Thursday, 16 September 2021

ਅਲੋਪ ਹੋ ਰਹੇ ਵੱਡਮੁੱਲੇ ਵਿਰਸੇ ਪ੍ਰਤੀ ਚਿੰਤਤ, ਸੰਭਾਲਣ ਲਈ ਸੰਘਰਸ਼ਸ਼ੀਲ ਮੁਟਿਆਰ : ਰਾਜਿੰਦਰ ਰਾਣੀ

 

         


ਮੁਟਿਆਰ ਕਵਿੱਤਰੀ ਤੇ ਲੇਖਿਕਾ ਰਾਜਿੰਦਰ ਰਾਣੀ ਨੇ ਆਪਣੀ ਤੇ ਕਲਮ ਦੀ ਸੂਝ ਬੂਝ ਨਾਲ ਪੰਜਾਬੀ ਸਾਹਿਤ ਜਗਤ ਅੰਦਰ ਆਪਣੀ ਇੱਕ ਨਿਵੇਕਲੀ ਸ਼ਾਨਾ ਮੱਤੀ ਪਹਿਚਾਣ ਬਣਾ ਲਈ ਹੈ। ਪੰਜਾਬ ਦੇ ਰੀਤੀ ਰਿਵਾਜ, ਜੋ ਸਾਡੀ ਨੌਜਵਾਨ ਪੀੜੀ ਪੂਰੀ ਤਰਾਂ ਭੁੱਲਦੀ ਜਾ ਰਹੀ ਹੈ, ਨੂੰ ਆਪਣੀ ਕਲਮ ਰਾਹੀਂ ਜਿਉਂਦਾ ਰੱਖਣ ਦੇ ਉਪਰਾਲੇ ਕਰਨ ਵਾਲੀ ਇਸ ਮੁਟਿਆਰ ਦਾ ਕਹਿਣ ਹੈ ਜੇ ਪਾਠਕ ਚੰਗਾ ਸਾਹਿਤ ਪੜਨ, ਲੇਖਕ ਮਿਆਰੀ ਰਚਨਾਵਾਂ ਲਿਖਣ ਅਤੇ ਗਾਇਕ ਸਾਫ ਸੁਥਰਾ ਗਾਉਣ ਤਾਂ ਪੰਜਾਬੀ ਸੱਭਿਆਚਾਰ ਦੀ ਅਮੀਰ ਵਿਰਾਸਤ ਨੂੰ ਅਜੇ ਵੀ ਸਹਿਜੇ ਹੀ ਬਚਾਇਆ ਜਾ ਸਕਦਾ ਹੈ। ਜਿਲਾ ਸੰਗਰੂਰ ਦੇ ਪਿੰਡ ਗੰਢੂਆਂ ਵਿਖੇ ਪਿਤਾ ਸ੍ਰੀ ਮੁਲਖ ਰਾਜ ਦੇ ਘਰ ਜਨਮੀ, ਛੋਟੇ ਭਰਾ ਤੇ ਭੈਣ ਤੋਂ ਵੱਡੀ ਰਾਜਿੰਦਰ ਦੱਸਦੀ ਹੈ ਕਿ ਘਰ ਦੇ ਗਰੀਬੀ ਭਰੇ ਆਰਥਿਕ ਹਾਲਾਤਾਂ ਤੋਂ ਉਸ ਨੇ ਬਹੁਤ ਕੁਝ ਸਿੱਖਿਆ। ਉਹ ਵੀ ਮਿਹਨਤ ਕਰ ਕੇ ਕੁਝ ਬਣਨ ਦੀ ਇਛੁੱਕ ਹੈ ਜਿਸ ਨਾਲ ਭਵਿੱਖ ਦੇ ਲੋਕਾਂ ਲਈ ਉਹ ਉਦਾਹਰਣ ਬਣ ਸਕੇ।

          ਰਾਜਿੰਦਰ ਨੇ ਸ਼ਹੀਦ ਊਧਮ ਸਿੰਘ ਕਾਲਜ ਆਫ ਐਜੂਕੇਸ਼ਨ ਮਹਿਲਾਂ ਚੌਕ ਤੋਂ ਈ. ਟੀ. ਟੀ. ਅਤੇ ਵਿੱਦਿਆ ਰਤਨ ਕਾਲਜ ਆਫ ਵੂਮੈਨ ਖੋਖਰ ਕਲਾਂ ਤੋਂ ਗਰੈਜੂਏਸ਼ਨ ਤੇ ਪੋਸਟ ਗਰੈਜੂਏਸਨ (ਐੱਮ. ਏ. ਪੰਜਾਬੀ) ਕੀਤੀ। ਉਹ ਪੜਾਈ ਦੇ ਨਾਲ-ਨਾਲ ਹਿੰਦੂ ਸਭਾ ਸਕੂਲ ਸੁਨਾਮ ਵਿੱਚ ਪ੍ਰਾਈਵੇਟ ਤੌਰ ਤੇ ਪੜਾਉਂਦੀ ਵੀ ਹੈ। ਰਾਜਿੰਦਰ ਨੇ ਇਕ ਮੁਲਾਕਾਤ ਦੌਰਾਨ ਦੱਸਿਆ ਕਿ ਉਸਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਂਕ ਜਾਗ ਪਿਆ ਸੀ। ਸਕੂਲ ਤੇ ਕਾਲਜ ਵਿੱਚ ਉਹ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਂਦੀ ਰਹੀ। ਉਸ ਕਿਹਾ, ‘‘ਮੇਰੀ ਜ਼ਿੰਦਗੀ ਦੇ ਪਹਿਲੇ ਪ੍ਰੇਰਨਾ ਸਰੋਤ ਮੇਰੇ ਪਿਤਾ ਸ੍ਰੀ ਮੁਲਖ ਰਾਜ ਜੀ ਹਨ ਜਿਨਾਂ ਤੋਂ ਮੈਂ ਸੰਘਰਸ਼ਮਈ ਜੀਵਨ ਜਿਊਣਾ ਸਿੱਖਿਆ। ਸਾਹਿਤਕ ਖੇਤਰ ਵਿਚ ਮੇਰੇ ਪੰਜਾਬੀ ਅਧਿਆਪਕ ਸ੍ਰੀ ਪ੍ਰੇਮ ਸਰੂਪ ਛਾਜਲੀ ਜੀ, ਜੋ ਕਿ ਇੱਕ, ਚਿੱਤਰਕਾਰ, ਸਾਹਿਤਕਾਰ, ‘ਆੜੀ ਮੈਗਜੀਨ’ ਦੇ ਮੁੱਖ ਸੰਪਾਦਕ ਤੇ ਚੰਗੇ ਇਨਸਾਨ ਹਨ, ਦਾ ਬਹੁਤ ਅਹਿਮ ਯੋਗਦਾਨ ਰਿਹਾ।  ਸਕੂਲ ਵਿੱਚ ਉਨਾਂ ਦੁਆਰਾ ‘ਕੰਧ ਪੱਤਿ੍ਰਕਾ ਮੈਗਜੀਨ’ ਵਿਚ, ‘ਮੇਰੀ ਉਡਾਣ’ ਰਚਨਾ ਦੁਆਰਾ 2010 ਤੋਂ ਮੇਰੀ ਕਲਮੀ ਸ਼ੁਰੂਆਤ ਹੋਈ। ਉਪਰੰਤ ਮਾਸਟਰ ਜੀ ਅਤੇ ਜਸਪ੍ਰੀਤ ਜਗਰਾਉਂ ਜੀ ਦੇ ਯੋਗਦਾਨ ਤੇ ਉਪਰਾਲੇ ਨਾਲ ਮੇਰੀ 23 ਬਾਲ ਕਵਿਤਾਵਾਂ ਦੀ ਪੁਸਤਕ, ‘ਆਓ ਸਿੱਖੀਏ ਕਿਤਾਬਾਂ ਚੋਂ’ ਛਪੀ।’’

          ਰਾਜਿੰਦਰ ਦੀਆਂ ਰਚਨਾਵਾਂ ਵਿਚ ਘਰ ਦੀਆਂ ਮਜਬੂਰੀਆਂ ਦਾ ਦਰਦ, ਜੁੜਦੇ ਟੁੱਟਦੇ ਰਿਸ਼ਤੇ, ਅਲੋਪ ਹੋ ਰਹੇ ਵੱਡਮੁੱਲੇ ਵਿਰਸੇ ਪ੍ਰਤੀ ਚਿੰਤਾ ਤੇ ਕੁਦਰਤ ਪ੍ਰਤੀ ਚੇਤਨਾ ਸਾਫ ਝਲਕਦੀ ਹੈ। ਉਸ ਦੀਆਂ ਰਚਨਾਵਾਂ ਸਪੋਕਸਮੈਨ, ਸੱਚ ਕਹੂੰ, ਨਵਾਂ ਜਮਾਨਾ, ਪੰਜਾਬੀ ਜਾਗਰਣ, ਪੰਜਾਬ ਟਾਈਮਜ, ਅੱਜ ਦੀ ਆਵਾਜ, ਸ਼ਟਿੰਗ ਅਪਰੇਸ਼ਨ, ਗੋਲਡ ਸਟਾਰ, ਪੰਜਾਬ ਟੂਡੇ ਕੈਨੇਡਾ, ਵਰਲਡ ਪੰਜਾਬ ਟਾਈਮਜ, ਕੋਮਲ ਕਲੀਆਂ, ਦੋਆਬਾ ਐਕਸਪ੍ਰੈਸ, ਮਾਲਵਾ ਬਾਣੀ, ਵਿਰਸਾ ਆਇਰਲੈਂਡ ਅਤੇ ਸਾਡੇ ਲੋਕ ਆਦਿ ਅਨੇਕਾਂ ਅਖਬਾਰਾਂ ਤੇ ਮੈਗਜੀਨਾਂ ਵਿਚ ਛਪਦੀਆਂ ਹੀ ਰਹਿੰਦੀਆਂ ਹਨ। ਕਲਮ ਦਾ ਰੰਗ ਦੇਖੋ :

‘‘ਰੁਕ ਜਾ ਹਵਾਏ ਨੀ ਤੂੰ ਰੁਕ ਜਾ,

ਮੇਰੇ ਸਿਰ ਤੋਂ ਨਾ ਚੁੰਨੀ ਕਿਤੇ ਲਹਿ ਜਾਵੇ।

ਮੈਂ ਅਣਖੀ ਪੰਜਾਬੀਆਂ ਦੀ ਧੀ ਹਾਂ,

ਮੈਨੂੰ ਬੇਅਣਖੀ ਨਾ ਕੋਈ ਕਹਿ ਜਾਵੇ।

ਜਿਹਦੀ ਕੁੱਖ ਤੋਂ ਜਨਮ ਕੇਰਾਂ ਲੈ ਲਿਆ,

ਉਸ ਅੰਮੜੀ ਦੀ ਰੱਖਣੀ ਐ ਲਾਜ ਮੈਂ।

ਚਿੱਟੀ ਪੱਗੜੀ ਬਾਪੂ ਦੀ ਜਿਹੜੀ ਸਿਰ ’ਤੇ,

ਉਹਨੂੰ ਲੱਗਣ ਨੀ ਦੇਣਾ ਕੋਈ ਦਾਗ ਮੈਂ।’’ 

ਰੱਬ ਕਰੇ !  ਮਾਂ-ਬੋਲੀ ਪੰਜਾਬੀ ਅਤੇ ਸਾਹਿਤ ਨੂੰ ਸਮਰਪਿਤ ਇਹ ਸੰਘਰਸ਼ਸ਼ੀਲ ਮੁਟਿਆਰ ਉਚੇਰੀਆਂ ਕਲਮੀ ਉਡਾਣਾ ਭਰਦਿਆਂ, ਸ਼ੁਹਰਤਾਂ ਅਤੇ ਮਾਨ-ਸਨਮਾਨ ਖੱਟਦੀ ਬੁਲੰਦੀਆਂ ਦੇ ਸ਼ਿਖਰਲੇ ਪੌਡੇ ਉਤੇ ਬੈਠੀ ਨਜ਼ਰੀ ਆਵੇ !  ਆਮੀਨ !   

          -ਪ੍ਰੀਤਮ ਲੁਧਿਆਣਵੀ),  (ਚੰਡੀਗੜ), 9876428641

ਸੰਪਰਕ : ਰਾਜਿੰਦਰ ਰਾਣੀ,   8146859585   

No comments:

Post a Comment