Friday, 3 June 2022

ਸੱਭਿਆਚਾਰਕ ਵਿਰਸੇ ਦਾ ਅਨਮੋਲ ਹੀਰਾ : ਬਲਜੀਤ ਸਿੰਘ ਟੰਡਨ


ਸਾਡੇ ਵੱਡਮੁੱਲੇ ਪੰਜਾਬੀ ਵਿਰਸੇ ਨੂੰ ਢਾਹ ਲਾਉਣ ਲਈ ਜਿੱਥੇ ਕੱਚ-ਘਰੜ ਗੀਤਕਾਰ ਤੇ ਗਾਇਕ ਬਰਸਾਤੀ ਖੁੰਬਾਂ ਵਾਂਗ ਨਿਕਲ ਰਹੇ ਹਨ, ਉਥੇ ਵਿਰਸੇ ਨੂੰ ਸੰਭਾਲਣ ਵਾਲਿਆਂ ਵਿਚ ਬਲਜੀਤ ਸਿੰਘ ਟੰਡਨ ਵਰਗੇ ਪੁਰਾਣੇ ਤਵਿਆਂ ਨੂੰ ਹਿੱਕੜੀ ਨਾਲ ਲਾਈ ਬੈਠੇ ਜਾਨ ਤੋਂ ਵੀ ਵੱਧ ਧਿਆਨ ਦੇ ਰਹੇ ਹਨ ਇਨਾਂ ਤਵਿਆਂ ਵਿਚ ਸਮੋਏ ਹੋਏ ਸਾਹਿਤਕ ਤੇ ਸੱਭਿਆਚਾਰਕ ਸਰਮਾਏ ਦਾ।  ਪੰਜਾਬੀਅਤ ਦੇ ਸੱਚੇ-ਸੁੱਚੇ ਸਪੂਤ ਇਸ ਟੰਡਨ ਦੀ ਖ਼ਾਸੀਅਤ ਇਹ ਵੀ ਵੇਖਣ ਨੂੰ ਮਿਲਦੀ ਹੈ ਕਿ ਪੁਰਾਣੇ ਤਵਿਆਂ ਦੇ ਯੁੱਗ ਵਾਲੇ ਭੁੱਲੇ-ਵਿਸਰੇ ਕਿਸੇ ਵੀ ਗੀਤਕਾਰ, ਗਾਇਕ ਜਾਂ ਸੰਗੀਤਕਾਰ ਦਾ ਜਨਮ ਦਿਨ, ਉਸਦੀ ਸਾਲ-ਗ੍ਰਹਿ ਜਾਂ ਉਸਦੀ ਬਰਸੀ ਹੋਵੇ, ਇਹ ਮਾਈ ਦਾ ਲਾਲ ਟੰਡਨ ਓਸ ਸਖਸ਼ੀਅਤ ਦੇ ਰਿਕਾਰਡ ਹੋਏ ਸੁਪਰ ਤਵੇ ਕੱਢ-ਕੱਢਕੇ ਉਨਾਂ ਤਵਿਆਂ ਨੂੰ ਮੀਡੀਏ ਉਤੇ ਸਾਂਝਾ ਕਰ ਕੇ ਤਾਜ਼ਾ ਕਰੇਗਾ।  ਫਿਰ, ਕੋਈ ਤਿੱਥ-ਤਿਓਹਾਰ ਹੋਵੇ ਤਾਂ ਉਹ ਕਲਾਕਾਰਾਂ, ਗੀਤਕਾਰਾਂ ਤੇ ਸੰਗੀਤਕਾਰਾਂ ਦਾ ਬਕਾਇਦਾ ਕਲੰਡਰ ਤਿਆਰ ਕਰਕੇ ਮੀਡੀਏ ਉਤੇ ਪਾਵੇਗਾ। ਇਹ ਉਸਦੀਆਂ ਬੇਲਾਗ ਤੇ ਨਿਰਸਵਾਰਥ ਸੇਵਾਵਾਂ ਹਨ, ਜਦ ਕਿ ਬਿਜਨੈਸਮੈਨ ਲੋਕ ਅੱਜ ਦਿਨ ਤਵੇ ਦੀ ਕਾਪੀ ਕਰਨ ਦੀ ਮੂੰਹ ਮੰਗੀ ਰਾਸ਼ੀ ਹਾਸਲ ਕਰਦੇ ਹਨ। ਫੱਕਰਾਨਾ ਤਬੀਅਤ ਦਾ ਮਾਲਕ ਟੰਡਨ ਅਜਿਹੀਆਂ ਗਤੀ-ਵਿਧੀਆਂ ਨਾਲ ਜਿੱਥੇ ਸਵਰਗ ਸਧਾਰ ਚੁੱਕੇ ਪੰਜਾਬੀ ਮਾਂ-ਬੋਲੀ ਦੇ ਪੁਜਾਰੀਆਂ ਨੂੰ ਸੱਚੇ ਦਿਲੋਂ ਮਨੋਂ ਸ਼ਰਧਾਂਜਲੀ ਦੇਕੇ ਆਪਣੇ ਮਨ ਨੂੰ ਸਕੂਨ ਹਾਸਲ ਕਰਦਾ ਹੈ, ਉਥੇ ਕਲਾ ਦੀਆਂ ਹਾਜ਼ਰ-ਨਾਜ਼ਰ ਹਸਤੀਆਂ ਦੀਆਂ ਖੁਸ਼ੀਆਂ ਵਿਚ ਖੁਸ਼ੀ ਜ਼ਾਹਰ ਕਰਕੇ ਉਨਾਂ ਨਾਲ ਵੀ ਮੁਹੱਬਤਾਂ ਪਾਲ ਰਿਹਾ ਹੈ।

          ਚੰਡੀਗੜ ਦੇ ਨੇੜਲੇ ਜਿਲਾ ਪੰਚਕੂਲਾ (ਹਰਿਆਣਾ) ਦੇ ਪਿੰਡ ਮਾਣਕਿਆਂ ਦੇ ਰਹਿਣ ਵਾਲੇ ਬਲਜੀਤ ਨੇ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਨੌਂ ਕੁ ਸਾਲਾਂ ਦਾ ਸੀ ਜਦੋਂ ਮੈਂ ਵਿਆਹਾਂ-ਸ਼ਾਦੀਆਂ ਵਿੱਚ ਲਾਊਡ ਸਪੀਕਰ ਵਜਾਉਣ ਲੱਗ ਗਿਆ ਸੀ। ਮੇਰਾ ਵੱਡਾ ਭਰਾ ਸਵਰਨ ਸਿੰਘ (ਏਅਰ ਫ਼ੋਰਸ), ਦਫਤਰ ਤੋਂ ਛੁੱਟੀ ਵਾਲੇ ਦਿਨ ਪ੍ਰੋਗਰਾਮਾਂ ਵਿੱਚ ਲਾਊਡ-ਸਪੀਕਰ ਲੈਕੇ ਜਾਇਆ ਕਰਦਾ ਸੀ। ਉਸ ਸਮੇਂ ਦੇ ਕੰਨਾਂ ਵਿਚ ਗੂੰਜ਼ਦੇ ਪੁਰਾਣੇ ਗੀਤ ਅੱਜ ਚਾਰ ਦਹਾਕੇ ਬਾਅਦ ਤੱਕ ਵੀ ਉਵੇਂ ਹੀ ਗੂੰਜਦੇ ਮੈਨੂੰ ਬਹੁਤ ਜ਼ੁਬਾਨੀ ਯਾਦ ਹੋ ਗਏ ਹਨ।  1989 ਵਿੱਚ ਮੇਰੇ ਭਰਾ ਨੇ ਲਾਊਡ ਸਪੀਕਰ ਅਤੇ ਹੋਰ ਸਾਰਾ ਸਮਾਨ ਵੇਚ ਦਿੱਤਾ, ਜਿਸਦਾ ਮੈਨੂੰ ਹੱਦੋਂ ਵੱਧ ਦੁੱਖ ਹੋਇਆ, ਕਿਉਂਕਿ ਪੁਰਾਣਾ ਗੀਤ-ਸੰਗੀਤ ਮੇਰੀ ਰੂਹ ਦੀ ਖੁਰਾਕ ਬਣ ਚੁੱਕਾ ਸੀ। ਹੁਣ ਪਿਛਲੇ ਚਾਰ ਕੁ ਸਾਲ ਪਹਿਲਾਂ ਮੈਨੂੰ ਪੁਰਾਣੇ ਗੀਤਾਂ ਦੇ ਤਵੇ, ਟੇਪ ਤੇ ਰੀਲਾਂ ਇਕੱਠੇ ਕਰਨ ਦਾ ਜਨੂੰਨ ਮੁੜ ਜਾਗ ਪਿਆ।  ਮੈਂ ਆਪਣੇ ਭਤੀਜੇ ਅਵਤਾਰ ਸਿੰਘ ਟੰਡਨ ਨਾਲ ਸਲਾਹ ਕੀਤੀ ਅਤੇ ਅਸੀਂ ਦੋਵੇਂ ਰਲ ਕੇ ਪੁਰਾਣੇ ਤਵੇ, ਟੇਪਾਂ, ਰੀਲਾਂ ਅਤੇ ਬਾਕੀ ਸਮਾਨ ਇੱਕਠੇ ਕਰਨ ਲਗ ਪਏ। ਅੱਜ ਦਿਨ ਮੇਰੇ ਕੋਲ ਛੋਟੇ-ਵੱਡੇ ਸਾਢੇ ਛੇ ਸੌ ਤੋਂ ਵੱਧ ਤਵੇ, ਪੰਜ ਸੌ ਪੱਚੀ ਦੇ ਕਰੀਬ ਟੇਪਾਂ ਦੀਆਂ ਰੀਲਾਂ, ਛੇ ਸੌ ਤੀਹ ਦੇ ਕਰੀਬ ਹਿੰਦੀ-ਪੰਜਾਬੀ ਫਿਲਮਾਂ ਦੀਆਂ ਅਤੇ ਪੰਜਾਬੀ ਪੁਰਾਣੇ ਗੀਤਾਂ ਦੀਆਂ ਸੀਡੀਆਂ ਹਨ। ਇਸ ਸ਼ੌਂਕ ਵਿੱਚ ਵਿਦੇਸ਼ ਵਸਦੇ ਗੀਤਕਾਰ ਪਾਲ ਫਿਆਲ਼ੀ ਵਾਲਾ ਨੇ ਮੈਨੂੰ ਦੋ ਸੌ ਤੋਂ ਵੱਧ ਟੇਪ ਰੀਲਾਂ, ਵੀਹ ਈ. ਪੀ. ਰਿਕਾਰਡ ਅਤੇ ਇਕ ਐਮ. ਪੀ. ਥਰੀ ਬਣਾਉਣ ਵਾਲੀ ਫੌਰਨ ਦੀ ਟੇਪ ਗਿਫਟ ਕੀਤੀ। ਇਸੇ ਤਰਾਂ.ਸੁਰਿੰਦਰ ਸਿੰਘ ਗਿੱਲ ਦੁੱਗਰੀ ਨੇ ਵੀ ਕੁਝ ਤਵੇ ਮੈਨੂੰ ਗਿਫ਼ਟ ਕੀਤੇ। ਮੇਰੇ ਵੱਡੇ ਭਰਾ ਜਸਵੰਤ ਸਿੰਘ ਨੂੰ ਵੀ ਵਿਰਸੇ ਨਾਲ ਮੋਹ ਹੋਣ ਕਰਕੇ ਉਹ ਵੀ ਤਵੇ ਤੇ ਰੀਲਾਂ ਆਦਿ ਸਮਾਨ ਖਰੀਦਣ ਵਿਚ ਮੇਰੀ ਮਾਲੀ ਮਦਦ ਅਕਸਰ ਕਰਦਾ ਹੀ ਰਹਿੰਦਾ ਹੈ। ਇਸ ਵਕਤ ਮੇਰੇ ਕੋਲ ਲਾਲ ਚੰਦ ਯਮਲਾ ਜੱਟ, ਲਾਲ ਸਿੰਘ ਲਾਲੀ, ਕੁਲਦੀਪ ਮਾਣਕ, ਆਸਾ ਸਿੰਘ ਮਸਤਾਨਾ, ਸੁਰਜੀਤ ਬਿੰਦਰਖੀਆ, ਬੀਬਾ ਗੁਲਸ਼ਨ ਕੋਮਲ, ਕਰਮਜੀਤ ਧੂਰੀ, ਨਾਇਬ ਕੋਟੀਆ ਘੁਮਿਆਰ, ਫਕੀਰ ਮੁਹੰਮਦ, ਦਿਲਵਾਰਾ ਸਿੰਘ ਮਾਂਗਟ, ਪਾਲ ਪਟੇਲ, ਰਾਜਿੰਦਰ ਸਿੰਘ ਰਾਜ, ਰਣਜੀਤ ਸਿੰਘ ਸਿੱਧੂਆਂ, ਬਲਵੰਤ ਸਿੰਘ ਰਾਮੂਵਾਲੀਆ, ਨਰਿੰਦਰ ਬੀਬਾ, ਅਮਰ ਸਿੰਘ ਸ਼ੌਂਕੀਂ, ਪਾਲ ਸਿੰਘ ਪੰਛੀ, ਬਿੱਕਰ ਸਿੰਘ ਪਰਦੇਸੀ, ਨਸੀਬ ਸਿੰਘ ਨਸੀਬ, ਗੁਰਮੇਲ ਸਿੰਘ ਪੰਛੀ ਆਦਿ ਵਰਗੇ ਹੋਰ ਵੀ ਬਹੁਤ ਸਾਰੇ ਪੁਰਾਣੇ ਗਾਇਕਾਂ ਦੇ ਨਾਲ-ਨਾਲ ਇਨਾਂ ਤੋਂ ਬਾਅਦ ਵਾਲੇ ਕਲਾਕਾਰਾਂ ਦੇ ਤਵੇ ਵੀ ਹਨ।  ਇਸੇ ਸ਼ੌਂਕ ਦੀ ਬਦੌਲਤ ਦੇਸ਼-ਵਿਦੇਸ਼ਾਂ ਵਿੱਚ ਵਸਦੇ ਅਣਗਿਣਤ ਸੰਗੀਤ-ਪ੍ਰੇਮੀ ਤੇ ਨਾਮੀ ਹਸਤੀਆਂ ਨਾਲ ਮੇਰੇ ਪਰਿਵਾਰਕ ਸਬੰਧ ਬਣ ਚੁੱਕੇ ਹਨ।  ਪੁਰਾਣੇ ਤਵੇ ਤੇ ਟੇਪ ਰੀਲਾਂ ਇਕੱਠੀਆਂ ਕਰਕੇ ਜਿੱਥੇ ਰੂਹ ਨੂੰ ਬੇਹੱਦ ਖੁਸ਼ੀ ਮਿਲਦੀ ਹੈ, ਉਥੇ ਨਾਲ ਹੀ ਪੁਰਾਣੇ ਵੱਡਮੁੱਲੇ ਵਿਰਸੇ ਨਾਲ ਜੁੜੇ ਰਹਿਣ ਦਾ ਇਕ ਅੱਡਰਾ ਹੀ ਨਜ਼ਾਰਾ ਤੇ ਅਨੰਦ ਵੀ ਮਿਲਦਾ ਹੈ।’’  

          ਵੱਡਮੁੱਲੇ ਸੱਭਿਆਚਾਰਕ ਵਿਰਸੇ ਨੂੰ ਜਿਊਂਦਾ-ਜਾਗਦਾ ਰੱਖਣ ਲਈ ਸੰਘਰਸ਼ਸ਼ੀਲ ਐਸੇ ਸਖ਼ਸ਼ ਦੀ ਸੋਚ ਨੂੰ ਲੱਖ ਲੱਖ  ਸਲਾਮ।  ਗੀਤ-ਸੰਗੀਤ ਪ੍ਰੇਮੀਆਂ ਦੀਆਂ ਰੂਹਾਂ ਨਸ਼ਿਆਉਂਦੇ ਰਹਿਣ ਅਤੇ ਆਪਣੇ ਇਸ ਕਾਰਜ ਵਿਚ ਨਿਰਵਿਘਨ ਨਿਰੰਤਰ ਚੱਲਦੇ ਰਹਿਣ ਲਈ ਬਲਜੀਤ ਟੰਡਨ ਨੂੰ ਮੇਰਾ ਮਾਲਕ ਅਨੰਤ ਬਲ ਬਖ਼ਸ਼ਦਾ ਰਵੇ !  ਆਮੀਨ ! 

          -ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641

ਸੰਪਰਕ : ਬਲਜੀਤ ਸਿੰਘ ਟੰਡਨ, 9729248511

No comments:

Post a Comment