ਚੰਡੀਗੜ (ਪ੍ਰੀਤਮ ਲੁਧਿਆਣਵੀ), 20 ਅਕਤੂਬਰ, 2021 : ਜਿਲਾ ਰੂਪਨਗਰ ਵਿਚ ਕੁਰਾਲੀ ਸ਼ਹਿਰ ਦੇ ਨੇੜੇ ਪੈਂਦੇ ਪਿੰਡ ਸੋਤਲ ਵਿਖੇ ਪੌਣਾਹਾਰੀ ਸਿੱਧ ਸ੍ਰੀ ਬਾਬਾ ਬਾਲਕ ਨਾਥ ਜੀ ਦਾ ਸਲਾਨਾ ਜਾਗਰਣ ਸਮਾਰੋਹ ਸੰਗਤਾਂ ਵੱਲੋਂ ਸ਼ਰਧਾ ਅਤੇ ਧੂਮਧਾਮ ਨਾਲ ਰਾਤ 08 ਵਜੇ ਤੋਂ ਸਵੇਰ 05 ਵਜੇ ਤੱਕ ਕਰਵਾਇਆ ਗਿਆ। ਜਾਗਰਣ ਦੀ ਸ਼ੁਰੂਆਤ ਸੁਰਜੀਤ ਮਾਹੀ ਦੀ ਭੇਟ, ‘ਪਾ ਦੇ ਖੈਰ ਮੰਗਤੀ ਨੂੰ’ ਨਾਲ ਕੀਤੀ ਗਈ। ਜਿਸ ਨੇ ਕਿ ਲਗਾਤਾਰ ਇੱਕ ਘੰਟੇ ਲਈ ਆਪਣੀਆਂ ਅੱਡ-ਅੱਡ ਭੇਟਾਂ ਪੇਸ਼ ਕੀਤੀਆਂ। ਉਸ ਤੋਂ ਬਾਦ ਗਾਇਕ ਸਰਵਣ ਫਰਜੀ ਨੇ ਆਰਤੀ ਪੇਸ਼ ਕੀਤੀ। ਉਪਰੰਤ ਉਚੇਚੇ ਤੌਰ ਤੇ ਪਹੁੰਚੇ ਪ੍ਸਿੱਧ ਰਵਾਇਤੀ ਗਾਇਕ ਕਸ਼ਮੀਰਾ ਦੁਆਬੀਏ ਨੇ ਸਰਸਵਤੀ ਮਾਤਾ ਦੇ ਸ਼ਬਦ ਨਾਲ ਸ਼ੁਰੂਆਤ ਕਰ ਕੇ, ‘ਤੇਰੀ ਲੱਗਦੀ ਜੋਤ ਪਿਆਰੀ’, ‘ਪਹਾੜਾਂ ਵਾਲੇ ਜੋਗੀਆ’, ‘ਦਿੱਤਾ ਜੋਗੀ ਨੇ ਦਿਦਾਰ’, ‘ਅੱਜ ਦੇਰ ਹੋ ਗਈ’ ਅਤੇ ‘ਵੇ ਮਨਮੋਹਣਿਆ ਬਾਲਕ ਨਾਥਾ ਕਿਹੜੇ ਵੇਲੇ ਆਵੇਂਗਾ’ ਆਦਿ ਨਾਲ ਚੰਗਾ ਰੰਗ ਬੰਨਿਆ। ਜਿਸਤੇ ਆਈਆਂ ਸੰਗਤਾਂ ਦਾ ਉਸਨੂੰ ਬਹੁਤ ਭਰਵਾਂ ਪਿਆਰ-ਸਤਿਕਾਰ ਮਿਲਿਆ। ਕਸ਼ਮੀਰੇ ਦੁਆਬੀਏ ਨੂੰ ਇਸ ਸੁਭਾਗੇ ਅਵਸਰ ’ਤੇ ਸੰਗਤਾਂ ਅਤੇ ਪ੍ਰਬੰਧਕਾਂ ਵੱਲੋਂ ਸਿਰੋਪਾਓ ਤੇ ਹਾਰਾਂ ਨਾਲ ਸਨਮਾਨਿਤ ਵੀ ਕੀਤਾ ਗਿਆ।
ਫਿਰ, ਅੰਤ ਤੀਕ ਸਰਵਣ ਫਰਜੀ ਨੇ ਆਪਣੀਆਂ ਭੇਟਾਂ ਸਮੇਤ ਝਲਕੀਆਂ ਪੇਸ਼ ਕਰਦਿਆਂ ਸਵੇਰ ਵੇਲੇ ਤੱਕ ਸੰਗਤ ਦਾ ਖ਼ੂਬ ਮਨੋਰਂਜਨ ਕੀਤਾ। ਜਾਗਰਣ ਵਿੱਚ ਅਤੁੱਟ ਲੰਗਰ ਵਰਤਾਇਆ ਗਿਆ। ਕੁੱਲ ਮਿਲਾ ਕੇ ਇਹ ਜਾਗਰਨ ਦੇਰ ਤੱਕ ਇਲਾਕੇ ਦੀਆਂ ਸੰਗਤਾਂ ਦੇ ਜਿਹਨ ਵਿਚ ਯਾਦ ਬਣਿਆ ਰਵੇਗਾ।
No comments:
Post a Comment