Monday, 31 January 2022

ਮੰਜ਼ਲਾਂ ਸਰ ਕਰ ਰਹੀ ਦੋਆਬੇ ਦੀ ਧਰਤ ਦੀ ਜੰਮਪਲ ਸੁਰੀਲੀ ਗਾਇਕਾ : ਰਿਹਾਨਾ ਭੱਟੀ

 

         


ਦੋਆਬੇ ਦੀ ਧਰਤ ਹੁਸ਼ਿਆਰਪੁਰ ਦੀ ਜੰਮਪਲ ਸੁਰੀਲੀ ਤੇ ਬੁਲੰਦ ਅਵਾਜ਼ ਦੀ ਮਲਿਕਾ ਗਾਇਕਾ ਰਿਹਾਨਾ ਭੱਟੀ ਸੱਭਿਆਚਾਰਕ ਜਗਤ ਵਿਚ ਆਪਣੀ ਮਿਹਨਤ ਦੇ ਬੱਲਬੂਤੇ ਆਪਣੀ ਗਾਇਕੀ ਦਾ ਲੋਹਾ ਮੰਨਵਾ ਚੁੱਕੀ ਹੈ। ਘਰਦਿਆਂ ਦੀ ਪ੍ਰੀਤੀ ਤੇ ਸੱਭਿਆਚਾਰਕ ਹਲਕਿਆਂ ਦੀ ਰਿਹਾਨਾ ਭੱਟੀ ਦਾ ਜਨਮ ਹੁਸ਼ਿਆਰਪੁਰ ਵਿਖੇ ਮਾਤਾ ਸ੍ਰੀਮਤੀ ਮੰਜੂ ਜੀ ਦੀ ਪਾਕਿ ਕੁੱਖੋਂ ਪਿਤਾ ਸ੍ਰੀ ਬਲਰਾਮ ਭੱਟੀ ਜੀ ਦੇ ਗ੍ਰਹਿ ਵਿਖੇ ਹੋਇਆ। ਰਿਹਾਨਾ ਦੱਸਦੀ ਹੈ ਕਿ ਗਾਇਕੀ ਦਾ ਸ਼ੌਂਕ ਉਸਨੂੰ ਸ੍ਰੀਮਤੀ ਪੀ. ਡੀ. ਆਰੀਆ ਮਹਿਲਾ ਸਕੂਲ, ਹੁਸ਼ਿਆਰਪੁਰ ਵਿਚ ਪੜਦਿਆਂ ਹੀ ਜਾਗ ਪਿਆ ਸੀ, ਜਿਹੜਾ ਕਿ ਆਈ. ਟੀ. ਆਈ. ਕਾਲਜ ਹੁਸ਼ਿਆਰਪੁਰ ਤੋਂ ਫੈਸ਼ਨ ਡਿਜਾਇਨਿੰਗ ਦਾ ਡਿਪਲੋਮਾ ਕਰਨ ਤੱਕ ਉਸਦੀਆਂ ਗੀਤ-ਸੰਗੀਤ ਦੀਆਂ ਗਤੀ-ਵਿਧੀਆਂ ਦਾ ਹਿੱਸਾ ਬਣਕੇ ਹੋਰ ਵੀ ਗੂੜਾ ਹੁੰਦਾ ਗਿਆ। ਆਖਰ ਸੰਗੀਤ ਦੀ ਸਿੱਖਿਆ ਸਰਗਮ ਸੰਗੀਤ ਕਲਾ ਕੇਂਦਰ ਜਲੰਧਰ ਤੋਂ ਉਸਤਾਦ ਪੋ੍. ਭੁਪਿੰਦਰ ਸਿੰਘ ਜੀ ਕੋਲੋ ਪ੍ਰਾਪਤ ਕਰਨ ਉਪਰੰਤ ਉਹ ਗਾਇਕੀ ਦੇ ਪਿੜ ਵਿਚ ਪੱਕੇ ਪੈਰੀਂ ਨਿਕਲ ਤੁਰੀ।

          ਗਾਇਕੀ-ਜਗਤ ਵਿਚ ਰਿਹਾਨਾ ਨੇ ਧਾਰਮਿਕ ਟਰੈਕ ‘ਆਪਣੇ ਹੱਕ’ ਨਾਲ ਦਸਤਕ ਦਿੱਤੀ। ਸ੍ਰੀ ਸੀਤਲ ਸਾਗਰਪੁਰੀਆ ਦੀ ਕਲਮ ਦੇ ਲਿਖੇ ਹੋਏ ਇਸ ਗੀਤ ਨੂੰ ਸੰਗੀਤਕਾਰ ਬਲਜੀਤ ਸਨੀ ਜੀ ਨੇ ਲਾ-ਜੁਵਾਬ ਸੰਗੀਤਕ ਛੋਹਾਂ ਨਾਲ ਸ਼ਿੰਗਾਰਿਆ।  ਮਿਹਨਤ ਤੇ ਰੂਹ ਨਾਲ ਤਿਆਰ ਕੀਤੇ ਉਸਦੇ ਪਹਿਲੇ ਗੀਤ ਨੇ ਹੀ ਉਸ ਨੂੰ ਚੰਗੀ ਮਕਬੂਲੀਅਤ ਦਿਵਾਈ। ਵਧਦੇ ਕਦਮੀਂ ਗੀਤ, ‘ਗਾਗਰ ਦੀਆਂ ਛੱਲਾਂ’ (ਗੀਤਕਾਰ ਸ੍ਰੀ ਸੀਤਲ ਸਾਗਰਪੁਰੀਆ) ਤੇ ‘ਹਾਣੀ’ ਉਸ ਨੇ ਮਾਰਕੀਟ ਵਿਚ ਉਤਾਰੇ, ਜਿਸ ਸਦਕਾ ਉਸਦਾ ਨਾਂ ਵੀ ਗਾਇਕਾਂ ਦੀ ਕਤਾਰ ਵਿਚ ਚੰਗਾ ਬੋਲਣ ਲੱਗਾ। ਫਿਰ ਰਿਹਾਨਾ ਦੇ ਗੀਤ, ‘ਪਾਹੁਲ’ (ਗੀਤਕਾਰ ਰਣਜੀਤ ਸਿੰਘ ਰਾਣਾ ਸਾਹਿਬ ਯੂਕੇ, ਸੰਗੀਤਕਾਰ ਅਮਦਾਦ ਅਲੀ, ਪ੍ਰਾਈਮ ਬੀਟ ਨਿਊਜ਼ੀਲੈਂਡ) ਤੇ ‘ਤੇਰਾ ਗੋਰਾ ਠੋਕਣਾ’ (ਗੀਤਕਾਰ ਸੋਨੂ ਚਾਹਲ, ਪ੍ਰਾਈਮ ਬੀਟ ਨਿਊਜ਼ੀਲੈਂਡ), ਸਿੰਗਲ ਟਰੈਕ ਰਿਲੀਜ਼ ਹੋਏ ਜਿਨਾਂ ਨਾਲ ਰਿਹਾਨਾ ਭੱਟੀ ਨੂੰ ਸੱਤ ਸਮੁੰਦਰੋਂ ਪਾਰਲੀ ਧਰਤ ’ਤੇ ਵਸਦੇ ਪੰਜਾਬੀਆਂ ਦੇ ਦਿਲਾਂ ’ਤੇ ਰਾਜ ਕਰਨ ਵਿਚ ਵੀ ਖ਼ੂਬ ਸਫ਼ਲਤਾ ਹਾਸਲ ਹੋਈ।

          ਇੱਥੇ ਹੀ ਬਸ ਨਹੀਂ ਰਿਹਾਨਾ ਵੱਲੋ ਰਿਕਾਰਡ ਕੀਤੀ ਮਾਤਾ ਦੀ ਭੇਟ ਧਾਰਮਿਕ ਟਰੈਕ, ‘ਨੱਚ ਲੈਣ ਦੋ’ (ਐਮ ਡੀ ਰਿਕਾਰਡਸ ਕੰਪਨੀ) ਅਤੇ ‘ਰਾਖੇ ਸੱਭ ਦੇ ਸਤਿਗੁਰੂ ਸਵਾਮੀ’ ਨੂੰ ਸੰਗਤਾਂ ਵੱਲੋਂ ਉਸ ਦੀ ਆਸ ਤੋਂ ਕਈ ਗੁਣਾਂ ਵੱਧਕੇ ਭਰਵਾ ਹੁੰਗਾਰਾ ਮਿਲਿਆ ਹੈ। ਫਿਰ, ਨਵੇਂ ਸਾਲ 2022 ਦੀ ਆਮਦ ’ਤੇ ਡੀ. ਡੀ. ਪੰਜਾਬੀ ਉਤੇ ਪ੍ਰਸਾਰਿਤ ਹੋਏ ਰੰਗਾ-ਰੰਗ ਪ੍ਰੋਗਰਾਮ, ‘ਹੈਲੋ ਹੈਲੋ-2022’ ਵਿੱਚ, ‘ਰੋਹਬ ਜੱਟੀ ਦਾ’ (ਗੀਤਕਾਰ ਰਣਜੀਤ ਦੀਨਪੁਰੀ, ਪ੍ਰਡਿਊਸਰ ਮਨੋਹਰ ਧਾਲੀਵਾਲ) ਉਸਦੇ ਟਰੈਕ ਨੇ ਜਾਣੋ ਉਸਨੂੰ ਹੋਰ ਵੀ ਬੁਲੰਦੀਆਂ ਦੇ ਸ਼ਿਖਰਾਂ ’ਤੇ ਲਿਜਾ ਬਿਠਾਇਆ ਹੈ। ਆਪਣੇ ਭਵਿੱਖ ਦੇ ਨਿਸ਼ਾਨੇ ਸਾਂਝੇ ਕਰਦਿਆਂ ਮੁਟਿਆਰ ਗਾਇਕਾ ਰਿਹਾਨਾ ਭੱਟੀ ਨੇ ਦੱਸਿਆ ਕਿ ਜਲਦੀ ਹੀ ਉਹ ਆਪਣੇ ਨਵੇਂ ਟਰੈਕ, ‘ਧੀਆਂ’ ਨਾਲ ਸਰੋਤਿਆਂ ਦੇ ਰੂ-ਬ-ਰੂ ਹੋ ਰਹੀ ਹੈ, ਜਿਸਦੇ ਪ੍ਰੋਡਿਊਸਰ ਰਾਜ ਮਤਫੱਲੂ ਨਿਊਜੀਲੈਂਡ ਜੀ ਹਨ।  ਰਿਹਾਨਾ ਭੱਟੀ ਨੇ ਇਸ ਟਰੈਕ ਬਾਰੇ ਦੱਸਦਿਆਂ ਕਿਹਾ ਕਿ ਅੱਜਕਲ ਜਿਹੜੇ ਪੁੱਤਰ ਮਾਪਿਆਂ ਤੋਂ ਬੇਮੁੱਖ ਹੋ ਰਹੇ ਹਨ ਅਤੇ ਜਿਆਦਾਤਰ ਮਾਪਿਆਂ ਦੀ ਸਾਂਭ-ਸੰਭਾਲ ਧੀਆਂ ਕਰ ਰਹੀਆਂ ਹਨ, ਇਸ ਤ੍ਰਾਸਦੀ ਨੂੰ ਬਿਆਨ ਕਰਦਾ ਇਹ ਟਰੈਕ ਬਹੁਤ ਜਲਦੀ ਸਰੋਤਿਆਂ ਨੂੰ ਸੁਣਨ ਨੂੰ ਮਿਲੇਗਾ।

          ਅਨੇਕਾਂ ਸਟੇਜਾਂ ਤੋਂ ਮਾਨ-ਸਨਮਾਨ ਹਾਸਲ ਕਰ ਚੁੱਕੀ ਰਿਹਾਨਾ ਭੱਟੀ ਇੱਥੋਂ ਤੱਕ ਦਾ ਮੁਕਾਮ ਹਾਸਲ ਕਰਨ ਦਾ ਸਿਹਰਾ ਜਿੱਥੇ ਆਪਣੇ ਪਿਤਾ ਸ੍ਰੀ ਬਲਰਾਮ ਭੱਟੀ ਤੇ ਪਰਿਵਾਰ ਸਿਰ ਦਿੰਦੀ ਹੈ, ਉਥੇ ਆਪਣੇ ਉਸਤਾਦ ਪ੍ਰੋ. ਭੁਪਿੰਦਰ ਸਿੰਘ ਦੇ ਨਾਲ-ਨਾਲ, ਗਾਇਕ ਅਦਾਕਾਰ ਤੇ ਪ੍ਰੋਡਿਊਸਰ ਮਨੋਹਰ ਧਾਰੀਵਾਲ ਦਾ ਵੀ ਯੋਗਦਾਨ ਲਈ ਬੜੇ ਆਦਰ-ਸਤਿਕਾਰ ਨਾਲ ਜ਼ਿਕਰ ਕਰਦੀ ਹੈ। ਦੋਆਬੇ ਦੀ ਧਰਤ ਹੁਸ਼ਿਆਰਪੁਰ ਦੀ ਜੰਮਪਲ ਇਹ ਮੁਟਿਆਰ ਗਾਇਕਾ ਜਿਸ ਕਦਰ ਗਾਇਕੀ ਦੀਆਂ ਮਾਣ-ਮੱਤੀਆਂ ਉਚੇਰੀਆਂ ਉਡਾਣਾ ਭਰਦੀ ਦੁਆਬੇ ਦਾ ਨਾਂ ਉਚਾ ਕਰ ਰਹੀ ਹੈ, ਇਸਦੇ ਲਈ ਉਹ ਦਿਨ ਦੂਰ ਨਹੀਂ ਜਦੋਂ ਉਸਦਾ ਨਾਂ ਹਰ ਬੱਚੇ, ਬੁੱਢੇ ਅਤੇ ਜਵਾਨ ਦੀ ਜੁਬਾਨ ਉਤੇ ਗੂੰਜਦਾ ਸੁਣਾਈ ਦੇਵੇਗਾ।  ਰੱਬ ਕਰੇ !  ਉਹ ਸ਼ਾਨਾ-ਮੱਤੀ ਸੁਭਾਗੀ ਸਵੇਰ ਜਲਦੀ ਆਵੇ!  ਆਮੀਨ !

          -ਪ੍ਰੀਤਮ ਲੁਧਿਆਣਵੀ), (ਚੰਡੀਗੜ), 9876428641

ਸੰਪਰਕ : ਰਿਹਾਨਾ ਭੱਟੀ, 9872925951

No comments:

Post a Comment