ਪੰਜਾਬ ਦੇ ਜਿਲਾ ਰੂਪਨਗਰ ਦੇ ਪਿੰਡ ਸੀਂਹੋਂ ਮਾਜਰਾ ਵਿਚ ਸ੍ਰ ਗੁਰਦਾਸ ਸਿੰਘ ਦੇ ਘਰ ਮਾਤਾ ਕੁਲਦੀਪ ਕੌਰ ਦੀ ਕੁੱਖੋਂ ਜਨਮਿਆਂ ਚਾਰ ਭੈਣ ਭਰਾਵਾਂ ਵਿਚੋਂ ਸਭ ਤੋਂ ਛੋਟਾ ਰਾਣਾ ਆਜ਼ਾਦ ਬਚਪਨ ਵਿਚ ਹੀ ਆਪਣੇ ਪਰਿਵਾਰ ਦੇ ਨਾਲ ਪਿੰਡ ਛੱਡ ਕੇ ਬਾਗਾਂਵਾਲ਼ੇ (ਮੁਰਿੰਡਾ) ਦਾ ਵਸਨੀਕ ਬਣ ਗਿਆ ਸੀ। ਦਸਵੀਂ ਜਮਾਤ ਕਰਨ ਤੋਂ ਬਾਅਦ ਗਾਣੇ ਲਿਖਣ ਅਤੇ ਐਕਟਿੰਗ ਕਰਨ ਦੇ ਸ਼ੌਂਕ ਨੇ ਅੱਗੇ ਪੜਨ ਦੀ ਉਸਦੀ ਚੇਟਕ ਹੀ ਖਤਮ ਕਰ ਦਿੱਤੀ। ਘਰ ਵਿਚ ਕਲਾਕਾਰੀ ਦਾ ਰੰਗ ਪਹਿਲਾਂ ਹੀ ਖ਼ੂਬ ਚੜਿਆ ਹੋਇਆ ਸੀ, ਕਿਉਂਕਿ ਫੌਜੀ ਬਾਪੂ ਜੀ ਵਧੀਆ ਗੀਤਕਾਰ ਸਨ, ਜਿਨਾਂ ਦੀ ਪੁਸਤਕ, ‘ਫੌਜੀ ਪਰਵਾਨੇ’ ਅਤੇ ‘ਨਿਰਾਲੇ ਦਰਸ਼ਨ’ ਸਾਹਿਤ-ਜਗਤ ਵਿਚ ਚੰਗਾ ਸਥਾਨ ਰੱਖਦੀ ਹੈ।
ਆਜ਼ਾਦ
ਨੇ ਅਪਣੇ ਵੱਡੇ ਭਰਾ ਜਾਣੇ-ਪਛਾਣੇ ਰੰਗਕਰਮੀ ਤੇ ਸਾਹਿਤਕਾਰ ਰਾਬਿੰਦਰ ਸਿੰਘ ਰੱਬੀ ਨਾਲ਼ ਮਿਲ ਕੇ,‘ਸੱਜਰੀ
ਸਵੇਰ ਕਲਾ ਕੇਂਦਰ ਮੋਰਿੰਡਾ’ ਦੀ ਸਥਾਪਨਾ ਕੀਤੀ ਅਤੇ ਥੀਏਟਰ ਦੇ ਬਾਬਾ ਬੋਹੜ ਗੁਰਸ਼ਰਨ ਭਾਜੀ (ਭਾਈ ਮੰਨਾ
ਸਿੰਘ ਜੀ) ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਅਣਗਿਣਤ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿੱਚ ਨੁੱਕੜ
ਨਾਟਕ ਖੇਡੇ। ਚੰਡੀਗੜ ਦੇ ਲੋਕ ਕਲਾ ਭਵਨ, ਟੈਗੋਰ ਥੀਏਟਰ, ਬਾਲ ਭਵਨ ਅਤੇ ਹੋਰ ਵੱਡੀਆਂ ਸਟੇਜਾਂ ਤੋਂ
ਨਾਟਕ ਖੇਡਕੇ ਆਪਣੀ ਨਿਵੇਕਲੀ ਨਿੱਗਰ ਪਛਾਣ ਬਣਾਉਂਦਿਆਂ ਚੰਗੀ ਵਾਹ-ਵਾਹ ਖੱਟੀ। 2001 ਵਿਚ,‘ਨੈਸ਼ਨਲ
ਸਕੂਲ ਆਫ ਡਰਾਮਾ’ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਸਾਰੇ ਪੰਜਾਬ ’ਚੋਂ ਅਵਲ ਦਰਜੇ ਦੇ ਚੋਣਵੇਂ 21 ਕਲਾਕਾਰ
ਮੁੰਡੇ ਕੁੜੀਆਂ ਦੀ ਚੋਣ ਕੀਤੀ, ਜਿਸ ਵਿਚ ਆਜ਼ਾਦ ਵੀ ਚੁਣਿਆ ਗਿਆ। 21 ਦਿਨਾਂ ਦੀ ਇਹ ਵਰਕਸ਼ਾਪ ਵਿਚ ਮੁੰਬਈ
ਤੋਂ ਕਈ ਕਲਾਕਾਰ ਆਏ, ਜਿਨਾਂ ਨੇ ਸਟੇਜ ਦੀਆਂ ਹੋਰ ਵੀ ਬਰੀਕੀਆਂ ਬਾਰੇ ਜਾਣਕਾਰੀ ਦਿੱਤੀ। ਏਸ ਵਰਕਸ਼ਾਪ
ਨੂੰ ਉੱਘੇ ਨਾਟਕਕਾਰ ਕੇਵਲ ਧਾਲੀਵਾਲ ਅਤੇ ਆਤਮਜੀਤ ਜੀ ਚਲਾ ਰਹੇ ਸਨ। ਨੈਸ਼ਨਲ ਸਕੂਲ ਆਫ ਡਰਾਮਾ ਵੱਲੋਂ
ਮਿਲੇ ਸਰਟੀਫਿਕੇਟ ਅਤੇ ਸਨਮਾਨ ਨੇ ਆਜ਼ਾਦ ਨੂੰ ਉਤਸ਼ਾਹਿਤ ਕਰ ਕੇ ਹੋਰ ਵੀ ਉਚੀਆਂ ਉਡਾਣਾ ਭਰਨ ਲਾ ਦਿੱਤਾ।
. .ਗੀਤਕਾਰ ਦੇ ਤੌਰ ਤੇ ਵਿਚਰਦਿਆਂ ਰਾਣਾ ਅਜ਼ਾਦ ਨੇ ਸੈਂਕੜੇ ਹੀ ਪਰਿਵਾਰਕ ਅਤੇ ਸੱਭਿਆਚਾਰਕ ਗੀਤ ਲਿਖੇ
ਅਤੇ ਸਟੇਜਾਂ ਉਤੇ ਗਾਏ। ਫਿਰ, ਨੌਜਵਾਨ ਸਾਹਿਤ ਸਭਾ
ਮੋਰਿੰਡਾ ਦਾ ਮੈਂਬਰ ਬਣਿਆ ਅਤੇ ਚੰਗੇ ਚੰਗੇ ਸਿਰਮੌਰ ਸਾਹਿਤਕਾਰਾਂ ਦੀ ਸੰਗਤ ਦਾ ਸੁਭਾਗ ਹਾਸਲ ਹੋਇਆ।
ਚੱਲਦੇ
ਚੱਲਦਿਆਂ ਫਿਰ ਰਾਣਾ ਆਜ਼ਾਦ ਨੇ ਖੁਦ ਆਪ ਹੀ ਘਰੇਲੂ ਹਿੰਸਾ ਅਤੇ ਕੰਨਿਆ ਭਰੂਣ ਹੱਤਿਆ ’ਤੇ ਅਧਾਰਿਤ ਸਮਾਜ
ਨੂੰ ਸੇਧ ਦਿੰਦੇ ਨਾਟਕ ਲਿਖੇ ਅਤੇ ਪੰਜਾਬ ਦੇ ਕੋਨੇ-ਕੋਨੇ ਵਿਚ ਅਨੇਕਾਂ ਸਟੇਜਾਂ ’ਤੇ ਖੇਡੇ। ਆਜਾਦ
ਦੇ ਲਿਖੇ ਨਾਟਕ ‘ਕੂੰਜਾਂ ਦੀਆਂ ਡਾਰਾਂ’ ਦੇ ਟਾਇਟਲ ਗੀਤ ਦੀਆਂ ਸਤਰਾਂ ਦੇਖੋ :
ਸੋਚ ਬਦਲੂਗੀ ਕਦੋਂ
ਪੰਜਾਬ ਦੀ ਇਹ,
ਕਾਹਤੋਂ ਕਹਿੰਦੇ
ਨੇ ਕੁੜੀਆਂ ਨੂੰ ਬਦਕਾਰਾਂ ?
ਜੋਰ ਕੀ ਹੈ ਰੁੱਤਾਂ
ਉੱਤੇ ਚਿੜੀਆਂ ਦਾ,
ਕੁੜੀਆਂ ਹੁੰਦੀਆਂ
ਨੇ ਕੂੰਜਾਂ ਦੀਆਂ ਡਾਰਾਂ।’
ਕੋਰਿਓਗ੍ਰਾਫੀ ਦੇ
ਰਚੇਤਾ ਮਾਸਟਰ ਤਰਲੋਚਨ ਸਿੰਘ ਜੀ ਦੇ ਕਹਿਣ ’ਤੇ ਵੱਡੇ ਪੱਧਰ ਦੀਆਂ ਪੰਜਾਬੀ ਤੇ ਹਿੰਦੀ ਫਿਲਮਾਂ ਵਿਚ
ਰੋਲ ਮੰਗਣ ਨਾਲੋਂ ਆਪ ਹੀ ਧਰਮਿੰਦਰ ਭੰਗੂ ਦੀ ਲਿਖੀ ਕਹਾਣੀ, ‘ਖੁਦਕੁਸ਼ੀ’ ’ਤੇ ਅਧਾਰਿਤ ਟੈਲੀ ਫਿਲਮ
ਬਣਾਈ। ਜੋ ਕਿ ਇੱਕ ਮੂਕ ਫਿਲਮ ਹੈ ਤੇ ਜਿਸ ਵਿਚ ਗਰੀਬ ਬੰਦੇ ਦੀ ਤ੍ਰਾਸਦੀ ਪੇਸ਼ ਕੀਤੀ ਗਈ ਹੈ। ਇਸ ਫਿਲਮ
ਵਿਚ ਕੋਈ ਵੀ ਡਾਇਲਾਗ ਨਹੀਂ ਹੈ ਅਤੇ ਲੋਕਾਂ ਵੱਲੋਂ ਬੇਹੱਦ ਪਸੰਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ,‘ਬਾਬਾ
ਬੋਹੜ’, ‘ਕਾਰੇ ਨਸ਼ਿਆਂ ਦੇ’ ਅਤੇ ‘ਦਲਦਲ’ ਆਦਿ ਟੈਲੀ ਫਿਲਮਾਂ ਦੇ ਨਾਲ-ਨਾਲ ਆਪਣੀ ਲਿਖੀ ਟੈਲੀ ਫਿਲਮ,
‘ਮੁਰਕੀਆਂ ਬੇਬੇ ਦੀਆਂ’ ਬਣਾਈ। ਅੱਜ-ਕੱਲ ਆਜਾਦ ਆਪਣੀ ਲਿਖੀ ਕਹਾਣੀ ’ਤੇ ਅਧਾਰਿਤ ਫਿਲਮ, ‘ਮਮਤਾ’ ਬਣਾਉਣ
ਦੀ ਤਿਆਰੀ ਕਰ ਰਿਹਾ ਹੈ। ਏਹ ਕਹਾਣੀ ਉਨਾਂ ਮਾਵਾਂ ਲਈ ਹੈ ਜੋ ਅੰਨੀ ਮਮਤਾ ਪਿੱਛੇ ਆਪਣੇ ਬੱਚਿਆਂ ਦੀ
ਗਲਤੀ ਨੂੰ ਦੇਖ ਕੇ ਵੀ ਅਣਦੇਖਿਆ ਕਰ ਦਿੰਦੀਆਂ ਹਨ ਅਤੇ ਜਦੋਂ ਤੱਕ ਓਹ ਮਮਤਾ ਦਾ ਪਰਦਾ ਹਟਾ ਕੇ ਸੱਚ
ਦੇਖਣ ਦੀ ਕੋਸ਼ਿਸ਼ ਕਰਦੀਆਂ ਹਨ ਉਦੋਂ ਤੱਕ ਸਭ ਕੁਝ ਖਤਮ ਹੋ ਗਿਆ ਹੁੰਦਾ ਹੈ।
ਜਿਕਰਯੋਗ
ਹੈ ਕਿ ਇਸ ਅਦਾਕਾਰ ਨੇ ਕਈ ਪੰਜਾਬੀ ਫਿਲਮਾਂ ਵਿਚ ਵੀ ਛੋਟੇ ਮੋਟੇ ਰੋਲ ਨਿਭਾਏ ਹਨ ਪਰ ਉਸਨੂੰ ਦੁੱਖ
ਹੈ ਕਿ ਸੰਨੀ ਦਿਓਲ, ਜੈਕੀ ਸ਼ਰਾਫ ਵਿਵੇਕ ਓਬਰਾਏ ਦੀ ਫਿਲਮ, ‘ਨਕਸ਼ਾ’ ਵਿਚ ਉਸਦਾ ਰੋਲ ਕੱਟ ਦਿੱਤਾ ਗਿਆ।
ਆਪਣੀਆਂ ਸਮਾਜ ਸੁਧਾਰਿਕ ਤੇ ਸੇਧਆਤਮਕ ਲਿਖਤਾਂ ਅਤੇ ਅਦਾਕਾਰੀ ਦੁਆਰਾ ਇੰਨਕਲਾਬ ਲਿਆਉਣ ਵਾਲੇ ਐਸੇ ਮਿਹਨਤੀ,
ਸਿਦਕੀ, ਸਿਰੜੀ ਸੂਰਬੀਰ ਕ੍ਰਾਂਤੀਕਾਰੀ ਯੋਧੇ ਘਰ-ਘਰ ਨਹੀਂ ਜੰਮਦੇ। ਥੀਏਟਰ ਖੇਤਰ ਵਿਚ ਛੋਟੇ ਤੋਂ ਲੈਕੇ ਵੱਡੇ-ਤੋਂ-ਵੱਡੇ ਕਿਰਦਾਰ
ਨੂੰ ਲਾ-ਜੁਵਾਬ ਕਲਾ ਨਾਲ ਨੇਪਰੇ ਚਾੜਨ ਅਤੇ ਯੁੱਗ ਪਲਟਾਉਣ ਦੀ ਸਮਰੱਥਾ ਰੱਖਦੇ ਰਾਣਾ ਅਜ਼ਾਦ ਜੀ ਵਰਗੇ
ਰੰਗਕਰਮੀਆਂ ਦੀ ਪੰਜਾਬ ਨੂੰ ਅੱਜ ਦਿਨ ਡਾਹਢੀ ਲੋੜ ਹੈ। ਚਾਰ ਦਹਾਕਿਆਂ ਤੋਂ ਯਤਨਸ਼ੀਲ ਇਸ ‘ਲੋਹ-ਪੁਰਸ਼’
ਦੀ ਸੋਚ ਉਡਾਰੀ ਨੂੰ ਨਤਮਸਤਕ ਹੁੰਦਾ ਹੋਇਆ ਇਸ ਇੰਨਕਲਾਬੀ ਮਿਸ਼ਾਲ ਨੂੰ ਹੋਰ ਵੀ ਸਰਗਰਮੀ ਨਾਲ ਜਗਦੀ
ਰੱਖਣ ਦਾ ਬਲ ਬਖਸ਼ਦੇ ਰਹਿਣ ਲਈ ਓਸ ਮਾਲਕ ਦੇ ਦਰ ਤੇ ਦੁਆਵਾਂ ਤੇ ਸ਼ੁਭ ਕਾਮਨਾਵਾਂ ਕਰਦਾ ਹਾਂ।
-ਪ੍ਰੀਤਮ ਲੁਧਿਆਣਵੀ), (ਚੰਡੀਗੜ), 9876428641
ਸੰਪਰਕ : ਰਾਣਾ
ਆਜ਼ਾਦ, 9872598830

No comments:
Post a Comment