Sunday, 28 September 2025

ਜ਼ਿਲ੍ਹਾ ਹੁਸ਼ਿਆਰਪੁਰ ਦੇ ਮੋਰਾਂਵਾਲੀ ਦੋਹਰਾ ਕਤਲ ਕਾਂਡ ਦਾ ਹੋਇਆ ਪਰਦਾਫਾਸ਼

 

ਕਲਯੁੱਗੀ ਪੁੱਤ ਹੀ ਨਿਕਲਿਆ ਆਪਣੀ ਮਾਂ ਦਾ ਕਾਤਲ 

 ਐੱਨਆਰਆਈ ਨਾਲ ਨਜਾਇਜ਼ ਸੰਬੰਧ ਹੋਣ ਦਾ ਕਰਦਾ ਸੀ ਸ਼ੱਕ, ਦੋਸਤਾਂ ਨਾਲ ਮਿਲ ਕੇ ਵਾਰਦਾਤ ਨੂੰ ਦਿੱਤਾ ਅੰਜ਼ਾਮ 


ਹੁਸ਼ਿਆਰਪੁਰ/ਗੜ੍ਹਸ਼ੰਕਰ, 28 ਸਤੰਬਰ (ਤਰਸੇਮ ਦੀਵਾਨਾ) - ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿਖੇ ਐੱਨਆਰਆਈ ਤੇ ਉਸ ਦੀ ਕੇਅਰ ਟੇਕਰ ਔਰਤ ਦੇ ਹੋਏ ਦੋਹਰੇ ਕਤਲ ਮਾਮਲੇ 'ਚ ਮ੍ਰਿਤਕ ਔਰਤ ਦਾ ਪੁੱਤ ਹੀ ਆਪਣੀ ਮਾਂ ਦਾ ਕਾਤਲ ਨਿਕਲਿਆ ਹੈ ਜਿਸ ਨੇ ਆਪਣੇ ਸਾਥੀਆਂ ਨਾਲ ਮਿਲਕੇ ਮਾਂ ਦੇ ਨਾਜਾਇਜ਼ ਸੰਬੰਧਾਂ ਦੇ ਸ਼ੱਕ ਕਾਰਨ ਇਸ ਘਟਨਾ ਨੂੰ ਦੇਰ ਰਾਤ ਅੰਜ਼ਾਮ ਦਿੱਤਾ। ਜ਼ਿਕਰਯੋਗ ਹੈ ਕਿ ਪਿੰਡ ਮੋਰਾਂਵਾਲੀ ਵਿਖੇ ਐੱਨਆਰਆਈ ਸੰਤੋਖ ਸਿੰਘ ਪੁੱਤਰ ਗਿਆਨ ਸਿੰਘ ਜੋ ਕੈਨੇਡਾ ਵਿਖੇ ਰਹਿੰਦਾ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਪਿੰਡ ਆਇਆ ਹੋਇਆ ਸੀ ਅਤੇ ਉਸਦੇ ਘਰ 'ਚ ਕੇਅਰ ਟੇਕਰ ਵਜੋਂ ਰਹਿੰਦੀ ਔਰਤ ਮਨਜੀਤ ਕੌਰ ਪਤਨੀ ਲਖਵਿੰਦਰ ਸਿੰਘ ਵਾਸੀ ਬਾਠਾਂ ਥਾਣਾ ਨੂਰਮਹਿਲ (ਜਲੰਧਰ) ਦਾ ਕੁਝ ਦਿਨ ਪਹਿਲਾਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਜਿਸ ਬਾਰੇ ਵੀਰਵਾਰ ਦੀ ਸਵੇਰ ਪਤਾ ਲੱਗਣ 'ਤੇ ਇਲਾਕੇ ਵਿਚ ਸਨਸਨੀ ਫੈਲ ਗਈ। ਥਾਣਾ ਗੜ੍ਹਸ਼ੰਕਰ ਦੇ ਐੱਸਐੱਚਓ ਦੇ ਬਿਆਨਾਂ 'ਤੇ ਪੁਲਿਸ ਵਲੋਂ ਦਰਜ ਮਾਮਲੇ ਅਨੁਸਾਰ ਮਨਜੀਤ ਕੌਰ ਅਤੇ ਐੱਨਆਰਆਈ ਦੇ ਇਸ ਕਤਲ ਦੀ ਘਟਨਾ ਵਾਪਰੀ ਸੀ ਜਿਸ ਸੰਬੰਧੀ ਕੀਤੀ ਤਹਿਕੀਕਤ ਮੁਤਾਬਿਕ ਇਹ ਸਾਹਮਣੇ ਆਇਆ ਕਿ ਇਸ ਕਤਲ ਦੀ ਵਾਰਦਾਤ ਨੂੰ ਮ੍ਰਿਤਕ ਔਰਤ ਦੇ ਪੁੱਤਰ ਮਨਦੀਪ ਸਿੰਘ ਵਾਸੀ ਬਾਠਾਂ ਹਾਲ ਵਾਸੀ ਮੋਰਾਂਵਾਲੀ ਨੇ ਆਪਣੇ 2-3 ਸਾਥੀਆਂ ਨਾਲ ਮਿਲ ਕੇ ਅੰਜ਼ਾਮ ਦਿੱਤਾ ਹੈ। ਜਾਣਕਾਰੀ ਮੁਤਾਬਿਕ ਮਨਦੀਪ ਸਿੰਘ ਦੇ ਐੱਨਆਰਆਈ ਨਾਲ ਨਜਾਇਜ਼ ਸੰਬੰਧ ਹੋਣ ਦਾ ਸ਼ੱਕ ਕਰਦਾ ਸੀ ਅਤੇ ਉਸ ਨੂੰ ਸੰਤੋਖ ਸਿੰਘ ਦੇ ਨਾਲ ਉਸ ਦੇ ਨਾਜਾਇਜ਼ ਸੰਬੰਧ ਰੱਖਣ ਤੋਂ ਰੋਕਦਾ ਸੀ, ਇਸੇ ਰੰਜਿਸ਼ ਕਰਕੇ ਮਨਦੀਪ ਸਿੰਘ ਉਰਫ ਦੀਪ ਨੇ ਆਪਣੇ 2-3 ਸਾਥੀਆਂ ਨਾਲ ਮਿਲ ਕੇ ਦੋਵਾਂ ਦਾ ਕਤਲ ਕਰ ਦਿੱਤਾ। ਪੁਲਿਸ ਵਲੋਂ ਘਟਨਾ ਨੇ ਮਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਦ ਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਰਾਮਲੀਲਾ ਦਾ ਮਾਰਕੰਡਾ ਨੇ ਕੀਤਾ ਸ਼ੁਭ ਆਰੰਭ

 


ਫਗਵਾੜਾ 27 ਸਤੰਬਰ (ਸ਼ਿਵ ਕੌੜਾ)
ਹਿਊਮਨ ਰਾਈਟਸ ਕੌਂਸਲ (ਇੰਡੀਆ) ਦੇ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਆਸ਼ੂ ਮਾਰਕੰਡਾ ਨੇ ਮਨੋਰੰਜਨ ਡਰਾਮਾਟਿਕ ਕਲੱਬ (ਰਜਿ) ਅਤੇ ਦੁਸਹਿਰਾ ਉਤਸਵ ਕਮੇਟੀ (ਰਜਿ) ਦੁਆਰਾ ਤਲਾਬ ਅਰੋੜਿਆਂ ਮੇਹਲੀ ਗੇਟ ਫਗਵਾੜਾ ਵਿਖੇ ਆਯੋਜਿਤ ਕੀਤੀ ਜਾ ਰਹੀ ਸਾਲਾਨਾ ਰਾਮਲੀਲਾ ਦੀ ਚੌਥੀ ਨਾਈਟ ਭਰਤ ਵਿਰਲਾਪ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ। ਉਨ੍ਹਾਂ ਦੇ ਨਾਲ ਗੁਲਸ਼ਨ ਸ਼ਰਮਾ ਲੱਕੀ, ਚਿਰਾਗ ਮਾਰਕੰਡਾ, ਵਿਜੇ ਅਰੋੜਾ ਅਤੇ ਆਰਿਅਨ ਅਰੋੜਾ ਵੀ ਸਨ। ਲਾਇਨ ਆਸ਼ੂ ਮਾਰਕੰਡਾ ਨੇ ਹਾਜਰੀਨ ਨੂੰ ਦੁਸਹਿਰੇ ਦੇ ਤਿਉਹਾਰ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਰਾਮਾਇਣ ਨਾ ਸਿਰਫ ਭਗਵਾਨ ਸ਼੍ਰੀ ਰਾਮ ਦੇ ਜੀਵਨ ’ਤੇ ਅਧਾਰਤ ਇੱਕ ਮਹਾਂਕਾਵਿ ਹੈ, ਬਲਕਿ ਸਨਾਤਨ ਸੱਭਿਆਚਾਰ ਅਤੇ ਭਾਰਤ ਮਾਤਾ ਦੀ ਆਤਮਾ ਦੀ ਇੱਕ ਸੁੰਦਰ ਤਸਵੀਰ ਵੀ ਪੇਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਰਾਮਾਇਣ ਦਾ ਹਰ ਕਿੱਸਾ ਇੱਕ ਪਾਸੇ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਦੇ ਫਰਜ਼ਾਂ ਨੂੰ ਖੂਬਸੂਰਤੀ ਨਾਲ ਦਰਸਾਉਂਦਾ ਹੈ, ਉੱਥੇ ਦੂਜੇ ਪਾਸੇ ਇਹ ਬੁਰਾਈ ਦੇ ਭਿਆਨਕ ਨਤੀਜਿਆਂ ਨੂੰ ਵੀ ਸਿਖਾਉਂਦਾ ਹੈ। ਆਸ਼ੂ ਮਾਰਕੰਡਾ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਭਗਵਾਨ ਸ਼੍ਰੀ ਰਾਮ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣਾ ਚਾਹੀਦਾ ਹੈ, ਕਿਉਂਕਿ ਸਿਰਫ਼ ਇੱਕ ਸੰਸਕਾਰਤ ਨੌਜਵਾਨ ਪੀੜ੍ਹੀ ਹੀ ਸਾਡੇ ਦੇਸ਼ ਵਿੱਚ ਰਾਮਰਾਜ ਸਥਾਪਤ ਕਰ ਸਕਦੀ ਹੈ ਅਤੇ ਭਾਰਤ ਨੂੰ ਵਿਸ਼ਵ ਸ਼ਾਂਤੀ ਅਤੇ ਭਲਾਈ ਦਾ ਸੰਦੇਸ਼ ਫੈਲਾਉਣ ਦੇ ਯੋਗ ਬਣਾ ਸਕਦੀ ਹੈ। ਮਨੋਰੰਜਨ ਡਰਾਮਾਟਿਕ ਕਲੱਬ ਦੇ ਪ੍ਰਧਾਨ ਸੰਜੀਵ ਅਰੋੜਾ ਬੌਬੀ ਅਤੇ ਚੇਅਰਮੈਨ ਦਵਿੰਦਰ ਸਪਰਾ ਨੇ ਆਸ਼ੂ ਮਾਰਕੰਡਾ ਅਤੇ ਉਨ੍ਹਾਂ ਦੇ ਨਾਲ ਆਏ ਪਤਵੰਤਿਆਂ ਦਾ ਸਨਮਾਨ ਕੀਤਾ। ਇਸ ਮੌਕੇ ਕਮੇਟੀ ਮੈਂਬਰ ਵਿਪਨ ਸ਼ਰਮਾ, ਰਾਜੂ ਚਾਹਲ, ਰਾਜੇਸ਼ ਪਲਟਾ, ਅੰਕੁਰ ਬੇਦੀ, ਬੰਟੂ ਵਾਲੀਆ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ। ਚੌਥੀ ਨਾਈਟ ਦੌਰਾਨ ਹਾਜਰ ਦਰਸ਼ਕਾਂ ਨੇ ਰਾਜਾ ਦਸ਼ਰਥ ਦੇ ਵਿਛੋੜੇ ‘ਚ ਭਰਤ ਵਿਰਲਾਪ ਦੇ ਦ੍ਰਿਸ਼ਾਂ ਨੂੰ ਭਾਵੁਕਤਾ ਨਾਲ ਦੇਖਿਆ।

ਕੌਮੀ ਸੇਵਕ ਰਾਮਲੀਲਾ ਕਮੇਟੀ ਨੇ ਰਾਮ ਵਨਵਾਸ ਨਾਈਟ ਦਾ ਆਯੋਜਨ ਕੀਤਾ


ਫਗਵਾੜਾ (ਸ਼ਿਵ ਕੌੜਾ)
 ਕੌਮੀ ਸੇਵਕ ਰਾਮਲੀਲਾ ਕਮੇਟੀ ਵੱਲੋਂ i ਸ਼੍ਰੀ ਹਨੂੰਮਾਨਗੜ੍ਹੀ ਮੰਦਰ ਵਿਖੇ ਆਯੋਜਿਤ ਕੀਤੀ ਜਾ ਰਹੀ ਰਾਮਲੀਲਾ ਦੀ ਚੌਥੀ ਰਾਤ ਨੂੰ, ਨਿਰਦੇਸ਼ਕ ਨਰਿੰਦਰ ਸ਼ਰਮਾ ਨਿੰਦੀ ਅਤੇ ਕਿਸ਼ੋਰ ਹੀਰ ਦੇ ਨਿਰਦੇਸ਼ਨ ਹੇਠ ਰਾਮ ਦੇ ਬਨਵਾਸ ਦੇ ਦ੍ਰਿਸ਼ ਪੇਸ਼ ਕੀਤੇ ਗਏ। ਕਮੇਟੀ ਦੇ ਚੇਅਰਮੈਨ ਬਲਦੇਵ ਰਾਜ ਸ਼ਰਮਾ ਅਤੇ ਪ੍ਰਧਾਨ ਇੰਦਰਜੀਤ ਕਰਾਵਲ ਦੀ ਪ੍ਰਧਾਨਗੀ ਹੇਠ ਆਯੋਜਿਤ ਇਸ ਰਾਤ ਦਾ ਉਦਘਾਟਨ ਡੇਰਾ ਭਗਤਪੁਰਾ ਦੇ ਮੁੱਖ ਮਹਿਮਾਨ ਸੋਨੀਆ ਮਹੰਤ, ਸਮਾਜ ਸੇਵਕ ਵਿਨੋਦ ਜਲੋਟਾ (ਅਨਿਲ ਇੰਡਸਟਰੀਜ਼) ਅਤੇ ਰਾਜਿੰਦਰ ਸੁਧੀਰ (ਐਸ. ਸੁਧੀਰ ਸਵੀਟਸ) ਨੇ ਸਾਂਝੇ ਤੌਰ 'ਤੇ ਰਿਬਨ ਕੱਟ ਕੇ ਅਤੇ ਦੀਵਾ ਜਗਾ ਕੇ ਕੀਤਾ। ਰਾਜਾ ਦਸ਼ਰਥ ਦੇ ਦਰਬਾਰ ਦਾ ਪਰਦਾ ਉੱਠਿਆ ਜਿਸ ਵਿੱਚ ਉਨ੍ਹਾਂ ਦੇ ਵੱਡੇ ਪੁੱਤਰ, ਸ਼੍ਰੀ ਰਾਮ ਨੂੰ ਕ੍ਰਾਊਨ ਪ੍ਰਿੰਸ ਵਜੋਂ ਘੋਸ਼ਿਤ ਕਰਨ ਬਾਰੇ ਚਰਚਾ ਕੀਤੀ ਗਈ। ਹਾਲਾਂਕਿ, ਆਪਣੀ ਦਾਸੀ ਮੰਥਰਾ ਦੇ ਪ੍ਰਭਾਵ ਹੇਠ, ਰਾਣੀ ਕੈਕੇਈ ਰਾਜਾ ਦਸ਼ਰਥ ਤੋਂ ਦੋ ਵਰਦਾਨ ਮੰਗਦੀ ਹੈ: ਭਰਤ ਦਾ ਰਾਜਕੁਮਾਰ ਅਤੇ ਰਾਮ ਲਈ ਚੌਦਾਂ ਸਾਲ ਦਾ ਬਨਵਾਸ। ਮਾਤਾ ਸੀਤਾ ਅਤੇ ਲਕਸ਼ਮਣ ਵੀ ਸ਼੍ਰੀ ਰਾਮ ਦੇ ਨਾਲ ਜੰਗਲ ਵਿੱਚ ਜਾਣ 'ਤੇ ਜ਼ੋਰ ਦਿੰਦੀਆਂ ਹਨ। ਇਸ ਤੋਂ ਬਾਅਦ, ਮੁੱਖ ਮੰਤਰੀ ਸੁਮੰਤ, ਭਾਰੀ ਦਿਲ ਨਾਲ, ਆਪਣੇ ਰੱਥ 'ਤੇ ਸਵਾਰ ਹੁੰਦੇ ਹਨ ਅਤੇ ਉਨ੍ਹਾਂ ਤਿੰਨਾਂ ਨੂੰ ਅਯੁੱਧਿਆ ਸ਼ਹਿਰ ਦੀ ਸੀਮਾ ਤੋਂ ਬਾਹਰ ਇੱਕ ਉਜਾੜ ਜੰਗਲ ਵਿੱਚ ਛੱਡ ਦਿੰਦੇ ਹਨ।

ਲਾਲੜੀਏ ਗੋਤ ਜਠੇਰੇ ਕਮੇਟੀ ਦੀ ਮੀਟਿੰਗ,ਸਲਾਨਾ ਮੇਲੇ ਸਬੰਧੀ ਵਿਚਾਰਾਂ

 


ਫਗਵਾੜਾ 27 ਸਤੰਬਰ (ਸ਼ਿਵ ਕੌੜਾ)
ਲਾਲੜੀਏ ਗੋਤ ਜਠੇਰੇ ਕਮੇਟੀ ਦੀ ਮੀਟਿੰਗ ਕਮੇਟੀ ਪ੍ਰਧਾਨ ਜਸਬੀਰ ਸਿੰਘ ਦੀ ਅਗਵਾਈ ਹੇਠ ਪਿੰਡ ਪੱਲੀਆਂ ਕਲਾਂ (ਨਵਾਂਸ਼ਹਿਰ) ਵਿਖੇ ਹੋਈ। ਜਿਸ ਵਿੱਚ 2 ਨਵੰਬਰ ਦਿਨ ਐਤਵਾਰ ਨੂੰ ਸਲਾਨਾ ਜਠੇਰੇ ਜੋੜ ਮੇਲਾ ਕਰਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰ ਮੇਜਰ ਸਿੰਘ ਸੈਣੀ ਨੇ ਦੱਸਿਆ ਕਿ 31 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। ਜਿਸ ਤੋਂ ਬਾਅਦ 2 ਨਵੰਬਰ ਨੂੰ ਸਵੇਰੇ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਪਰੰਤ ਰਾਗੀ ਜੱਥੇਦਿਆਂ ਵਲੋਂ ਕੀਰਤਨ ਸਰਵਣ ਕਰਵਾਇਆ ਜਾਵੇਗਾ। ਚਾਹ ਪਕੌੜੇ ਅਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਜਾਵੇਗੀ। ਪ੍ਰਬੰਧਕਾਂ ਨੇ ਦੱਸਿਆ ਕਿ ਸਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਜੋਰ-ਸ਼ੋਰ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਹਨਾਂ ਸਮੂਹ ਲਾਲੜੀਏ ਗੋਤਰ ਪਰਿਵਾਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਇਸ ਸਲਾਨਾ ਜੋੜ ਮੇਲੇ ਅਤੇ ਉਸਾਰੀ ਅਧੀਨ ਇਮਾਰਤ ਦੇ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਕ੍ਰਿਪਾਲਤਾ ਕਰਨ। ਇਸ ਮੌਕੇ ਸਰਬਜੀਤ ਸਾਬੀ ਪਠਲਾਵਾ, ਗੁਰਦਿਆਲ ਸਿੰਘ ਪਠਲਾਵਾ, ਮਾਸਟਰ ਤਰਲੋਚਨ ਸਿੰਘ ਪਠਲਾਵਾ, ਚਰਨ ਸਿੰਘ ਪਠਲਾਵਾ, ਪਟਵਾਰੀ ਚਰਨਜੀਤ ਸਿੰਘ, ਬਲਦੇਵ ਸਿੰਘ ਬਰਨਾਲਾ, ਕੁਲਦੀਪ ਸਿੰਘ, ਜਰਨੈਲ ਸਿੰਘ, ਜੋਗਿੰਦਰ ਜੀਤ ਸਿੰਘ, ਜਸਪਾਲ ਸਿੰਘ ਪਾਲਾ ਆਦਿ ਹਾਜਰ ਸਨ।

ਦੁਸਹਿਰਾ ਕਮੇਟੀ, ਹਦੀਆਬਾਦ ਨੇ ਕੀਤਾ ਸ਼੍ਰੀ ਰਾਮ ਵਿਆਹ ਨਾਈਟ ਦਾ ਸ਼ਾਨਦਾਰ ਆਯੋਜਨ

   


ਫਗਵਾੜਾ 27 ਸਤੰਬਰ (ਸ਼ਿਵ ਕੌੜਾ)-
ਦੁਸਹਿਰਾ ਕਮੇਟੀ (ਰਜਿ) ਹਦੀਆਬਾਦ ਫਗਵਾੜਾ ਵਲੋਂ ਦੁਸਹਿਰਾ ਉਤਸਵ ਦੇ ਸਬੰਧ ‘ਚ ਹਦੀਆਬਾਦ ਦੇ ਸ਼ਾਂਤੀ ਤਾਲ ਵਿਖੇ ਆਯੋਜਿਤ ਕੀਤੀ ਜਾ ਰਹੀ ਰਾਮਲੀਲਾ ਦੌਰਾਨ ਸ਼੍ਰੀ ਰਾਮ ਵਿਆਹ ਨਾਈਟ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਕਮੇਟੀ ਦੇ ਪ੍ਰਧਾਨ ਦਿਨੇਸ਼ ਦੁੱਗਲ (ਭਾਊ) ਦੀ ਨਿਗਰਾਨੀ ਅਤੇ ਮਨੀਸ਼ ਚੌਧਰੀ ਦੇ ਨਿਰਦੇਸ਼ਨ ਹੇਠ ਭਗਵਾਨ ਰਾਮ, ਲਕਸ਼ਮਣ, ਭਰਤ ਅਤੇ ਸ਼ਤਰੂਘਨ ਦੀ ਸਟੇਜ ‘ਤੇ ਸਿਹਰਾਬੰਦੀ ਤੋਂ ਬਾਅਦ ਘੋੜ ਚੜ੍ਹੀ ਵਜੋਂ ਸ਼ੋਭਾ ਯਾਤਰਾ ਕੱਢੀ ਗਈ। ਜੋ ਕਿ ਸ਼੍ਰੀ ਰਾਮ ਕ੍ਰਿਸ਼ਨ ਗਊਸ਼ਾਲਾ ਪਹੁੰਚੀ। ਸ਼ੋਭਾ ਯਾਤਰਾ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਸ਼ਰਧਾਲੂ ਮੌਜੂਦ ਸਨ। ਗਊਸ਼ਾਲਾ ਪ੍ਰਬੰਧਨ ਕਮੇਟੀ ਵਲੋਂ ਸ਼ੋਭਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਵਾਪਸੀ ’ਤੇ, ਸ਼ਾਂਤੀ ਤਾਲ ਵਿਖੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਕਮੇਟੀ ਦੇ ਪ੍ਰਧਾਨ ਦਿਨੇਸ਼ ਦੁੱਗਲ (ਭਾਊ) ਅਤੇ ਡਾਇਰੈਕਟਰ ਮਨੀਸ਼ ਚੌਧਰੀ ਨੇ ਦੱਸਿਆ ਕਿ ਦੁਸਹਿਰਾ ਮੇਲਾ 2 ਅਕਤੂਬਰ ਦਿਨ ਸ਼ਨੀਵਾਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ। ਪੰਜਾਹ ਫੁੱਟ ਤੋਂ ਉੱਚੇ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਅਗਨੀ ਭੇਂਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਾਲ 57ਵੀਂ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਹਦੀਆਬਾਦ ਦੀ ਰਾਮਲੀਲਾ ਫਗਵਾੜਾ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਬਹੁਤ ਪ੍ਰਸਿੱਧ ਹੈ। ਦੂਰ-ਦੂਰ ਤੋਂ ਸ਼ਰਧਾਲੂ ਅਤੇ ਦਰਸ਼ਕ ਲਕਸ਼ਮਣ ਮੂਰਛਾ ਨਾਈਟ ਦੇਖਣ ਲਈ ਪਹੁੰਚਦੇ ਹਨ। ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਹਮੇਸ਼ਾ ਦੀ ਤਰ੍ਹਾਂ ਆਪਣੇ ਪਰਿਵਾਰਾਂ ਸਮੇਤ ਰਾਮਲੀਲਾ ਅਤੇ ਦੁਸਹਿਰਾ ਮੇਲੇ ਵਿੱਚ ਸ਼ਾਮਲ ਹੋ ਕੇ ਤਿਉਹਾਰਾਂ ਦੀ ਰੌਣਕ ਵਧਾਉਣ ਦੀ ਪੁਰਜੋਰ ਅਪੀਲ ਕੀਤੀ। ਕਮੇਟੀ ਦੇ ਸਰਪ੍ਰਸਤ ਅਸ਼ੋਕ ਉੱਪਲ ਅਤੇ ਗੁਰਦਿਆਲ ਸੈਣੀ ਨੇ ਸ਼ੋਭਾ ਯਾਤਰਾ ਵਿੱਚ ਸਹਿਯੋਗ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਮੁੱਖ ਮੰਤਰੀ ਨੇ ਸੂਬੇ ‘ਚ ਹਾਕੀ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਦਾ ਪ੍ਰਣ ਲਿਆ


ਖੇਡਾਂ ਖਾਸ ਕਰਕੇ ਹਾਕੀ ਪ੍ਰਤੀ ਲਗਾਅ ਨੂੰ ਚੇਤੇ ਕੀਤਾ

ਕਿਹਾ, ਪੰਜਾਬ ਦੇ ਖਿਡਾਰੀਆਂ ਨੇ ਕੌਮਾਂਤਰੀ ਪੱਧਰ 'ਤੇ ਹਾਕੀ ਦਾ ਨਾਂ ਮੁੜ ਚਮਕਾਇਆ

ਕਿਹਾ, ਜਲੰਧਰ ਅਤੇ ਅੰਮ੍ਰਿਤਸਰ ਵਿਖੇ ਬਣਾਏ ਜਾਣਗੇ ਦੋ ਅਲਟਰਾ ਮਾਡਰਨ ਸਪੋਰਟਸ ਕੰਪਲੈਕਸ
ਜਲੰਧਰ, 27 ਸਤੰਬਰ (ਅਮਰਜੀਤ ਸਿੰਘ)-:
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਵਿੱਚ ਹਾਕੀ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਨ ਦਾ ਪ੍ਰਣ ਲਿਆ। ਅੱਜ ਇੱਥੇ ਪੰਜਾਬ ਹਾਕੀ ਲੀਗ 2025 ਦੇ ਫਾਈਨਲ ਮੈਚ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮਾਣ ਅਤੇ ਸੰਤੁਸ਼ਟੀ ਦੀ ਗੱਲ ਹੈ ਕਿ ਪਹਿਲੀ ਜੂਨੀਅਰ ਹਾਕੀ ਲੀਗ ਪੰਜਾਬ ਹਾਕੀ ਅਤੇ ਰਾਊਂਡ ਗਲਾਸ ਅਕਾਦਮੀ ਦੁਆਰਾ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਹਾਕੀ ਦੇ ਖੇਤਰ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਇਨਾਮੀ ਰਾਸ਼ੀ ਵਾਲੀ ਲੀਗ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲੀਗ ਮੋਹਾਲੀ ਤੋਂ ਸ਼ੁਰੂ ਕੀਤੀ ਗਈ ਸੀ, ਜਿਸਦੇ ਫਾਈਨਲ ਜਲੰਧਰ ਵਿੱਚ ਖੇਡੇ ਜਾ ਰਹੇ ਹਨ।
            ਮੁੱਖ ਮੰਤਰੀ ਨੇ ਕਿਹਾ ਕਿ ਸੀਨੀਅਰ ਖਿਡਾਰੀਆਂ ਲਈ ਤਾਂ ਵੱਖ-ਵੱਖ ਲੀਗ ਮੈਚ ਕਰਵਾਏ ਜਾਂਦੇ ਹਨ, ਪਰ ਇਹ ਦੇਸ਼ ਵਿੱਚ ਸ਼ੁਰੂ ਕੀਤੀ ਗਈ ਪਹਿਲੀ ਜੂਨੀਅਰ ਲੀਗ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਯਾਦਗਾਰੀ ਮੌਕਾ ਹੈ ਕਿਉਂਕਿ ਇੱਥੇ ਸੁਰਜੀਤ ਹਾਕੀ ਸਟੇਡੀਅਮ ਵਿੱਚ, ਪੰਜਾਬ ਦੇ ਮਹਾਨ ਹਾਕੀ ਖਿਡਾਰੀ, ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ, ਇਕੱਠੇ ਹੋਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪ੍ਰਦਰਸ਼ਨੀ ਮੈਚ ਵਿੱਚ, ਲੈਜੈਂਡ ਇਲੈਵਨ ਦਾ ਸਟਾਰ ਇਲੈਵਨ ਨਾਲ ਮੁਕਾਬਲਾ ਹੋਇਆ। ਉਨ੍ਹਾਂ ਅੱਗੇ ਕਿਹਾ ਕਿ ਲੈਜੈਂਡ ਇਲੈਵਨ ਦੀ ਅਗਵਾਈ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਓਲੰਪੀਅਨ ਗਗਨ ਅਜੀਤ ਸਿੰਘ ਕਰ ਰਹੇ ਸਨ, ਜੋ ਇਸ ਸਮੇਂ ਮਾਲੇਰਕੋਟਲਾ ਦੇ ਐਸਐਸਪੀ ਹਨ, ਜਦੋਂ ਕਿ ਸਟਾਰ ਇਲੈਵਨ ਦੀ ਅਗਵਾਈ ਮੌਜੂਦਾ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਕਰ ਰਹੇ ਸਨ।
            ਮੁੱਖ ਮੰਤਰੀ ਨੇ ਕਿਹਾ ਕਿ ਸੁਰਜੀਤ ਹਾਕੀ ਸਟੇਡੀਅਮ ਨੇ ਭਾਰਤੀ ਹਾਕੀ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦਾ ਪਲ ਵੀ ਹੈ ਕਿਉਂਕਿ 1975 ਦਾ ਹਾਕੀ ਵਿਸ਼ਵ ਕੱਪ ਜਿੱਤਣ ਵਾਲੇ ਖਿਡਾਰੀ ਅਤੇ 2001 ਵਿੱਚ ਜੂਨੀਅਰ ਵਿਸ਼ਵ ਕੱਪ ਜਿੱਤਣ ਵਾਲੇ ਖਿਡਾਰੀ ਇਸ ਸਟੇਡੀਅਮ ਵਿੱਚ ਮੌਜੂਦ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਸਮਾਗਮ ਨੇ ਹਾਕੀ ਦੀਆਂ ਤਿੰਨ ਪੀੜ੍ਹੀਆਂ ਨੂੰ ਇਕੱਠਾ ਕੀਤਾ ਅਤੇ ਕਿਹਾ ਕਿ ਪੰਜਾਬ ਦਾ ਦੇਸ਼ ਲਈ ਖੇਡਾਂ ‘ਚ ਸਭ ਤੋਂ ਵੱਡਾ ਯੋਗਦਾਨ ਹਾਕੀ ਵਿੱਚ ਰਿਹਾ ਹੈ।
            ਮੁੱਖ ਮੰਤਰੀ ਨੇ ਕਿਹਾ ਕਿ ਅੱਜ ਪੰਜਾਬ ਜੂਨੀਅਰ ਹਾਕੀ ਲੀਗ ਦਾ ਫਾਈਨਲ ਹੈ ਅਤੇ ਇਸ ਲੀਗ ਦੀ ਖਾਸ ਗੱਲ ਇਹ ਸੀ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਟੀਮਾਂ ਖੇਡਣ ਆਈਆਂ। ਉਨ੍ਹਾਂ ਕਿਹਾ ਕਿ ਜੂਨੀਅਰ ਹਾਕੀ ਲੀਗ ਵਿੱਚ ਹੁਣ ਤੱਕ ਸਭ ਤੋਂ ਵੱਧ ਇਨਾਮੀ ਰਾਸ਼ੀ ਰੱਖੀ ਗਈ ਸੀ ਅਤੇ ਇਹ ਲੀਗ ਮੋਹਾਲੀ ਤੋਂ ਸ਼ੁਰੂ ਹੋਈ ਸੀ ਅਤੇ ਹੁਣ ਫਾਈਨਲ ਦੋਆਬੇ ਦੀ ਧਰਤੀ ਜਲੰਧਰ ਵਿੱਚ ਖੇਡਿਆ ਜਾ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੀਨੀਅਰਾਂ ਲਈ ਬਹੁਤ ਸਾਰੇ ਲੀਗ ਮੈਚ ਕਰਵਾਏ ਜਾਂਦੇ ਹਨ, ਪਰ ਇਹ ਭਾਰਤ ਵਿੱਚ ਸ਼ੁਰੂ ਕੀਤੀ ਗਈ ਪਹਿਲੀ ਜੂਨੀਅਰ ਲੀਗ ਹੈ।
             ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਵਿੱਚ ਨੌਂ ਖਿਡਾਰੀ ਪੰਜਾਬ ਦੇ ਸਨ ਅਤੇ ਉਨ੍ਹਾਂ ਕਿਹਾ ਕਿ ਪਿਛਲੇ ਦੋ ਓਲੰਪਿਕ ਜਿੱਥੇ ਭਾਰਤ ਨੇ ਤਗਮੇ ਜਿੱਤੇ ਸਨ, ਹਰ ਵਾਰ ਪੰਜਾਬ ਦੇ ਨੌਂ ਖਿਡਾਰੀ ਟੀਮ ਵਿੱਚ ਸਨ। ਉਨ੍ਹਾਂ ਕਿਹਾ ਕਿ ਜਲੰਧਰ ਨੂੰ ਸਪੋਰਟਸ ਕੈਪੀਟਲ ਕਿਹਾ ਜਾਂਦਾ ਹੈ ਅਤੇ ਬਰਲਟਨ ਪਾਰਕ, ਸੁਰਜੀਤ ਹਾਕੀ ਸਟੇਡੀਅਮ ਅਤੇ ਸਪੋਰਟਸ ਕਾਲਜ ਦੁਨੀਆ ਭਰ ਵਿੱਚ ਮਸ਼ਹੂਰ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੈਰਿਸ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਟੀਮ ਵਿੱਚ ਚਾਰ ਖਿਡਾਰੀ - ਮਨਪ੍ਰੀਤ ਸਿੰਘ, ਮਨਦੀਪ ਸਿੰਘ, ਹਾਰਦਿਕ ਸਿੰਘ ਅਤੇ ਸੁਖਜੀਤ ਸਿੰਘ - ਜਲੰਧਰ ਤੋਂ ਸਨ। ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ ਵਿੱਚ ਬਣੇ ਫੁੱਟਬਾਲ, ਰਗਬੀ ਬਾਲ ਅਤੇ ਹੋਰ ਖੇਡ ਉਪਕਰਣ ਵਿਸ਼ਵ ਕੱਪ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਵਰਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦੁਨੀਆ ਦੇ ਚੋਟੀ ਦੇ ਬੱਲੇਬਾਜ਼ ਜਲੰਧਰ ਵਿੱਚ ਬਣੇ ਕ੍ਰਿਕਟ ਬੱਲਿਆਂ ਨਾਲ ਖੇਡਦੇ ਹਨ ਅਤੇ ਕਿਹਾ ਕਿ ਪੰਜਾਬ ਵਿੱਚ ਖੇਡਾਂ ਦੀਆਂ ਜੜ੍ਹਾਂ ਜਲੰਧਰ ਤੋਂ ਲੱਗੀਆਂ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਲੰਧਰ ਵਿੱਚ ਜਨਮੇ ਕ੍ਰਿਕਟਰ ਹਰਭਜਨ ਸਿੰਘ ਨੇ ਦੁਨੀਆ ਭਰ ਵਿੱਚ ਭਾਰਤ ਦਾ ਮਾਣ ਵਧਾਇਆ ਅਤੇ ਉਨ੍ਹਾਂ ਦੇ ਯੋਗਦਾਨ ਕਾਰਨ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਵਜੋਂ ਨਾਮਜ਼ਦ ਕੀਤਾ ਗਿਆ ਹੈ।  ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਜਲੰਧਰ ਨੂੰ ਖੇਡਾਂ ਦੇ ਧੁਰੇ ਵਜੋਂ ਹੋਰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੱਤ ਖਿਡਾਰੀਆਂ ਨੂੰ ਡੀਐਸਪੀ ਅਤੇ ਚਾਰ ਖਿਡਾਰੀਆਂ ਨੂੰ ਪੀਸੀਐਸ ਅਧਿਕਾਰੀ ਨਿਯੁਕਤ ਕੀਤਾ ਹੈ, ਜਿਨ੍ਹਾਂ ਵਿੱਚੋਂ ਨੌਂ ਹਾਕੀ ਖਿਡਾਰੀ, ਇੱਕ ਕ੍ਰਿਕਟਰ ਅਤੇ ਇੱਕ ਐਥਲੀਟ ਸ਼ਾਮਲ ਹਨ। ਉਨ੍ਹਾਂ ਨੇ ਇਸ ਵੱਕਾਰੀ ਸਮਾਗਮ ਨੂੰ ਕਰਵਾਉਣ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਇੱਕ ਵੱਡੇ ਖੇਡ ਪ੍ਰੇਮੀ ਹਨ ਅਤੇ ਇਸੇ ਲਈ ਖੇਡਾਂ ਨੂੰ ਹੁਲਾਰਾ ਦੇਣ ਵਾਸਤੇ ਉਨ੍ਹਾਂ ਨੇ ਖੇਡ ਵਿਭਾਗ ਦਾ ਚਾਰਜ ਆਪਣੇ ਕੋਲ ਰੱਖਿਆ ਹੈ।
            ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਖੇਡਾਂ ਨੂੰ ਹੁਲਾਰਾ ਦੇਣ ਲਈ ਸੂਬੇ ਦੇ ਪਿੰਡਾਂ ਵਿੱਚ 3000 ਤੋਂ ਵੱਧ ਖੇਡ ਸਟੇਡੀਅਮ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਪਹਿਲਾਂ ਹੀ ਇਸ ਦਿਸ਼ਾ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੀਆਂ ਹਨ, ਜਿਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਦੂਰ ਕਰਨ ਲਈ ਵੱਡਾ ਯੋਗਦਾਨ ਪਾਇਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਲੰਧਰ ਦੇ ਬਰਲਟਨ ਪਾਰਕ ਨੂੰ ਪਹਿਲਾਂ ਹੀ ਇੱਕ ਖੇਡ ਧੁਰੇ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਹੁਣ ਅੰਮ੍ਰਿਤਸਰ ਵਿਖੇ ਵੀ ਵਿਸ਼ਵ ਪੱਧਰੀ ਖੇਡ ਕੇਂਦਰ ਵਿਕਸਤ ਕੀਤਾ ਜਾਵੇਗਾ।
             ਇਸ ਦੌਰਾਨ  ਕੈਬਨਿਟ ਮੰਤਰੀ ਮੋਹਿੰਦਰ ਭਗਤ, ਹਾਕੀ ਪੰਜਾਬ ਦੇ ਪ੍ਰਧਾਨ ਅਤੇ ਹਾਕੀ ਇੰਡੀਆ ਦੇ ਉਪ ਪ੍ਰਧਾਨ ਨਿਤਿਨ ਕੋਹਲੀ, ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਅਤੇ ਹੋਰਨਾਂ ਨੇ ਚੜ੍ਹਦੀ ਕਲਾ ਮਿਸ਼ਨ ਵਿੱਚ ਯੋਗਦਾਨ ਵਜੋਂ ਮੁੱਖ ਮੰਤਰੀ ਨੂੰ 50 ਲੱਖ ਰੁਪਏ ਦਾ ਚੈੱਕ ਸੌਂਪਿਆ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਵੱਖ-ਵੱਖ ਅੰਤਰਰਾਸ਼ਟਰੀ ਹਾਕੀ ਮੁਕਾਬਲਿਆਂ ਦੌਰਾਨ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਉੱਘੇ ਓਲੰਪੀਅਨਾਂ ਦਾ ਸਨਮਾਨ ਵੀ ਕੀਤਾ।

ਚੇਤਨਾ ਪ੍ਰਾਜੈਕਟ ; ਵਿਦਿਆਰਥੀਆਂ ਨੂੰ ਹੁਣ ਵਿੱਤੀ ਸਾਖ਼ਰਤਾ ਤੇ ਡਿਜੀਟਲ ਧੋਖਾਧੜੀ ਤੋਂ ਬਚਣ ਲਈ ਵੀ ਦਿੱਤੀ ਜਾਵੇਗੀ ਸਿਖ਼ਲਾਈ



ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਅਹੁਦੇਦਾਰਾਂ ਨੂੰ ਵਿਸਥਾਰਤ ਯੋਜਨਾ ਤਿਆਰ ਕਰਨ ਲਈ ਕਿਹਾ
ਜਲੰਧਰ, 27 ਸਤੰਬਰ (ਅਮਰਜੀਤ ਸਿੰਘ)-:
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਚੇਤਨਾ’ ਪ੍ਰਾਜੈਕਟ ਦਾ ਵਿਸਥਾਰ ਕਰਦਿਆਂ ਹੁਣ ਸਕੂਲੀ ਵਿਦਿਆਰਥੀਆਂ ਨੂੰ ਲਾਈਫ਼ ਸੇਵਿੰਗ ਸਕਿੱਲਜ਼ ਦੇ ਨਾਲ-ਨਾਲ ਵਿੱਤੀ ਸਾਖ਼ਰਤਾ ਅਤੇ ਡਿਜੀਟਲ ਧੋਖਾਧੜੀ ਤੋਂ ਬਚਣ ਸਬੰਧੀ ਸਿਖ਼ਲਾਈ ਵੀ ਪ੍ਰਦਾਨ ਕੀਤੀ ਜਾਵੇਗੀ।
     ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਅਹੁਦੇਦਾਰਾਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਨੂੰ ਸੁਚਾਰੂ ਅਤੇ ਵਿਸਥਾਰਪੂਰਵਕ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਸਬੰਧਤ ਸਕੂਲਾਂ ਨਾਲ ਅਗਾਊਂ ਹੀ ਤਾਲਮੇਲ ਸਥਾਪਤ ਕਰਨ ਦੀਆਂ ਹਦਾਇਤਾਂ ਕੀਤੀਆਂ, ਜਿਨ੍ਹਾਂ ਵਿੱਚ ਇਹ ਸਿਖ਼ਲਾਈ ਪ੍ਰਦਾਨ ਕੀਤੀ ਜਾਣੀ ਹੈ।
   ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਟ੍ਰੇਨਿੰਗ 6ਵੀਂ ਤੋਂ 8ਵੀਂ ਅਤੇ 9ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਟ੍ਰੇਨਰਾਂ ਅਤੇ ਅਧਿਆਪਕਾਂ ਦੀ ਮਦਦ ਨਾਲ ਮੁਹੱਈਆ ਕਰਵਾਈ ਜਾਵੇਗੀ। ਡਾ. ਅਗਰਵਾਲ ਨੇ ਕਿਹਾ ਕਿ ਇਹ ਉਪਰਾਲਾ ਨਵੀਂ ਪੀੜ੍ਹੀ ਨੂੰ ਅੱਜ ਦੇ ਜੀਵਨ ਨਾਲ ਸਬੰਧਤ ਜ਼ਰੂਰੀ ਗਿਆਨ ਦੇਣ ਅਤੇ ਆਧੁਨਿਕ ਸਮੇਂ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਲਈ ਬਹੁਤ ਅਹਿਮ ਹੈ। ਉਨ੍ਹਾਂ ਦੱਸਿਆ ਕਿ ਚੇਤਨਾ ਪ੍ਰਾਜੈਕਟ ਤਹਿਤ ਮੁੱਢਲੀ ਸਹਾਇਤਾ, ਸੀ.ਪੀ.ਆਰ., ਐਮਰਜੈਂਸੀ ਹਾਲਾਤ ਵਿੱਚ ਮਰੀਜ਼/ਜ਼ਖਮੀ ਨੂੰ ਤੁਰੰਤ ਸਹਾਇਤਾ ਮੁਹੱਈਆ ਕਰਵਾਉਣ ਬਾਰੇ ਵਿਦਿਆਰਥੀਆਂ ਨੂੰ ਪਹਿਲਾਂ ਹੀ ਸਿਖ਼ਲਾਈ ਪ੍ਰਦਾਨ ਕੀਤੀ ਜਾ ਰਹੀ ਹੈ।
         ਉਨ੍ਹਾਂ ਅੱਗੇ ਦੱਸਿਆ ਕਿ ਵਿੱਤੀ ਸਾਖ਼ਰਤਾ ਤਹਿਤ ਵਿਦਿਆਰਥੀਆਂ ਨੂੰ ਬਜਟ ਬਣਾਉਣ, ਬੱਚਤ, ਨਿਵੇਸ਼ ਆਦਿ ਬਾਰੇ ਜਾਣੂ ਕਰਵਾਇਆ ਜਾਵੇਗਾ, ਜਿਸ ਨਾਲ ਉਹ ਭਵਿੱਖ ਵਿੱਚ ਆਪਣੇ ਵਿੱਤ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨ ਦੇ ਯੋਗ ਹੋਣਗੇ। ਜਦਕਿ ਮੌਜੂਦਾ ਸਮੇਂ ਵਧ ਰਹੀ ਡਿਜੀਟਲ ਧੋਖਾਧੜੀ ਤੋਂ ਬਚਾਅ ਲਈ ਵਿਦਿਆਰਥੀਆਂ ਨੂੰ ਆਨਲਾਈਨ ਸੁਰੱਖਿਆ, ਸਾਈਬਰ ਕ੍ਰਾਈਮ ਤੋਂ ਬਚਾਅ ਅਤੇ ਡਿਜੀਟਲ ਜਾਗਰੂਕਤਾ ਬਾਰੇ ਸਿਖ਼ਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀ ਆਪਣੇ-ਆਪ ਨੂੰ ਸੁਰੱਖਿਅਤ ਕਰਨ ਦੇ ਨਾਲ-ਨਾਲ ਆਪਣੇ ਪਰਿਵਾਰ ਤੇ ਸਮਾਜ ਨੂੰ ਵੀ ਜਾਗਰੂਕ ਕਰ ਸਕਣਗੇ।

ਪਰਾਲੀ ਪ੍ਰਬੰਧਨ ਖੇਤੀ ਮਸ਼ੀਨਾਂ ਲਈ ਆਸਾਨ ਤਰੀਕੇ ਨਾਲ ਮੁੱਹਈਆ ਕਰਵਾਈ ਜਾਵੇ ਕਰਜ਼ੇ ਦੀ ਸਹੂਲਤ


ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ 'ਚ ਬੈਂਕਾਂ ਦੀ ਕਾਰਗੁਜ਼ਾਰੀ ਦਾ ਲਿਆ ਜਾਇਜ਼ਾ
ਜਲੰਧਰ, 27 ਸਤੰਬਰ (ਅਮਰਜੀਤ ਸਿੰਘ)-
ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਵਿਸ਼ੇਸ਼ ਤਿਮਾਹੀ ਸਮੀਖਿਆ ਮੀਟਿੰਗ ਸਹਾਇਕ ਕਮਿਸ਼ਨਰ (ਜਨਰਲ) ਰੋਹਿਤ ਜਿੰਦਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਵਿੱਤੀ ਸਾਲ 2025- 2026 ਦੀ ਸਲਾਨਾ ਕਰਜ਼ਾ ਯੋਜਨਾ ਦੀ 30 ਜੂਨ, 2025 ਨੂੰ ਖ਼ਤਮ ਹੋਈ ਤਿਮਾਹੀ ਲਈ ਮਿੱਥੇ ਗਏ ਟੀਚੇ ਅਤੇ ਨਤੀਜਿਆਂ ਦੀ ਸਮੀਖਿਆ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਹਾਇਕ ਕਮਿਸ਼ਨਰ ਨੇ ਬੈਂਕਾਂ ਨੂੰ ਹਦਾਇਤ ਕੀਤੀ ਕਿ ਪਰਾਲੀ ਦੀ ਸੰਭਾਲ ਲਈ ਖੇਤੀ ਮਸ਼ੀਨਾਂ ਦੀ ਖਰੀਦ ਲਈ ਕਿਸਾਨਾਂ ਨੂੰ ਆਸਾਨ ਤਰੀਕੇ ਨਾਲ ਕਰਜੇ ਦੀ ਸਹੂਲਤ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਬੈਂਕਾਂ ਨੂੰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਤਹਿਤ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਕਰਜ਼ੇ ਦੀ ਸਹੂਲਤ ਪ੍ਰਦਾਨ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਬੈਂਕਾਂ ਨੂੰ ਕਿਹਾ ਕਿ ਸਵੈ-ਸਹਾਇਤਾ ਸਮੂਹਾਂ ਦੀਆਂ ਕਰਜ਼ੇ ਲਈ ਪ੍ਰਾਪਤ ਅਰਜ਼ੀਆਂ ਦਾ ਜਲਦ ਨਿਪਟਾਰਾ ਕੀਤਾ ਜਾਵੇ ਅਤੇ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਵੱਧ ਤੋਂ ਵੱਧ ਕਰਜ਼ਾ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ ਕੰਮ ਕਰਦੇ ਸਾਰੇ ਸਰਕਾਰੀ, ਸਹਿਕਾਰੀ ਅਤੇ ਗੈਰ ਸਰਕਾਰੀ ਬੈਂਕਾਂ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ ਅਤੇ ਕਰਜ਼ੇ ਅਤੇ ਸੀ. ਡੀ. ਰੇਸ਼ੋ ਦੇ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਲਈ ਬੈਂਕਾਂ ਨੂੰ ਨਿਰਦੇਸ਼ ਦਿੱਤੇ। ਮੀਟਿੰਗ ਦੇ ਕਨਵੀਨਰ ਐਲ.ਡੀ.ਐਮ.ਐੱਮ. ਐੱਸ. ਮੋਤੀ ਨੇ ਦੱਸਿਆ ਕਿ ਬੈਂਕਾਂ ਨੇ 30 ਜੂਨ , 2025 ਨੂੰ ਖਤਮ ਹੋਈ ਤਿਮਾਹੀ ਲਈ ਮਿੱਥੇ ਗਏ ਤਰਜੀਹੀ ਖੇਤਰ ਟੀਚੇ 4216 ਕਰੋੜ ਸਾਹਮਣੇ 7983  ਕਰੋੜ ਦੇ ਕਰਜ਼ੇ ਮਨਜ਼ੂਰ ਕੀਤੇ ਹਨ ਅਤੇ ਤਿਮਾਹੀ ਦੇ ਸਾਰੇ ਕਰਜ਼ ਟੀਚੇ ਪੂਰੇ ਕਰ ਲਏ ਗਏ ਹਨ। ਖੇਤੀਬਾੜੀ ਕਰਜ਼ੇ ਦੇ 1148 ਕਰੋੜ ਟੀਚੇ ਦੇ ਸਾਹਮਣੇ 1319 ਕਰੋੜ ਰੁਪਏ ਦੇ ਕਰਜ਼ੇ ਦਿੱਤੇ ਹਨ, ਜੋ ਕਿ  ਟੀਚੇ ਦਾ 114.89 ਫੀਸਦੀ ਹੈ।  ਜੂਨ ਤਿਮਾਹੀ ਦੇ ਅਖੀਰ ਤੱਕ ਕੁੱਲ ਕਰਜ਼ੇ  11206  ਕਰੋੜ ਰੁਪਏ ਦੇ ਵੰਡੇ ਗਏ ਹਨ। ਮੀਟਿੰਗ ਵਿੱਚ  ਰਿਜ਼ਰਵ ਬੈਂਕ ਆਫ ਇੰਡੀਆ, ਚੰਡੀਗੜ੍ਹ ਤੋਂ ਅਲੋਕ ਰੰਜਨ ਐਲ. ਡੀ. ਓ, ਯੂਕੋ ਬੈਂਕ ਜ਼ੋਨਲ ਆਫਿਸ ਤੋਂ ਚੀਫ਼ ਮੈਨੇਜਰ ਸਵਪਨਿਲ ਮਿਸ਼ਰਾ, ਰੂਡਸੈੱਟ  ਦੇ ਡਾਇਰੈਕਟਰ ਸੰਜੀਵ ਚੌਹਾਨ,ਜ਼ਿਲ੍ਹਾ ਖੇਤੀਬਾੜੀ , ਬਾਗਬਾਨੀ,ਮੱਛੀ ਪਾਲਣ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੇ ਵੀ ਮੀਟਿੰਗ ਵਿੱਚ ਸ਼ਿਰਕਤ ਕੀਤੀ।


Saturday, 27 September 2025

ਏ.ਜੀ.ਆਈ ਗਲੋਬਲ ਸਕੂਲ ਵੱਲੋਂ ਦਾਦਾ–ਦਾਦੀ ਤੇ ਨਾਨਾ–ਨਾਨੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ


ਜਲੰਧਰ, 27 ਸਤੰਬਰ (ਅਮਰਜੀਤ ਸਿੰਘ)-
ਏ.ਜੀ.ਆਈ ਗਲੋਬਲ ਸਕੂਲ ਵਿੱਚ “ਰੂਟਸ ਐਂਡ ਵਿਂਗਜ਼”, ਦਾਦਾ–ਦਾਦੀ ਸਮਾਰੋਹ ਵੱਡੇ ਪਿਆਰ ਤੇ ਖੁਸ਼ੀ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਦਿਨ ਬੱਚਿਆਂ ਦੇ ਦਾਦਾ–ਦਾਦੀ ਤੇ ਨਾਨਾ–ਨਾਨੀ ਲਈ ਸਮਰਪਿਤ ਸੀ। ਸਕੂਲ ਨੂੰ ਰੰਗ–ਬਿਰੰਗੇ ਪੋਸਟਰਾਂ, ਬੱਚਿਆਂ ਦੀਆਂ ਬਣਾਈਆਂ ਪੇਂਟਿੰਗਾਂ ਤੇ ਪਿਆਰ ਭਰੇ ਸੁਨੇਹਿਆਂ ਨਾਲ ਸਜਾਇਆ ਗਿਆ ਸੀ। ਜਦੋਂ ਦਾਦਾ–ਦਾਦੀ ਆਏ ਤਾਂ ਬੱਚਿਆਂ ਨੇ ਉਨ੍ਹਾਂ ਦਾ ਪਿਆਰ ਨਾਲ ਸਵਾਗਤ ਕੀਤਾ।
       ਕਾਰਜਕ੍ਰਮ ਦੀ ਸ਼ੁਰੂਆਤ ਸ. ਸੁਖਦੇਵ ਸਿੰਘ ਮੈਨੇਜਿੰਗ ਡਾਇਰੈਕਟਰ ਏ.ਜੀ.ਆਈ ਇੰਨਫਰਾ ਲਿਮਿਟਿਡ ਨੇ ਦੀਵੇ ਜਗਾ ਕੇ ਕੀਤੀ। ਇਸ ਮੌਕੇ ’ਤੇ ਸ਼੍ਰੀਮਤੀ ਸਲਵਿੰਦਰਜੀਤ ਕੌਰ ਚੇਅਰਪਰਸਨ, ਸ਼੍ਰੀਮਤੀ ਹਰਲੀਨ ਮੋਹੰਤੀ ਡਾਇਰੈਕਟਰ ਅਤੇ ਸ਼੍ਰੀਮਤੀ ਆਰਤੀ ਸ਼ਰਮਾਂ ਵੀ ਹਾਜ਼ਰ ਸਨ। ਸ਼੍ਰੀਮਤੀ ਹਰਲੀਨ ਮੋਹੰਤੀ ਨੇ ਸਭ ਨੂੰ ਦਾਦਾ–ਦਾਦੀ ਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਭੂਮਿਕਾ ਬਾਰੇ ਦੱਸਿਆ। ਬੱਚਿਆਂ ਨੇ ਨੱਚ, ਸਕਿੱਟ ਅਤੇ ਕਵਿਤਾਵਾਂ ਨਾਲ ਸੁੰਦਰ ਪ੍ਰੋਗਰਾਮ ਪੇਸ਼ ਕੀਤਾ। ਸਭ ਤੋਂ ਪਿਆਰਾ ਪਲ ਉਹ ਸੀ ਜਦੋਂ ਬੱਚਿਆਂ ਨੇ ਆਪਣੇ ਦਾਦਾ–ਦਾਦੀ ਬਾਰੇ ਆਪਣੀਆਂ ਯਾਦਾਂ ਤੇ ਪਿਆਰ ਭਰੇ ਸੁਨੇਹੇ ਸਾਂਝੇ ਕੀਤੇ।

ਜੈਤੇਵਾਲੀ ਵਿਖੇ ਨਵੇਂ ਉਸਾਰੇ ਗਏ ਭਵਨ ਦਾ ਉਦਘਾਟਨ ਅਤੇ ਮਹਾਨ ਕੀਰਤਨ ਦਰਬਾਰ 1 ਅਤੇ 2 ਅਕਤੂਬਰ ਨੂੰ

ਜੈਤੇਵਾਲੀ ਵਿਖੇ ਹੋ ਰਹੇ ਸਮਾਗਮਾਂ ਸਬੰਧੀ ਜਾਣਕਾਰੀ ਦਿੰਦੇ ਸੰਤ ਕ੍ਰਿਸ਼ਨ ਨਾਥ ਜੀ, ਮੈਂਬਰ ਤੇ ਸੇਵਾਦਾਰ।

ਅਮਰਜੀਤ ਸਿੰਘ ਜੰਡੂ ਸਿੰਘਾ-
ਕੁਟੀਆ ਸੰਤ ਬਾਬਾ ਫੂਲ ਨਾਥ ਜੀ, ਸੰਤ ਬਾਬਾ ਬ੍ਰਹਮ ਨਾਥ ਜੀ, ਸੰਤ ਬਾਬਾ ਰਿਖੀ ਰਾਮ ਜੀ, ਪਿੰਡ ਜੈਤੇਵਾਲੀ ਜਲੰਧਰ ਵਿਖੇ ਨਵੇਂ ਉਸਾਰੇ ਗਏ ਭਵਨ ਦਾ ਉਦਘਾਟਨ ਅਤੇ ਮਹਾਨ ਕੀਰਤਨ ਦਰਬਾਰ ਦੇ ਸਮਾਗਮ ਡੇਰਾ ਚਹੇੜੂ ਮੁੱਖੀ ਸੰਤ ਕਿ੍ਰਸ਼ਨ ਨਾਥ ਮਹਾਰਾਜ ਜੀ ਦੀ ਅਗਵਾਹੀ ਵਿੱਚ 1 ਅਤੇ 2 ਅਕਤੂਬਰ ਦਿਨ ਬੁੱਧਵਾਰ ਅਤੇ ਵੀਰਵਾਰ ਨੂੰ ਸ਼ਰਧਾਪੂਰਬਕ ਕਰਵਾਏ ਜਾ ਰਹੇ ਹਨ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਦਸਿਆ ਕਿ 1 ਅਕਤੂਬਰ ਦਿਨ ਬੁੱਧਵਾਰ ਨੂੰ ਨਵੇਂ ਉਸਾਰੇ ਗਏ ਭਵਨ ਤੇ ਹਰਿ ਦੇ ਨਿਸ਼ਾਨ ਸਾਹਿਬ ਲਹਿਰਾਏ ਜਾਣਗੇ ਜੋ ਕਿ ਨਗਰ ਦੀਆਂ ਸੰਗਤਾਂ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਪਿੰਡ ਜੈਤੇਵਾਲੀ ਤੋਂ ਨਿਸ਼ਾਨ ਸਾਹਿਬ ਸ਼ੋਭਾ ਯਾਤਰਾ ਦੇ ਰੂਪ ਵਿੱਚ ਲੈ ਕੇ ਨਵੇ ਭਵਨਾਂ ਤੇ ਪਹੁੰਚਣਗੀਆ। 2 ਅਕਤੂਬਰ ਦਿਨ ਵੀਰਵਾਰ ਨੂੰ ਸ਼੍ਰੀ ਅੰਮ੍ਰਿਤਬਾਣੀ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਅਖੰਡ ਜਾਪਾਂ ਦੇ ਭੋਗ ਉਪਰੰਤ ਖੁੱਲ੍ਹੇ ਪੰਡਾਲ ਵਿੱਚ ਧਾਰਮਿਕ ਦੀਵਾਨ ਸਜਾਏ ਜਾਣਗੇ। ਜਿਸ ਵਿੱਚ ਵੱਖ ਵੱਖ ਰਾਗੀ ਜਥਿਆਂ ਤੋਂ ਇਲਾਵਾ ਇੰਟਰਨੈਸ਼ਨਲ ਪੰਜਾਬੀ ਗਾਇਕਾ ਪ੍ਰੇਮ ਲਤਾ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਗਾ ਕੇ ਨਿਹਾਲ ਕਰਨਗੇ। ਇਸ ਮੌਕੇ ਤੇ ਸੀਨੀਅਰ ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਕਰਤਾਰਪੁਰ, ਸੈਕਟਰੀ ਕਮਲਜੀਤ ਖੋਥੜਾਂ, ਧਰਮਪਾਲ ਕਲੇਰ, ਹਰਦੀਪ ਕੌਰ ਪਿ੍ਰੰਸੀਪਲ ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ, ਸਰਪੰਚ ਸੁਮੱਤਿਰੀ ਦੇਵੀ, ਕੇਵਲ ਕ੍ਰਿਸ਼ਨ ਸੰਧੂ, ਬੰਤ ਜੈਤੇਵਾਲੀ, ਤਿਲਕ ਰਾਜ ਤੇ ਭਗਤ ਰਾਮ ਮੈਂਬਰ ਤੇ ਸੇਵਾਦਾਰ ਹਾਜ਼ਰ ਸਨ।


ਡਿਪਟੀ ਕਮਿਸ਼ਨਰ ਤੇ ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਸ਼ਹਿਰ ’ਚ ਬਾਰਿਸ਼ ਕਾਰਨ ਨੁਕਸਾਨੀਆਂ ਸੜਕਾਂ ਦਾ ਨਿਰੀਖਣ


ਲੋਕਾਂ ਦੀ ਸਹੂਲਤ ਲਈ ਬੁਨਿਆਦੀ ਢਾਂਚੇ ਸਬੰਧੀ ਕਾਰਜਾਂ ਦੀ ਜਲਦ ਮੁਰੰਮਤ ਤੇ ਮੁਕੰਮਲ ਕਰਨ ਦੇ ਨਿਰਦੇਸ਼
ਜਲੰਧਰ, 26 ਸਤੰਬਰ: 
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਸ਼ੁੱਕਰਵਾਰ ਨੂੰ ਹਾਲ ਹੀ ਵਿੱਚ ਮਾਨਸੂਨ ਸੀਜ਼ਨ ਦੌਰਾਨ ਲਗਾਤਾਰ ਬਾਰਿਸ਼ ਕਾਰਨ ਨੁਕਸਾਨੀਆਂ ਸੜਕਾਂ ਦਾ ਨਿਰੀਖਣ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਜ਼ਿਲ੍ਹੇ ਭਰ ਵਿੱਚ ਨੁਕਸਾਨੇ ਬੁਨਿਆਦੀ ਢਾਂਚੇ ਦਾ ਮੁਲਾਂਕਣ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਮੁਰੰਮਤ ਲਈ ਸਮੇਂ ਸਿਰ ਢੁੱਕਵੇਂ ਉਪਾਅ ਕੀਤੇ ਜਾ ਸਕਣ। ਉਨ੍ਹਾਂ ਅੱਗੇ ਕਿਹਾ ਕਿ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ), ਨਗਰ ਨਿਗਮ ਜਲੰਧਰ ਅਤੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.) ਦੇ ਅਧਿਕਾਰੀਆਂ ਨੂੰ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਆਉਣ ਵਾਲੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਬਿਨਾਂ ਕਿਸੇ ਦੇਰੀ ਦੇ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਯਾਤਰੀਆਂ ਨੂੰ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਜ਼ਮੀਨੀ ਪੱਧਰ ’ਤੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਡਾ. ਅਗਰਵਾਲ ਨੇ ਸਾਰੇ ਵਿਭਾਗਾਂ ਵਿੱਚ ਆਪਸੀ ਤਾਲਮੇਲ ਵਾਲੇ ਯਤਨਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨੁਕਸਾਨੀਆਂ ਸੜਕਾਂ ਕਾਰਨ ਲੋਕਾਂ ਦੀ ਆਵਾਜਾਈ ਵਿੱਚ ਕੋਈ ਰੁਕਾਵਟ ਨਾ ਆਵੇ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਲੰਮਾ ਪਿੰਡ-ਜੰਡੂ ਸਿੰਘਾ ਸੜਕੀ ਪ੍ਰਾਜੈਕਟ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਸੜਕ ਨੂੰ ਚੌੜਾ ਕਰਨ ਦੇ ਚੱਲ ਰਹੇ ਕੰਮ ਵਿੱਚ ਤੇਜ਼ੀ ਲਿਆਉਣ ਅਤੇ ਇਸ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਲਈ ਜ਼ਰੂਰੀ ਨਿਰਦੇਸ਼ ਦਿੱਤੇ। ਡਾ. ਅਗਰਵਾਲ ਨੇ ਕਿਹਾ ਕਿ ਇਹ ਪ੍ਰਾਜੈਕਟ ਇਸ ਖੇਤਰ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਬਹੁਤ ਮਹੱਤਵਪੂਰਣ ਹੈ ਅਤੇ ਇਸ ਨੂੰ ਸਮਾਂਬੱਧ ਢੰਗ ਨਾਲ ਪੂਰਾ ਕੀਤਾ ਜਾਣਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਸੜਕੀ ਬੁਨਿਆਦੀ ਢਾਂਚੇ ਨੂੰ ਤੇਜ਼ੀ ਨਾਲ ਬਹਾਲ ਕਰਨ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਭਰੋਸਾ ਦਿੱਤਾ ਕਿ ਸਾਰੀਆਂ ਮੁਰੰਮਤ ਅਤੇ ਨਿਰਮਾਣ ਗਤੀਵਿਧੀਆਂ ਦੀ ਪ੍ਰਗਤੀ 'ਤੇ ਨਜ਼ਰ ਰੱਖਣ ਲਈ ਨਿਰੰਤਰ ਨਿਗਰਾਨੀ ਕੀਤੀ ਜਾਵੇਗੀ।

ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੋਈ


ਫਗਵਾੜਾ 26 ਸਤੰਬਰ (ਸ਼ਿਵ ਕੌੜਾ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹਲਕਾ ਫਗਵਾੜਾ ਸ਼ਹਿਰੀ ਦੇ ਮਿਹਨਤੀ ਅਤੇ ਪਾਰਟੀ ਪ੍ਰਤੀ ਇਮਾਨਦਾਰ ਤੇ ਵਫਾਦਾਰ ਵਰਕਰਾਂ ਨੂੰ ਜ਼ਿਲ੍ਹਾ ਕਪੂਰਥਲਾ ਅਤੇ ਫਗਵਾੜਾ ਸ਼ਹਿਰੀ ਸਰਕਲ ਵਿੱਚ ਬਣਦਾ ਮਾਣ ਸਤਿਕਾਰ ਦੇਣ ਅਤੇ ਨਵੀਂਆਂ ਨਿਯੁਕਤੀਆਂ ਕਰਨ ਲਈ ਅੱਜ ਇਕ ਮੀਟਿੰਗ ਅਕਾਲੀ ਗੁਰਦੁਆਰਾ ਸਾਹਿਬ ਬੰਗਾ ਰੋਡ ਫਗਵਾੜਾ ਵਿਖੇ ਹੋਈ। ਸ਼੍ਰੋ.ਅ.ਦ. ਦੇ ਹਲਕਾ ਫਗਵਾੜਾ (ਸ਼ਹਿਰੀ) ਇੰਚਾਰਜ ਸ. ਰਣਜੀਤ ਸਿੰਘ ਖੁਰਾਣਾ ਦੀ ਅਗਵਾਈ ਹੇਠ ਆਯੋਜਿਤ ਇਸ ਮੀਟਿੰਗ ਜਿਲਾ ਪ੍ਰਧਾਨ ਕਪੂਰਥਲਾ (ਸ਼ਹਿਰੀ) ਸ. ਜਰਨੈਲ ਸਿੰਘ ਵਾਹਦ ਅਤੇ ਦਿਹਾਤੀ ਹਲਕਾ ਫਗਵਾੜਾ ਦੇ ਇੰਚਾਰਜ ਸ. ਰਜਿੰਦਰ ਸਿੰਘ ਚੰਦੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੋਕੇ ਸ. ਭਗਤ ਸਿੰਘ ਭੁੰਗਰਨੀ ਨੂੰ ਜਿਲਾ ਕਪੂਰਥਲਾ ਦੇ ਸਰਪ੍ਰਸਤ, ਸ. ਗੁਰਮੀਤ ਸਿੰਘ ਰਾਵਲਪਿੰਡੀ ਨੂੰ ਸਲਾਹਕਾਰ, ਸ. ਸੁਖਵਿੰਦਰ ਸਿੰਘ ਕੰਬੋਜ ਨੂੰ ਚੇਅਰਮੈਨ ਤਾਲਮੇਲ ਕਮੇਟੀ, ਜਦਕਿ ਸ. ਬਹਾਦਰ ਸਿੰਘ ਸੰਗਤਪੁਰ, ਸ. ਗਜਵੀਰ ਸਿੰਘ ਵਾਲੀਆਂ, ਸ. ਮੋਹਨ ਸਿੰਘ ਗਾਂਧੀ, ਸ. ਰਣਜੀਤ ਸਿੰਘ ਸੰਧਲ ਅਤੇ ਸ. ਸਿੰਗਾਰਾ ਸਿੰਘ ਫਰੈਂਡਸ ਕਾਲੋਨੀ ਨੂੰ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸੇ ਤਰਾ ਸ. ਜਸਵਿੰਦਰ ਸਿੰਘ ਬਸਰਾ, ਸ. ਗਿਆਨ ਸਿੰਘ ਚਾਨਾ, ਸ. ਕੁਲਦੀਪ ਸਿੰਘ ਬਸਰਾ, ਸ. ਸੁਰਿੰਦਰ ਸਿੰਘ ਪਾਹਵਾ, ਸ. ਗੁਰਬਖਸ਼ ਸਿੰਘ ਪਨੇਸਰ ਨੂੰ ਜਿਲਾ ਮੀਤ ਪ੍ਰਧਾਨ, ਸ. ਝਿਰਮਰ ਸਿੰਘ ਭਿੰਡਰ ਨੂੰ ਜਿਲਾ ਜਨਰਲ ਸਕੱਤਰ, ਅਤੇ ਸ. ਗੁਰਜੀਤ ਸਿੰਘ ਵਿਰਦੀ, ਸ. ਬਰਜਿੰਦਰ ਸਿੰਘ, ਸ. ਨਰਿੰਦਰ ਸਿੰਘ ਗੋਲਡੀ, ਸ. ਹਰਦੀਪ ਸਿੰਘ ਬੇਦੀ, ਸ. ਜਸਵੀਰ ਸਿੰਘ ਟਿੱਬੀ, ਸ. ਸੁਖਬੀਰ ਸਿੰਘ , ਸ. ਸੁਖਦੇਵ ਸਿੰਘ ਸੰਧੂ ਨੂੰ ਜਿਲਾ ਸਕੱਤਰ ਦੇ ਅਹੁਦੇ ਨਾਲ ਨਵਾਜਿਆ ਗਿਆ। ਇਸ ਤੋਂ ਇਲਾਵਾ ਸ. ਜਸਵਿੰਦਰ ਸਿੰਘ ਭਗਤਪੁਰਾ ਨੂੰ ਪ੍ਰੈਸ ਸਕੱਤਰ ਫਗਵਾੜਾ ਨਿਯੁਕਤ ਕੀਤਾ ਗਿਆ। ਫਗਵਾੜਾ ਜ਼ੋਨ 1 ਅਰਬਨ ਸਟੇਟ ਤੋ ਸ. ਹਰਵਿੰਦਰ ਸਿੰਘ ਲਵਲੀ ਵਾਲੀਆਂ ਨੂੰ ਪ੍ਰਧਾਨ ਅਤੇ ਸ. ਗੁਰਪ੍ਰੀਤ ਸਿੰਘ ਗੋਪੀ ਨੂੰ ਜਰਨਲ ਸਕੱਤਰ, ਜ਼ੋਨ 2 ਸੁਖਚੈਨ ਨਗਰ ਤੋਂ ਸ. ਕੁਲਵਿੰਦਰ ਸਿੰਘ ਕਿੰਦਾ ਨੂੰ ਪ੍ਰਧਾਨ ਅਤੇ ਸ. ਨਿਰਮਲ ਸਿੰਘ ਨੂੰ ਜਰਨਲ ਸਕੱਤਰ, ਜ਼ੋਨ 3 ਗੁਰੂ ਹਰਗੋਬਿੰਦ ਨਗਰ ਤੋਂ ਸ. ਹਰਜੋਤ ਸਿੰਘ ਪਾਹਵਾ ਨੂੰ ਪ੍ਰਧਾਨ ਅਤੇ ਸ. ਗੁਰਮੁਖ ਸਿੰਘ ਅਰੋੜਾ ਨੂੰ ਜਰਨਲ ਸਕੱਤਰ, ਜ਼ੋਨ 4 ਸਤਨਾਮਪੁਰਾ ਤੋ ਸ. ਸਰਬਜੀਤ ਸਿੰਘ ਮੰਡੇਰ ਨੂੰ ਪ੍ਰਧਾਨ ਅਤੇ ਸ. ਦਵਿੰਦਰ ਸਿੰਘ ਨੂੰ ਜਰਨਲ ਸਕੱਤਰ ਐਲਾਨਿਆ ਗਿਆ। ਸਮੂਹ ਨਵ ਨਿਯੁਕਤ ਅਹੁਦੇਦਾਰਾਂ ਨੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਜਿਲ੍ਹਾ ਪ੍ਰਧਾਨ ਸ. ਜਰਨੈਲ ਸਿੰਘ ਵਾਹਦ ਅਤੇ ਹਲਕਾ ਇੰਚਾਰਜ ਸ. ਰਣਜੀਤ ਸਿੰਘ ਖੁਰਾਣਾ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਪਾਰਟੀ ਦੀ ਮਜਬੂਤੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਤਾਂ ਜੋ 2027 ਦੀਆਂ ਪੰਜਾਬ ਵਿਧਾਨਸਭਾ ਚੋਣਾਂ ‘ਚ ਸ਼ਾਨਦਾਰ ਜਿੱਤ ਦੇ ਨਾਲ ਸੂਬੇ ਦੀ ਸੱਤਾ ‘ਚ ਵਾਪਸੀ ਕੀਤੀ ਜਾ ਸਕੇ।

ਨਗਰ ਨਿਗਮ ਫਗਵਾੜਾ ਵੱਲੋਂ “ਮੋਬਾਈਲ ਥੈਲਾ ਬੈਂਕ”ਦੀ ਕੀਤੀ ਸ਼ੁਰੂਆਤ


ਫਗਵਾੜਾ 26 ਸਤੰਬਰ (ਸ਼ਿਵ ਕੌੜਾ) - ਪੋਲੀਥੀਨ ਬੈਗਾਂ ਦੀ ਵਰਤੋਂ ਨੂੰ ਛੱਡਕੇ ਕੱਪੜੇ ਦੇ ਥੈਲਿਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਨਗਰ ਨਿਗਮ ਫਗਵਾੜਾ ਵੱਲੋਂ ਦਮੋਦਰ ਦਾਸ ਮੰਦਰ ਨੇੜੇ ਸਿਨੇਮਾ ਰੋਡ ਵਿਖੇ "ਮੋਬਾਈਲ ਥੈਲਾ ਬੈਂਕ" ਦਾ ਉਦਘਾਟਨ ਕੀਤਾ। ਸਵੱਛਤਾ ਹੀ ਸੇਵਾ ਮੁਹਿੰਮ ਦੇ ਵਿਆਪਕ ਥੀਮ ਤਹਿਤ ਸ਼ੁਰੂ ਕੀਤੀ ਗਈ ਇਸ ਪਹਿਲਕਦਮੀ ਦੀ ਅਗਵਾਈ ਡਾ. ਅਕਸ਼ਿਤਾ ਗੁਪਤਾ ਆਈ.ਏ.ਐੱਸ. ਕਮਿਸ਼ਨਰ ਨਗਰ ਨਿਗਮ ਫਗਵਾੜਾ ਨੇ ਕੀਤੀ। ਥੈਲਾ ਬੈਂਕ ਸ਼ਹਿਰਵਾਸੀਆਂ ਨੂੰ ਕੱਪੜੇ ਅਤੇ ਜੂਟ ਦੇ ਬੈਗ ਪ੍ਰਦਾਨ ਕਰਕੇ ਵਾਤਾਵਰਣ-ਅਨੁਕੂਲ ਵਿਕਲਪਾਂ ਨੂੰ ਉਤਸ਼ਾਹਿਤ ਕਰਨ ਲਈ ਪੇਸ਼ ਕੀਤਾ ਗਿਆ ਹੈ। ਇਹ ਥੈਲਾ ਬੈਂਕ ਸੁਵਿਧਾਜਨਕ ਅਤੇ ਕਿਫਾਇਤੀ ਦੋਵੇਂ ਤਰ੍ਹਾਂ ਦੇ ਟਿਕਾਊ ਵਿਕਲਪ ਬਣਾਉਣ ਲਈ ਤਿਆਰ ਕੀਤਾ ਗਿਆ ਹੈ ।ਥੈਲਾ ਬੈਂਕ ਸਟਾਲ ਇਹ ਯਕੀਨੀ ਬਣਾਉਂਦਾ ਹੈ ਕਿ ਸ਼ਹਿਰਵਾਸੀ ਘੱਟੋ-ਘੱਟ ਕੀਮਤ 'ਤੇ ਆਪਣੀ ਰੋਜ਼ਾਨਾ ਖਰੀਦਦਾਰੀ ਵਿੱਚ ਕੱਪੜੇ ਦੇ ਬੈਗ ਆਸਾਨੀ ਨਾਲ ਖਰੀਦ ਸਕਣ। ਇਸ ਮੌਕੇ 'ਤੇ ਬੋਲਦਿਆਂ ਡਾ. ਗੁਪਤਾ ਨੇ ਜ਼ੋਰ ਦੇ ਕੇ ਕਿਹਾ ਕਿ ਪਲਾਸਟਿਕ ਵਿਰੁੱਧ ਮੁਹਿੰਮ ਇੱਕ ਸਮੂਹਿਕ ਸਮਾਜਿਕ ਜ਼ਿੰਮੇਵਾਰੀ ਹੈ। "ਪਲਾਸਟਿਕ ਵਿਰੁੱਧ ਲੜਾਈ ਸਿਰਫ਼ ਇੱਕ ਪ੍ਰਸ਼ਾਸਕੀ ਕੰਮ ਨਹੀਂ ਹੈ, ਸਗੋਂ ਇੱਕ ਭਾਈਚਾਰਕ ਮਿਸ਼ਨ ਹੈ। ਇਹ ਥੈਲਾ ਬੈਂਕ ਨਗਰ ਨਿਗਮ ਫਗਵਾੜਾ ਦੀ ਚੱਲ ਰਹੀ "ਪਲਾਸਟਿਕ ਨੂੰ ਨਾਂਹ ਕਹੋ" ਮੁਹਿੰਮ ਦਾ ਇੱਕ ਮਹੱਤਵਪੂਰਨ ਹਿੱਸਾ ਹੈ, ਜਿਸ ਵਿੱਚ ਪਹਿਲਾਂ ਹੀ ਜਾਗਰੂਕਤਾ ਮੁਹਿੰਮਾਂ, ਸਕੂਲ ਆਊਟਰੀਚ ਗਤੀਵਿਧੀਆਂ ਅਤੇ ਵਾਤਾਵਰਣ-ਅਨੁਕੂਲ ਵਿਕਲਪਾਂ ਦੀ ਵਿਆਪਕ ਵੰਡ ਸ਼ਾਮਲ ਹੈ। ਇਸ ਮੌਕੇ ਨਗਰ ਨਿਗਮ ਅਧਿਕਾਰੀ - ਜਿਨ੍ਹਾਂ ਵਿੱਚ ਆਈਈਸੀ ਅਤੇ ਸੀਬੀ ਮਾਹਰ ਪੂਜਾ, ਸੀਐਫ ਸੁਨੀਤਾ, ਅਤੇ ਆਸ਼ਾ ਹਾਜਰ ਸਨ ਇਨ੍ਹਾਂ ਤੋਂ ਇਲਾਵਾ ਮਲਕੀਤ ਸਿੰਘ ਰਘਬੋਤਰਾ,ਹਰਬੰਸ ਲਾਲ ਅਤੇ ਜਤਿੰਦਰ ਵਰਮਾ ਸਮੇਤ ਮਾਰਕੀਟ ਐਸੋਸੀਏਸ਼ਨ ਦੇ ਪ੍ਰਮੁੱਖ ਨੁਮਾਇੰਦੇ ਮੌਜੂਦ ਸਨ, ਜਿਨ੍ਹਾਂ ਨੇ ਇਸ ਮੁਹਿੰਮ ਨੂੰ ਆਪਣਾ ਸਮਰਥਨ ਦਿੱਤਾ

ਸ਼ੇਖੇ ਪਿੰਡ ਦਾ ਮਾਡਲ ਮੁੜ ਵਸੇਬਾ ਕੇਂਦਰ ਬਣਕੇ ਤਿਆਰ, ਜਲਦੀ ਹੋਵੇਗਾ ਉਦਘਟਨ, ਡਿਪਟੀ ਕਮਿਸ਼ਨਰ ਨੇ ਦੌਰਾ ਕਰਕੇ ਲਿਆ ਜਾਇਜ਼ਾ


ਜਲੰਧਰ, 26 ਸਤੰਬਰ : (ਅਮਰਜੀਤ ਸਿੰਘ)-
ਸ਼ੇਖੇ ਪਿੰਡ ਵਿਖੇ ਬਣ ਰਹੇ ਮਾਡਲ ਮੁੜ ਵਸੇਬਾ ਕੇਂਦਰ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਜਲਦੀ ਹੀ ਇਸਦਾ ਉਦਘਟਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਮੁੜ ਵਸੇਬਾ ਕੇਂਦਰ ਦਾ ਜਾਇਜ਼ਾ ਲੈਣ ਦੌਰਾਨ ਦਿੱਤੀ। ਡਾ. ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਿੰਡ ਸ਼ੇਖੇ ਵਿਖੇ ਅਤਿ-ਆਧੁਨਿਕ ਮੁੜ ਵਸੇਬਾ ਕੇਂਦਰ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸੰਨ ਫਾਉਂਡੇਸ਼ਨ ਦੇ ਸਹਿਯੋਗ ਨਾਲ ਇਥੇ ਜਿੰਮ ਅਤੇ ਲਾਇਬ੍ਰੇਰੀ ਦੀ ਸਹੂਲਤ ਤੋਂ ਇਲਾਵਾ ਕੁਕਿੰਗ ਕਲਾਸਾਂ, ਫੁੱਟਬਾਲ ਬਣਾਉਣ ਦੀ ਟ੍ਰੇਨਿੰਗ, ਕ੍ਰਿਕਟ ਬਾਲ ਬਣਾਉਣ ਦੀ ਟ੍ਰੇਨਿੰਗ, ਗਾਰਡਨਿੰਗ, ਮੋਬਾਈਲ ਰਿਪੇਅਰ ਅਤੇ ਇਲੈਕਟਰਿਕ ਰਿਪੇਅਰ ਦੇ ਕੋਰਸ ਵੀ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਡਾ. ਅਗਰਵਾਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਨ੍ਹਾਂ ਸਹੂਲਤਾਂ ਦਾ ਉਦੇਸ਼ ਨਸ਼ੇ ਦੇ ਆਦੀ ਵਿਅਕਤੀਆਂ ਦੀ ਮੁੜ ਵਸੇਬਾ ਪ੍ਰਕਿਰਿਆ ਮੁਕੰਮਲ ਕਰਨਾ, ਉਪਰੰਤ ਸਮਾਜ ਵਿੱਚ ਸਮਾਜਿਕ ਤੰਦਾਂ ਮਜ਼ਬੂਤ ਕਰਕੇ ਉਨ੍ਹਾਂ ਦੇ ਜੀਵਨ ਵਿੱਚ ਬਦਲਾਅ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਪ੍ਰਮੁੱਖ ਪਹਿਲਕਦਮੀ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਇੱਕ ਹੋਰ ਮਹੱਤਵਪੂਰਣ ਮੀਲ ਪੱਥਰ ਸਾਬਤ ਹੋਵੇਗਾ।ਡਿਪਟੀ ਕਮਿਸ਼ਨਰ ਨੇ ਜਲੰਧਰ ਪ੍ਰਸ਼ਾਸਨ ਦੀ ਸਮਾਜ ਵਿੱਚੋਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਖ਼ਤਮ ਅਤੇ ਨਸ਼ੇ ਦੇ ਜਾਲ ਵਿੱਚ ਫਸੇ ਲੋਕਾਂ ਦਾ ਸਹੀ ਇਲਾਜ ਅਤੇ ਮੁੜ ਵਸੇਬਾ ਯਕੀਨੀ ਬਣਾਉਣ ਦੀ ਵਚਨਬੱਧਤਾ ਦੁਹਰਾਈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਕੇਂਦਰ ਨਸ਼ਿਆਂ ਦੀ ਦਲਦਲ ਵਿਚੋਂ ਨਿਕਲ ਰਹੇ ਵਿਅਕਤੀਆਂ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਏਗਾ ਅਤੇ ਇਹ ਯਕੀਨੀ ਬਣਾਏਗਾ ਕਿ ਉਹ ਸਮਾਜ ਵਿੱਚ ਸਨਮਾਨ ਨਾਲ ਜੁੜ ਸਕਣ।

ਪਾਣੀਆਂ ਦੀ ਧਰਤੀ ’ਤੇ ਦਰਿਆਵਾਂ ਨੂੰ ਸੰਭਾਲਣ ਦੀ ਲੋੜ, ਜ਼ਿੰਦਗੀ ਦੇ ਸੋਮਿਆਂ ਵੱਲ ਮੁੜਨ ਦਾ ਸੁਨੇਹਾ


28 ਸਤੰਬਰ ਵਿਸ਼ਵ ਦਰਿਆ ਦਿਵਸ: ਨਿਰੰਤਰ ਲਗਨ ਦੀ ਪ੍ਰੇਰਨਾ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 26 ਸਤੰਬਰ 2025-
: ਕਿਸੀ ਨੇ ਖੂਬ ਕਿਹਾ ਹੈ ਕਿ ਇੱਕ ਦਰਿਆ ਚੱਟਾਨ ਨੂੰ ਆਪਣੀ ਤਾਕਤ ਨਾਲ ਨਹੀਂ, ਸਗੋਂ ਆਪਣੀ ਲਗਨ (ਨਿਰੰਤਰਤਾ) ਨਾਲ ਕੱਟਦਾ ਹੈ। ਗੁਰਬਾਣੀ ਦੀ ਰੌਸ਼ਨੀ ਵਿਚ ਵੇਖੀਏ ਤਾਂ ‘ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥ ’’ ਦਾ ਸੰਦੇਸ਼ ਮਿਲਦਾ ਹੈ। ਇਸ ਪਾਣੀ ਨੂੰ ਪਿਤਾ ਦਾ ਦਰਜਾ ਤੱਕ ਇਸ ਗੁਰਬਾਣੀ ਦੀ ਤੁੱਕ ‘‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥’’ ਦਿੱਤਾ ਗਿਆ ਹੈ।
ਜੀਵਨ ਵੀ ਇੱਕ ਦਰਿਆ ਵਾਂਗ ਹੈ। ਇਹ ਲਗਾਤਾਰ ਪਲਾਂ ਦੀ ਇੱਕ ਲੜੀ ਹੈ, ਜੋ ਨਿਰੰਤਰ ਵਹਾਅ ਦਾ ਪ੍ਰਭਾਵ ਦਿੰਦੀ ਹੈ... ਕੱਲ੍ਹ ਦਾ ਦਰਿਆ ਅੱਜ ਦੇ ਦਰਿਆ ਵਰਗਾ ਨਹੀਂ ਹੈ। ਇਸ ਪਲ ਦਾ ਦਰਿਆ ਅਗਲੇ ਪਲ ਦੇ ਦਰਿਆ ਵਰਗਾ ਨਹੀਂ ਹੋਵੇਗਾ। ਇਸੇ ਤਰ੍ਹਾਂ ਜੀਵਨ ਵੀ ਲਗਾਤਾਰ ਬਦਲਦਾ ਰਹਿੰਦਾ ਹੈ...।
ਕੁਦਰਤ ਦਰਿਆ ਕਿਵੇਂ ਬਣਾਉਂਦੀ ਹੈ 
ਦਰਿਆ ਦੀ ਰਚਨਾ ਇੱਕ ਲੰਬੀ ਅਤੇ ਕੁਦਰਤੀ ਪ੍ਰਕਿਰਿਆ ਹੈ, ਜਿਸ ਵਿੱਚ ਮੁੱਖ ਤੌਰ ’ਤੇ ਦੋ ਤੱਤ  ਕੰਮ ਕਰਦੇ ਹਨ: ਪਾਣੀ ਅਤੇ ਧਰਤੀ।
1. ਪਾਣੀ ਦਾ ਸਰੋਤ 
ਦਰਿਆ ਆਮ ਤੌਰ ’ਤੇ ਉੱਚੀਆਂ ਥਾਵਾਂ ਜਿਵੇਂ ਕਿ ਪਹਾੜਾਂ ਜਾਂ ਬਰਫ਼ਾਨੀ ਖੇਤਰਾਂ ਤੋਂ ਸ਼ੁਰੂ ਹੁੰਦੇ ਹਨ।
ਮੀਂਹ ਅਤੇ ਬਰਫ਼ (Rain and Snow): ਜਦੋਂ ਬਹੁਤ ਜ਼ਿਆਦਾ ਮੀਂਹ ਪੈਂਦਾ ਹੈ ਜਾਂ ਬਰਫ਼ ਪਿਘਲਦੀ ਹੈ, ਤਾਂ ਪਾਣੀ ਜ਼ਮੀਨ ’ਤੇ ਵਹਿਣਾ ਸ਼ੁਰੂ ਕਰ ਦਿੰਦਾ ਹੈ।
ਛੋਟੀਆਂ ਧਾਰਾਵਾਂ : ਇਹ ਪਾਣੀ ਛੋਟੀਆਂ-ਛੋਟੀਆਂ ਧਾਰਾਵਾਂ (ਨਾਲਿਆਂ) ਦੇ ਰੂਪ ਵਿੱਚ ਵਹਿੰਦਾ ਹੈ। ਗੁਰਬਾਣੀ ਵਿੱਚ ਵੀ ਇਸ ’ਤੇ ਸੰਕੇਤ ਮਿਲਦਾ ਹੈ ਕਿ ਹਰ ਚੀਜ਼ ਉੱਪਰੋਂ ਆਉਂਦੇ ਪਾਣੀ ਨਾਲ ਸ਼ੁਰੂ ਹੁੰਦੀ ਹੈ।
2. ਰਸਤਾ ਬਣਾਉਣਾ 
ਹਜ਼ਾਰਾਂ ਸਾਲਾਂ ਤੱਕ, ਛੋਟੀਆਂ ਧਾਰਾਵਾਂ ਦਾ ਪਾਣੀ ਇਕੱਠਾ ਹੋ ਕੇ ਵਹਿੰਦਾ ਰਹਿੰਦਾ ਹੈ। ਇਹ ਵਹਿੰਦਾ ਪਾਣੀ ਮਿੱਟੀ (soil) ਅਤੇ ਚੱਟਾਨਾਂ (rocks) ਨੂੰ ਹੌਲੀ-ਹੌਲੀ ਕੱਟਦਾ ਰਹਿੰਦਾ ਹੈ, ਜਿਸ ਨਾਲ ਧਰਤੀ ਵਿੱਚ ਇੱਕ ਡੂੰਘਾ ਰਸਤਾ ਜਾਂ ਘਾਟੀ (valley) ਬਣ ਜਾਂਦੀ ਹੈ।
ਲਗਨ/ਨਿਰੰਤਰਤਾ (Persistence): ਪਾਣੀ ਬਹੁਤ ਤਾਕਤਵਰ ਨਹੀਂ ਹੁੰਦਾ, ਪਰ ਇਹ ਨਿਰੰਤਰ ਵਹਿੰਦਾ ਰਹਿੰਦਾ ਹੈ। ਇਸ ਨਿਰੰਤਰਤਾ ਕਾਰਨ ਹੀ ਵੱਡੀਆਂ ਚੱਟਾਨਾਂ ਵੀ ਕੱਟੀਆਂ ਜਾਂਦੀਆਂ ਹਨ।
ਜਦੋਂ ਕਈ ਛੋਟੇ ਦਰਿਆ ਅਤੇ ਨਾਲੇ ਆਪਸ ਵਿੱਚ ਮਿਲਦੇ ਹਨ, ਤਾਂ ਉਹ ਇੱਕ ਵੱਡਾ ਦਰਿਆ (River) ਬਣਾਉਂਦੇ ਹਨ, ਜੋ ਅੰਤ ਵਿੱਚ ਸਮੁੰਦਰ ਤੱਕ ਪਹੁੰਚਦਾ ਹੈ।
ਆਓ ਜਾਣੀਏ ਵਿਸ਼ਵ ਨਦੀ ਦਿਵਸ  ਬਾਰੇ:
ਵਿਸ਼ਵ ਨਦੀ ਦਿਵਸ  ਇੱਕ ਅੰਤਰਰਾਸ਼ਟਰੀ ਦਿਨ ਹੈ ਜੋ ਦੁਨੀਆ ਭਰ ਵਿੱਚ ਨਦੀਆਂ ਦੀ ਮਹੱਤਤਾ ਅਤੇ ਉਨ੍ਹਾਂ ਦੀ ਸੰਭਾਲ ਲਈ ਜਾਗਰੂਕਤਾ ਫੈਲਾਉਣ ਲਈ ਮਨਾਇਆ ਜਾਂਦਾ ਹੈ। ਇਹ ਹਰ ਸਾਲ ਸਤੰਬਰ ਮਹੀਨੇ ਦੇ ਆਖਰੀ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਲੋਕਾਂ ਨੂੰ ਨਦੀਆਂ ਦੇ ਪ੍ਰਦੂਸ਼ਣ, ਉਨ੍ਹਾਂ ਦੀ ਜੈਵਿਕ ਵਿਭਿੰਨਤਾ ਅਤੇ ਉਨ੍ਹਾਂ ਨੂੰ ਸਾਫ਼ ਰੱਖਣ ਦੀ ਲੋੜ ਬਾਰੇ ਦੱਸਣਾ ਹੈ।
ਨਦੀ ਦੀ ਪਰਿਭਾਸ਼ਾ ਅਤੇ ਮੁੱਢ 
ਨਦੀ ਪਾਣੀ ਦਾ ਇੱਕ ਕੁਦਰਤੀ ਵਹਾਅ ਹੈ ਜੋ ਇੱਕ ਨਿਸ਼ਚਿਤ ਮਾਰਗ ਰਾਹੀਂ ਵਗਦਾ ਹੈ ਅਤੇ ਆਖਰ ਵਿੱਚ ਕਿਸੇ ਵੱਡੀ ਨਦੀ, ਝੀਲ ਜਾਂ ਸਮੁੰਦਰ ਵਿੱਚ ਮਿਲ ਜਾਂਦਾ ਹੈ। ਨਦੀਆਂ ਦਾ ਮੁੱਢ ਜ਼ਿਆਦਾਤਰ ਪਹਾੜੀ ਖੇਤਰਾਂ ਵਿੱਚੋਂ ਹੁੰਦਾ ਹੈ, ਜਿੱਥੇ ਬਰਫ਼ ਦੇ ਪਿਘਲਣ, ਗਲੇਸ਼ੀਅਰਾਂ ਦੇ ਪਾਣੀ ਜਾਂ ਭਾਰੀ ਬਾਰਸ਼ ਦੇ ਪਾਣੀ ਦੇ ਇਕੱਠੇ ਹੋਣ ਨਾਲ ਛੋਟੀਆਂ ਧਾਰਾਵਾਂ ਬਣਦੀਆਂ ਹਨ। ਇਹ ਧਾਰਾਵਾਂ ਆਪਸ ਵਿੱਚ ਮਿਲ ਕੇ ਇੱਕ ਵੱਡੀ ਨਦੀ ਦਾ ਰੂਪ ਧਾਰਨ ਕਰਦੀਆਂ ਹਨ। ਨਦੀ ਦੇ ਪਾਣੀ ਦਾ ਅੰਤ ਬਹੁਤ ਮਹੱਤਵਪੂਰਨ ਹੁੰਦਾ ਹੈ; ਇਹ ਜਾਂ ਤਾਂ ਸਮੁੰਦਰ ਵਿੱਚ ਮਿਲ ਜਾਂਦਾ ਹੈ, ਜਾਂ ਭੂਮੀ ਵਿੱਚ ਲੀਨ ਹੋ ਜਾਂਦਾ ਹੈ, ਜਾਂ ਵਾਸ਼ਪੀਕਰਣ ਰਾਹੀਂ ਦੁਬਾਰਾ ਵਾਤਾਵਰਣ ਵਿੱਚ ਚਲਾ ਜਾਂਦਾ ਹੈ। ਇਸ ਤਰ੍ਹਾਂ ਪਾਣੀ ਦਾ ਚੱਕਰ ਪੂਰਾ ਹੁੰਦਾ ਹੈ।
ਵਿਸ਼ਵ ਨਦੀ ਦਿਵਸ ਦਾ ਇਤਿਹਾਸ
ਇਸ ਦਿਨ ਦੀ ਸ਼ੁਰੂਆਤ ਕੈਨੇਡੀਅਨ ਵਾਤਾਵਰਣ ਵਿਗਿਆਨੀ ਅਤੇ ਨਦੀ ਪ੍ਰੇਮੀ ਮਾਰਕ ਏਂਜੇਲੋ  ਦੁਆਰਾ ਕੀਤੀ ਗਈ ਸੀ। 1980 ਦੇ ਦਹਾਕੇ ਵਿੱਚ, ਮਾਰਕ ਏਂਜੇਲੋ ਨੇ ਬ੍ਰਿਟਿਸ਼ ਕੋਲੰਬੀਆ ਦੀਆਂ ਨਦੀਆਂ ਨੂੰ ਬਚਾਉਣ ਲਈ ਇੱਕ ਸਫਲ ਅੰਦੋਲਨ ਚਲਾਇਆ। ਉਨ੍ਹਾਂ ਦੇ ਇਸ ਕੰਮ ਨੂੰ ਦੇਖਦੇ ਹੋਏ, ਸੰਯੁਕਤ ਰਾਸ਼ਟਰ  ਨੇ 2005 ਵਿੱਚ "ਅੰਤਰਰਾਸ਼ਟਰੀ ਜਲ ਜੀਵਨ ਦਹਾਕਾ"  ਦੀ ਸ਼ੁਰੂਆਤ ਕੀਤੀ। ਇਸ ਦਹਾਕੇ ਦੇ ਹਿੱਸੇ ਵਜੋਂ, ਮਾਰਕ ਏਂਜੇਲੋ ਦੀ ਸਿਫ਼ਾਰਸ਼ ’ਤੇ, ਵਿਸ਼ਵ ਨਦੀ ਦਿਵਸ ਨੂੰ ਅਧਿਕਾਰਤ ਤੌਰ ’ਤੇ ਮਾਨਤਾ ਦਿੱਤੀ ਗਈ। ਪਹਿਲਾ ਵਿਸ਼ਵ ਨਦੀ ਦਿਵਸ 2005 ਵਿੱਚ ਮਨਾਇਆ ਗਿਆ ਸੀ ਅਤੇ ਉਦੋਂ ਤੋਂ ਇਹ ਹਰ ਸਾਲ ਸਤੰਬਰ ਦੇ ਆਖਰੀ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦੁਨੀਆ ਭਰ ਵਿੱਚ ਨਦੀਆਂ ਨੂੰ ਸਾਫ਼ ਕਰਨ, ਪੌਦੇ ਲਗਾਉਣ ਅਤੇ ਨਦੀਆਂ ਬਾਰੇ ਸੈਮੀਨਾਰ ਆਯੋਜਿਤ ਕਰਨ ਵਰਗੇ ਕੰਮ ਕੀਤੇ ਜਾਂਦੇ ਹਨ।
ਨਦੀਆਂ ਦੇ ਅੰਕੜੇ 
ਨਦੀਆਂ ਦੀ ਕੁੱਲ ਗਿਣਤੀ ਬਾਰੇ ਸਹੀ ਜਾਣਕਾਰੀ ਦੇਣਾ ਬਹੁਤ ਔਖਾ ਹੈ ਕਿਉਂਕਿ ਦੁਨੀਆ ਭਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਛੋਟੀਆਂ-ਵੱਡੀਆਂ ਨਦੀਆਂ, ਧਾਰਾਵਾਂ ਅਤੇ ਨਾਲੇ ਮੌਜੂਦ ਹਨ। ਫਿਰ ਵੀ, ਕੁਝ ਮਹੱਤਵਪੂਰਨ ਅੰਕੜੇ ਹੇਠਾਂ ਦਿੱਤੇ ਗਏ ਹਨ:
ਦੁਨੀਆਂ ਵਿੱਚ ਨਦੀਆਂ ਦੀ ਗਿਣਤੀ: ਇੱਕ ਅੰਦਾਜ਼ੇ ਅਨੁਸਾਰ ਦੁਨੀਆਂ ਭਰ ਵਿੱਚ ਲਗਭਗ 165 ਵੱਡੀਆਂ ਨਦੀਆਂ ਹਨ। ਹਾਲਾਂਕਿ, ਜੇਕਰ ਛੋਟੀਆਂ ਨਦੀਆਂ ਅਤੇ ਧਾਰਾਵਾਂ ਨੂੰ ਸ਼ਾਮਲ ਕੀਤਾ ਜਾਵੇ ਤਾਂ ਇਹ ਗਿਣਤੀ ਲੱਖਾਂ ਵਿੱਚ ਹੋ ਸਕਦੀ ਹੈ।
ਭਾਰਤ ਵਿੱਚ ਨਦੀਆਂ: ਭਾਰਤ ਵਿੱਚ 400 ਤੋਂ ਵੱਧ ਛੋਟੀਆਂ-ਵੱਡੀਆਂ ਨਦੀਆਂ ਹਨ। ਇਹਨਾਂ ਵਿੱਚੋਂ ਗੰਗਾ, ਯਮੁਨਾ, ਬ੍ਰਹਮਪੁੱਤਰ, ਗੋਦਾਵਰੀ, ਕਾਵੇਰੀ, ਅਤੇ ਨਰਮਦਾ ਮੁੱਖ ਨਦੀਆਂ ਹਨ।
ਭਾਰਤੀ ਪੰਜਾਬ ਵਿੱਚ ਨਦੀਆਂ: ਪੰਜਾਬ ਦਾ ਨਾਮ ’ਪੰਜਾਂ ਆਬਾਂ’ ਭਾਵ ਪੰਜ ਦਰਿਆਵਾਂ ਤੋਂ ਲਿਆ ਗਿਆ ਹੈ। ਇਹਨਾਂ ਵਿੱਚ ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ ਸ਼ਾਮਲ ਸਨ। ਹਾਲਾਂਕਿ, ਭਾਰਤ ਦੀ ਵੰਡ ਤੋਂ ਬਾਅਦ, ਭਾਰਤੀ ਪੰਜਾਬ ਵਿੱਚ ਮੁੱਖ ਤੌਰ ’ਤੇ ਸਤਲੁਜ, ਬਿਆਸ ਅਤੇ ਰਾਵੀ ਨਦੀਆਂ ਵਗਦੀਆਂ ਹਨ।
ਪਾਕਿਸਤਾਨ ਅਤੇ ਪਾਕਿਸਤਾਨੀ ਪੰਜਾਬ ਵਿੱਚ ਨਦੀਆਂ: ਪਾਕਿਸਤਾਨ ਵਿੱਚ ਸਿੰਧ ਦਰਿਆ ਅਤੇ ਇਸ ਦੀਆਂ ਸਹਾਇਕ ਨਦੀਆਂ ਸਭ ਤੋਂ ਮਹੱਤਵਪੂਰਨ ਹਨ। ਪਾਕਿਸਤਾਨੀ ਪੰਜਾਬ ਵਿੱਚ ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ (ਪੰਜੋਂ ਦਰਿਆ) ਵਗਦੀਆਂ ਹਨ, ਜੋ ਸਿੰਧ ਦਰਿਆ ਵਿੱਚ ਮਿਲ ਜਾਂਦੀਆਂ ਹਨ।
ਨਦੀਆਂ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਹਨ। ਉਹ ਪੀਣ ਵਾਲਾ ਪਾਣੀ, ਖੇਤੀ ਲਈ ਸਿੰਚਾਈ ਅਤੇ ਬਿਜਲੀ ਪੈਦਾ ਕਰਨ ਲਈ ਸੋਮਾ ਪ੍ਰਦਾਨ ਕਰਦੀਆਂ ਹਨ। ਇਸ ਲਈ, ਵਿਸ਼ਵ ਨਦੀ ਦਿਵਸ ਸਾਨੂੰ ਸਾਰਿਆਂ ਨੂੰ ਨਦੀਆਂ ਦੀ ਸੰਭਾਲ ਅਤੇ ਸੁਰੱਖਿਆ ਲਈ ਜਾਗਰੂਕ ਹੋਣ ਦਾ ਸੱਦਾ ਦਿੰਦਾ ਹੈ।

ਦੁਨੀਆ, ਭਾਰਤ, ਪਾਕਿਸਤਾਨ ਅਤੇ ਪੰਜਾਬ ਦੇ ਮੁੱਖ ਦਰਿਆਵਾਂ ਦੀ ਲੰਬਾਈ ਬਾਰੇ ਜਾਣਕਾਰੀ:
ਦੁਨੀਆ ਦੇ ਕੁਝ ਸਭ ਤੋਂ ਲੰਬੇ ਦਰਿਆ ਇਸ ਤਰ੍ਹਾਂ ਹਨ:
ਨੀਲ ਨਦੀ (Nile River): ਲਗਭਗ 6,650 ਕਿਲੋਮੀਟਰ (4,132 ਮੀਲ)। ਇਹ ਦੁਨੀਆ ਦੀ ਸਭ ਤੋਂ ਲੰਬੀ ਨਦੀ ਮੰਨੀ ਜਾਂਦੀ ਹੈ।
ਐਮਾਜ਼ੋਨ ਨਦੀ (1ma੍ਰon River): ਲਗਭਗ 6,400 ਕਿਲੋਮੀਟਰ (4,000 ਮੀਲ)। ਇਹ ਪਾਣੀ ਦੀ ਮਾਤਰਾ ਦੇ ਹਿਸਾਬ ਨਾਲ ਦੁਨੀਆ ਦੀ ਸਭ ਤੋਂ ਵੱਡੀ ਨਦੀ ਹੈ।
ਯਾਂਗਸੀ ਨਦੀ (Yangt੍ਰe River): ਲਗਭਗ 6,300 ਕਿਲੋਮੀਟਰ (3,917 ਮੀਲ)। ਇਹ ਚੀਨ ਦੀ ਸਭ ਤੋਂ ਲੰਬੀ ਨਦੀ ਹੈ।
ਮਿਸੀਸਿਪੀ ਨਦੀ (Mississippi River): ਲਗਭਗ 3,730 ਕਿਲੋਮੀਟਰ (2,320 ਮੀਲ)। ਇਹ ਉੱਤਰੀ ਅਮਰੀਕਾ ਦੀ ਸਭ ਤੋਂ ਲੰਬੀ ਨਦੀ ਹੈ।
ਭਾਰਤ ਵਿੱਚੋਂ ਲੰਘਣ ਵਾਲੇ ਕੁਝ ਮੁੱਖ ਦਰਿਆ ਅਤੇ ਉਨ੍ਹਾਂ ਦੀ ਲੰਬਾਈ:
ਗੰਗਾ ਨਦੀ (Ganges River): ਲਗਭਗ 2,525 ਕਿਲੋਮੀਟਰ। ਇਹ ਭਾਰਤ ਦੀ ਸਭ ਤੋਂ ਲੰਬੀ ਨਦੀ ਹੈ।
ਗੋਦਾਵਰੀ ਨਦੀ (Godavari River): ਲਗਭਗ 1,465 ਕਿਲੋਮੀਟਰ। ਇਹ ਦੱਖਣੀ ਭਾਰਤ ਦੀ ਸਭ ਤੋਂ ਲੰਬੀ ਨਦੀ ਹੈ।
ਕ੍ਰਿਸ਼ਨਾ ਨਦੀ (Krishna River): ਲਗਭਗ 1,400 ਕਿਲੋਮੀਟਰ।
ਯਮੁਨਾ ਨਦੀ (Yamuna River): ਲਗਭਗ 1,376 ਕਿਲੋਮੀਟਰ।
ਪੰਜਾਬ (ਭਾਰਤ) ਦੇ ਦਰਿਆ
ਭਾਰਤੀ ਪੰਜਾਬ ਵਿੱਚ ਮੁੱਖ ਤੌਰ ’ਤੇ ਤਿੰਨ ਦਰਿਆ ਵਗਦੇ ਹਨ, ਜਿਨ੍ਹਾਂ ਦਾ ਪਾਣੀ ਭਾਰਤ ਦੇ ਹਿੱਸੇ ਆਉਂਦਾ ਹੈ।
ਸਤਲੁਜ ਨਦੀ (Sutlej River): ਲਗਭਗ 1,500 ਕਿਲੋਮੀਟਰ।
ਰਾਵੀ ਨਦੀ (Ravi River): ਲਗਭਗ 720 ਕਿਲੋਮੀਟਰ।
ਬਿਆਸ ਨਦੀ (Beas River): ਲਗਭਗ 470 ਕਿਲੋਮੀਟਰ।
ਪਾਕਿਸਤਾਨ ਅਤੇ ਪਾਕਿਸਤਾਨੀ ਪੰਜਾਬ ਦੇ ਦਰਿਆ
ਪਾਕਿਸਤਾਨ ਵਿੱਚ ਸਿੰਧ ਦਰਿਆ ਅਤੇ ਉਸ ਦੀਆਂ ਸਹਾਇਕ ਨਦੀਆਂ ਸਭ ਤੋਂ ਮਹੱਤਵਪੂਰਨ ਹਨ।
ਸਿੰਧ ਦਰਿਆ (Indus River): ਲਗਭਗ 3,180 ਕਿਲੋਮੀਟਰ। ਇਹ ਪਾਕਿਸਤਾਨ ਦੀ ਸਭ ਤੋਂ ਲੰਬੀ ਨਦੀ ਹੈ।
ਚਨਾਬ ਨਦੀ (Chenab River): ਲਗਭਗ 960 ਕਿਲੋਮੀਟਰ।
ਜੇਹਲਮ ਨਦੀ (Jhelum River): ਲਗਭਗ 725 ਕਿਲੋਮੀਟਰ।
ਪਾਕਿਸਤਾਨੀ ਪੰਜਾਬ ਵਿੱਚ ਇਹ ਸਾਰੇ ਦਰਿਆ (ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ) ਵਗਦੇ ਹਨ, ਜੋ ਸਿੰਧ ਦਰਿਆ ਵਿੱਚ ਮਿਲ ਕੇ ’ਪੰਜਨਦ’ ਨਾਮ ਦਾ ਇੱਕ ਸੰਯੁਕਤ ਦਰਿਆ ਬਣਾਉਂਦੇ ਹਨ।