Monday, 4 October 2021

ਆਰਗਨ ਸਾਜ਼ ਦੇ ਪਾਂਧੀਆਂ ’ਚੋਂ ਵਧੀਆ ਪੁਲਾਂਘਾਂ ਪੁੱਟ ਰਿਹਾ ਪਾਂਧੀ : ਜਗਜੋਤ ਸਿੰਘ

 

         


ਗੀਤ-ਸੰਗੀਤ ਦਾ ਗੜ ਜਾਣੇ ਜਾਂਦੇ ਪੰਜਾਬ ਦੇ ਲੁਧਿਆਣਾ ਸ਼ਹਿਰ ਨੂੰ ਇਹ ਬਖ਼ਸ਼ੀਸ਼ ਹੀ ਸਮਝੋ ਕਿ ਇੱਥੋਂ ਦਾ ਹਰ ਨੌ-ਜਵਾਨ ਲੜਕਾ ਲੜਕੀ ਜਿਉਂ ਧੁਰੋਂ ਗੀਤ-ਸੰਗੀਤ ਜਗਤ ਨਾਲ ਹੀ ਆਪਣੀਆਂ ਪਕੇਰੀਆਂ ਸਾਂਝਾਂ ਲਿਖਵਾਕੇ ਲਿਆਉਂਦਾ ਹੋਵੇ। ਜਿਸਨੂੰ ਦੇਖੋ, ਉਹੀ ਇਸ ਪਾਸੇ ਵੱਲ ਨੂੰ ਭਰਪੂਰ ਰੁਚੀ ਰੱਖਦਾ ਵੇਖਣ ਨੂੰ ਮਿਲ ਰਿਹਾ ਹੈ। ਕੋਈ ਗੀਤਕਾਰ, ਕੋਈ ਸੰਗੀਤਕਾਰ, ਕੋਈ ਨੱਚਣ-ਕੁੱਦਣ ਵਾਲਾ ਤੇ ਕੋਈ ਆਪਣੇ ਸਾਜ਼ਾਂ ਨਾਲ ਨਚਾਉਣ ਵਾਲਾ। ਨਿੱਤ ਬਰਸਾਤੀ ਖੁੰਬਾਂ ਵਾਂਗ ਉਤਾਂਹ ਨੂੰ ਉਠ ਰਹੇ ਆਪਣੇ ਸਾਜ਼ਾਂ ਨਾਲ ਨਚਾਉਣ ਵਾਲ਼ਿਆਂ ਵਿਚੋਂ ਇਕ ਸੁਹਣਾ-ਸੁਨੱਖਾ ਗੱਭਰੂ ਨਜ਼ਰੀ ਆਇਆ ਹੈ, ਆਰਗਨ-ਪਲੇਅਰ ਜਗਜੋਤ ਸਿੰਘ। ਇਹ ਕਲਾ-ਪ੍ਰੇਮੀ ਵੀ ਕਿਸੇ ਗੱਲੋਂ ਪਿੱਛੇ ਨਹੀ ਰਹਿਣਾ ਚਾਹੁੰਦਾ, ਬਲਕਿ ਰੂਹ ਤੇ ਸ਼ੌਕ ਨਾਲ ਰਿਆਜ਼ ਕਰਦਿਆਂ ਆਪਣਾ ਨਾਂ ਚਮਕਾਉਣ ਲਈ ਪੂਰਾ ਯਤਨਸ਼ੀਨ ਹੈ। ਇਕ ਮੁਲਾਕਾਤ ਦੌਰਾਨ ਜਗਜੋਤ ਨੇ ਕਿਹਾ, ‘‘ਗੀਤ- ਸੰਗੀਤ ਜਗਤ ਵਿਚ ਅੰਤਰਰਾਸ਼ਟਰੀ ਲੋਕ-ਗਾਇਕ ਪਾਲੀ ਦੇਤਵਾਲੀਆ, ਦਲਵਿੰਦਰ ਦਿਆਲਪੁਰੀ, ਬਬਲੀ ਕੌਰ, ਰਿਆ ਸ਼ਰਮਾ ਤੇ ਲਵਲੀ ਨਿਰਮਾਣ ਆਦਿ ਵਰਗੀਆਂ ਜਿਨਾਂ ਅੰਬਰੀਂ ਛੋਹੀਆਂ ਸੁਪਰ ਹਿੱਟ ਸਖਸ਼ੀਅਤਾਂ ਨੂੰ ਦੁਨੀਆਂ ਵੇਖਣ ਤੇ ਸੁਣਨ ਨੂੰ ਤਰਸ ਰਹੀ ਹੈ, ਮੈਨੂੰ ਉਨਾਂ ਦੀ ਸੰਗਤ ਕਰਨ ਦਾ ਅੱਜ ਸੁਭਾਗ ਹਾਸਲ ਹੋ ਰਿਹਾ ਹੈ। ਇਸ ਤੋਂ ਵੱਡੀ ਮੇਰੀ ਖੁਸ਼ਕਿਸਮਤੀ ਕੀ ਹੋ ਸਕਦੀ ਹੈ ਕਿ ਜਿਹੜੀ ਗੱਲ ਮੈਂ ਕਦੀ ਸੁਪਨੇ ਵਿਚ ਵੀ ਨਹੀਂ ਸੀ ਸੋਚੀ, ਉਹ ਅੱਜ ਦਿਨ ਮੈਨੂੰ ਮਾਣਨ ਨੂੰ ਮਿਲ ਰਹੀ ਹੈ। ਇਹ ਸਾਰਾ ਖੇਲ ਓਸ ਮਾਲਕ ਦੀ ਮੇਰੇ ਉਪਰ ਭਾਰੀ ਕਿਰਪਾ, ਦਿਆਲਤਾ ਤੇ ਬਖਸ਼ੀਸ ਹੀ ਹੈ, ਵਰਨਾ ਮੇਰੇ ਵਰਗੇ ਛੱਤੀ ਸੌ ਫਿਰਦੇ ਹਨ ਆਰਗਨ ਵਜਾਉਣ ਵਾਲੇ। ਮੈਂ ਜਿੱਥੇ ਮਾਲਕ ਦੀਆਂ ਇਨਾਂ  ਰਹਿਮਤਾਂ ਦਾ ਸ਼ੁਕਰਾਨਾ ਕਰਦਾ ਨਹੀਂ ਥੱਕਦਾ, ਉਥੇ ਗਾਇਕੀ ਕਲਾ ਦੀਆਂ ਇਨਾਂ ਰੱਬ ਵਰਗੀਆਂ ਸ਼ਖ਼ਸੀਅਤਾਂ ਦਾ ਵੀ ਦਿਲੋਂ ਮਨੋਂ ਦੇਣਦਾਰ ਤੇ ਸ਼ੁਕਰਗੁਜ਼ਾਰ ਹਾਂ ਜਿਹੜੇ ਕਿ ਮੈਨੂੰ ਨਾ-ਸਿਰਫ ਪ੍ਰੋਗਰਾਮਾਂ ਦੀ ਸੰਗਤ ਕਰਨ ਦੇ ਮੌਕੇ ਹੀ ਦੇ ਰਹੇ ਹਨ, ਬਲਕਿ ਮੈਨੂੰ ਮੇਰੇ ਸਾਜ਼ ਆਰਗਨ ਦੀ ਕਲਾ ਦੀਆਂ ਸਟੇਜੀ ਬਾਰੀਕੀਆਂ ਵੀ ਪਿਆਰ ਨਾਲ ਸਿਖਾ ਰਹੇ ਹਨ। ਯੁੱਗ-ਯੁੱਗ ਜਿਊਣ ਮੇਰੀ ਰੋਜ਼ੀ-ਰੋਟੀ ਦਾ ਵਸੀਲਾ ਬਣਾਉਣ ਵਾਲੀਆਂ ਅਤੇ ਮੇਰੇ ਹਿਰਦੇ ਨੂੰ ਸਾਕੂੰਨ ਦੇਣ ਵਾਲੀਆਂ ਗੀਤ-ਸੰਗੀਤ ਦੀਆਂ ਇਹ ਰੂਹਾਂ।’’  

          ਅਨਗਿਣਤ ਸੱਭਿਆਚਾਰਕ ਅਤੇ ਧਾਰਮਿਕ ਸਟੇਜਾਂ ਉਤੋਂ ਆਪਣਾ ਆਰਗਨ ਦਾ ਸਾਜ਼ ਵਜਾ ਕੇ ਮਾਨ-ਸਨਮਾਨ ਤੇ ਸ਼ੁਹਰਤਾਂ ਹਾਸਲ ਕਰ ਚੁੱਕਾ  ਪਿਤਾ ਸ੍ਰ. ਸਰਬਜੀਤ ਸਿੰਘ ਦੇ ਘਰ ਮਾਤਾ ਸ੍ਰੀਮਤੀ ਅਮਨਦੀਪ ਕੌਰ ਦੀ ਕੁੱਖੋਂ 11 ਅਪ੍ਰੈਲ, 1999 ਨੂੰ ਲੁਧਿਆਣਾ ਵਿਖੇ ਜਨਮਿਆ ਜਗਜੋਤ ਦੱਸਦਾ ਹੈ ਕਿ ਉਹ ਬਚਪਨ ਵਿਚ ਹੀ ਆਰਗਨ ਦਾ ਸਾਜ਼ ਵਜਾਉਣ ਵੱਲ ਨੂੰ ਹੋ ਤੁਰਿਆ ਸੀ। ਉਸਨੇ ਆਪਣੀ ਬਾਰਵੀਂ ਦੀ ਪੜਾਈ ਕੀਤੀ ਤਾਂ ਬਾਅਦ ਵਿਚ ਪੱਕੇ ਤੌਰ ਤੇ ਹੀ ਉਹ ਇਸ ਮਾਰਗ ਦਾ ਪਾਂਧੀ ਬਣ ਕੇ ਗੀਤ-ਸੰਗੀਤ ਦੇ ਸਫ਼ਰ ਉਤੇ ਨਿਕਲ ਤੁਰਿਆ।  ਜਿਓਂ-ਜਿਓਂ ਉਹ ਨਵੀਂ-ਤੋਂ-ਨਵੀਂ ਸਟੇਜ ਕਰਦਾ ਗਿਆ, ਹਰ ਸਟੇਜ ਉਤੇ ਹਰ ਨਵੇਂ ਕਲਾਕਾਰ ਦੀ ਸੰਗਤ ਕਰਦਾ ਕੁਝ ਨਵੇਂ ਤੋਂ ਨਵਾਂ ਸਿੱਖਦਾ ਗਿਆ ਤੇ ਅੱਜ ਵੀ ਰੂਹ ਨਾਲ ਸਿੱਖ ਰਿਹਾ ਹੈ। ਉਸ ਕਿਹਾ, ‘‘ਮੈਨੂੰ ਮੇਰੀ ਗਲਤੀ ’ਤੇ ਕੋਈ ਰੋਕਦਾ-ਟੋਕਦਾ ਜਾਂ ਡਾਂਟ ਪਾਉਂਦਾ ਹੈ, ਮੈਂ ਕਦੀ ਵੀ ਉਸ ਨੂੰ ਬੁਰਾ ਨਹੀਂ ਮਨਾਉਂਦਾ, ਕਿਉਂਕਿ ਉਹ ਸਭੇ ਕੁਝ ਮੇਰਾ ਭਵਿੱਖ ਸਵਾਰਨ ਲਈ ਹੀ ਕਰਦੇ ਹਨ ਤੇ ਮੈਨੂੰ ਉਸ ਸਭੇ ਕੁਝ ਵਿਚੋਂ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੈ। ਇਨਾਂ ਉਸਤਾਦਾਂ ਦੀਆਂ ਇਹ ਸ਼ਹਿਦ ਵਰਗੀਆਂ ਮਿੱਠੀਆਂ ਮਿੱਠੀਆਂ ਡਾਂਟਾਂ ਦਾ ਹੀ ਸਦਕਾ ਹੈ ਕਿ ਅੱਜ ਦਿਨ ਇਸ ਮਾਰਗ ’ਤੇ ਦਰਸ਼ਕ ਕਾਫੀ ਮਾਣ-ਇੱਜ਼ਤ ਤੇ ਸ਼ੁਹਰਤ ਬਖਸ਼ ਰਹੇ ਹਨ, ਇਸ ਨਾ-ਚੀਜ਼ ਨੂੰ।’’     

          ਜਗਜੋਤ ਦੱਸਦਾ ਹੈ ਕਿ ਉਹ ਆਪਣਾ ਰਿਆਜ਼ ਕਦੀ ਵੀ ਨਹੀਂ ਛੱਡਦਾ। ਪ੍ਰੋਗਰਾਮ ਹੋਵੇ ਜਾਂ ਨਾ ਹੋਵੇ, ਪਰ ਉਹ ਰੋਜ਼ਾਨਾ ਸਵੇਰੇ ਉਠ ਕੇ ਰੱਬ ਦੀ ਪੂਜਾ ਕਰਨ ਵਾਂਗ ਆਰਗਨ ਦਾ ਰਿਆਜ਼ ਕਰ ਕੇ ਆਪਣੇ ਰੱਬ ਦੀ ਪੂਜਾ ਕਰਦਾ ਹੈ,ਜਿਸ ਨਾਲ ਉਸਦਾ ਮਨ ਇਕ ਬਾਰ ਤਾਂ ਮਨਮੋਹਕ ਸੁਰਾਂ ਨਾਲ ਸਰਸ਼ਾਰ ਤੇ ਤਰਿਪਤ ਹੋ ਜਾਂਦਾ ਹੈ ਤੇ ਪੂਰਾ ਦਿਨ ਫਿਰ ਮਨ ਵਿਚ ਤਾਜ਼ਗੀ ਦਾ ਨਸ਼ਾ ਜਿਹਾ ਬਣਿਆ ਰਹਿੰਦਾ ਹੈ।  ਰੱਬ ਕਰੇ ਸੁਰਾਂ ਨਾਲ ਸਾਂਝਾਂ ਪਾ ਕੇ ਗੀਤ-ਸੰਗੀਤ ਦੇ ਸਫ਼ਰ ਉਤੇ ਤੁਰਿਆ ਇਹ ਪਾਂਧੀ ਏਸੇ ਤਰਾਂ ਇਨਾਂ ਸੁਰਾਂ ਵਿਚੋਂ ਸਕੂਨ ਲੱਭਦਾ ਰਵੇ। ਆਪਣੇ ਸੱਭਿਆਚਾਰ ਦੀ ਸੇਵਾ ਵਿਚ ਜੁਟੇ ਇਸ ਪਾਂਧੀ ਦੀ ਤਪੱਸਿਆ ਮੂੰਹ ਚੜਕੇ ਹਾਮੀ ਭਰ ਰਹੀ ਹੈ ਕਿ ਗਾਇਕੀ ਦੇ ਸ਼ਹਿਨਸ਼ਾਹਾਂ ਦੀ ਸੰਗਤ ਕਰਦਾ ਇਕ-ਨਾ-ਇਕ ਦਿਨ ਉਹ ਸੱਤ ਸਮੁੰਦਰੋਂ ਪਾਰਲੀ ਧਰਤ ਉਤੇ ਆਪਣੀ ਆਰਗਨ ਦੀਆਂ ਮਨਮੋਹਕ ਸੁਰਾਂ ਵਿਖੇਰਨ ਲਈ ਜਰੂਰ ਜਹਾਜਾਂ ਦੇ ਝੂਟੇ ਲਵੇਗਾ। ਰੱਬ ਕਰੇ ! ਇਸ ਮਾਣ-ਮੱਤੇ ਗੱਭਰੂ ਲਈ ਉਹ ਭਾਗਾਂ ਭਰੀ ਖ਼ੁਸ਼ੀਆਂ ਦੀਆਂ ਮਹਿਕਾਂ ਵਿਖੇਰਦੀ ਸੱਜਰੀ ਸਵੇਰ ਜਲਦੀ ਆਵੇ !

          -ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641      

No comments:

Post a Comment