Monday, 4 October 2021

ਇਕ ਹੱਥ ’ਚ ਰਾਈਫ਼ਲ ਤੇ ਦੂਜੇ ਹੱਥ ’ਚ ਕਲਮ ਫੜ ਕੇ ਦੇਸ਼ ਤੇ ਸਾਹਿਤ ਦੀ ਸੇਵਾ ਕਰ ਰਿਹਾ ਸੂਬੇਦਾਰ : ਗੀਤਕਾਰ ਰਾਣਾ ਭੱਟੀ ਗੱਜੂ ਮਾਜਰੇ ਵਾਲਾ

 

         


ਕੁਝ ਇਕ ਐਸੇ ਸੁਭਾਗੇ ਲੋਕ ਹੁੰਦੇ ਹਨ, ਜਿਨਾਂ ਦੇ ਖਾਨਦਾਨ ਵਿਚ ਭਾਂਵੇ ਕੋਈ ਵੀ ਗੀਤਕਾਰ ਜਾਂ ਗਾਇਕ ਨਹੀ ਵੀ ਹੋਇਆ ਹੁੰਦਾ, ਪਰ ਕਲਾ ਦੀ ਦੇਵੀ ਸਰਸਵਤੀ ਮਾਤਾ ਮਿਹਰਬਾਨ ਹੋ ਕੇ ਨਵੇਂ ਸਿਰਿਓਂ ਮੁੰਢ ਬੰਨਕੇ ਰੱਖ ਦਿੰਦੀ ਹੈ, ਉਸਦੇ ਲਈ ਕਲਾ ਦਾ। ਐਸੇ ਖੁਸ਼ਨਸੀਬ ਲੋਕਾਂ ਦੀ ਕਤਾਰ ਵਿਚ ਆਂਉਂਦਾ ਇਕ ਨਾਂ ਹੈ ਘਰਦਿਆਂ ਦਾ ਗੁਰਸੇਵਕ ਸਿੰਘ ਭੱਟੀ ਅਤੇ ਸਾਹਿਤਕ ਹਲਕਿਆਂ ਦਾ ਰਾਣਾ ਭੱਟੀ ਗੱਜੂ ਮਾਜਰੇ ਵਾਲਾ। ਸਵ: ਸ੍ਰ. ਜੰਗ ਸਿੰਘ ਪਿਤਾ ਦੇ ਵਿਹੜੇ ਸਵ: ਸ੍ਰੀਮਤੀ ਪੰਜਾਬ ਕੌਰ ਮਾਤਾ ਜੀ ਦੀ ਪਾਕਿ ਕੁੱਖੋਂ 7 ਫਰਵਰੀ, 1977 ਨੂੰ ਜਿਲਾ ਪਟਿਆਲਾ ਦੇ ਪਿੰਡ ਗੱਜੂ ਮਾਜਰਾ ਵਿਖੇ ਪੈਦਾ ਹੋਇਆ ਰਾਣਾ ਭੱਟੀ ਦੱਸਦਾ ਹੈ ਕਿ ਉਸਦੇ ਖਾਨਦਾਨ ਵਿਚ ਕਿਸੇ ਨੂੰ ਜਰਾ ਜਿੰਨਾ ਵੀ ਨਹੀਂ ਸੀ ਲਿਖਣਾ ਆਉਂਦਾ। ਪਰ, ਜਦੋ ਉਹ ਪਿੰਡ ਦੇ ਸਕੂਲ ਵਿਚ ਛੇਵੀਂ ਜਮਾਤ ਵਿਚ ਪੜਦਾ ਸੀ ਤਾਂ ਅਚਾਨਕ ਹੀ ਉਸਨੂੰ ਗੀਤ ਲਿਖਣ ਦੀ ਚੇਟਕ ਜਾਗ ਪਈ।  ਉਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਜੂ ਮਾਜਰਾ ਤੋਂ 1993 ਵਿਚ ਦਸਵੀਂ ਤੇ 1994 ਵਿਚ ਗਿਆਰਵੀਂ ਪਾਸ ਕੀਤੀ। ਜਦੋਂ ਬਾਰਵੀਂ ਵਿਚ ਹੋਇਆ ਤਾਂ ਉਹ ਫੌਜ ਵਿਚ ਸਿਪਾਹੀ ਭਰਤੀ ਹੋ ਗਿਆ। ਭਾਰਤ ਦੇ ਕੋਨੇ-ਕੋਨੇ ਵਿਚ ਸੇਵਾ ਕਰ ਚੁੱਕਾ ਇਹ ਸ਼ਖ਼ਸ ਇਸ ਵਕਤ ਸੂਬੇਦਾਰ ਦੀਆਂ ਸੇਵਾਵਾਂ ਨਿਭਾ ਰਿਹਾ ਹੈ।

          ਰਾਣਾ ਭੱਟੀ ਦੱਸਦਾ ਹੈ ਕਿ ਉਸਨੇ ਭਾਂਵੇਂ ਬਰਫੀਲੀਆਂ ਚੋਟੀਆਂ ਵਿਚ ਵੀ ਸੇਵਾਵਾਂ ਨਿਭਾਈਆਂ ਹਨ, ਪਰ ਗੀਤਕਾਰੀ ਦੇ ਸ਼ੌਂਕ ਦਾ ਭੂਤ ਉਸਦੇ ਸਿਰ ਸਵਾਰ ਹੋਇਆ ਹੀ ਰਿਹਾ।  ਜਿਸਨੂੰ ਉਸਨੇ ਨਾ-ਸਿਰਫ ਪੂਰੀ ਲਗਨ, ਮਿਹਨਤ ਤੇ ਰੂਹ ਨਾਲ ਪਾਲਣਾ ਹੀ ਜਾਰੀ ਰੱਖਿਆ, ਬਲਕਿ ਔਖੇ ਵੇਲਿਆਂ ਵਿਚ ਅਨੇਕਾਂ ਬਾਰ ਉਸਦੀ ਕਲਮ ਉਸਦਾ ਸਹਾਰਾ ਵੀ ਬਣਦੀ ਰਹੀ। ਉਸਨੇ ਸੈਂਕੜੇ ਗੀਤ ਲਿਖੇ, ਜਿਨਾਂ ਵਿਚੋਂ ਹੁਣ ਉਹ ਰਿਕਾਰਡਿੰਗ ਵਾਲੇ ਪਾਸੇ ਨੂੰ ਕਮਰ ਕੱਸਕੇ ਨਿੱਤਰ ਤੁਰਿਆ ਹੈ।  ਸਾਫ ਸੁਥਰੀ ਗੀਤਕਾਰੀ ਦੇ ਇਸ ਪਹਿਰੇਦਾਰ ਦਾ ਪਲੇਠਾ ਗੀਤ, ‘ਦਿਲਾਸਾ’ ਮਾਰਕੀਟ ਵਿਚ ਆਇਆ ਹੈ। ਜਿਸ ਨੂੰ ਗਾਇਆ ਹੈ ਸੁਰੀਲੀ ਅਵਾਜ਼ ਦੀ ਮਲਿਕਾ,  ਗਾਇਕਾ ਰਾਖੀ ਸ਼ਰਮਾ ਨੇ। ਆਡੀਉ ਵੰਨ ਕੰਪਨੀ ਨੇ ਬਲਜੀਤ ਟੰਡਨ (ਵੱਡਮੁੱਲੇ ਵਿਰਸੇ ਨੂੰ ਤਵਿਆਂ ਤੇ ਕੈਸਿਟਾਂ ਵਿਚ ਸੰਭਾਲੀ ਬੈਠੇ) ਦੀ ਦੇਖ- ਰੇਖ ਵਿੱਚ ਇਸ ਨੂੰ ਰਲੀਜ ਕੀਤਾ ਹੈ, ਬਹੁਤ ਹੀ ਚਰਚਾ ਵਿਚ ਹੈ। ਵਧਦੇ ਕਦਮੀਂ ਉਸ ਦਾ ਹੁਣ ਇਕ ਹੋਰ ਬਹੁਤ ਵਧੀਆ ਗੀਤ ਰਲੀਜ ਹੋਣ ਜਾ ਰਿਹਾ ਹੈ,‘ਤੇਰਾ ਪਿੰਡ’। ਜਿਸ ਦਾ ਗਾਇਕ ਹੈ ਸੁਰੀਲੀ ਤੇ ਦਮਦਾਰ ਅਵਾਜ਼ ਦਾ ਮਾਲਕ ਮੰਗਤ ਫਰਤੀਲਾ।

          ਇੱਥੋਂ ਤੱਕ ਦਾ ਮੁਕਾਮ ਹਾਸਲ ਕਰਨ ਦਾ ਸਿਹਰਾ ਰਾਣਾ ਭੱਟੀ ਆਪਣੀ ਜੀਵਨ ਸਾਥਣ ਜਸਪ੍ਰੀਤ ਕੌਰ ਤੇ ਲੋਕ-ਗਾਇਕ ਦਲਜੀਤ ਚਹਿਲ ਦੇ ਨਾਲ-ਨਾਲ ਉਸਦੀ ਜ਼ਿੰਦਗੀ ਵਿਚ ਸ਼ੁਰੂ ਤੋਂ ਲੈਕੇ ਅੱਜ ਤੱਕ ਹਰ ਪਲ, ਹਰ ਘੜੀ ਮੋਢੇ ਨਾਲ ਮੋਢਾ ਜੋੜ ਕੇ ਸਹਾਈ ਹੁੰਦੇ ਆ ਰਹੇ ਹਨ ਰੱਬ ਵਰਗੇ ਆਪਣੇ ਭਰਾ ਅਵਤਾਰ ਸਿੰਘ, ਜਸਵਿੰਦਰ ਸਿੰਘ ਤੇ ਗੁਰਨੈਬ ਸਿੰਘ ਦੇ ਸਿਰ ਬੰਨਦਾ, ਇਨਾਂ ਸਭਨਾਂ ਦੀਆਂ ਦੁਆਵਾਂ ਮੰਗਦਾ ਥੱਕਦਾ ਨਹੀਂ। ਇਕ ਹੱਥ ਵਿਚ ਰਾਈਫ਼ਲ ਅਤੇ ਦੂਜੇ ਹੱਥ ਵਿਚ ਕਲਮ ਫੜ ਕੇ ਦੇਸ਼, ਸਮਾਜ ਅਤੇ ਪੰਜਾਬੀ ਮਾਂ-ਬੋਲੀ  ਦੀ ਸੇਵਾ ਕਰ ਰਹੇ ਰਾਣਾ ਭੱਟੀ ਗੱਜੂ ਮਾਜਰੇ ਵਾਲਾ ਦੀ ਅਗਾਂਹ-ਵਧੂ ਉਸਾਰੂ ਸੋਚ ਉਡਾਰੀ, ਹਿੰਮਤ, ਲਗਨ, ਸਿਦਕ, ਦਲੇਰੀ ਤੇ ਤਪੱਸਿਆ ਨੂੰ ਸੀਸ ਝੁਕਾ ਕੇ ਲੱਖ-ਲੱਖ ਸਜਦੇ ਕਰਦਾ ਹਾਂ।  ਰੱਬ ਕਰੇ !  ਉਸਦੇ ਸਾਰੇ ਸੁਪਨੇ ਸਾਕਾਰ ਹੋਣ ਅਤੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਦਾ ਉਹ ਮਾਨ-ਸਨਮਾਨ ਤੇ ਸ਼ੁਹਰਤਾਂ ਦੀਆਂ ਬੁਲੰਦੀਆਂ ਨੂੰ ਜਾ ਛੂਹਵੇ ! ਆਮੀਨ !

          -ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641      

ਸੰਪਰਕ : ਰਾਣਾ ਭੱਟੀ ਗੱਜੂ ਮਾਜਰੇ ਵਾਲਾ  (ਗੁਰਸੇਵਕ ਸਿੰਘ ਭੱਟੀ) 9878937648     

No comments:

Post a Comment