ਲਾਕਡਾਉਨ ‘ਚ ਚਾਰ ਪੁਸਤਕਾਂ ਲਿਖਣ ਵਾਲੇ ਸਾਹਿਤਕਾਰ ਡਾ. ਜਵਾਹਰ ਧੀਰ ਦੀ ਲੇਖਣੀ ਬਾਰੇ ਕੀਤੀ ਚਰਚਾ
ਫਗਵਾੜਾ 19 ਅਕਤੂਬਰ (ਹਰੀਸ਼ ਭੰਡਾਰੀ ) ਹਿੰਦੀ ਤੇ ਪੰਜਾਬੀ ਦੇ ਨਾਮਵਰ ਸਾਹਿਤਕਾਰ ਡਾ. ਜਵਾਹਰ ਧੀਰ, ਜਿਹਨਾਂ ਨੇ ਪਿਛਲੇ ਸਾਲ ਕੋਰੋਨਾ ਮਹਾਮਾਰੀ ਦੌਰਾਨ ਲਾਗੂ ਲਾਕਡਾਊਨ ਦੇ ਸਮੇਂ ‘ਚ ਚਾਰ ਪੁਸਤਕਾਂ ਦੀ ਰਚਨਾ ਕਰਕੇ ਨਾ ਸਿਰਫ ਸਮੇਂ ਦਾ ਸਦਉਪਯੋਗ ਕੀਤਾ ਬਲਕਿ ਇਕ ਸਾਲ ਵਿਚ ਹਿੰਦੀ ਦੀਆਂ ਤਿੰਨ ਪੁਸਤਕਾਂ ‘ਕੋਰੋਨਾ ਸੇ ਕਰੁਣਾਨਿਧੀ ਕੀ ਔਰ’, ‘ਏਕ ਫੀਕੀ ਸੀ ਮੁਸਕਾਨ’ ਅਤੇ ‘ਟੇਢੀ ਗਰਦਨ ਵਾਲਾ ਸ਼ਹਿਰ’ ਪ੍ਰਕਾਸ਼ਤ ਕਰਵਾ ਕੇ ਪਾਠਕਾਂ ਤਕ ਪਹੁੰਚਾਈਆਂ ਹਨ, ਉਹਨਾਂ ਦੀਆਂ ਪੁਸਤਕਾਂ ਬਾਰੇ ਦੋਆਬਾ ਸਾਹਿਤ ਅਤੇ ਕਲਾ ਅਕੈਡਮੀ ਦੀ ਆਰਿਆ ਹਾਈ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਯੋਜਿਤ ਮਹੀਨਾਵਾਰ ਮੀਟਿੰਗ ਦੌਰਾਨ ਖਾਸ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਮੋਜੂਦ ਸੀਨੀਅਰ ਪੱਤਰਕਾਰ ਤੇ ਲੇਖਕ ਟੀ.ਡੀ. ਚਾਵਲਾ ਨੇ ਕਿਹਾ ਕਿ ਸਾਡੇ ਲਈ ਇਹ ਫਖ਼ਰ ਦੀ ਗੱਲ ਹੈ ਕਿ ਡਾ. ਧੀਰ ਨੇ ਕੋਰੋਨਾ ਕਾਲ ਵਿਚ ਚਾਰ ਪੁਸਤਕਾਂ ਦੀ ਰਚਨਾ ਕੀਤੀ ਹੈ। ਰਿਟਾ. ਪਿ੍ਰੰਸੀਪਲ ਕੈਲਾਸ਼ ਨਾਥ ਭਾਰਦਵਾਜ ਨੇ ਡਾ. ਧੀਰ ਦੀ ਇਸ ਵਿਸ਼ੇਸ਼ ਪ੍ਰਾਪਤੀ ਲਈ ਉਹਨਾਂ ਦੀ ਲੇਖਨ ਕਲਾ ਨੂੰ ਸਰਾਹਿਆ। ਡਾ. ਧੀਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਕੈਡਮੀ ਦੇ ਮੈਂਬਰਾਂ ਦਾ ਨਿਰੰਤਰ ਗਤੀਸ਼ੀਲ ਰਹਿਣਾ ਮਾਣ ਵਾਲੀ ਗੱਲ ਹੈ। ਅਕੈਡਮੀ ਦੇ ਮੈਂਬਰਾਂ ਵਿਚ ਟੀ.ਡੀ. ਚਾਵਲਾ ਅਤੇ ਕੈਲਾਸ਼ ਨਾਥ ਭਾਰਦਵਾਜ ਤੋਂ ਇਲਾਵਾ ਲੇਖਕ ਰਵਿੰਦਰ ਚੋਟ, ਜਸਵੰਤ ਸਿੰਘ ਗੰਡਮ, ਸੀਤਲ ਰਾਮ ਬੰਗਾ, ਬਲਦੇਵ ਰਾਜ ਕੋਮਲ, ਸੁਖਦੇਵ ਸਿੰਘ ਗੰਡਵਾਂ ਅਤੇ ਸਰਲਾ ਭਾਰਦਵਾਜ ਨੇ ਡਾ. ਧੀਰ ਨੂੰ ਕੋਰੋਨਾ ਵਰਗੇ ਔਖੇ ਤੇ ਤਨਾਅ ਭਰੇ ਮਾਹੌਲ ਦੇ ਬਾਵਜੂਦ ਇਕ ਸਾਲ ਵਿਚ ਚਾਰ ਪੁਸਤਕਾਂ ਲਿਖਣ ਲਈ ਵਧਾਈ ਦਿੱਤੀ। ਇਸ ਦੌਰਾਨ ਟੈਲੀ ਫਿਲਮਜ਼ ਡਾਇਰੈਕਟਰ ਅਤੇ ਆਰਟਿਸਟ ਰਾਜੇਸ਼ ਅਧਿਆਏ ਨੇ ਹਾਜਰੀਨ ਨੂੰ ਦੇਸ਼ ਵਿਚ ਵਾਪਰਣ ਵਾਲੀਆਂ ਪ੍ਰਮੁੱਖ ਘਟਨਾਵਾਂ ਬਾਰੇ ਵੀ ਆਪਣੇ ਵਿਚਾਰ ਰੱਖਣ ਹਿਤ ਪ੍ਰੇਰਿਤ ਕੀਤਾ। ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ, ਪੱਤਰਕਾਰ ਸ਼ਿਵ ਕੌੜਾ, ਰਜਨੀਸ਼ ਮਧੋਕ, ਡਾ. ਯਸ਼ ਚੋਪੜਾ ਤੇ ਚਾਰੂ ਦੱਤ ਸੁਧੀਰ ਨੇ ਵੀ ਆਪਣੇ ਵਢਮੁੱਲੇ ਵਿਚਾਰ ਪੇਸ਼ ਕੀਤੇ। ਮੀਟਿੰਗ ਦੌਰਾਨ ਕਵੀ ਹਰਚਰਨ ਭਾਰਤੀ, ਬਲਦੇਵ ਰਾਜ ਕੋਮਲ, ਰਵਿੰਦਰ ਚੋਟ, ਸੀਤਲ ਰਾਮ ਬੰਗਾ ਤੇ ਸੁਖਦੇਵ ਗੰਢਵਾਂ ਨੇ ਆਪੋ ਆਪਣੀਆਂ ਕਵਿਤਾਵਾਂ ਦੀ ਖੂਬਸੂਰਤ ਪੇਸ਼ਕਾਰੀ ਕੀਤੀ ਜਿਹਨਾਂ ਨੂੰ ਸਮੂਹ ਹਾਜਰੀਨ ਵਲੋਂ ਸਰਾਹਿਆ ਗਿਆ।
No comments:
Post a Comment