Friday, 23 September 2022
ਤਹਿਸੀਲ ਪੱਧਰੀ ਖੇਡਾਂ ਦਾ ਮਿੱਠਾਪੁਰ ਸਕੂਲ ਵਿਖੇ ਹੋਇਆ ਸ਼ਾਨਦਾਰ ਆਗਾਜ਼, ਬਲਾਕ ਜਲੰਧਰ ਪੂਰਬੀ-1 ਦੀ ਰਹੀ ਝੰਡੀ
ਜਲੰਧਰ 23 ਸਤੰਬਰ (ਅਮਰਜੀਤ ਸਿੰਘ)- ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਬਲਾਕ ਪੱਧਰੀ ਖੇਡਾਂ ਤੋਂ ਬਾਅਦ ਅੱਜ ਤਹਿਸੀਲ ਪੱਧਰੀ ਖੇਡਾਂ ਦੀ ਸ਼ੁਰੂਆਤ ਹੋਈ। ਤਹਿਸੀਲ ਜਲੰਧਰ-1 ਦੇ ਮੁਕਾਬਲੇ ਓਲੰਪੀਅਨ ਮਨਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ, ਮਿੱਠਾਪੁਰ (ਬਲਾਕ ਪੂਰਬੀ -4) ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਜ ਕੁਮਾਰ ਦੀ ਯੋਗ ਅਗਵਾਈ ਵਿਚ ਸ਼ੁਰੂ ਹੋਏ। ਹਰਸ਼ਰਨ ਕੌਰ, ਹੈੱਡ ਟੀਚਰ ਰਤਿਕਾ ਕਪੂਰ ਅਤੇ ਰਾਜਿੰਦਰ ਕੌਰ ਦੇ ਯੋਗ ਪ੍ਰਬੰਧਨ ਹੇਠ ਅੱਜ ਦੇ ਮੁਕਾਬਲਿਆਂ ਵਿੱਚ ਬਲਾਕ ਪੂਰਬੀ-1, ਪੂਰਬੀ-4, ਪੱਛਮੀ-1 ਅਤੇ ਪੱਛਮੀ-2 ਦੀਆਂ ਜੇਤੂ ਟੀਮਾਂ ਦਰਮਿਆਨ ਕਰਵਾਏ ਗਏ। ਅੱਜ ਦੇ ਮੁਕਾਬਲਿਆਂ ਵਿੱਚ ਕਬੱਡੀ ਸਰਕਲ ਸਟਾਈਲ, ਰੱਸਾ ਕੱਸੀ, ਬੈਡਮਿੰਟਨ, ਜਿਮਨਾਸਟਿਕ, ਕਰਾਟੇ, ਸਕੇਟਿੰਗ, 200 ਮੀਟਰ ਦੌੜ ਅਤੇ ਲੰਬੀ ਦੂਰੀ ਦੀਆਂ ਦੌੜਾਂ ਵਿਚ ਬਲਾਕ ਪੂਰਬੀ-1 ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸ਼ਨਲ ਸਟਾਈਲ, ਕੁਸ਼ਤੀ (25 ਕਿੱਲੋ), ਲੰਬੀ ਛਾਲ ਅਤੇ ਸ਼ਾਟਪੁੱਟ ਵਿੱਚੋਂ ਬਲਾਕ ਪੱਛਮੀ-1 ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਖੋ-ਖੋ, ਕੁਸ਼ਤੀ (28 ਕਿੱਲੋ) ਅਤੇ 100 ਮੀਟਰ ਦੌੜਾਂ ਵਿਚ ਪੱਛਮੀ-2 ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਫੁਟਬਾਲ, ਕੁਸ਼ਤੀ (30 ਕਿੱਲੋ), ਯੋਗਾ, ਕਰਾਟੇ (32 ਕਿੱਲੋ) ਅਤੇ ਸ਼ਤਰੰਜ ਵਿੱਚ ਬਲਾਕ ਪੂਰਬੀ-4 ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ "ਪਡ਼੍ਹੋ ਪੰਜਾਬ, ਪਡ਼੍ਹਾਓ ਪੰਜਾਬ" ਜ਼ਿਲ੍ਹਾ ਕੋਆਰਡੀਨੇਟਰ ਵਰਿੰਦਰ ਵੀਰਪਾਲ ਸਿੰਘ, ਪ੍ਰਦੀਪ ਪ੍ਰਿਤਪਾਲ ਸਿੰਘ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਾਲਕ੍ਰਿਸ਼ਨ ਮਹਿਮੀ, ਬਾਲਕ੍ਰਿਸ਼ਨ, ਰਾਜ ਕੁਮਾਰ ਅਤੇ ਰੋਸ਼ਨ ਲਾਲ ਵਲੋਂ ਜੇਤੂ ਬਲਾਕਾਂ ਦੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਤਗਮੇ ਦੇ ਕੇ ਸਨਮਾਨਿਤ ਕੀਤਾ ਗਿਆ। ਰਾਜ ਕੁਮਾਰ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਵਰਿੰਦਰ ਵੀਰਪਾਲ ਸਿੰਘ ਅਤੇ ਪ੍ਰਦੀਪ ਪ੍ਰਿਤਪਾਲ ਸਿੰਘ ਵੱਲੋਂ ਅੱਜ ਦੇ ਤਹਿਸੀਲ ਪੱਧਰੀ ਮੁਕਾਬਲਿਆਂ ਦੇ ਵਧੀਆ ਸੰਚਾਲਨ ਲਈ ਹਰਸ਼ਰਨ ਕੌਰ, ਰਤਿਕਾ ਕਪੂਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਮਿੱਠਾਪੁਰ ਦੇ ਸਮੂਹ ਸਟਾਫ ਮੈਂਬਰਾਂ ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕੀਤਾ ਗਿਆ। ਅੱਜ ਦੇ ਮੁਕਾਬਲਿਆਂ ਵਿੱਚ ਮੁੱਖ ਤੌਰ ਤੇ ਸੈਂਟਰ ਹੈੱਡ ਟੀਚਰ ਭਾਰਤ ਭੂਸ਼ਣ, ਕੁਲਬੀਰ ਸਿੰਘ, ਵਰਿੰਦਰ ਸਿੰਘ ਗਰੋਵਰ, ਰਾਜੇਸ਼ ਕੁਮਾਰ, ਸਮਾਰਟ ਸਕੂਲ ਕੋਆਰਡੀਨੇਟਰ ਅਮਨ ਕੁਮਾਰ, ਚਰਨਜੀਤ ਸਿੰਘ, ਸੰਦੀਪ ਸਿੱਧੂ, ਬਲਜੀਤ ਸਿੰਘ ਬੱਲੀ ਅਤੇ ਸਮੂਹ ਭਾਗ ਲੈਣ ਵਾਲੇ ਬਲਾਕਾਂ ਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਗਾਈਡ ਅਧਿਆਪਕ ਮੌਜੂਦ ਸਨ।
Subscribe to:
Post Comments (Atom)

No comments:
Post a Comment