Wednesday, 18 August 2021

ਵਿਸ਼ਵ ਪ੍ਰਸਿੱਧੀ-ਪ੍ਰਾਪਤ ਸੁਰੀਲੀ ਗਾਇਕਾ ਬੀਬਾ ਪਰਮਜੀਤ ਧੰਜਲ ਦੇ ਟਰੈਕ, ‘ਬਰਸਾਤਾਂ’ ਅਤੇ ‘ਸਾਉਣ ਮਹੀਨਾ’ ਨੂੰ ਮਿਲ ਰਿਹਾ ਹੈ ਭਰਪੂਰ ਹੁੰਗਾਰਾ

 


ਦੇਸ਼-ਵਿਦੇਸ਼ ਦੀਆਂ ਸੈਂਕੜੇ ਸਟੇਜਾਂ ਤੋਂ ਸਨਮਾਨੀ-ਸਤਿਕਾਰੀ, ਪੰਜਾਬੀ ਸੰਗੀਤ ਜਗਤ ਦੀ ਦੁਨੀਆਂ ਦੇ ਅੰਬਰਾਂ ਵਿੱਚ ਉਡਾਰੀਆਂ ਮਾਰ ਰਹੀ, ਵਿਸ਼ਵ ਪ੍ਰਸਿੱਧੀ ਪ੍ਰਾਪਤ ਸੁਰੀਲੀ ਗਾਇਕਾ ਬੀਬਾ ਪਰਮਜੀਤ ਧੰਜਲ ਅੱਜ ਕੱਲ ਆਪਣੇ ਸਾਹਿਤਕ ਗੀਤ, ‘ਬਰਸਾਤਾਂ’ ਅਤੇ ‘ਸਾਉਣ ਮਹੀਨਾ’ ਨਾਲ ਖੂਬ ਚਰਚਾ ਵਿਚ ਹੈ। ‘ਸਾਉਣ ਮਹੀਨਾ’ ਗੀਤ ਗੀਤਕਾਰ ਮਨੋਜ ਫ਼ਗਵਾੜਵੀ ਦੀ ਕਲਮ ’ਚੋਂ ਨਿਕਲਿਆ ਗੀਤ ਹੈ ਜਿਸਨੂੰ ਮਾਰਕੀਟ ਵਿਚ ਉਤਾਰਿਆ ਹੈ, ਕੇ. ਪ੍ਰੋਡਕਸ਼ਨ ਕੰਪਨੀ ਨੇ। ਦੂਜਾ ਗੀਤ, ‘ਬਰਸਾਤਾਂ’ ਗੀਤਕਾਰ ਭਜਨ ਸਿੰਘ ਵਿਰਕ ਦਾ ਲਿਖਿਆ ਗੀਤ ਹੈ। ਜਿਸ ਨੂੰ ਮਾਰਕੀਟ ਵਿਚ ਉਤਾਰਿਆ ਹੈ, ਸੰਗਮ ਕੰਪਨੀ ਨੇ। ਦੋਵੇਂ ਗੀਤ ਸੰਗੀਤਕਾਰ ਵਰੁਣ ਠੁਕਰਾਲ ਦੁਆਰਾ ਲਾ-ਜੁਵਾਬ ਸੰਗੀਤ ਵਿਚ ਪਰੋਏ ਗਏ ਹਨ ਅਤੇ ਦੋਵਾਂ ਗੀਤਾਂ ਦੀ ਵੀਡੀਓ ਤਿਆਰ ਕੀਤੀ ਹੈ, ਵੀਡੀਓ ਡਾਇਰੈਕਟਰ ਅਸ਼ੋਕ ਖੁਰਾਨਾ ਨੇ। 

          ਇਕ ਮੁਲਾਕਾਤ ਦੌਰਾਨ ਖ਼ੁਸ਼ੀ ਸਾਂਝੀ ਕਰਦਿਆਂ ਗਾਇਕਾ ਪਰਮਜੀਤ ਧੰਜਲ ਨੇ ਕਿਹਾ,‘‘ਇਨਾਂ ਦੋਵੇਂ ਸਾਹਿਤਕ ਗੀਤਾਂ ਲਈ ਸੂਝਵਾਨ ਵਿਦਵਾਨਾਂ ਅਤੇ ਸਾਹਿਤਕਾਰਾਂ ਦੇ ਲਗਾਤਾਰ ਆ ਰਹੇ ਫੋਨਾਂ ਨੇ ਮੈਨੂੰ ਬੇਹੱਦ ਉਤਸ਼ਾਹ ਤੇ ਪਿਆਰ ਬਖਿਸ਼ਆ ਹੈ। ਸਾਹਿਤਕਾਰਾਂ ਦੀ ਆਪੋ-ਆਪਣੇ ਗੀਤ ਰਿਕਾਰਡ ਕਰਵਾਉਣ ਲਈ ਲੱਗੀ ਲਾਈਨ ਲਗਾਤਾਰ ਵਧਦੀ ਜਾ ਰਹੀ ਹੈ। ਮੇਰਾ ਵਹਿਮ ਸੀ ਕਿ ਸਾਹਿਤਕ ਗੀਤਾਂ ਨੂੰ ਸ਼ਾਇਦ ਸਰੋਤੇ ਉਤਨਾ ਮਾਣ-ਸਤਿਕਾਰ ਤੇ ਮੋਹ ਨਹੀ ਬਖਸ਼ਦੇ ਜਿਤਨਾ ਕੁਮੱਰਸ਼ੀਅਲ ਗੀਤਾਂ ਨੂੰ। ਪਰ ਮੇਰੇ ਇਨਾਂ ਦੋਨਾਂ ਗੀਤ ਨੂੰ ਵਿਦਵਾਨ ਵਰਗ ਤੋਂ ਮਿਲ ਰਹੀ ਮਕਬੂਲੀਅਤ ਨੇ ਇਹ ਸਾਬਤ ਕਰ ਵਿਖਾਇਆ ਹੈ ਕਿ ਸਾਹਿਤਕ ਗੀਤ ਸੱਚਮੁਚ ਹੀ ਸਦਾਬਹਾਰ ਗੀਤ ਹੋ ਨਿੱਬੜਦੇ ਹਨ। ਸੁਰਿੰਦਰ ਕੌਰ, ਪ੍ਰਕਾਸ਼ ਕੌਰ ਅਤੇ ਨਰਿੰਦਰ ਬੀਬਾ ਜੀ ਦੇ ਗੀਤ ਕਾਲਿਜ ਟਾਈਮ ਵਿਚ ਵੀ ਮੇਰੀ ਵੱਲੋਂ ਗਾਏ ਹੋਣ ਕਰਕੇ ਮੇਰੀ ਦਿਲੀ ਤਮੰਨਾਂ ਤਾਂ ਭਾਂਵੇ ਇਹੀ ਰਹਿੰਦੀ ਸੀ ਕਿ ਮੈਂ ਵੀ ਸਾਹਿਤਕ ਟੱਚ ਦੇ ਗੀਤਾਂ ਦੀ ਚੋਣ ਕਰਾਂ। ਪਰ ਮੁਕਾਬਲੇ ਦਾ ਯੁੱਗ ਹੋਣ ਕਰਕੇ ਅਤੇ ਅੱਜ ਦੀ ਨੌ-ਜਵਾਨ ਪੀੜੀ ਦੀ ਨਵੀਂ ਸੋਚ ਅਤੇ ਪਸੰਦਗੀ ਨੂੰ ਮੱਦੇ ਨਜ਼ਰ ਰੱਖਦਿਆਂ ਦਿਲ ਕਦੀ ਕਦੀ ਘਬਰਾ ਜਾਂਦਾ ਸੀ। ਸਾਹਿਤਕਾਰਾਂ ਦੇ ਫ਼ੋਨ, ਉਨਾਂ ਦੀਆਂ ਮਿਲ ਰਹੀਆਂ ਵਧਾਈਆਂ ਅਤੇ ਖੁਸ਼ੀਆਂ ਭਰੇ ਸੁਨੇਹੇ ਮੈਨੂੰ ਉਦੋਂ ਹੋਰ ਵੀ ਉਡਾਰੀਆਂ ਲਾਉਣ ਦਾ ਬਲ ਬਖਸ਼ ਦਿੰਦੇ ਹਨ ਜਦੋਂ ਉਹ ਕਹਿੰਦੇ ਹਨ ਕਿ ਅੱਜ ਦੇ ਸਾਡੇ ਗਾਇਕਾਂ ਕੋਲ ਤਾਂ ਮਾਰਧਾੜ, ਇਸ਼ਕ ਮਸ਼ੂਕੀ ਅਤੇ ਹਥਿਆਰਾਂ ਵਾਲੇ ਗੀਤਾਂ ਤੋਂ ਸਵਾਇ ਹੈ ਹੀ ਕੁਝ ਨਹੀ।’’

          ਵਿਸ਼ੇਸ਼ ਜ਼ਿਕਰ ਯੋਗ ਹੈ ਕਿ ਉਚੇਰੀਆਂ ਬੁਲੰਦੀਆਂ ਨੂੰ ਛੂਹ ਚੁੱਕੀ, ਹਸੂ-ਹਸੂ ਕਰਦੇ ਖ਼ੂਬਸੂਰਤ ਚਿਹਰੇ ਵਾਲੀ ਮੁਟਿਆਰ ਗਾਇਕਾ ਧੰਜਲ ਇਸ ਵਕਤ ਇੰਟਰਨੈਸ਼ਨਲ ਲੋਕ-ਗਾਇਕ ਕਲਾ ਮੰਚ (ਰਜਿ.) ਦੇ ਕੌਮੀ ਮੀਤ ਪ੍ਰਧਾਨ ਦੀਆਂ ਅਹਿਮ ਜ਼ਿੰਮੇਵਾਰੀਆਂ ਵੀ ਨਿਭਾ ਰਹੀ ਹੈ।  ਉਤਨੀ ਦੇਰ ਤੱਕ ਇਸ ਚੁਲਬਲੀ ਮੁਟਿਆਰ ਦੀ ਗਾਇਕੀ ਦੀ ਗੱਲ ਅਧੂਰੀ ਅਧੂਰੀ ਹੀ ਰਵੇਗੀ, ਜਿੰਨੀ ਦੇਰ ਤੱਕ ਮੈਂ ਉਸਦੇ, ‘ਮੇਰਾ ਝੂਟੇ ਖਾਂਦਾ ਲੱਕ ਵੇ ਹਾਣੀਆ’ (ਟੀ-ਸੀਰੀਜ), ‘ਮੈਨੂੰ ਕੀਲਕੇ ਪਟਾਰੀ ਵਿਚ ਪਾ ਮੁੰਡਿਆ’ (ਫਾਈਨ ਟੋਨ), ‘‘ਗੁਟਕੂੰ ਗੁਟਕੂੰ ਕਰਦੇ ਕਬੂਤਰਾਂ ਨੂੰ ਦੇਖ ਮੇਰਾ ਦਿਲ ਡੋਲ ਗਿਆ’, ‘ਬਹੁੜੀਂ ਨੀ ਸਈਓ ਫੜਿਓ ਛਿਟੀਆਂ ’ਚੋਂ ਡੰਗੀ ਨਾਗ ਨੇ’, ‘ਦੇ ਦਿਓ ਬਾਬੂ ਜੀ ਮੈਨੂੰ ਟਿਕਟ ਗੱਡੀ ਦਾ’ (ਚੁਆਇਸ ਕੰ.), ‘ਮੈਂ ਨਹੀਂ ਸਹੁਰੇ ਜਾਣਾ’, ‘ਦਿਲ ’ਤੇ ਲਿਖਾ ਲੈ ਮੇਰਾ ਨਾਂ ਮਿੱਤਰਾ’, ‘ਧੀ ਜੰਮੇ ਤਾਂ ਸਾਰੇ ਕਿਉਂ ਮੱਥੇ ਵੱਟ ਪਾਉਂਦੇ ਨੇ’, ‘ਸੱਜੀ ਅੱਖ ’ਤੇ ਕੈਮਰਾ ਲਾ ਕੇ ਫੋਟੋ ਮੇਰੀ ਖਿੱਚ ਮੁੰਡਿਆ’, ‘ਮੇਰੇ ਹਾਣ ਦਾ ਸ਼ੌਕੀਨ ਮੁੰਡਾ ਗੱਭਰੂ ਨੀ ਭਾਬੀ ਮੈਥੋਂ ਦਿਲ ਮੰਗਦਾ’, ‘ਨੱਚਣਾ ਪਟੋਲਾ ਬਣਕੇ ਗਿੱਧੇ ਵਿਚ ਮੈਂ ਨੱਚਣਾ’ ਆਦਿ ਉਸ ਦੇ ਸੁਪਰ ਹਿੱਟ ਹੋਏ ਗੀਤਾਂ ਜ਼ਿਕਰ ਨਾ ਕਰ ਸਕਾਂ। 

          ਸੱਭਿਆਚਾਰ ਦੀ ਸੇਵਾ ’ਚ ਸਮਰਪਿਤ ਇਸ ਮੁਟਿਆਰ ਗਾਇਕਾ ਲਈ ਦਿਲੀ ਦੁਆਵਾਂ ਹਨ ਕਿ ਮੇਰਾ ਪ੍ਰਵਰਦਗਾਰ ਉਸਨੂੰ ਹਮੇਸ਼ਾ ਚੜਦੀ ਕਲਾ ਵਿਚ ਅਤੇ ਸਿਹਤਮੰਦ ਰੱਖੇ। ਵੱਡੇ-ਵੱਡੇ ਐਵਾਰਡ ਤੇ ਪੁਰਸਕਾਰ ਉਸ ਦਾ ਰਾਹ ਮੱਲੀ ਬੈਠੇ, ਬੜੀ ਬੇ-ਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਉਸਦੇ ਕਰ-ਕਮਲਾਂ ਦੀ ਛੂਹ ਪ੍ਰਾਪਤ ਕਰਨ ਲਈ।

          ਪ੍ਰੀਤਮ ਲੁਧਿਆਣਵੀ), (ਚੰਡੀਗੜ), 9876428641


No comments:

Post a Comment