Wednesday, 18 August 2021

ਖੂਬ ਨਾਮਨਾ ਖੱਟ ਰਿਹਾ ਸਿਰਮੌਰ ਗੀਤਕਾਰ ਤੇ ਗਾਇਕ : ਵਰਿਆਮ ਸਰੋਆ

 


ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਗੀਤ-ਸੰਗੀਤ ਦੀਆਂ ਰੂਹਾਂ ਨੂੰ ਕਾਮਯਾਬ ਹੋਣ ਲਈ ਕਾਫੀ ਸੰਘਰਸ਼ ਕਰਨਾ ਪੈਂਦਾ ਹੈ। ਰਾਤੋ ਰਾਤ ਸਟਾਰ ਬਣਨ ਦੇ ਸੁਪਨੇ ਤਾਂ ਹਰ ਕੋਈ ਪਾਲਦਾ ਹੈ ਪਰ ਮਿਹਨਤ, ਸ਼ੌਂਕ, ਲਗਨ ਅਤੇ ਰੂਹ ਨਾਲ ਤਪੱਸਿਆ ਕਰਦਿਆਂ ਮੰਜਲਾਂ ਸਰ ਕਰਨੀਆਂ ਕਿਸੇ ਵਿਰਲਿਆਂ ਦੇ ਹਿੱਸੇ ਹੀ ਆਉਂਦੀਆਂ ਹਨ। ਉਨਾਂ ਵਿਰਲਿਆਂ ਖੁਸ਼ਨਸੀਬਾਂ ’ਚੋਂ ਇੱਕ ਚਮਕਦਾ-ਦਮਕਦਾ  ਸਿਤਾਰਾ ਹੈ ਵਰਿਆਮ ਸਰੋਆ। ਵਰਿਆਮ ਸਰੋਏ ਦਾ ਜਨਮ ਅੱਜ ਤੋਂ ਚਾਰ ਕੁ ਦਹਾਕੇ ਪਹਿਲਾਂ ਪਿੰਡ ਡਿਆਲ ਰਾਜਪੂਤਾਂ ਜਿਲਾ ਤਰਨ ਤਾਰਨ ਵਿਚ ਪਿਤਾ ਸ: ਸਵਰਨ ਸਿੰਘ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਹਰਭਜਨ ਕੌਰ ਦੀ ਪਾਕਿ ਕੁੱਖੋ ਹੋਇਆ।

          ਇਕ ਮੁਲਾਕਾਤ ਦੌਰਾਨ ਸਰੋਏ ਨੇ ਦੱਸਿਆ ਕਿ ਪਿੰਡ ਦੇ ਸਕੂਲ ਵਿਚ ਪੜਦਿਆ ਜਿੱਥੇ ਉਹ ਵਧੀਆ ਕਬੱਡੀ ਦਾ ਪਲੇਅਰ ਰਿਹਾ, ਉਥੇ ਉਸਨੂੰ ਗਾਉਣ ਦਾ ਵੀ ਬਹੁਤ ਸ਼ੋਂਕ ਸੀ। ਜਦੋਂ ਜੀਅ ਕਰਦਾ ਮਾਸਟਰ ਕਲਾਸ ਵਿਚ ਖੜਾ ਕਰਕੇ ਉਸਦੇ ਕੋਲੋ ਗਾਣਾ ਸੁਣਦੇ। ਪਿੰਡ ਦੇ ਸਕੂਲ ਤੋਂ ਪੜਾਈ ਪੂਰੀ ਕਰਨ ਤੋਂ ਬਾਅਦ ਉਸਨੇ ਸੀਨੀਅਰ ਸਕੈਂਡਰੀ ਸਕੂਲ ਸ਼ਾਹਬਾਜਪੁਰ ਵਿਖੇ ਦਾਖਲਾ ਲੈ ਲਿਆ ਤਾਂ ਓਥੇ ਵੀ ਉਹ ਵਧੀਆ ਕਬੱਡੀ ਦਾ ਖਿਡਾਰੀ ਰਿਹਾ। ਪੜਾਈ ਉਪਰੰਤ ਉਹ ਪੰਜਾਬ ਪੁਲਿਸ ਵਿਚ ਭਰਤੀ ਹੋ ਗਿਆ ਅਤੇ ਸਹਿਜੇ ਸਹਿਜੇ ਉਸਨੇ ਗਾਣੇ ਲਿਖਣੇ ਸ਼ੁਰੂ ਕੀਤੇ। ਸਰੋਏ ਦਾ ਪਹਿਲਾ ਗੀਤ ਪੰਜਾਬ ਦੀ ਪ੍ਰਸਿੱਧ ਲੋਕ-ਗਾਇਕਾ ਕਮਲਜੀਤ ਨੀਰੁ ਨੇ, ‘ਡਰੈਵਰੀ ਤੋਂ ਰੋਕ ਪੁੱਤ ਨੂੰ ਅਤੇ ਦੂਜਾ ਗੀਤ ਗਾਇਕ ਜੱਸੀ ਜਸਪਾਲ ਨੇ, ‘ਛੱਲਾ ਰਿਕਾਰਡ ਕਰਵਾਇਆ। ਦੋਵੇਂ ਗੀਤ ਕਾਫੀ ਹਿੱਟ ਹੋਏ।  ਫਿਰ, ਗੁਰਮੀਤ ਬੇਰਮਪੁਰੀ ਨੇ, ‘ਤੂੰ ਸਹੁਰਿਆਂ ਦੇ ਘਰ ਸੁਖੀ ਵਸੇਂ, ‘ਵੀਰੇ ਨਾਲ ਗੱਲ ਕਰੀਂ ਭਾਬੀਏ ਗਾਇਕ ਪਰਮਜੀਤ ਪੰਮਾ ਨੇ, ‘ਤੱਕ ਮਾਰੂਤੀ ਸ਼ਗਨਾਂ ਦੀ ਨਵਪ੍ਰੀਤ ਸੰਧੂ ਨੇ,‘ਨਾ ਮਾਰ ਬਾਬਲਾ ਅਤੇ ਸਰਬਜੀਤ ਮੱਟੂ ਨੇ ਪ੍ਰੇ ਟੂ ਗੌਡ ਰਿਕਾਰਡ ਕਰਵਾਏ।  ਵਰਿਆਮ ਸਰੋਆ ਨੇ ਖੁਦ ਸਹਿ-ਗਾਇਕਾ ਨਵਪ੍ਰੀਤ ਸੰਧੂ ਨਾਲ ਆਪਣੇ ਲਿਖੇ ਜੋ ਗਾਣੇ ਗਾਏ, ਉਨਾਂ ਵਿਚੋਂ, ‘ਪੁਲਸੀਏ ਨਾਲ ਯਾਰਾਨਾ, ‘ਆਸ਼ਕੀ ’ਚ ਕੁੱਟ, ‘ਕੁੜੀ ਪੰਜਾਬਣ, ‘ਅੱਖ ਆਸ਼ਕਾਂ ਦੀ, ‘ਜਾਨ ਤੋਂ ਪਿਆਰਾ, ‘ਅੱਖ ਲੜ ਗਈ, ‘ਪੱਲੇਦਾਰ ਨੂੰ ਬਹੁਤ ਪਿਆਰ ਮਿਲਿਆ। ਫਿਰ, ਵਰਿਆਮ ਸਰੋਆ ਨੇ ਸੋਲੋ ਗੀਤ,‘ਗੱਲ ਦਾ ਜਵਾਬ ਗਾਇਆ ਜਿਸ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਹੁਣ ਤੱਕ ਸਰੋਆ ਤਕਰੀਬਨ 150 ਦੇ ਕਰੀਬ ਗਾਣੇ ਲਿਖ ਚੁੱਕਾ ਹੈ, ਜਿਨਾਂ ਵਿਚ ਲੋਕ ਤੱਥ ‘ਭੈਣਾ ਦੇ ਹੱਥ ਇੱਜਤ ਹੁੰਦੀ ਹੈ ਆਪਣੇ ਵੀਰਾਂ ਦੀ, ‘ਰੱਖੜੀ ਬਨਾ ਲਈ ਵੀਰਨਾ, ‘ਬੰਦਗੀ, ‘ਸੰਮਨ ਮੂਸਣ, ‘ਸ਼ੋਰ ਸ਼ਰਾਬਾ, ‘ਜਮਾਨਾ ਕਲਯੁੱਗ ਦਾ ਤੋਂ ਇਲਾਵਾ ਬਹੁਤ ਸਾਰੇ ਗੀਤ ਕਲਾਕਾਰ ਸਟੇਜਾਂ ਉੱਤੇ ਗਾ ਕੇ ਨਾਮਨਾ ਖੱਟ ਰਹੇ ਹਨ।  ਜਲੰਧਰ ਦੂਰਦਰ੍ਸ਼ਨ ਦੇ ਕਈ ਪ੍ਰੋਗਰਾਮਾ ਵਿਚ ਹਾਜ਼ਰੀ ਲਗਵਾ ਚੁੱਕੇ ਵਰਿਆਮ ਨੇ ਦੱਸਿਆ ਕਿ ਉਸਦੇ ਇਸ ਸ਼ੌਂਕ ਦੀ ਪੂਰਤੀ ਵਿਚ ਜਿੱਥੇ ਉਸ ਦੀ ਪਤਨੀ ਸੁਨੀਤਾ ਕੌਰ ਅਤੇ ਸਾਰੇ ਪਰਿਵਾਰ ਦਾ ਬਹੁਤ ਸਹਿ੍ਯੋਗ ਹੈ, ਉਥੇ ਉਹ ਮੀਡੀਏ ਦਾ ਵੀ ਬਹੁਤ ਰਿਣੀ ਹੈ ਅਤੇ ਜੋ ਦਰਸ਼ਕ ਉਸਦੀ ਗਾਇਕੀ ਨੂੰ ਪਸੰਦ ਕਰਦੇ ਹਨ ਓਹਨਾ ਦਾ ਵੀ ਓਹ ਬਹੁਤ ਧੰਨਵਾਦੀ ਹੈ।

          ਪੰਜਾਬ ਪੁਲੀਸ ਵਿੱਚ ਸਬ ਇੰਸਪੈਕਟਰ ਦੀ ਸੇਵਾ ਨਿਭਾ ਰਹੇ ਸਰੋਆ ਦੀਆਂ ਗਤੀ-ਵਿਧੀਆਂ ਦੀ ਇੱਥੇ ਹੀ ਬਸ ਨਹੀ। ਉਹ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ (ਐਚ) ਰਜਿ: ਪੰਜਾਬ ਦੇ ਕੌਮੀ ਮੀਤ ਪ੍ਰਧਾਨ ਦੇ ਨਾਲ-ਨਾਲ ਕੋਰ ਕਮੇਟੀ ਦੇ ਚੈਅਰਮੈਨ ਵਜੋਂ ਵੀ ਸੇਵਾ ਨਿਭਾ ਰਿਹਾ ਹੈ। ਉਹ ਤਰਨ ਤਾਰਨ ਜਿਲੇ ਦਾ ਪ੍ਰਧਾਨ ਹੋਣ ਕਰਕੇ ਕੌਮੀ ਪ੍ਰਧਾਨ ਸੰਸਾਰ ਪ੍ਰਸਿੱਧੀ ਪ੍ਰਾਪਤ ਕਲਾਕਾਰ ਜਨਾਬ ਹਾਕਮ ਬਖਤੜੀਵਾਲਾ ਜੀ ਦੀ ਪ੍ਰੇਰਨਾ ਸਦਕਾ ਲੌਕ-ਡਾਊਨ ਦੌਰਾਨ ਜਿਲੇ ਦੇ ਜਰੂਰਤਮੰਦ ਸਾਜੀ, ਢਾਡੀ, ਕਵੀਸ਼ਰ, ਰਾਗੀ, ਡਾਂਸਰਾ ਅਤੇ ਹੈਂਡੀਕੈਪਿਡਾਂ ਨੂੰ ਰਾਸ਼ਨ ਵੰਡਣ ਦੀ ਸੇਵਾ ਨਿਭਾ ਰਿਹਾ ਹੈ। ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਬਦਲੇ ਉਸ ਨੂੰ ਫਿਲਮੀ ਫੋਕਸ ਮੈਗਜ਼ੀਨ ਲੁਧਿਆਣਾ ਵੱਲੋਂ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸਤੋਂ ਇਲਾਵਾ ਵਰਿਆਮ ਸਰੋਆ ਦੀਆਂ ਸਾਹਿਤਕ ਤੇ ਸੱਭਿਆਚਾਰਕ ਗਤੀ-ਵਿਧੀਆਂ ਦੀ ਕਦਰ ਪਾਉਂਦਿਆਂ ਉਸ ਨੂੰ ‘ਮਾਣ ਪੰਜਾਬ ਦਾ ਐਵਾਰਡ, ‘ਸੁਰ ਸਰਤਾਜ ਗੀਤਾਂ ਦਾ ਐਵਾਰਡ ਆਦਿ ਅਨੇਕਾਂ ਮਾਣ-ਸਨਮਾਨ ਮਿਲ ਚੁੱਕੇ ਹਨ, ਜਿਨਾਂ ਵਿਚੋਂ ਦੋ ਵਾਰ ਉਸ ਨੂੰ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤੇ ਜਾਣਾ ਉਸਦੇ ਕੱਦ-ਬੁੱਤ ਨੂੰ ਉਚਾਈਆਂ ਪ੍ਰਦਾਨ ਕਰਦਾ ਹੈ। ਉਸ ਦੀਆਂ ਇਹ ਸ਼ਾਨਾਂ ਮੱਤੀਆਂ ਸੇਵਾਵਾਂ ਨਿਰੰਤਰ ਚੱਲਦੇ ਰੱਖਣ ਦਾ ਮਾਲਕ ਉਸ ਨੂੰ ਹੋਰ ਵੀ ਬਲ ਬਖਸ਼ੇ ਤਾਂ ਕਿ ਉਹ ਆਪਣੇ ਅਧੂਰੇ ਸੁਪਨਿਆਂ ਨੂੰ ਸਾਕਾਰ ਕਰਦਿਆਂ ਬੁਲੰਦੀਆਂ ਦੇ ਸ਼ਿਖਰਾਂ ਨੂੰ ਛੂਹ ਜਾਵੇ। ਬੱਚੇ ਬੱਚੇ ਦੇ ਜੁਬਾਨ ਉਤੇ ਉਸਦਾ ਨਾਂਓਂ ਹੋਰ ਵੀ ਗੂਹੜਾ ਹੋ ਜਾਵੇ ! ਆਮੀਨ !  

          -ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641

ਸੰਪਰਕ : ਵਰਿਆਮ ਸਰੋਆ, 9815644982

No comments:

Post a Comment