Monday, 27 September 2021

ਡਾਂਸ ਦੀਆਂ ਸਟੇਜਾਂ ਦੀ ਰਾਣੀ : ਪ੍ਰੀਆ ਮਾਨ

 



ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ,

ਗਾਉਣ ਵਾਲੇ ਦਾ ਮੂੰਹ।

ਨੀ ਬੋਲੀ ਮੈਂ ਪਾਵਾਂ,

ਨੱਚ ਗਿੱਧੇ ਵਿਚ ਤੂੰ।’

ਜੀ ਹਾਂ, ਤੁਸੀਂ ਬੋਲੀਆਂ ਪਾਉਣ ਵਾਲੇ ਬਣੋ, ਨੱਚਣ ਨੂੰ ਇਕੋ ਬਥੇਰੀ ਹੈ, ਗਿੱਧਿਆਂ ਦੀ ਰਾਣੀ। ਮੇਰੀ ਮੁਰਾਦ ਹੈ ਨਚੂ-ਨਚੂ ਟਪੂ-ਟਪੂ ਕਰਦੀ ਅੱਡੀ ਵਾਲੀ ਖ਼ੂਬਸੂਰਤ ਮੁਟਿਆਰ ਪ੍ਰੀਆ ਮਾਨ ਤੋਂ, ਜਿਸਦੀ ਪਾਈ ਧਮਾਲ ਦਾ ਛਣਕਾਟਾ ਲਾਹੌਰ ਤੀਕਰਾਂ ਸਹਿਜੇ ਹੀ ਸੁਣ ਜਾਂਦਾ ਹੋਵੇਗਾ।  ਆਪਣੀਆਂ ਮਨਮੋਹਕ ਅਦਾਵਾਂ ਦਾ ਯਾਦੂ ਵਿਖੇਰਕੇ ਦਰਸ਼ਕਾਂ ਨੂੰ ਕੀਲ ਕੇ ਬਿਠਾਉਣ ਵਾਲੀ ਇਸ ਚੁਲਬੁਲੀ ਡਾਂਸਰ ਦਾ ਜਨਮ ਪਿਤਾ ਦਵਿੰਦਰ ਸਿੰਘ ਦੇ ਘਰ  ਮਾਤਾ ਜਸਬੀਰ ਕੌਰ ਦੀ ਕੁੱਖੋਂ 9 ਮਾਰਚ,1993 ਨੂੰ ਜ਼ਿਲਾ ਹੁਸ਼ਿਆਰਪੁਰ ਦੀ ਤਹਿਸੀਲ ਗੜਸ਼ੰਕਰ ਵਿਚ ਪੈਂਦੇ ਪਿੰਡ ਟੂਟੋ ਮਜਾਰਾ ਵਿਚ ਜਦੋਂ ਹੋਇਆ ਹੋਵੇਗਾ ਤਾਂ ਕਲਾ ਦੇ ਜੌਹਰੀਆਂ ਨੇ ਜਰੂਰ ਭਵਿੱਖਬਾਣੀ ਕਰ ਦਿੱਤੀ ਹੋਵੇਗੀ ਇਸਦੀ ਡਾਂਸ ਕਲਾ ਬਾਰੇ। 

          ਸਟੇਜ ਉਤੇ ਤਰਥੱਲੀਆਂ ਮਚਾਉਣ ਵਾਲੀ ਪ੍ਰੀਆ ਨੇ ਇਕ ਮੁਲਾਕਾਤ ਦੌਰਾਨ ਦੱਸਿਆ ਕਿ ਉਸ ਨੂੰ ਡਾਂਸ ਦਾ ਸ਼ੌਕ ਬਚਪਨ ਤੋਂ ਹੀ ਜਾਗ ਪਿਆ ਸੀ। ਸਕੂਲ ਟਾਈਮ ਵਿੱਚ ਸਕੂਲ ਦੇ ਹਰ ਨੱਚਣ-ਟੱਪਣ ਵਾਲੇ ਫੰਕਸ਼ਨ ਵਿਚ ਉਹ ਵੱਧ ਚੜ ਕੇ ਹਿੱਸਾ ਲੈਂਦੀ ਅਤੇ ਆਪਣੇ ਵਿਦਿਆਰਥੀ ਸਾਥੀਆਂ ਅਤੇ ਸਕੂਲ ਦੇ ਅਧਿਆਪਕਾਂ ਵੱਲੋਂ ਮੱਲੋ-ਮੱਲੀ ਸ਼ਾਬਾਸ਼ ਅਤੇ ਮਾਣ ਸਨਮਾਨ ਬਟੋਰ ਲੈਂਦੀ ਰਹੀ। ਜਿਉਂ ਜਿਉਂ ਉਹ ਜਵਾਨੀ ਵੱਲ ਨੂੰ ਕਦਮ ਪੁੱਟਦੀ ਗਈ, ਉਸਦਾ ਗਿੱਧੇ-ਭੰਗੜੇ ਤੇ ਡਾਂਸ ਦਾ ਸ਼ੌਕ ਵੀ ਬਰਾਬਰ ਹੀ ਪਲ਼ਦਾ ਜਵਾਨ ਹੁੰਦਾ ਗਿਆ। ਫਿਰ, ਕਲਾ ਦੇ ਕਦਰਦਾਨ ਜੌਹਰੀਆਂ ਦੀਆਂ ਬਾਰ ਬਾਰ ਦਿੱਤੀਆਂ ਨੇਕ ਸਲਾਹਵਾਂ ਅਤੇ ਲੜਕੀ ਹੋਣ ਦੇ ਨਾਤੇ ਸਮਾਜ ਵੱਲੋਂ ਉਠਣ ਵਾਲੀਆਂ ਗੱਲਾਂ, ਦੋਨਾਂ ਨੂੰ ਆਹਮੋ-ਸਾਹਮੇ ਖੜਾ ਕਰ ਕੇ ਪ੍ਰੀਆ ਨੇ ਵਿਚਾਰ ਵਿਟਾਂਦਰਾ ਕੀਤਾ ਤਾਂ ਆਖਰ ਉਸ ਦੀ ਅੰਤਰ-ਆਤਮਾ ਦੀ ਅਵਾਜ਼ ਨੇ ਕਲਾ ਦੇ ਕਦਰਦਾਨਾਂ ਦੀਆਂ ਸਲਾਹਵਾਂ ਉਤੇ ਫੁੱਲ ਚੜਾਂਉਂਦਿਆਂ ਆਪਣੀ ਸਾਹ-ਸਾਹ ਵਿਚ ਪਲ਼ ਰਹੀ ਡਾਂਸ ਕਲਾ ਨੂੰ ਪ੍ਰਫੁੱਲਤ ਕਰਨ ਲਈ ਇਸ ਨੂੰ ਪ੍ਰਫੈਸ਼ਨ ਦੇ ਤੌਰ ਤੇ ਚੁਣ ਲਿਆ। ਉਹ ਸੱਭਿਆਚਾਰ ਅਤੇ ਵਿਰਸੇ ਦੀ ਸੇਵਾ-ਭਾਵਨਾ ਨੂੰ ਹਿਰਦੇ ’ਚ ਵਸਾ ਕੇ ਘਰਦਿਆਂ ਦੀ ਸਹਿਮਤੀ ਅਤੇ ਅਸ਼ੀਰਵਾਦ ਲੈ ਕੇ ਪੱਕੇ ਪੈਰੀਂ ਡਾਂਸ ਕਲਾ ਦੇ ਮੈਦਾਨ ਵਿਚ ਨਿਕਲ ਤੁਰੀ। ਦਰਸ਼ਕਾਂ ਦਾ ਸਾਹਮਣਾ ਕਰਨ ਦੀ ਝਿਜਕ ਤਾਂ ਉਸਦੀ ਸਕੂਲ ਟਾਈਮ ਵਿਚ ਹੀ ਦੂਰ ਹੋ ਗਈ ਸੀ, ਜਿਸ ਕਰਕੇ ਪ੍ਰਫੈਸ਼ਨਲ ਸਟੇਜਾਂ ਉਤੇ ਪੇਸ਼ਕਾਰੀ ਦਿੰਦਿਆਂ ਕਾਮਯਾਬੀਆਂ ਖੱਟਣ ਲਈ ਉਸ ਨੂੰ ਬਹੁਤੀ ਦੇਰ ਨਾ ਲੱਗੀ। ਜਿਹੜਾ ਗਰੁੱਪ ਉਸ ਨੂੰ ਇਕ ਬਾਰ ਲੈ ਗਿਆ, ਆਪਣੇ ਫੰਕਸ਼ਨ ਵਿਚ ਲਿਜਾਣ ਲਈ ਉਸੇ ਨੂੰ ਹੀ ਉਹ ਤਰਜੀਹ ਦਿੰਦਾ। ਨਤੀਜੇ ਵਜੋਂ ਉਹ ਅਨੇਕਾਂ ਹੀ ਸਟੇਜੀ ਪ੍ਰੋਗਰਾਮਾਂ ਵਿੱਚ ਆਪਣੀ ਇਸ ਕਲਾ ਦੇ ਜੌਹਰ ਵਿਖਾਉਣ ਦਾ ਮਾਣ ਹਾਸਲ ਕਰ ਚੁੱਕੀ ਹੈ।  ਕਈ ਸੰਸਥਾਵਾਂ ਵੱਲੋਂ ਉਸ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।

          ਸਫ਼ਲ ਕਦਮੀਂ ਚੱਲਦਿਆਂ ਪ੍ਰੀਆ ਮਾਨ ਨੇ ਰਿਐਲਿਟੀ ਸ਼ੋਅ ਵਿੱਚ ਵੀ ਭਾਗ ਲੈਂਦਿਆਂ ਫਸਟ ਪੁਜੀਸ਼ਨ ਹਾਸਲ ਕੀਤੀ। ਉਸਨੂੰ ਟੈਲੀ ਫਿਲਮਾਂ ਅਤੇ ਨਾਟਕਾਂ ਵਿਚ ਪੇਸ਼ਕਾਰੀ ਦੇਣ ਲਈ ਵੀ ਆਫ਼ਰ ਆਈਆਂ ਹਨ। ਉਹ ਦੱਸਦੀ ਹੈ ਕਿ ਉਹ ਟੈਲੀ ਫਿਲਮਾਂ ਅਤੇ ਨਾਟਕਾਂ ਦੁਆਰਾ ਹੁੰਦੀ ਹੋਈ ਫਿਲਮੀ ਦੁਨੀਆਂ ਵਿਚ ਪ੍ਰਵੇਸ਼ ਹੋਣ ਦਾ ਸੁਪਨਾ ਰੱਖਦੀ ਹੈ। ਪ੍ਰੀਆ ਨੇ ਕਿਹਾ, ‘ਰੰਗਮੰਚ ਦੀ ਦੁਨੀਆਂ ਵਿਚ ਕੁੜੀਆਂ ਦਾ ਆਉਣਾ ਬਹੁਤ ਮੁਸ਼ਕਿਲਾਂ ਭਰਿਆ ਰਾਹ ਹੈ। ਭਾਂਵੇਂ ਸਿਰ ਉਤੇ ਪਰਿਵਾਰ ਦਾ ਹੱਥ ਹੋਣ ਸਦਕਾ ਅਸਾਨੀ ਨਾਲ ਮੰਜ਼ਲਾਂ ਤਹਿ ਹੋ ਰਹੀਆਂ ਹਨ, ਪਰ, ਫਿਰ ਵੀ ਬੋਚ ਬੋਚ ਕੇ ਹੀ ਪੱਬ ਧਰਨਾ ਪੈਂਦਾ ਹੈ। ਜਿਸ ਮਾਲਕ ਨੇ ਮੈਨੂੰ ਕਲਾ ਦਾ ਅਨਮੋਲ ਤੋਹਫ਼ਾ ਦੇਕੇ ਇਸ ਪਾਸੇ ਵੱਲ ਤੋਰਿਆ ਹੈ, ਉਹ ਮੇਰੇ ਸੁਪਨੇ ਵੀ ਪੂਰੇ ਕਰੇਗਾ, ਮੈਨੂੰ ਭਰੋਸਾ ਹੈ, ਉਸ ਮਾਲਕ ਉਤੇ।’’

          ਵੱਡਮੁੱਲੇ ਸਭਿਆਚਾਰਕ ਵਿਰਸੇ ਨੂੰ ਸਮਰਪਿਤ, ਪ੍ਰੀਆ ਮਾਨ ਦਾ ਹਰ ਸੁਪਨਾ ਪੂਰਾ ਹੋਵੇ, ਓਸ ਪਰਵਰਦਗਾਰ ਅੱਗੇ, ਦਿਲੀ ਦੁਆ ਹੈ, ਕਲਾ ਦੀ ਪੁਜਾਰਨ ਇਸ ਮੁਟਿਆਰ ਲਈ।

          -ਪ੍ਰੀਤਮ ਲੁਧਿਆਣਵੀ) (ਚੰਡੀਗੜ), 9876428641

No comments:

Post a Comment