਨੇ ਲੈਕਚਰ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਜੀਵਨ ਵਿੱਚ ਕਈ ਵਡਮੁੱਲੇ ਮਹਾਨ ਕਾਰਜ ਕੀਤੇ ਸਮਾਗਮ ਦੇ ਅੰਤ ਵਿੱਚ ਅਨੰਦ ਸਾਹਿਬ ਦਾ ਪਾਠ ਕਰਕੇ ਬੱਚਿਆਂ ਵੱਲੋਂ ਹੀ ਅਰਦਾਸ ਕਰਕੇ ਹੁਕਮਨਾਮਾ ਸਾਹਿਬ ਲੈਣ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ ।

 ਇਸ ਮੌਕੇ ਸਕੂਲ ਦੀ ਡਾਇਰੈਕਟਰ ਸ੍ਰੀਮਤੀ ਨਿਸ਼ਾ ਮੜੀਆ ਅਤੇ ਪ੍ਰਿੰਸੀਪਲ ਸ੍ਰੀਮਤੀ ਅਮਿਤਾਲ ਕੌਰ ਜੀ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣ ਲਈ ਪ੍ਰੇਰਿਤ ਕੀਤਾ ਉਹਨਾਂ ਕਿਹਾ ਕਿ ਗੁਰੂ ਜੀ ਨੇ ਚਾਰ ਲਾਵਾਂ ਦੀ ਬਾਣੀ ਲਿਖ ਕੇ ਅਨੰਦ ਕਾਰਜ ਦੀ ਰੀਤ ਨੂੰ ਆਰੰਭਿਆ।ਗੁਰੂ ਸਾਹਿਬ ਜੀ ਦੀ ਬਾਣੀ ਤੋਂ ਸੇਵਾ ਸਿਮਰਨ ਕਰਨ ਅਤੇ ਨੇਕ ਇਨਸਾਨ ਬਣਨ ਦੀ ਸਿੱਖਿਆ ਮਿਲਦੀ ਹੈ।ਇਸ ਮੌਕੇ ਸਕੂਲ ਦੇ ਸਕੱਤਰ ਸ. ਸੁਰਜੀਤ ਸਿੰਘ ਜੀ ਚੀਮਾ ਨੇ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਬਹੁਤ ਬਖਸ਼ੀਸ਼ਾਂ ਹਨ।ਉਨਾਂ ਦੇ ਉਪਦੇਸ਼ ਸਾਡੇ ਜੀਵਨ ਨੂੰ ਅਨੰਦਮਈ ਬਣਾਉਣ ਵਾਲੇ ਹਨ । ਉਹਨਾਂ ਦੇ ਕਾਰਜ ਮਨੁੱਖ ਨੂੰ ਆਤਮਿਕ ਅਤੇ ਸਮਾਜਿਕ ਵਿਕਾਸ ਦਾ ਰਾਹ ਦਿਖਾਉਂਦੇ ਹਨ । ਇਸ ਕਰਕੇ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਗੁਰੂ ਸਾਹਿਬ ਦੇ ਮਹਾਨ ਜੀਵਨ ਨੂੰ ਯਾਦ ਕਰਦਿਆਂ ਆਪਣੇ ਅੰਦਰ ਨਿਮਰਤਾ ਸੇਵਾ ਅਤੇ ਸਿਮਰਨ ਦੇ ਭਾਵ ਪੈਦਾ ਕਰੀਏ ਅਤੇ ਸਿੱਖੀ ਦੇ ਸਿਧਾਂਤਾਂ ਤੇ ਚੱਲ ਕੇ ਆਪਣਾ ਜੀਵਨ  ਸਫ਼ਲਾ ਕਰੀਏ ।ਗੁਰੂ ਰਾਮਦਾਸ ਜੀ ਦਾ ਸਮੁੱਚਾ ਜੀਵਨ ਕਿਰਤ ਕਰਨ ਅਤੇ ਨਾਮ ਜਪ ਅਧਿਆਤਮਿਕ ਮਾਰਗ ਸਵਾਰਨ ਦਾ ਆਦਰਸ਼ ਨਮੂਨਾ ਪੇਸ਼ ਕਰਦਾ ਹੈ ।ਗੁਰੂ ਜੀ ਨੇ ਅੰਮ੍ਰਿਤ ਸਰੋਵਰ ਅਤੇ ਚੱਕ ਰਾਮਦਾਸਪੁਰ ਸ਼ਹਿਰ ਵਸਾ ਕੇ ਇਕ ਵਪਾਰਕ ਅਤੇ ਅਧਿਆਤਮਕ ਕੇਂਦਰ ਸਾਡੀ ਝੋਲੀ ਵਿੱਚ ਪਾ ਦਿੱਤਾ। ਅਕਾਲ ਪੁਰਖ ਦੀ ਰਹਿਮਤ ਦੇ ਸਦਕਾ ਗੁਰੂ ਰਾਮਦਾਸ ਦੀ ਨਗਰੀ ਆਬਾਦ ਅਤੇ ਖੁਸ਼ਹਾਲ ਵੱਸ ਰਹੀ ਹੈ ਜੋ ਕਿ ਵਪਾਰਕ ਅਤੇ ਅਧਿਆਤਮ ਉਨਤੀ ਦਾ ਕੇਂਦਰ ਹੈ। ਉਹਨਾਂ ਨੇ ਸਾਰੇ ਪ੍ਰੋਗਰਾਮ ਵਿੱਚ ਹਾਜ਼ਰੀ ਭਰੀ ਅਤੇ ਬੱਚਿਆਂ ਦੀ ਕਾਰਜਗੁਜ਼ਾਰੀ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਸਕੂਲ ਦੀ ਚੜਦੀ ਕਲਾ ਲਈ ਸ਼ੁਭਕਾਮਨਾਵਾਂ ਭੇਂਟ ਕਰਦੇ ਹੋਏ ਪ੍ਰੋਗਰਾਮ ਦੀ ਸਫਲਤਾ ਲਈ ਵਧਾਈ ਦਿੱਤੀ।

ਕਮਿਸ਼ਨਰੇਟ ਪੁਲਿਸ ਵੱਲੋਂ 200 ਗ੍ਰਾਮ ਹੈਰੋਇਨ ਤੇ ਪਿਸਤੌਲ ਸਮੇਤ 2 ਕਾਬੂ


ਜਲੰਧਰ, 10 ਅਕਤੂਬਰ (ਬਿਊਰੌ) :
ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਤਹਿਤ ਜਲੰਧਰ ਕਮਿਸ਼ਨਰੇਟ ਪੁਲਿਸ ਦੀ ਸੀ.ਆਈ.ਏ. ਸਟਾਫ਼ ਟੀਮ ਨੇ 2 ਵੱਖ-ਵੱਖ ਮੁਕੱਦਮਿਆਂ ਵਿੱਚ ਕਾਰਵਾਈ ਕਰਦਿਆਂ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 200 ਗ੍ਰਾਮ ਹੈਰੋਇਨ, ਇੱਕ ਪਿਸਤੌਲ .32 ਬੋਰ ਸਮੇਤ 2 ਜ਼ਿੰਦਾ ਰੋਂਦ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।
ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀਸੀਪੀ (ਇਨਵੈਸਟੀਗੇਸ਼ਨ) ਮਨਪ੍ਰੀਤ ਸਿੰਘ ਢਿੱਲੋਂ ਏਸੀਪੀ ( ਇਨਵੈਸਟੀਗੇਸ਼ਨ) ਜੇਅੰਤ ਪੂਰੀ, ਏਡੀਸੀਪੀ ਪਰਮਜੀਤ ਸਿੰਘ ਅਤੇ ਏ ਸੀ ਪੀ-ਡੀ ਅੰਬਰਵੀਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ, ਇੰਚਾਰਜ ਸੀ ਆਈ ਏ ਸਟਾਫ਼ ਜਲੰਧਰ ਦੀ ਟੀਮ ਨੇ ਇਹ ਸਫਲ ਕਾਰਵਾਈਆਂ ਕੀਤੀਆਂ।
6.10.2025 ਨੂੰ ਚੈਕਿੰਗ ਜੌਰਾਨ ਦਕੋਹਾ ਫਾਟਕ ਪੁਲ ਜਲੰਧਰ ਨੇੜੇ ਪੁਲਿਸ ਪਾਰਟੀ ਨੂੰ ਸੁਚਨਾ ਮਿਲੀ ਕਿ ਇੱਕ ਵਿਅਕਤੀ ਨਾਜਾਇਜ਼ ਅਸਲੇ ਨਾਲ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਨਿਯਤ ਨਾਲ ਘੁੰਮ ਰਿਹਾ ਹੈ, ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਮੌਕੇ 'ਤੇ ਦਵਿੰਦਰ ਕੁਮਾਰ ਵਾਸੀ ਧੰਨੋਵਾਲੀ, ਜਲੰਧਰ ਨੂੰ ਕਾਬੂ ਕੀਤਾ, ਜਿਸਦੇ ਕਬਜ਼ੇ 'ਚੋਂ ਇੱਕ ਪਿਸਤੌਲ .32 ਬੋਰ ਅਤੇ 02 ਜਿੰਦਾ ਰੋਂਦ ਬਰਾਮਦ ਕੀਤੇ ਗਏ। ਇਸ ਸੰਬੰਧੀ ਮੁਕੱਦਮਾ ਨੰਬਰ 287 ਮਿਤੀ 06.10.2025 ਅਧੀਨ ਧਾਰਾ 25-54-59 ਆਰਮਜ਼ ਤਹਿਤ ਥਾਣਾ ਰਾਮਾਮੰਡੀ ਜਲੰਧਰ ਵਿੱਚ ਦਰਜ ਕੀਤਾ ਗਿਆ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਇਕ ਹੋਰ ਕਾਰਵਾਈ ਦੌਰਾਨ ਮਿਤੀ 07.10.2025 ਨੂੰ ਸੀ ਆਈ ਏ ਸਟਾਫ਼ ਜਲੰਧਰ ਦੀ ਦੂਸਰੀ ਪੁਲਿਸ ਟੀਮ ਵੱਲੋਂ ਨੇੜੇ ਟਰਾਂਸਪੋਰਟ ਨਗਰ ਜਲੰਧਰ ਤੋਂ ਇੱਕ ਵਿਅਕਤੀ ਹਰਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਪਿੰਡ ਭੈਣੀ ਸਿਧਵਾਂ, ਥਾਣਾ ਸਦਰ, ਜ਼ਿਲ੍ਹਾ ਤਰਨ ਤਾਰਨ ਨੂੰ ਕਾਬੂ ਕੀਤਾ ਗਿਆ, ਜਿਸਦੇ ਕਬਜ਼ੇ 'ਚੋਂ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਮੁਲਜ਼ਮ ਖਿਲਾਫ ਮੁਕੱਦਮਾ ਨੰਬਰ 237 ਮਿਤੀ 07.10.2025 ਅਧੀਨ ਧਾਰਾ 21-61-85 ਐਨ ਡੀ ਪੀ ਐਸ ਐਕਟ ਤਹਿਤ ਥਾਣਾ ਡਵੀਜ਼ਨ ਨੰਬਰ 8, ਜਲੰਧਰ ਵਿੱਚ ਦਰਜ ਕੀਤਾ ਗਿਆ ਹੈ।
ਊਨਾ ਕਿਹਾ ਕਿ ਮੁਲਜ਼ਮ ਹਰਪ੍ਰੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਇੱਕ ਮੁਕੱਦਮਾ ਦਰਜ ਹੈ। ਗ੍ਰਿਫਤਾਰ ਮੁਲਜ਼ਮ ਪੁਲਿਸ ਰਿਮਾਂਡ ਅਧੀਨ ਹਨ ਅਤੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ, ਤਾਂ ਜੋ ਉਨ੍ਹਾਂ ਦੇ ਫਾਰਵਰਡ ਅਤੇ ਬੈਕਵਰਡ ਲਿੰਕੇਜ ਦੀ ਜਾਂਚ ਕੀਤੀ ਜਾ ਸਕੇ।

ਸੰਤ ਸ਼ਿੰਗਾਰਾ ਰਾਮ ਜੀ ਤੇ ਸੰਤ ਰਤਨ ਦਾਸ ਜੀ ਮਹਾਰਾਜ ਜੀ ਦੇ ਸਲਾਨਾ ਸਮਾਗਮਾਂ ਦਾ ਸੰਤ ਰਾਮ ਸਰੂਪ ਗਿਆਨੀ ਜੀ ਵੱਲੋਂ ਸੰਤ ਸਰਵਣ ਦਾਸ ਸਲੇਮ ਟਾਬਰੀ ਵਾਲਿਆਂ ਨੂੰ ਸੱਦਾ ਪੱਤਰ ਸੋਪਿਆ



ਸੰਤ ਸ਼ਿੰਗਾਰਾ ਰਾਮ ਜੀ ਤੇ ਸੰਤ ਰਤਨ ਦਾਸ ਜੀ ਮਹਾਰਾਜ ਜੀ ਦਾ ਸਲਾਨਾ ਸਮਾਗਮ 17 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਪਿੰਡ ਪੌਲੀਆਂ ਵਿਖੇ
 ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ ਪੰਜਾਬ ਤੇ ਡੇਰੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ ਸਲਾਨਾ ਸਮਾਗਮ : ਸੰਤ ਰਾਮ ਸਰੂਪ ਗਿਆਨੀ ਜੀ

 ਹੁਸ਼ਿਆਰਪੁਰ, 10 ਅਕਤੂਬਰ (ਅਮਰਜੀਤ ਸਿੰਘ ਜੰਡੂ ਸਿੰਘਾ)-
ਪਿੰਡ ਪੌਲੀਆਂ ਹਿਮਾਚਲ ਪ੍ਰਦੇਸ਼ ਵਿਖੇ ਬ੍ਰਹਮਲੀਨ 108 ਸੰਤ ਸ਼ਿੰਗਾਰਾ ਰਾਮ ਜੀ ਤੇ ਬ੍ਰਹਮਲੀਨ 108 ਸੰਤ ਰਤਨ ਦਾਸ ਜੀ ਮਹਾਰਾਜ ਜੀ ਦੇ ਸਲਾਨਾ ਸਮਾਗਮ 17 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਮੁੱਖ ਸੇਵਾਦਾਰ ਸੰਤ ਰਾਮ ਸਰੂਪ ਗਿਆਨੀ ਜੀ ਪਿੰਡ ਬੋਲੀਨਾ ਦੋਆਬਾ ਵਾਲਿਆਂ ਦੀ ਵਿਸ਼ੇਸ਼ ਅਗਵਾਹੀ ਵਿੱਚ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜ਼ਿ ਪੰਜਾਬ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਬਹੁਤ ਹੀ ਸ਼ਰਧਾਭਾਵ ਨਾਲ ਕਰਵਾਏ ਜਾ ਰਹੇ ਹਨ।
        ਇਨ੍ਹਾਂ ਸਮਾਗਮਾਂ ਸਬੰਧੀ ਡੇਰਾ ਮੁੱਖੀ ਸੰਤ ਰਾਮ ਸਰੂਪ ਗਿਆਨੀ ਜੀ ਵੱਲੋਂ ਸਤਿਕਾਰਯੋਗ ਸੰਤ ਸਰਵਣ ਦਾਸ ਜੀ ਸਲੇਮ ਟਾਬਰੀ ਵਾਲਿਆਂ ਨੂੰ ਬੀਤੇ ਦਿਨ ਸਮਾਗਮਾਂ ਦਾ ਸੱਦਾ ਪਾਤਰ ਸੋਪਿਆ ਗਿਆ। ਸੰਤ ਰਾਮ ਸਰੂਪ ਗਿਆਨੀ ਜੀ ਨੇ ਦਸਿਆ ਕਿ ਇਨ੍ਹਾਂ ਸਮਾਗਮਾਂ ਵਿੱਚ ਸੰਤ ਸਰਵਣ ਦਾਸ ਜੀ ਬੋਹਣ ਪੱਟੀ ਵਾਲੇ, ਸੰਤ ਪਰਮਜੀਤ ਦਾਸ ਡੇਰਾ ਨਗਰ ਵਾਲੇ, ਸੰਤ ਨਿਰਮਲ ਦਾਸ ਜੀ ਬਾਬੇ ਜੋੜੇ ਵਾਲੇ, ਸੰਤ ਇੰਦਰ ਦਾਸ ਜੀ ਪਿੰਡ ਸ਼ੇਖੇ ਵਾਲੇ, ਸੰਤ ਰਾਜ ਕੁਮਾਰ ਬਹਾਦੁਰਪੁਰ ਤੇ ਹੋਰ ਸੰਤ ਮਹਾਂਪੁਰਸ਼ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ। ਸੰਤ ਰਾਮ ਸਰੂਪ ਗਿਆਨੀ ਜੀ ਨੇ ਦਸਿਆ 17 ਅਕਤੂਬਰ ਦਿਨ ਸ਼ੁਕਰਵਾਰ ਨੂੰ ਪਹਿਲਾ ਸਵੇਰੇ 8 ਵਜੇ ਸ਼੍ਰੀ ਨਿਸ਼ਾਨ ਸਾਹਿਬ ਜੀ ਦੀ ਰਸਮ ਡੇਰਾ ਨਗਰ ਦੇ ਮੁੱਖ ਸੇਵਾਦਾਰ ਸੰਤ ਪਰਮਜੀਤ ਦਾਸ ਵੱਲੋਂ ਸੰਗਤਾਂ ਦੀ ਹਾਜ਼ਰੀ ਵਿੱਚ ਆਪਣੇ ਸ਼ੁੱਭ ਕਰ ਕਮਲਾਂ ਨਾਲ ਨਿਭਾਈ ਜਾਵੇਗੀ। ਉਪਰੰਤ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਜਾਣਗੇ। ਇਸ ਮੌਕੇ 11 ਵਜੇ ਤੋਂ 1 ਵਜੇ ਤੱਕ ਮਹਾਨ ਸੰਤ ਸੰਮੇਲਨ ਕਰਵਾਇਆ ਜਾਵੇਗਾ ਜਿਸ ਵਿੱਚ ਪੰਜਾਬ ਭਰ ਦੇ ਵੱਖ ਵੱਖ ਡੇਰਿਆਂ ਤੋਂ ਪੁੱਜੇ ਸੰਤ ਮਹਾਂਪੁਰਸ਼ ਸਮਾਗਮ ਦੌਰਾਨ ਪੁੱਜੀਆਂ ਸਮੂਹ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਨਗੇ। ਸਮਾਗਮ ਮੌਕੇ ਤੇ ਸ਼੍ਰੀ ਭਾਗਮੱਲ ਬਾਘਾ ਦੇ ਸਮੂਹ ਪਰਿਵਾਰ ਦੇ ਵਿਸ਼ੇਸ਼ ਸਹਿਯੋਗ ਨਾਲ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਡੇਰਾ ਮੁੱਖੀ ਸੰਤ ਰਾਮ ਸਰੂਪ ਗਿਆਨੀ ਜੀ ਨੇ ਸਰਬੱਤ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੁੰਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।


Friday, 10 October 2025

ਏ.ਜੀ.ਆਈ. ਇੰਨਫਰਾ ਲਿਮਿ. ਦੇ ਐਮ.ਡੀ ਸ. ਸੁਖਦੇਵ ਸਿੰਘ ਨੂੰ ਪੰਜਾਬ ਸਰਕਾਰ ਦੀ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ


ਜਲੰਧਰ, 10 ਅਕਤੂਬਰ (ਬਿਉਰੋ)-
ਪੰਜਾਬ ਵਿੱਚ ਰੀਅਲ ਐਸਟੇਟ ਦੇ ਕੰਮ ਨੂੰ ਹੋਰ ਵਧਾਉਣ ਅਤੇ ਵਧੇਰੇ ਨਿਵੇਸ਼ ਲਿਆਂਉਣ ਲਈ, ਪੰਜਾਬ ਸਰਕਾਰ ਦੇ ਹਾਊਸਿੰਗ ਤੇ ਸ਼ਹਿਰੀ ਵਿਕਾਸ ਵਿਭਾਗ ਨੇ ਏ.ਜੀ.ਆਈ ਇੰਨਫਰਾ ਲਿਮਿਟੇਡ ਦੇ ਮੈਨੇਜਿੰਗ ਡਾਇਰੈਕਟਰ ਸ. ਸੁਖਦੇਵ ਸਿੰਘ ਨੂੰ 13 ਮੈਂਬਰੀ ਕਮੇਟੀ ਦਾ ਮੈਂਬਰ ਬਣਾਇਆ ਹੈ। ਇਹ ਕਮੇਟੀ ਰੀਅਲ ਐਸਟੇਟ ਖੇਤਰ ਨੂੰ ਹੋਰ ਚੰਗਾ ਬਣਾਉਣ ਲਈ ਯੋਜਨਾ ਤਿਆਰ ਕਰੇਗੀ। ਇਹ ਕਮੇਟੀ ਵਿਭਾਗ ਦੀ ਨੋਟੀਫਿਕੇਸ਼ਨ ਨੰਬਰ 8”-12020/430/2025-6872/1/1219152/2025, ਮਿਤੀ 09-10-2025 ਨਾਲ ਬਣਾਈ ਗਈ ਹੈ। ਵਿਭਾਗ ਅਨੁਸਾਰ, ਇਹ ਯੋਜਨਾ ਰੀਅਲ ਐਸਟੇਟ ਨਾਲ ਜੁੜੇ ਲੋਕਾਂ ਨਾਲ ਗੱਲਬਾਤ ਕਰਕੇ ਤਿਆਰ ਕੀਤੀ ਜਾਵੇਗੀ ਤਾਂ ਜੋ ਇਹ ਸਾਰੇ ਲਈ ਲਾਭਦਾਇਕ ਹੋਵੇ। ਪੰਜਾਬ ਦੇ ਗਵਰਨਰ ਨੇ ਰੀਅਲ ਐਸਟੇਟ ਦੇ ਵੱਖ-ਵੱਖ ਖੇਤਰਾਂ ਲਈ ਖਾਸ ਕਮੇਟੀਆਂ ਬਣਾਉਣ ਦਾ ਐਲਾਨ ਕੀਤਾ ਹੈ। ਇਹ ਕਮੇਟੀਆਂ ਸਰਕਾਰ ਅਤੇ ਰੀਅਲ ਐਸਟੇਟ ਉਦਯੋਗ ਨੂੰ ਇਕੱਠੇ ਤੇ ਸੰਗਠਿਤ ਢੰਗ ਨਾਲ ਕੰਮ ਕਰਨ ਵਿੱਚ ਮੱਦਦ ਕਰਨਗੀਆਂ। ਹਰ ਕਮੇਟੀ ਦਾ ਮੁੱਖ ਕੰਮ ਪੰਜਾਬ ਦੀ ਰੀਅਲ ਐਸਟੇਟ ਨੀਤੀ ਲਈ ਸਰਕਾਰ ਨੂੰ ਚੰਗੇ ਸੁਝਾਅ ਦੇਣਾ ਹੈ। ਇਸ ਦੌਰਾਨ ਕਮੇਟੀ ਹੋਰ ਰਾਜਾਂ ਦੀਆਂ ਨੀਤੀਆਂ ਦਾ ਅਧਿਐਨ ਕਰੇਗੀ ਅਤੇ ਪੰਜਾਬ ਲਈ ਸਭ ਤੋਂ ਵਧੀਆ ਵਿਚਾਰ ਪੇਸ਼ ਕਰੇਗੀ। ਜਰੂਰਤ ਪੈਣ ’ਤੇ ਸਰਕਾਰ ਹੋਰ ਮੈਂਬਰ ਵੀ ਇਸ ਕਮੇਟੀ ਵਿੱਚ ਸ਼ਾਮਲ ਕਰ ਸਕਦੀ ਹੈ। ਮੈਂਬਰਾਂ ਦੀ ਚੋਣ ਰੀਅਲ ਐਸਟੇਟ ਦੇ ਵੱਖ-ਵੱਖ ਖੇਤਰਾਂ ਤੋਂ ਕੀਤੀ ਜਾਵੇਗੀ ਤਾਂ ਜੋ ਸਾਰਿਆਂ ਦੀ ਰਾਏ ਸ਼ਾਮਲ ਹੋ ਸਕੇ। ਇੱਕ ਮੈਂਬਰ ਸਕੱਤਰ ਕਮੇਟੀ ਦੀਆਂ ਮੀਟਿੰਗਾਂ ਦਾ ਪ੍ਰਬੰਧ ਕਰੇਗਾ, ਰਿਪੋਰਟ ਤਿਆਰ ਕਰੇਗਾ ਅਤੇ ਸਾਰੀ ਲੋੜੀਂਦੀ ਸਹਾਇਤਾ ਪ੍ਰਦਾਨ ਕਰੇਗਾ।

ਨਹੀਂ ਰਹੇ, ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਤੇ ਸਾਬਕਾ ਸਰਪੰਚ ਸ਼ਾਮ ਲਾਲ ਮੁਹੱਦੀਪੁਰ ਅਰਾਈਆਂ



ਜਲੰਧਰ, 10 ਅਕਤੂਬਰ (ਅਮਰਜੀਤ ਸਿੰਘ)-
ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਤੇ ਸਾਬਕਾ ਸਰਪੰਚ ਸ਼ਾਮ ਲਾਲ ਮੁਹੱਦੀਪੁਰ ਅਰਾਈਆਂ (60 ਸਾਲ, ਹਲਕਾ ਆਦਮਪੁਰ) ਬੀਤੇ ਦਿਨ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਜਿਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਮੁਹੱਦੀਪੁਰ ਵਿਖੇ 09 ਅਕਤੂਬਰ ਨੂੰ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ ਹੈ। ਸ਼ਾਮ ਲਾਲ ਆਪਣੇ ਪਿਛੇ ਪਤਨੀ ਮੋਜੂਦਾ ਸਰਪੰਚ ਕੁਲਜੀਤ ਕੌਰ, ਦੋ ਬੇਟੇ ਅਤੇ ਬੇਟੀਆਂ ਛੱਡ ਗਏ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਸ਼੍ਰੀ ਸ਼ਾਮ ਲਾਲ ਜੀ ਨਮਿੱਤ ਸ਼੍ਰੀ ਸੁਖਮਨੀ ਸਾਹਿਬ ਜੀ ਜਾਪ ਉਨ੍ਹਾਂ ਦੇ ਗ੍ਰਹਿ ਵਿੱਖੇ 16 ਅਕਤੂਬਰ ਦਿਨ ਵੀਰਵਾਰ ਨੂੰ ਹੋਣਗੇ। ਉਪਰੰਤ ਅੰਤਿਮ ਅਰਦਾਸ ਦੀ ਰਸਮ ਉਨ੍ਹਾਂ ਦੇ ਗ੍ਰਹਿ ਸਾਹਮਣੇ ਬਣੀ ਡਾ. ਅੰਬੇਡਕਰ ਪਾਰਕ ਵਿਖੇ 11 ਤੋਂ 1 ਵਜੇ ਤੱਕ ਹੋਵੇਗੀ।


Saturday, 4 October 2025

ਹਨੀ ਜੋਸ਼ੀ ਜਿਲ੍ਹਾ ਯੂਥ ਕਾਂਗਰਸ ਗੁਰਦਾਸਪੁਰ ਦੇ ਇੰਚਾਰਜ ਨਿਯੁਕਤ


ਅਮਰਜੀਤ ਸਿੰਘ ਜੰਡੂ ਸਿੰਘਾ  -
ਜੰਡੂ ਸਿੰਘਾ ਦੇ ਜੰਮਪਲ ਤੇ ਜਿਲ੍ਹਾ ਜਲੰਧਰ ਯੂਥ ਕਾਂਗਰਸ ਦੇਹਾਤੀ ਦੇ ਸਾਬਕਾ ਪ੍ਰਧਾਨ ਹਨੀ ਜੋਸ਼ੀ ਜੰਡੂ ਸਿੰਘਾ ਨੂੰ ਕਾਂਗਰਸ ਸੀਨੀਅਰ ਹਾਈ ਕਮਾਂਡ ਵੱਲੋਂ ਜਿਲ੍ਹਾ ਯੂਥ ਕਾਂਗਰਸ ਗੁਰਦਾਸਪੁਰ ਦੇ ਇੰਚਾਰਜ ਨਿਯੁਕਤ ਕੀਤਾ ਹੈ/ ਇਸ ਨਿਯੁਕਤੀ ਤੇ ਆਲ ਇੰਡੀਆ ਯੂਥ ਕਾਂਗਰਸ ਦੇ ਇੰਚਾਰਜ ਕਿ੍ਸ਼ਨਾ ਅਲਾਵਾਰੂ, ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਉਦੈ ਭਾਨੂ ਚਿੱਬ, ਪੰਜਾਬ ਯੂਥ ਕਾਂਗਰਸ ਦੇ ਇੰਚਾਰਜ ਡਾ. ਸਮ੍ਰਿਤੀ ਰੰਜਨ ਲੇਂਕਾ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਦਾ ਹਨੀ ਜੋਸ਼ੀ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ/ ਉਹਨਾਂ ਕਿਹਾ ਕਾਂਗਰਸ ਪਾਰਟੀ ਨੇ ਜੋ ਮੇਰੇ ਤੇ ਇਹ ਵਿਸ਼ਵਾਸ ਕਰਕੇ ਜਿਲ੍ਹਾ ਯੂਥ ਕਾਂਗਰਸ ਗੁਰਦਾਸਪੁਰ ਦਾ ਇੰਚਾਰਜ ਦਾ ਅਹੁਦਾ ਸੌਂਪਿਆ ਹੈ ਇਸ ਨੂੰ ਮੈਂ ਤਨਦੇਹੀ ਨਾਲ ਨਿਭਾਵਾਂਗਾ ਅਤੇ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਇੱਕ ਕਰਾਂਗਾ/ ਹਨੀ ਜੋਸ਼ੀ ਨੇ ਸਮੁੱਚੀ ਸੀਨੀਅਰ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ।

ਸ਼੍ਰੀ ਵਿਸ਼ਵਕਰਮਾ ਪੂਜਾ ਮਹਾ ਉਤਸਵ ਦੀਆਂ ਤਿਆਰੀਆਂ ਜੰਗੀ ਪੱਧਰ ‘ਤੇ ਜਾਰੀ : ਧੀਮਾਨ


ਫਗਵਾੜਾ 3 ਅਕਤੂਬਰ (ਸ਼ਿਵ ਕੌੜਾ)-
ਸ਼੍ਰੀ ਵਿਸ਼ਵਕਰਮਾ ਧੀਮਾਨ ਸਭਾ ਦੀ ਆਮ ਮੀਟਿੰਗ ਸਭਾ ਦੇ ਪ੍ਰਧਾਨ ਪ੍ਰਦੀਪ ਧੀਮਾਨ ਦੀ ਪ੍ਰਧਾਨਗੀ ਹੇਠ ਸ਼੍ਰੋਮਣੀ ਸ਼੍ਰੀ ਵਿਸ਼ਵਕਰਮਾ ਮੰਦਿਰ, ਬੰਗਾ ਰੋਡ, ਫਗਵਾੜਾ ਵਿਖੇ ਹੋਈ। ਜਿਸ ਵਿੱਚ 22 ਅਤੇ 23 ਅਕਤੂਬਰ ਨੂੰ ਮਨਾਏ ਜਾਣ ਵਾਲੇ 115ਵੇਂ ਸਾਲਾਨਾ ਸ਼੍ਰੀ ਵਿਸ਼ਵਕਰਮਾ ਪੂਜਾ ਉਤਸਵ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਮੀਟਿੰਗ ਤੋਂ ਬਾਅਦ ਪ੍ਰਧਾਨ ਪ੍ਰਦੀਪ ਧੀਮਾਨ ਨੇ ਦੱਸਿਆ ਕਿ ਦੋ ਦਿਨਾਂ ਸਾਲਾਨਾ ਸਮਾਗਮ ਦੀਆਂ ਤਿਆਰੀਆਂ ਜੰਗੀ ਪੱਧਰ ‘ਤੇ ਚੱਲ ਰਹੀਆਂ ਹਨ। ਸਮਾਗਮ ਦੇ ਪਹਿਲੇ ਦਿਨ, ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੀ ਚੇਅਰਪਰਸਨ ਮਨਪ੍ਰੀਤ ਕੌਰ ਭੋਗਲ ਮੁੱਖ ਮਹਿਮਾਨ ਹੋਣਗੇ। ਸਵਾਗਤ ਕਮੇਟੀ ਦੀ ਪ੍ਰਧਾਨਗੀ ਮਨਜਿੰਦਰ ਸਿੰਘ ਸੀਹਰਾ ਕਰਨਗੇ। ਮਹਿੰਦਰ ਸਿੰਘ ਮਣਕੂ ਕੈਨੇਡਾ ਝੰਡਾ ਲਹਿਰਾਉਣ ਉਪਰੰਤ ਹਵਨ ਯੱਗ ‘ਚ ਜਜਮਾਨ ਦੀ ਭੂਮਿਕਾ ਨਿਭਾਉਣਗੇ। ਸਮਾਗਮ ਦੌਰਾਨ ਧਾਰਮਿਕ ਸਟੇਜ ਵੀ ਸਜਾਈ ਜਾਵੇਗੀ। ਜਿਸ ਵਿੱਚ ਗਾਇਕਾ ਮੀਨੂ ਅਟਵਾਲ ਅਤੇ ਮਿਊਜੀਕਲ ਗਰੁੱਪ ਭਗਵਾਨ ਵਿਸ਼ਵਕਰਮਾ ਜੀ ਦੀ ਉਸਤਤ ਵਿੱਚ ਸੁੰਦਰ ਗੁਣਗਾਨ ਕਰਨਗੇ। ਮੰਦਿਰ ਦੀ ਸਾਲਾਨਾ ਰਿਪੋਰਟ ਵੀ ਪੇਸ਼ ਕੀਤੀ ਜਾਵੇਗੀ। ਸਮਾਗਮ ਦੇ ਦੂਜੇ ਦਿਨ ਦਰਬਾਰਾ ਸਿੰਘ ਕੁੰਦੀ ਹਵਨ ਦੇ ਜਜਮਾਨ ਹੋਣਗੇ। ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਟਰੱਸਟ ਵੱਲੋਂ ਇੱਕ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ। ਉਨ੍ਹਾਂ ਫਗਵਾੜਾ ਅਤੇ ਆਸ ਪਾਸ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਸਾਲਾਨਾ ਇਕੱਠ ਵਿੱਚ ਸ਼ਾਮਲ ਹੋਣ ਅਤੇ ਭਗਵਾਨ ਵਿਸ਼ਵਕਰਮਾ ਦਾ ਆਸ਼ੀਰਵਾਦ ਲੈਣ ਦੀ ਪੁਰਜੋਰ ਅਪੀਲ ਵੀ ਕੀਤੀ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਜਿੱਥੇ ਮੰਦਰ ਨੂੰ ਰੰਗ-ਬਿਰੰਗੀਆਂ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਜਾਵੇਗਾ, ਉੱਥੇ ਬੱਚਿਆਂ ਲਈ ਕਈ ਤਰ੍ਹਾਂ ਦੇ ਝੂਲੇ ਅਤੇ ਖਿਡੌਣਿਆਂ ਦੇ ਸਟਾਲ ਹਮੇਸ਼ਾ ਵਾਂਗ ਖਿੱਚ ਦਾ ਕੇਂਦਰ ਰਹਿਣਗੇ। ਮੀਟਿੰਗ ਵਿੱਚ ਸਰਪ੍ਰਸਤ ਜਸਪਾਲ ਸਿੰਘ ਲਾਲ, ਸੀਨੀਅਰ ਉਪ ਪ੍ਰਧਾਨ ਸੁਰਿੰਦਰ ਪਾਲ ਧੀਮਾਨ, ਜਨਰਲ ਸਕੱਤਰ ਸੁਭਾਸ਼ ਧੀਮਾਨ, ਖਜ਼ਾਨਚੀ ਵਿਕਰਮਜੀਤ ਚੱਗਰ, ਉਪ ਪ੍ਰਧਾਨ ਗੁਰਨਾਮ ਸਿੰਘ ਜੁਤਲਾ, ਅਮੋਲਕ ਸਿੰਘ ਝੀਤਾ, ਪ੍ਰਸ਼ਾਂਤ ਧੀਮਾਨ, ਗੁਰਮੁਖ ਸਿੰਘ ਨਾਮਧਾਰੀ, ਅਰੁਣ ਰੂਪਰਾਏ, ਰੀਤ ਪ੍ਰੀਤ ਪਾਲ ਸਿੰਘ, ਮਨਜਿੰਦਰ ਸਿੰਘ ਸੀਹਰਾ, ਵਿਕਰਮ ਰੂਪਰਾਏ, ਭੁਪਿੰਦਰ ਸਿੰਘ ਜੰਡੂ ਅਤੇ ਬਲਵਿੰਦਰ ਸਿੰਘ ਰਤਨ ਆਦਿ ਮੌਜੂਦ ਸਨ।

Friday, 3 October 2025

ਸ਼੍ਰੀ ਪਰਮਦੇਵਾ ਮਾਤਾ ਵੈਸ਼ਨੋ ਮੰਦਰ ਕਪੂਰ ਪਿੰਡ ਵਿਖੇ ਸ਼੍ਰੀ ਦੁਰਗਾ ਅਸ਼ਟਮੀ ਮਨਾਈ

ਸ਼੍ਰੀ ਪਰਮਦੇਵਾ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਵੱਡੀ ਗਿਣਤੀ ’ਚ ਮੰਦਰ ਵਿੱਖੇ ਪੁੱਜੀਆਂ ਸੰਗਤਾਂ
ਜਲੰਧਰ, 30 ਸਤੰਬਰ (ਅਮਰਜੀਤ ਸਿੰਘ)- ਸ਼੍ਰੀ ਪਰਮਦੇਵਾ ਮਾਤਾ ਵੈਸ਼ਨੋ ਮੰਦਰ ਕਪੂਰ ਪਿੰਡ ਜਲੰਧਰ ਵਿਖੇ ਸ਼੍ਰੀ ਦੁਰਗਾ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਸ਼ਰਧਾਪੂਰਬਕ ਮਨਾਇਆ ਗਿਆ। ਨਵਰਾਤਰਿਆਂ ਦੇ ਸਮਾਪਤੀ ਮੌਕੇ ਸ਼੍ਰੀ ਪਰਮਦੇਵਾ ਮਾਤਾ ਜੀ ਦੇ ਮੰਦਰ ਵਿੱਤ ਸੰਗਤਾਂ ਦੀਆਂ ਭਾਰੀ ਰੌਣਕਾਂ ਲੱਗੀਆਂ। ਹਲਕਾ, ਆਦਮਪੁਰ ਦੇ ਕਪੂਰ ਪਿੰਡ ਵਿੱਚ ਸ਼੍ਰੀ ਪਰਮਦੇਵਾ ਮਾਤਾ ਵੈਸ਼ਨੋ ਮੰਦਰ ਵਿੱਚ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਇਹ ਦੁਰਗਾ ਅਸ਼ਟਮੀਂ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰ ਵਿੱਚ ਵੱਡੀ ਗਿਣਤੀ ਵਿਚ ਪਹੁੰਚੇ ਸ਼ਰਧਾਲੂਆਂ ਨੇ ਮੰਦਰ ਵਿਚ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮੱਥਾ ਟੇਕਿਆ ਅਤੇ ਸ਼੍ਰੀ ਪਰਮਦੇਵਾ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੰਦਰ ਦੀ ਮੁੱਖ ਗੱਦੀ ਸੇਵਾਦਾਰ ਜਸਵਿੰਦਰ ਕੌਰ ਅੰਜੂ ਦੇਵਾ ਜੀ ਨੇ ਸਾਰਿਆਂ ਨੂੰ ਸ਼੍ਰੀ ਦੁਰਗਾ ਅਸ਼ਟਮੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਜੋ ਸ਼ਰਧਾਲੂ ਸੱਚੇ ਦਿਲੋਂ ਮਹਾਂਮਾਈ ਦੀ ਪੂਜਾ ਕਰਦੇ ਹਨ ਉਨ੍ਹਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ ਤੇ ਮਹਾਂਮਾਈ ਹਮੇਸ਼ਾਂ ਆਪਣੇ ਬੱਚਿਆਂ ਤੇ ਮੇਹਰ ਭਰਿਆ ਹੱਥ ਬਮਾਈ ਰੱਖਦੀ ਹੈ। ਇਸ ਮੌਕੇ ਤੇ ਗਾਇਕ ਵਿਜੇ ਝੱਮਟ ਪਾਰਟੀ ਨੇ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕੀਤਾ, ਅਤੇ ਇਸ ਦੌਰਾਨ ਸਾਰੇ ਸ਼ਰਧਾਲੂ ਮਹਾਮਾਈ ਦੇ ਰੰਗ ਵਿਚ ਰੰਗੇ ਹੋਏ ਦਿਖਾਈ ਦੇ ਰਹੇ ਸਨ। ਹਰ ਘਰ ਵਿਚ ਮਾਤਾ ਰਾਣੀ ਦੇ ਜੈਕਾਰੇ ਗੂੰਜ ਰਹੇ ਸਨ। ਮੰਦਰ ਦੇ ਜਨਰਲ ਸਕੱਤਰ ਨਰਿੰਦਰ ਸਿੰਘ ਸੋਨੂੰ ਅਤੇ ਉਪ ਪ੍ਰਧਾਨ ਨਿਰੰਕਾਰ ਸਿੰਘ ਨੇ ਦੱਸਿਆ ਕਿ ਇਹ ਸਾਰੇ ਸਮਾਗਮ ਮਹਾਰਾਜ ਸ਼੍ਰੀ ਪਰਮਦੇਵਾ ਜੀ ਦੁਆਰਾ ਸ਼ੁਰੂ ਕੀਤੇ ਗਏ ਸਨ ਅਤੇ ਮੰਦਰ ਦੁਆਰਾ ਇਨ੍ਹਾਂ ਨੂੰ ਨਿਰੰਤਰ ਜਾਰੀ ਰੱਖਿਆ ਗਿਆ ਹੈ। ਉਨ੍ਹਾਂ ਨੇ ਸਮਾਗਮ ਵਿਚ ਸਾਰਿਆਂ ਦੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ। ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਕੰਜਕ ਪੂਜਨ ਤੋਂ ਬਾਅਦ ਭੰਡਾਰਾ ਵੀ ਆਯੋਜਿਤ ਕੀਤਾ ਗਿਆ। ਸ਼੍ਰੀ ਪਰਮਦੇਵਾ ਮੰਦਰ ਨੂੰ ਨਵਰਾਤਰਿਆਂ ਦੇ ਸਬੰਧ ਵਿਚ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਅਤੇ ਮੰਦਰ ਵਿਚ ਸਾਰਾ ਦਿਨ ਭਾਰੀ ਰੌਣਕਾਂ ਲੱਗੀਆਂ ਰਹੀਆਂ।

ਕੁਟੀਆ ਸੰਤ ਬਾਬਾ ਫੂਲ ਨਾਥ ਜੀ ਪਿੰਡ ਜੈਤੇਵਾਲੀ ਵਿਖੇ ਸਲਾਨਾ ਸਮਾਗਮ ਕਰਵਾਏ


ਡੇਰਾ ਚਹੇੜੂ ਮੁੱਖੀ ਸੰਤ ਕ੍ਰਿਸ਼ਨ ਨਾਥ ਜੀ ਨੇ ਸਰਪੰਚ ਸੁਮਿਤਰੀ ਦੇਵੀ ਪਿੰਡ ਜੈਤੇਵਾਲੀ ਨੂੰ ਗੋਲਡ ਮੈਡਲ ਦੇ ਕੇ ਕੀਤਾ ਸਨਮਾਨਿਤ
ਜਲੰਧਰ, 3 ਅਕਤੂਬਰ (ਅਮਰਜੀਤ ਸਿੰਘ)-
ਪਿੰਡ ਜੈਤੇਵਾਲੀ ਵਿਖੇ ਕੁਟੀਆ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ, ਸੰਤ ਬਾਬਾ ਰਿਖੀ ਰਾਮ ਜੀ ਵਿਖੇ ਸਲਾਨਾ ਸਮਾਗਮ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਛੱਤਰ ਛਾਇਆ ਹੇਠ ਤੇ ਮੁੱਖ ਸੇਵਾਦਾਰ ਆਵਾਜ਼-ਏ-ਕੌਮ ਸੰਤ ਕਿ੍ਰਸ਼ਨ ਨਾਥ ਜੀ ਦੀ ਵਿਸ਼ੇਸ਼ ਅਗਵਾਹੀ ਵਿੱਚ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਗਏ। ਇਸ ਸਮਾਗਮ ਮੌਕੇ ਪੰਜਾਬ ਰਾਜ ਦੇ ਦੋਆਬਾ, ਮਾਲਵਾ ਅਤੇ ਮਾਝਾ ਖੇਤਰਾਂ ਦੇ ਨਾਲ-ਨਾਲ ਹਰਿਆਣਾ, ਦਿੱਲੀ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਤੋਂ ਵੀ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅਖੰਡ ਜਾਪਾਂ ਦੇ ਭੋਗ ਉਪਰੰਤ ਕਰਵਾਏ ਕੀਰਤਨ ਦਰਬਾਰ ਵਿਚ ਡੇਰਾ ਚਹੇੜੂ ਦੇ ਹੈੱਡ ਗ੍ਰੰਥੀ ਭਾਈ ਪ੍ਰਵੀਨ ਕੁਮਾਰ, ਭਾਈ ਮੰਗਤ ਰਾਮ ਮਹਿਮੀ ਦਕੋਹਾ, ਸੰਤ ਬਾਬਾ ਫੂਲ ਨਾਥ ਜੀ ਸੰਗੀਤ ਮੰਡਲੀ ਚਹੇੜੂ, ਸੰਤ ਬਾਬਾ ਬ੍ਰਹਮ ਨਾਥ ਜੀ ਭਜਨ ਮੰਡਲੀ ਚਹੇੜੂ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਉਪਰੰਤ ਅੰਤਰਰਾਸ਼ਟਰੀ ਗਾਇਕਾ ਪ੍ਰੇਮ ਲਤਾ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ।

ਇਸ ਸਮਾਗਮ ਮੌਕੇ ਤੇ ਵਿਦੇਸ਼ ਦੀ ਧਰਤੀ ਤੋਂ ਰਾਮਜੀ ਦਾਸ ਚੰਦੜ, ਗੁਰਵਿੰਦਰ ਰਾਣੀ ਯੁ.ਕੇ., ਓਮ ਪ੍ਰਕਾਸ਼ ਮਹਿਤੋਂ, ਆਸ਼ਾ ਰਾਣੀ ਈਸਟ ਲੰਡਨ ਅਤੇ ਇੰਦਰਜੀਤ ਕੌਰ ਇਟਲੀ ਨੇ ਵੀ ਆਪਣਾ ਵਿਸ਼ੇਸ਼ ਸਹਿਯੋਗ ਦਿੱਤਾ। ਸਟੇਜ ਸਕੱਤਰ ਦੀ ਭੂਮਿਕਾ ਸਕੱਤਰ ਕਮਲਜੀਤ ਖੋਥੜਾਂ ਵੱਲੋਂ ਨਿਭਾਈ ਗਈ। ਇਸ ਮੌਕੇ ਤੇ ਸੇਵਾਦਾਰ ਮਿਸਤਰੀ ਭੁੱਲਾ ਰਾਮ ਸੁਮਨ ਅਤੇ ਧਰਮਪਾਲ ਕਲੇਰ ਨੇ ਦੱਸਿਆ ਕਿ ਸੰਤ ਕ੍ਰਿਸ਼ਨ ਨਾਥ ਜੀ ਡੇਰਾ ਚਹੇੜੂ ਨੇ ਜਿਥੇ ਪਿੰਡ ਜੈਤੇਵਾਲੀ ਦੀ ਸਰਪੰਚ ਸੁਮਿਤਰੀ ਦੇਵੀ ਨੂੰ ਸਿਰੋਪਾਓ ਅਤੇ ਗੋਲਡ ਮੈਡਲ ਦੇ ਕੇ ਸਨਮਾਨਤ ਕੀਤਾ ਉਥੇ ਉਨ੍ਹਾਂ ਨੇ ਸਮੂਹ ਗ੍ਰਾਮ ਪੰਚਾਇਤ ਦਾ ਵੀ ਸਨਮਾਨ ਕੀਤਾ। ਸਮਾਗਮ ਮੌਕੇ ਤੇ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ ਦੀ ਪ੍ਰਿੰਸੀਪਲ ਹਰਦੀਪ ਕੌਰ ਨੇ ਸਕੂਲ ਦੀ 2010 ਤੋਂ 2025 ਤੱਕ ਦੀ 15 ਸਾਲਾਂ ਦੀ ਕਾਰਗੁਜ਼ਾਰੀ ਬਾਰੇ ਵਿਸਥਾਰਪੁਰਵਕ ਜਾਣਕਾਰੀ ਦਿੱਤੀ। ਡੀ.ਐੱਸ.ਪੀ. ਆਦਮਪੁਰ ਕੁਲਵੰਤ ਸਿੰਘ ਅਤੇ ਐੱਸ.ਐੱਚ.ਓ. ਪਤਾਰਾ ਕ੍ਰਿਸ਼ਨ ਗੋਪਾਲ ਦੀ ਨਿਗਰਾਨੀ ਹੇਠ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।

ਸੰਤ ਟਹਿਲ ਨਾਥ ਜੀ ਨੰਗਲ ਖੇੜਾ ਅਤੇ ਸੰਤ ਅਵਤਾਰ ਦਾਸ ਜੀ ਚਹੇੜੂ ਤੋਂ ਇਲਾਵਾ ਸਿੱਖਿਆ ਨਿਰਦੇਸ਼ਕ ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ, ਸਾਬਕਾ ਸਰਪੰਚ ਤਰਸੇਮ ਲਾਲ ਪਵਾਰ, ਸਰਪੰਚ ਸੁਮਿੱਤਰੀ ਦੇਵੀ, ਪੰਚ ਅਮਿਤ ਪਵਾਰ, ਪੰਚ ਮੀਨਾ ਕੁਮਾਰੀ, ਪੰਚ ਉੂਸ਼ਾ ਰਾਣੀ, ਪੰਚ ਦਰਸ਼ਨ ਕੌਰ, ਪੰਚ ਵਿਨੋਧ ਕੁਮਾਰ, ਪੰਚ ਰੇਸ਼ਮ ਲਾਲ, ਪੰਚ ਸੁਖਵਿੰਦਰ ਲਾਲ, ਪੰਚ ਅਮਨਦੀਪ ਕੌਰ, ਪੰਚ ਜਸਵਿੰਦਰ ਸਿੰਘ ਤੋਂ ਇਲਾਵਾ ਸੁਖਵਿੰਦਰ ਕਜਲਾ ਮੁਜ਼ੱਫਰਪੁਰ, ਬਲਦੇਵ ਵਿਰਦੀ (ਪ੍ਰਧਾਨ), ਮਨਦੀਪ ਜੱਸਲ ਸਾਬਕਾ ਕੋਸਲਰ, ਰਜਿੰਦਰ ਯੋਧਾ, ਰਾਕੇਸ਼ ਬਿੱਟੂ, ਮਨੋਹਰ ਲਾਲ ਬਸਪਾ ਲੀਡਰ, ਚਮਨ ਜੱਸਲ, ਬਲਵਿੰਦਰ ਕੁਮਾਰ ਮਹਿਮੀ, ਸੁਰਿੰਦਰ ਸਿੰਘ, ਰਾਜ਼ੇਸ਼ ਕੁਮਾਰ, ਚਮਨ ਲਾਲ, ਬਲਵੰਤ ਰਾਏ ਸਮੇਤ ਵੱਖ-ਵੱਖ ਡੇਰਿਆਂ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਵੀ ਸ਼ਿਰਕਤ ਕੀਤੀ। ਸੰਤ ਬਾਬਾ ਫੂਲ ਨਾਥ ਜੀ ਸਪੋਰਟਸ ਕਲੱਬ ਦੇ ਮੈਂਬਰਾਂ ਨੇ ਵੀ ਸੇਵਾ ਨਿਭਾਈ।
ਕੈਪਸ਼ਨ- ਫੋਟੋ ਨੰਬਰ 01 ਤੇ ਸੰਗਤਾਂ ਨੂੰ ਸੰਬੋਧਨ ਕਰਦੇ ਸੰਤ ਕਿਰਸ਼ਨ ਨਾਥ ਜੀ, 02 ਤੇ ਸਰਪੰਚ ਸੁਮਿੱਤਰ ਦੇਵੀ ਜੈਤੇਵਾਲੀ ਦਾ ਗੋਲਡ ਮੈਡਲ ਨਾਲ ਸਨਮਾਨ ਕਰਦੇ ਸੰਤ ਕ੍ਰਿਸ਼ਨ ਨਾਥ ਜੀ, 03 ਤੇ 04 ਤੇ ਸਮਾਗਮ ਮੌਕੇ ਇਕੱਤਰ ਸੰਗਤਾਂ।  

ਜਲੰਧਰ ਹਾਈਟਸ –1 ‘ਚ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਦੁਸਹਿਰਾ ਉਤਸਵ ਮਨਾਇਆ

 


ਜਲੰਧਰ, 03 ਅਕਤੂਬਰ (ਅਮਰਜੀਤ ਸਿੰਘ)-
ਜਲੰਧਰ ਹਾਈਟਸ–1, 66 ਫੁੱਟ ਰੋਡ ‘ਤੇ ਸਥਿਤ ਟੀ ਬਲਾਕ ਗਰਾਊਂਡ ਵਿੱਚ ਹਾਰ ਸਾਲ ਦੀ ਤਰਾ ਦੁਸਹਿਰਾ ਉਤਸਵ ਬੜੀ ਧੂਮਧਾਮ, ਧਾਰਮਿਕ ਸ਼ਰਧਾ ਅਤੇ ਰਵਾਇਤੀ ਮਾਹੌਲ ਵਿੱਚ ਮਨਾਇਆ ਗਿਆ। ਸਵੇਰੇ ਤੋਂ ਹੀ ਮੈਦਾਨ ਵਿੱਚ ਰੰਗ–ਬਿਰੰਗੀ ਸਜਾਵਟ ਅਤੇ ਰੌਸ਼ਨੀ ਨਾਲ ਤਿਉਹਾਰੀ ਚਮਕ ਨਜ਼ਰ ਆਉਣ ਲੱਗੀ ਸੀ। ਇਸ ਸਮਾਗਮ ਦੀ ਸ਼ੁਰੂਆਤ ਵਿੱਚ ਸ਼੍ਰੀ ਹਨੂੰਮਾਨ ਜੀ ਦੇ ਭਗਤਾਂ ਦੀ ਇੱਕ ਖਾਸ ਟੋਲੀ ਨੇ ਵਾਨਰ ਸੈਨਾਂ ਦਾ ਰੂਪ ਧਾਰ ਕੇ ਸ਼ਾਨਦਾਰ ਸ਼ੋਭਾ ਯਾਤਰਾ ਕੱਢੀ।
 “ਜੈ ਸ਼੍ਰੀ ਰਾਮ”ਦੇ ਜੋਸ਼ੀਲੇ ਨਾਅਰਿਆਂ ਨਾਲ ਪੂਰਾ ਮਾਹੌਲ ਗੂੰਜ ਉਠਿਆ ਅਤੇ ਭਗਤੀ ਤੇ ਉਤਸ਼ਾਹ ਦੀ ਲਹਿਰ ਦੌੜ ਪਈ। ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਇਸ ਸ਼ੋਭਾ ਯਾਤਰਾ ਦਾ ਪੂਰਾ ਆਨੰਦ ਲਿਆ। ਇਸ ਧਾਰਮਿਕ ਸਮਾਗਮ ਵਿੱਚ ਏ.ਜੀ.ਆਈ ਇੰਫਰਾ ਲਿਮਿਟੇਡ ਦੇ ਮੈਨੇਜਿੰਗ ਡਾਇਰੈਕਟਰ ਸ. ਸੁਖਦੇਵ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦੇ ਨਾਲ ਪ੍ਰੋਜੈਕਟ ਡਾਇਰੈਕਟਰ ਸ. ਵਰਿੰਦਰ ਸਿੰਘ, ਜਨਰਲ ਅਰੁਣ ਖੰਨਾ ਅਤੇ ਸ਼੍ਰੀਮਤੀ ਸਲਵਿੰਦਰਜੀਤ ਕੌਰ ਵੀ ਹਾਜ਼ਰ ਸਨ।  ਸੋਸਾਇਟੀ ਦੇ ਹਜ਼ਾਰਾਂ ਨਿਵਾਸੀਆਂ ਨੇ ਦੁਸਹਿਰਾ ਉਤਸਵ ਵਿੱਚ ਵੱਡੇ ਚਾ ਨਾਲ ਹਿੱਸਾ ਲਿਆ।
   

ਸ਼ਿਵ ਸ਼ਕਤੀ ਮੰਦਰ ਦੇ ਮੁੱਖ ਪੰਡਿਤ ਨਰਿੰਦਰ ਵਸ਼ਿਸ਼ਟ ਨੇ ਰਵਾਇਤੀ ਢੰਗ ਨਾਲ ਪੂਜਾ ਅਤੇ ਧਾਰਮਿਕ ਕਰਮਕਾਂਡ ਕਰਵਾਏ। ਮੁੱਖ ਮਹਿਮਾਨ ਸ. ਸੁਖਦੇਵ ਸਿੰਘ ਨੇ ਵੀ ਪੂਰੇ ਵਿਧੀ-ਵਿਧਾਨ ਨਾਲ ਪੂਜਾ ਕਰਕੇ ਸਭ ਲਈ ਸੁੱਖ–ਸ਼ਾਂਤੀ ਅਤੇ ਖੁਸ਼ਹਾਲੀ ਦੀ ਅਰਦਾਸ ਕੀਤੀ। ਸ. ਸੁਖਦੇਵ ਸਿੰਘ ਨੇ ਆਪਣੇ ਸੰਦੇਸ਼ ਵਿੱਚ ਕਿਹਾ “ਦੁਸਹਿਰਾ ਸਾਨੂੰ ਸਿਖਾਉਂਦਾ ਹੈ ਕਿ ਸੱਚਾਈ ਅਤੇ ਚੰਗਿਆਈ ਦੀ ਹਮੇਸ਼ਾਂ ਜਿੱਤ ਹੁੰਦੀ ਹੈ। ਇਹ ਤਿਉਹਾਰ ਸਾਨੂੰ ਬੁਰਾਈਆਂ ਨੂੰ ਛੱਡਕੇ ਚੰਗੇ ਗੁਣ ਅਪਣਾਉਣ ਲਈ ਪ੍ਰੇਰਿਤ ਕਰਦਾ ਹੈ। ” ਉਨ੍ਹਾਂ ਅੱਗੇ ਕਿਹਾ, “ਵਿਜਯਦਸ਼ਮੀ (ਦੁਸਹਿਰਾ) ਚੰਗਿਆਈ ਦੀ ਬੁਰਾਈ ‘ਤੇ ਅਤੇ ਸੱਚ ਦੀ ਝੂਠ ‘ਤੇ ਜਿੱਤ ਦਾ ਪ੍ਰਤੀਕ ਹੈ। ਸਾਨੂੰ ਇਸ ਨੂੰ ਪਿਆਰ, ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ।” ਸ਼ਾਮ ਦੇ ਸਮੇਂ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਵਿਸ਼ਾਲ ਪੁਤਲਿਆਂ ਦਾ ਦਹਨ ਸੀ। ਜਿਵੇਂ ਹੀ “ਜੈ ਸ਼੍ਰੀ ਰਾਮ”ਦੇ ਨਾਅਰੇ ਗੂੰਜੇ, ਪੁਤਲਿਆਂ ਨੂੰ ਅੱਗ ਲਗਾਈ ਗਈ ਅਤੇ ਰੰਗ–ਬਿਰੰਗੀ ਆਤਸ਼ਬਾਜ਼ੀ ਨਾਲ ਪੂਰਾ ਆਸਮਾਨ ਚਮਕ ਉਠਿਆ। ਲੋਕਾਂ ਨੇ ਇਹ ਦ੍ਰਿਸ਼ ਦੇਖ ਕੇ ਬਹੁਤ ਖੁਸ਼ੀ ਤੇ ਉਤਸ਼ਾਹ ਜਤਾਇਆ। ਦੁਸਹਿਰਾ ਉਤਸਵ ਨੇ ਇਕ ਵਾਰ ਫਿਰ ਇਹ ਸੁਨੇਹਾ ਦਿੱਤਾ ਕਿ ਧਰਮ, ਸਭਿਆਚਾਰ ਤੇ ਇਕਤਾ ਨਾਲ ਮਿਲਕੇ ਤਿਉਹਾਰ ਮਨਾਉਣਾ ਸਮਾਜ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ। ਇਸ ਮੌਕੇ ਜਨਰਲ ਅਰੁਣ ਖੰਨਾ ਅਤੇ ਕਮੇਟੀ ਦੇ ਹੋਰ ਮੈਂਬਰਾਂ ਨੇ ਸਰਦਾਰ ਸੁਖਦੇਵ ਸਿੰਘ ਦਾ ਸਨਮਾਨ ਕੀਤਾ।

ਸੰਤ ਸ਼ਿੰਗਾਰਾ ਰਾਮ ਜੀ ਤੇ ਸੰਤ ਰਤਨ ਦਾਸ ਜੀ ਮਹਾਰਾਜ ਜੀ ਦਾ ਸਲਾਨਾ ਸਮਾਗਮ 17 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਪਿੰਡ ਪੌਲੀਆਂ ਵਿਖੇ



ਸ਼੍ਰੀ ਗੁਰੂ ਰਵਿਦਾਸ ਸਾਧੂ ਸ੍ਰੰਪਰਦਾਇ ਸੁਸਾਇਟੀ ਰਜ਼ਿ ਪੰਜਾਬ ਤੇ ਡੇਰੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ ਸਲਾਨਾ ਸਮਾਗਮ : ਸੰਤ ਰਾਮ ਸਰੂਪ ਗਿਆਨੀ ਜੀ
ਹੁਸ਼ਿਆਰਪੁਰ, 03 ਅਕਤੂਬਰ (ਅਮਰਜੀਤ ਸਿੰਘ ਜੰਡੂ ਸਿੰਘਾ)-
ਬ੍ਰਹਮਲੀਨ 108 ਸੰਤ ਸ਼ਿੰਗਾਰਾ ਰਾਮ ਜੀ ਤੇ ਬ੍ਰਹਮਲੀਨ 108 ਸੰਤ ਰਤਨ ਦਾਸ ਜੀ ਮਹਾਰਾਜ ਜੀ ਦਾ ਸਲਾਨਾ ਸਮਾਗਮ 17 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਪਿੰਡ ਪੌਲੀਆਂ ਹਿਮਾਚਲ ਪ੍ਰਦੇਸ਼ ਵਿਖੇ ਮੁੱਖ ਸੇਵਾਦਾਰ ਸੰਤ ਰਾਮ ਸਰੂਪ ਗਿਆਨੀ ਜੀ ਪਿੰਡ ਬੋਲੀਨਾ ਦੋਆਬਾ ਵਾਲਿਆਂ ਦੀ ਵਿਸ਼ੇਸ਼ ਅਗਵਾਹੀ ਵਿੱਚ ਸ਼੍ਰੀ ਗੁਰੂ ਰਵਿਦਾਸ ਸਾਧੂ ਸ੍ਰੰਪਰਦਾਇ ਸੁਸਾਇਟੀ ਰਜ਼ਿ ਪੰਜਾਬ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਬਹੁਤ ਹੀ ਸ਼ਰਧਾਭਾਵ ਨਾਲ ਕਰਵਾਏ ਜਾ ਰਹੇ ਹਨ। ਜਿਸਦੇ ਸਬੰਧ ਵਿੱਚ ਪਹਿਲਾ ਸਵੇਰੇ 8 ਵਜੇ ਸ਼੍ਰੀ ਨਿਸ਼ਾਨ ਸਾਹਿਬ ਜੀ ਦੀ ਰਸਮ ਡੇਰਾ ਨਗਰ ਦੇ ਮੁੱਖ ਸੇਵਾਦਾਰ ਸੰਤ ਪਰਮਜੀਤ ਦਾਸ ਵੱਲੋਂ ਸੰਗਤਾਂ ਦੀ ਹਾਜ਼ਰੀ ਵਿੱਚ ਆਪਣੇ ਸ਼ੁੱਭ ਕਰ ਕਮਲਾਂ ਨਾਲ ਨਿਭਾਈ ਜਾਵੇਗੀ।

ਉਪਰੰਤ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਏ ਜਾਣਗੇ। ਇਸ ਮੌਕੇ 11 ਵਜੇ ਤੋਂ 1 ਵਜੇ ਤੱਕ ਮਹਾਨ ਸੰਤ ਸੰਮੇਲਨ ਕਰਵਾਇਆ ਜਾਵੇਗਾ ਜਿਸ ਵਿੱਚ ਪੰਜਾਬ ਭਰ ਦੇ ਵੱਖ ਵੱਖ ਡੇਰਿਆਂ ਤੋਂ ਪੁੱਜੇ ਸੰਤ ਮਹਾਂਪੁਰਸ਼ ਸਮਾਗਮ ਦੌਰਾਨ ਪੁੱਜੀਆਂ ਸਮੂਹ ਸੰਗਤਾਂ ਨੂੰ ਆਪਣੇ ਪ੍ਰਬੱਚਨਾਂ ਰਾਹੀਂ ਨਿਹਾਲ ਕਰਨਗੇ। ਸਮਾਗਮ ਮੌਕੇ ਤੇ ਸ਼੍ਰੀ ਭਾਗਮੱਲ੍ਹ ਬਾਘਾ ਦੇ ਸਮੂਹ ਪਰਿਵਾਰ ਦੇ ਵਿਸ਼ੇਸ਼ ਸਹਿਯੋਗ ਨਾਲ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਡੇਰਾ ਮੁੱਖੀ ਸੰਤ ਰਾਮ ਸਰੂਪ ਗਿਆਨੀ ਜੀ ਨੇ ਸਰਬੱਤ ਸੰਗਤਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮਹੰੁਮਾਂ ਕੇ ਪੁੱਜਣ ਦੀ ਅਪੀਲ ਕੀਤੀ ਹੈ।

ਪਿੰਡ ਪਤਾਰਾ ਵਿਖੇ ਧੂਮਧਾਮ ਨਾਲ ਦੁਸਹਿਰਾ ਉਤਸਵ ਮਨਾਇਆ

ਦੁਸਹਿਰਾ ਉਤਸਵ ਮੌਕੇ ਮੁੱਖ ਮਹਿਮਾਨ ਸੁਖਮਨ ਧਨੋਆ ਤੇ ਅਰੁੱਨ ਸ਼ਰਮਾਂ ਦਾ ਸਨਮਾਨ ਕਰਦੇ ਪ੍ਰਬੰਧਕ ਤੇੇ ਸੇਵਾਦਾਰ।    

ਅਮਰਜੀਤ ਸਿੰਘ ਜੰਡੂ ਸਿੰਘਾ-
ਪਿੰਡ ਪਤਾਰਾ ਜਲੰਧਰ ਵਿਖੇ ਦੁਸਹਿਰਾ ਪੁਰਬ ਪ੍ਰਾਚੀਨ ਸ਼ਿਵ ਮੰਦਿਰ ਪ੍ਰਬੰਧਕ ਕਮੇਟੀ, ਰਾਮ ਲੀਲਾ ਦੁਸਹਿਰਾ ਕਲੱਬ ਪਿੰਡ ਪਤਾਰਾ ਦੇ ਸਮੂਹ ਮੈਂਬਰਾਂ ਦੀ ਨਿਗਰਾਨੀ ਹੇਠ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਧੂਮਧਾਮ ਨਾਲ ਮਨਾਇਆ ਗਿਆ। ਦੁਸਹਿਰਾ ਉਤਸਵ ਮੌਕੇ ਭਗਵਾਨ ਸ਼੍ਰੀ ਰਾਮ ਚੰਦਰ ਜੀ, ਸ਼੍ਰੀ ਲਸ਼ਮਣ ਜੀ, ਮਾਤਾ ਸੀਤਾ ਜੀ, ਸ਼੍ਰੀ ਹਨੂੰਮਾਨ ਜੀ, ਭਗਵਾਨ ਸ਼ਿਵ ਜੀ ਤੇ ਮਾਤਾ ਪਾਰਵਤੀ ਜੀ, ਰਾਵਣ, ਮੇਘਨਾਥ, ਕੁੰਭਕਰਨ, ਸ਼੍ਰੀ ਹਨੂੰਮਾਨ ਸੈਨਾਂ, ਸੁਘਰੀਵ, ਬਾਲੀ ਦੀਆਂ ਸੁੰਦਰ ਝਾਕੀਆਂ ਦੀ ਸਾਰੇ ਪਿੰਡ ਪਤਾਰਾ ਵਿੱਚ ਪ੍ਰਕਰਮਾਂ ਕੀਤੀ ਗਈ ਉਪਰੰਤ ਸਰਕਾਰੀ ਸਕੂਲ ਦੀ ਗਰਾਂਉਡ ਵਿੱਚ ਸ਼੍ਰੀ ਰਾਮ ਚੰਦਰ ਜੀ ਤੇ ਰਾਵਣ ਸੈਨਾਂ ਵਿੱਚ ਯੁੱਧ ਹੋਣ ਉਪਰੰਤ ਰਾਵਣ ਦੇ ਪੁੱਤਲੇ ਨੂੰ ਅਗਨੀ ਦੇਣ ਦੀ ਰਸਮ ਮੁੱਖ ਮਹਿਮਾਨ ਸਮਾਜ ਸੇਵਕ ਸੁਖਮਨ ਸਿੰਘ ਧਨੋਆ, ਅਰੁੱਨ ਸ਼ਰਮਾਂ ਪ੍ਰਧਾਨ ਸ਼੍ਰੀ ਦੁਰਗਾ ਲੰਗਰ ਪ੍ਰਬੰਧਕ ਕਮੇਟੀ ਨੰਗਲ ਫਹਿਹ ਖਾਂ ਪਿੰਡ ਚਾਂਦਪੁਰ ਵੱਲੋਂ ਨਿਭਾਈ ਗਈ। ਇਹ ਦੁਸਹਿਰਾ ਦੇਖਣ ਲਈ ਸਰਕਲ ਪਤਾਰਾ ਦੇ ਲਾਗਲੇ ਪਿੰਡਾਂ ਤੋਂ ਲੋਕਾਂ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ। ਇਸ ਮੌਕੇ ਤੇ ਸ਼ਿਵ ਮੰਦਿਰ ਪ੍ਰਧਾਨ ਅਸ਼ਵਨੀ ਸ਼ਰਮਾਂ, ਚੇਅਰਮੈਨ ਸੁਸ਼ੀਲ ਮਹਿਤਾ, ਰਾਮ ਲੀਲਾ ਪ੍ਰਧਾਨ ਵਿਜੈ ਟੋਨੀ, ਸਰਪੰਚ ਸੰਦੀਪ ਵਰਮਾ, ਕੈਸ਼ੀਅਰ ਸ਼ੁਭਮ, ਮਨਦੀਪ ਵਰਮਾ, ਸ਼ਾਮ ਸੁੰਦਰ, ਡਿੰਪਲ, ਅਮਰਜੀਤ, ਅਮਨ ਮਨੀਲਾ, ਨੀਰਜ ਸ਼ਰਮਾ, ਲਖਵਿੰਦਰ ਲੱਖੀ, ਧਰਮਵੀਰ, ਹੈਪੀ, ਨੀਟੂ, ਸੰਤੋਸ਼, ਤੁਲਸੀ, ਜਸਕਰਨ, ਰਘੁਵੀਰ, ਦਵਿੰਦਰ, ਹਰਜਿੰਦਰ ਮਿੰਟੂ, ਸੌਰਵ, ਬਿੰਦੁ ਬੈਂਸ, ਨੀਰਜ ਬਾਵਾ, ਗੁਲਾਬ, ਰਵੀ, ਬਲਰਾਮ, ਕੇਸ਼ਾ, ਦੀਪੂ, ਜੀਤਾ ਤੇ ਹੋਰ ਹਾਜ਼ਰ ਸਨ।


Wednesday, 1 October 2025

ਜੈਤੇਵਾਲੀ ਵਿਖੇ ਨਵੇਂ ਉਸਾਰੇ ਗਏ ਭਵਨ ਦਾ ਸੰਤ ਕ੍ਰਿਸ਼ਨ ਨਾਥ ਜੀ ਨੇ ਕੀਤਾ ਉਦਘਾਟਨ

 


ਨਵੇਂ ਭਵਨ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ, ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ, ਸੰਤ ਬਾਬਾ ਰਿਖੀ ਰਾਮ ਜੀ ਦੇ ਸਰੂਪ (ਮੂਰਤੀਆਂ) ਕੀਤੀਆਂ ਗਈਆਂ ਸਥਾਪਿਤ
ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਕੀਤੀ ਸ਼ਿਰਕਤ, ਸੰਗਤਾਂ ਨੇ ਨਿਭਾਈ ਨਿਸ਼ਾਨ ਸਾਹਿਬ ਜੀ ਦੀ ਸਾਂਝੇ ਤੋਰ ਤੇ ਰਸਮ।
ਅਮਰਜੀਤ ਸਿੰਘ ਜੰਡੂ ਸਿੰਘਾ-
ਕੁਟੀਆ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ, ਸੰਤ ਬਾਬਾ ਰਿਖੀ ਰਾਮ ਜੀ, ਪਿੰਡ ਜੈਤੇਵਾਲੀ ਜਲੰਧਰ ਵਿਖੇ ਨਵੇਂ ਉਸਾਰੇ ਗਏ ਨਵੇਂ ਭਵਨ ਦਾ ਉਦਘਾਟਨ ਆਵਾਜ਼-ਏ-ਕੌਮ ਸੰਤ ਕ੍ਰਿਸ਼ਨ ਨਾਥ ਜੀ ਮੁੱਖੀ ਡੇਰਾ ਚਹੇੜੂ ਵਾਲਿਆਂ ਨੇ ਆਪਣੇ ਸ਼ੁੱਭ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਪਿੰਡ ਜੈਤੇਵਾਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਤੋਂ ਅਰਦਾਸ ਬੇਨਤੀ ਕਰਨ ਉਪਰੰਤ ਨਿਸ਼ਾਨ ਸਾਹਿਬ ਸਮੂਹ ਸੰਗਤਾਂ ਨੇ ਸੰਤ ਕ੍ਰਿਸ਼ਨ ਨਾਥ ਜੀ ਦੀ ਅਗਵਾਹੀ ਵਿੱਚ ਨਵੇਂ ਭਵਨਾਂ ਵਿੱਖੇ ਸ਼ੋਭਾ ਯਾਤਰਾ ਦੇ ਰੂਪ ਵਿੱਚ ਲਿਆਂਦਾ ਗਿਆ। ਇਸ ਮੌਕੇ ਪਵਾਰ ਜਠੇਰਿਆਂ ਦੀ ਪ੍ਰਬੰਧਕ ਕਮੇਟੀ ਵੱਲੋਂ ਸਰਬੱਤ ਸੰਗਤਾਂ ਲਈ ਦਹੀਂ ਪਰੋਠਿਆਂ ਅਤੇ ਚਾਹ ਦੇ ਲੰਗਰ ਲਗਾਏ ਗਏੇ। ਉਪਰੰਤ ਸੰਗਤਾਂ ਨੇ ਨਵੇਂ ਭਵਨਾਂ ਵਿੱਖੇ ਪੁੱਜ ਕੇ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਏ ਗਏ ਤੇ ਭਵਨ ਵਿੱਚ ਸ਼ੁਸ਼ੋਭਿਤ ਕੀਤੇ ਗਏ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ, ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ, ਸੰਤ ਬਾਬਾ ਰਿਖੀ ਰਾਮ ਜੀ ਦੇ ਸਰੂਪਾਂ (ਮੂਰਤੀਆਂ) ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਨਿਸ਼ਾਨ ਸਾਹਿਬ ਦੀ ਰਸਮ ਮੌਕੇ ਹੈੱਂਡ ਗ੍ਰੰਥੀ ਭਾਈ ਪ੍ਰਵੀਨ ਕੁਮਾਰ ਵੱਲੋਂ ਸਰਬੱਤ ਸੰਗਤਾਂ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਤੇ ਸੰਗਤਾਂ ਨੂੰ ਚਾਹ ਪਕੋੜੇ ਦੇ ਲੰਗਰ ਅਤੁੱਤ ਵਰਤਾਏ ਗਏ। ਸੈਕਟਰੀ ਕਮਲਜੀਤ ਖੋਥੜਾਂ ਨੇ ਦਸਿਆ ਕਿ ਇਨਾਂ ਸਮਾਗਮਾਂ ਦੇ ਸਬੰਧ ਵਿੱਚ 1 ਅਕਤੂਬਰ ਨੂੰ ਹੀ ਰਾਤ ਦੇ ਦੀਵਾਨ ਸਜਾਏ ਗਏ ਜਿਸ ਵਿੱਚ ਪਹਿਲਾ ਅਮਿ੍ਰਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਭੋਗ ਉਪਰੰਤ ਰਾਗੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਉਪਰੰਤ ਸੰਗਤਾਂ ਨੂੰ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਮਹਾਨ ਕੀਰਤਨ ਦਰਬਾਰ ਅੱਜ 2 ਅਕਤੂਬਰ ਨੂੰ ਜੈਤੇਵਾਲੀ ਵਿਖੇ
       ਕੁਟੀਆ ਸੰਤ ਬਾਬਾ ਫੂਲ ਨਾਥ ਜੀ ਪਿੰਡ ਜੈਤੇਵਾਲੀ ਵਿਖੇ ਮਹਾਨ ਕੀਰਤਨ ਦਰਬਾਰ ਦੇ ਸਮਾਗਮ ਡੇਰਾ ਚਹੇੜੂ ਮੁੱਖੀ ਸੰਤ ਕਿ੍ਰਸ਼ਨ ਨਾਥ ਮਹਾਰਾਜ ਜੀ ਦੀ ਅਗਵਾਹੀ ਵਿੱਚ ਅੱਜ 2 ਅਕਤੂਬਰ ਦਿਨ ਵੀਰਵਾਰ ਨੂੰ ਸ਼ਰਧਾਪੂਰਬਕ ਕਰਵਾਏ ਜਾ ਰਹੇ ਹਨ। ਜਿਸਦੇ ਸਬੰਧ ਵਿੱਚ 2 ਅਕਤੂਬਰ ਦਿਨ ਵੀਰਵਾਰ ਨੂੰ ਸ਼੍ਰੀ ਅੰਮ੍ਰਿਤਬਾਣੀ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਅਖੰਡ ਜਾਪਾਂ ਦੇ ਭੋਗ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਧਾਰਮਿਕ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਵੱਖ ਵੱਖ ਰਾਗੀ ਜਥਿਆਂ ਤੋਂ ਇਲਾਵਾ ਇੰਟਰਨੈਸ਼ਨਲ ਪੰਜਾਬੀ ਗਾਇਕਾ ਪ੍ਰੇਮ ਲਤਾ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਗਾ ਕੇ ਨਿਹਾਲ ਕਰਨਗੇ। ਅੱਜ ਦੇ ਸਮਾਗਮਾਂ ਮੌਕੇ ਤੇੇ ਸੰਤ ਕਿ੍ਰਸ਼ਨ ਨਾਥ ਜੀ, ਸੰਤ ਅਵਤਾਰ ਦਾਸ ਜੀ, ਸੇਵਾਦਾਰ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਸੈਕਟਰੀ ਕਮਲਜੀਤ ਖੋਥੜਾਂ, ਜਸਵਿੰਦਰ ਬਿੱਲਾ, ਰਾਮ ਜੀ ਦਾਸ ਚੰਦੜ, ਗੁਰਵਿੰਦਰਾ ਰਾਣੀ ਯੂ.ਕੇ, ਓੁਮ ਪ੍ਰਕਾਸ਼ ਮੈਹਤੋਂ, ਆਸ਼ਾ ਰਾਣੀ ਈਸਟ ਲੰਡਨ, ਇੰਦਰਜੀਤ ਕੌਰ ਇਟਲੀ, ਸਰਪੰਚ ਸੁਮਿੱਤਰੀ ਦੇਵੀ, ਸਾਬਕਾ ਸਰਪੰਚ ਤਰਸੇਮ ਲਾਲ ਪਵਾਰ, ਪੰਚ ਅਮਿਤ ਪਵਾਰ, ਬਿੰਦਰ ਜੈਤੇਵਾਲੀ, ਰਾਜ ਕੁਮਾਰ ਅਰੋੜਾ ਰਾਮ ਰਤਨ, ਪੰਚ ਵਿਨੋਧ ਕੁਮਾਰ, ਪੰਚ ਸੁਖਵਿੰਦਰ ਕੁਮਾਰ, ਪਿ੍ਰੰਸੀਪਲ ਹਰਦੀਪ ਕੌਰ, ਸੂਬੇਦਾਰ ਲਹਿਬਰ ਸਿੰਘ, ਕੇਵਲ ਕਿਸ਼ਨ ਸੰਧੂ, ਬੀ.ਆਰ ਸਿੱਧੂ, ਜੀਤ ਰਾਮ ਭਗਤ ਰਾਮ, ਰਾਮ ਪ੍ਰਕਾਸ਼, ਕਮਲਜੀਤ, ਸਰਬਜੀਤ ਲਾਲ, ਤਿਲਕ ਰਾਜ, ਸੁਰਜੀਤ ਕੌਰ, ਕਮਲੇਸ਼ ਰਾਣੀ, ਮਨਜੀਤ ਕੌਰ ਤੇ ਹੋਰ ਸੇਵਾਦਾਰ ਸੰਗਤਾਂ ਹਾਜਰ ਸਨ ਤੇ ਥਾਣਾ ਪਤਾਰਾ ਪੁਲਿਸ ਪ੍ਰਸ਼ਾਸ਼ਨ ਦੀਆਂ ਸੇਵਾਵਾਂ ਵੀ ਭਰਭੂਰ ਰਹੀਆਂ।  
ਕੈਪਸ਼ਨ- ਪਿੰਡ ਜੈਤੇਵਾਲੀ ਵਿਖੇ ਨਵੇਂ ਭਵਨ ਵਿੱਚ ਸੰਤ ਕ੍ਰਿਸ਼ਨ ਨਾਥ ਮਹਾਰਾਜ ਜੀ ਨਾਲ ਹਾਜ਼ਰ ਪ੍ਰਬੰਧਕ ਤੇ ਸਮੂਹ ਸੰਗਤਾਂ, ਤੇ ਪਿੰਡ ਸੋਭਾ ਯਾਤਰਾ ਦੌਰਾਨ ਹਾਜਰ ਸੰਗਤਾਂ।