-ਜਸਟਿਸ ਆਫ ਪੀਸ ਦੀਆਂ ਸੇਵਾਵਾਂ ਦੀ ਸਰਾਹਣਾ ਕੀਤੀ ਅਤੇ ਵਿਚਾਰ ਸੁਣੇ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 05 ਜੁਲਾਈ 2022: ਨਿਊਜ਼ੀਲੈਂਡ ਦੇ ਵਿਚ ਹਰੇਕ ਹਲਕੇ ਦਾ ਸਾਂਸਦ (ਮੈਂਬਰ ਪਾਰਲੀਮੈਂਟ) ਆਪਣੇ ਚੋਣ ਖੇਤਰ ਦੀਆਂ ਸਰਗਰਮੀਆਂ ਉਤੇ ਜਿੱਥੇ ਨਿਗ੍ਹਾ ਰੱਖਦਾ ਹੈ ਉਥੇ ਉਸੇ ਖੇਤਰ ਦੇ ਵਿਚ ਨਿਸ਼ਕਾਮ ਸੇਵਾਵਾਂ ਦੇਣ ਵਾਲਿਆਂ ਨਾਲ ਤਾਲਮੇਲ ਅਤੇ ਸਤਿਕਾਰ ਬਣਿਆ ਰਹੇ, ਲਈ ਵੀ ਆਪਣਾ ਯੋਗਦਾਨ ਪਾਉਂਦਾ ਰਹਿੰਦਾ ਹੈ। ਅੱਜ ਹਲਕਾ ਟਾਕਾਨੀਨੀ ਦੇ ਮੈਂਬਰ ਪਾਰਲੀਮੈਂਟ ਡਾ. ਏਨਾਇ ਨੀਰੂ ਲੀਵਾਸਾ ਨੇ ਕੁਝ ਸਥਾਨਕ ਜਸਟਿਸ ਆਫ ਦਾ ਪੀਸ ਦੇ ਨਾਲ ਚਾਹ ਮਿਲਣੀ ਕੀਤੀ। ਇਸ ਪਹਿਲੀ ਮਿਲਣੀ ਦੇ ਵਿਚ ਵਿਸ਼ੇਸ਼ ਤੌਰ ’ਤੇ ਸ੍ਰੀ ਬਰੂਸ ਕਲਮਿਸਟਰ ਰਜਿਸਟਰਾਰ ਅਤੇ ਜੇ.ਪੀ. ਟ੍ਰੇਨਰ, ਸ੍ਰੀ ਰੌਸ ਰੌਬਰਟਸਨ ਪ੍ਰਧਾਨ ਫ੍ਰੈਂਕਲਿਨ ਐਸੋਸੀਏਸ਼ਨ, ਐਨੀ ਲੌਂਗਮਿਊਰ ਕੋਆਰਡੀਨੇਟਰਸ ਇਲਵਿਸੋ ਟੋਗੀਆਮੁਆ ਕਮਿਊਨਿਟੀ ਲੀਡਰ, ਡਿਆਨਾ ਲੇਸਨਬਾਇ, ਸ. ਖੜਗ ਸਿੰਘ ਜੇ.ਪੀ, ਸ. ਰਣਵੀਰ ਸਿੰਘ ਲਾਲੀ ਜੇ.ਪੀ, ਸ. ਹਰਜਿੰਦਰ ਸਿੰਘ (ਬਸਿਆਲਾ) ਜੇ.ਪੀ, ਐਨ ਸਿੰਘ, ਸ੍ਰੀ ਮੁਹੰਮਦ ਅਫੀਜ਼ ਜੇ.ਪੀ ਆਦਿ ਸ਼ਾਮਿਲ ਹੋਏ।
ਇੰਝ ਕੀਤਾ ਸਵਾਗਤ: ਡਾ. ਨੀਰੂ ਲੀਵਾਸਾ ਨੇ ਹਰ ਜੇ.ਪੀ ਦੇ ਪਹੁੰਚਣ ਵੇਲੇ ਮੁੱਖ ਦਰਵਾਜ਼ੇ ਉਤੇ ਖੜ੍ਹ ਕੇ ਆਪ ਉਨ੍ਹਾਂ ਦੇ ਗਲ ਵਿਚ ਹਾਰ (Neck 7arland) ਪਾ ਕੇ ਸਵਾਗਤ ਕੀਤਾ। ਪੈਸੇਫਿਕ ਲੋਕਾਂ ਦੇ ਵਿਚ ਰਸਮੀ ਸਵਾਗਤ ਕਰਨ ਦੇ ਲਈ ਜਾਂ ਕਿਸੇ ਵਿਸ਼ੇਸ਼ ਸਮਾਗਮ ਦੇ ਵਿਚ ਹੋਰ ਮਿਠਾਸ ਭਰਨ ਅਤੇ ਮਹਿਮਾਨਾਂ ਨੂੰ ਸਤਿਕਾਰ ਦੇਣ ਦੇ ਲਈ ਅਜਿਹਾ ਸਵਾਗਤ ਕੀਤਾ ਜਾਂਦਾ ਹੈ। ਮੁੱਢਲੀ ਮਿਲਣੀ ਉਪਰੰਤ ਡਾ. ਨੀਰੂ ਲੀਵਾਸਾ ਨੇ ਆਏ ਸਾਰੇ ਜੇ.ਪੀਜ਼ ਦਾ ਸਵਾਗਤ ਕੀਤਾ। ਸ੍ਰੀ ਬਰੂਸ ਕਲਮਿਸਟਰ ਰਜਿਸਟਰਾਰ ਅਤੇ ਸ੍ਰੀ ਰੌਸ ਰੌਬਰਟਸਨ ਪ੍ਰਧਾਨ ਫ੍ਰੈਂਕਲਿਨ ਐਸੋਸੀਏਸ਼ਨ ਨੇ ਆਪਣੇ ਵਿਚਾਰ ਰੱਖਦਿਆਂ ਹਰ 2 ਸਾਲ ਬਾਅਦ ਜੇ.ਪੀਜ਼ ਦੇ ਲਈ ਆਨ ਲਾਈਨ ਟ੍ਰੇਨਿੰਗ (ਐਕਰੀਡੀਏਸ਼ਨ) ਬਾਰੇ ਚਰਚਾ ਕੀਤੀ ਅਤੇ ਇਹ ਗੱਲ ਵੀ ਸਾਹਮਣੇ ਆਈ ਕਿ ਕੁਝ ਲੋਕ ਕਾਗਜ਼ਾਂ ਦੇ ਵਿਚ ਛੇੜ-ਛਾੜ ਕਰਕੇ ਉਸਨੂੰ ਤਸਦੀਕ ਕਰਾਉਣ ਦੀ ਕੋਸ਼ਿਸ਼ ਵੀ ਕਰਦੇ ਹਨ।
ਸ. ਖੜਗ ਸਿੰਘ ਨੇ ਕਿਹਾ ਕਿ ਜਦੋਂ ਦੇ ਉਹ ਜੇ.ਪੀ. ਬਣੇ ਹਨ ਅਕਸਰ ਆਪਣੇ ਕੰਮ ਵਾਲੇ ਸਥਾਨ ਉਤੇ ਉਪਲਬਧ ਰਹਿੰਦੇ ਹਨ। ਉਨ੍ਹਾਂ ਇਹ ਗੱਲ ਜਰੂਰ ਧਿਆਨ ਵਿਚ ਲਿਆਂਦੀ ਕਿ ਬਹੁਤ ਸਾਰੇ ਲੋਕ ਇਹ ਸ਼ਿਕਾਇਤ ਕਰਦੇ ਹਨ ਕਿ ਉਨ੍ਹਾਂ ਦੇ ਨੇੜੇ ਵਾਲਾ ਕੋਈ ਵੀ ਜੇ.ਪੀ. ਉਪਲਬਧ ਨਹੀਂ ਹੈ, ਇਸ ਕਰਕੇ ਉਹ ਦੂਰੋਂ ਉਨ੍ਹਾਂ ਤੱਕ ਪਹੁੰਚਦੇ ਹਨ। ਸ. ਰਣਵੀਰ ਸਿੰਘ ਲਾਲੀ ਜੇ.ਪੀ. ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਇਹ ਇਕ ਸੈਟ ਮੋਹਰਾਂ ਦਾ ਕੋਲ ਹੀ ਰੱਖਦੇ ਹਨ ਅਤੇ ਆਪਣੇ ਕੰਮਕਾਰ ਦੌਰਾਨ ਮੌਕਾ ਮਿਲਦੇ ਹੀ ਸੇਵਾਵਾਂ ਦੇ ਦਿੰਦੇ ਹਨ। ਡਾ. ਲੀਵਾਸਾ ਨੇ ਹਲਕੇ ਦੇ ਵਿਚ ਨਵੇਂ ਜੇ.ਪੀਜ਼ ਦੀ ਲੋੜ ਸਬੰਧੀ ਵੀ ਆਪਣੇ ਵਿਚਾਰ ਰੱਖੇ ਅਤੇ ਸਥਾਨਕ ਸਾਂਸਦ ਦੀ ਭੂਮਿਕਾ ਦਾ ਵੀ ਜ਼ਿਕਰ ਕੀਤਾ। ਇਸੀ ਤਰ੍ਹਾਂ ਬਾਕੀ ਜੇ.ਪੀਜ਼ ਨੇ ਵੀ ਵਿਚਾਰ ਰੱਖੇ ਅਤੇ ਕਿਹਾ ਕਿ ‘ਬੈਕ ਟੂ ਕਮਿਊਨਿਟੀ’ ਦੇ ਲਈ ਇਹ ਨਿਸ਼ਕਾਮ ਸੇਵਾਵਾਂ ਕਾਫੀ ਮਹੱਤਵਪੂਰਨ ਹਨ। ਡਾ. ਲੀਵਾਸਾ ਨੇ ਕਮਿਊਨਿਟੀ ਦੀ ਸਹਾਇਤਾ ਵਿਚ ਕੰਮ ਕਰ ਰਹੇ ਸਾਰੇ ਜੇ.ਪੀਜ਼ ਦਾ ਧੰਨਵਾਦ ਕੀਤਾ। ਸਾਰੇ ਜੇ.ਪੀਜ਼ ਦੇ ਲਈ ਚਾਹ-ਪਾਣੀ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ।

No comments:
Post a Comment