Wednesday, 7 July 2021

ਪ੍ਰਸ਼ਾਸਨ ਨੇ ਜਰਨੈਲ ਨੰਗਲ ਅਤੇ ਸਾਥੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਧਰਨਾ ਖ਼ਤਮ ਕਰਵਾਇਆ


ਪੰਦਰਾਂ ਦਿਨਾਂ ਵਿੱਚ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ- ਜ਼ਿਲ੍ਹਾ ਸਿੱਖਿਆ ਅਫਸਰ  

ਫਗਵਾੜਾ 07 ਜੁਲਾਈ (ਹਰੀਸ਼ ਭੰਡਾਰੀ)- ਲੋਕ ਇਨਸਾਫ਼ ਪਾਰਟੀ ਦੇ ਐਸ.ਸੀ ਵਿੰਗ ਦੇ ਸੂਬਾ ਪ੍ਰਧਾਨ ਅਤੇ ਦੋਆਬਾ ਜ਼ੋਨ ਇੰਚਾਰਜ ਜਰਨੈਲ ਨੰਗਲ ਦੀ ਅਗਵਾਈ ਵਿਚ ਪ੍ਰਾਈਵੇਟ ਸਕੂਲਾਂ ਦੀ ਲੁੱਟ ਖ਼ਿਲਾਫ਼ ਚੱਲ ਰਿਹਾ ਧਰਨਾ ਅੱਜ ਪ੍ਰਸ਼ਾਸਨ ਵੱਲੋਂ ਮੰਗਾਂ ਮੰਨਣ ਤੋਂ ਬਾਅਦ ਸਮਾਪਤ ਹੋ ਗਿਆ। ਕੱਲ੍ਹ ਜਰਨੈਲ ਨੰਗਲ ਵੱਲੋਂ ਧਰਨਾ ਲਗਾਉਣ ਤੋਂ ਬਾਅਦ ਹੀ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਸੀ ਅਤੇ ਇਸ ਮਾਮਲੇ ਵਿਚ ਕੱਲ੍ਹ ਤੋਂ ਹੀ ਮੀਟਿੰਗਾਂ ਸ਼ੁਰੂ ਹੋ ਗਈਆਂ ਸਨ। ਅੱਜ ਦੁਪਹਿਰੇ ਕਰੀਬ 12 ਵਜੇ ਤਹਿਸੀਲਦਾਰ ਸਾਹਿਬ ਫਗਵਾੜਾ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਬਲਾਕ ਦੇ ਸਿੱਖਿਆ ਅਫਸਰ ਅਤੇ ਉਨ੍ਹਾਂ ਦੇ ਕੁਝ ਹੋਰ ਅਧਿਕਾਰੀ ਸਥਾਨਕ ਐਸ.ਡੀ.ਐਮ ਦਫ਼ਤਰ ਵਿਖੇ ਪਹੁੰਚ ਗਏ ਸਨ ਤੇ ਐੱਸ.ਡੀ.ਐੱਮ ਸਾਹਿਬ ਦੀ ਪ੍ਰਧਾਨਗੀ ਹੇਠ ਕਰੀਬ ਡੇਢ ਘੰਟਾ ਮੀਟਿੰਗ ਚੱਲਣ ਤੋਂ ਬਾਅਦ ਤਹਿਸੀਲਦਾਰ ਸਾਹਿਬ ਧਰਨਾਕਾਰੀਆਂ ਦੇ ਕੋਲ ਪਹੁੰਚੇ ਅਤੇ ਜਰਨੈਲ ਨੰਗਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਮਸਲੇ ਦੇ ਹੱਲ ਸਬੰਧੀ ਗੱਲਬਾਤ ਕਰਨ ਲਈ ਸੱਦਾ ਦਿੱਤਾ ਅਤੇ ਜਰਨੈਲ ਨੰਗਲ ਨੇ ਆਪਣੇ ਦੋ ਸਾਥੀਆਂ ਨੂੰ ਨਾਲ ਲੈ ਕੇ ਐੱਸ.ਡੀ.ਐੱਮ ਸਾਹਿਬ ਦੀ ਹਾਜ਼ਰੀ ਵਿਚ ਸਾਰੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਕਰੀਬ ਇਕ ਘੰਟਾ ਮੀਟਿੰਗ ਚੱਲਣ ਤੋਂ ਬਾਅਦ ਜਰਨੈਲ ਨੰਗਲ ਦੇ ਨਾਲ   ਤਹਿਸੀਲਦਾਰ ਸਾਹਿਬ ਅਤੇ ਸਿੱਖਿਆ ਵਿਭਾਗ ਦੇ ਸਾਰੇ ਅਧਿਕਾਰੀ ਬਾਹਰ ਆ ਗਏ ਅਤੇ ਆ ਕੇ ਧਰਨਾਕਾਰੀਆਂ ਨੂੰ ਅੰਦਰ ਮੀਟਿੰਗ ਵਿੱਚ ਹੋਏ ਫ਼ੈਸਲੇ ਦੀ ਜਾਣਕਾਰੀ ਦਿੱਤੀ। ਪ੍ਰੈੱਸ ਦੀ ਹਾਜ਼ਰੀ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਿੰਨੀਆਂ ਵੀ ਸ਼ਿਕਾਇਤਾਂ ਧਰਨਾਕਾਰੀਆਂ ਵੱਲੋਂ ਕੀਤੀਆਂ ਗਈਆਂ ਹਨ ਉਨ੍ਹਾਂ ਸਾਰੀਆਂ ਸ਼ਿਕਾਇਤਾਂ  ਦਾ ਨਿਪਟਾਰਾ 15 ਦਿਨਾਂ ਦੇ ਵਿੱਚ ਕਰ ਦਿੱਤਾ ਜਾਵੇਗਾ ਅਤੇ ਜਿਸ ਬੱਚੀ ਦਾ ਦਸਵੀਂ ਦਾ ਰਿਜ਼ਲਟ ਸਕੂਲ ਵੱਲੋਂ ਰੰਜਿਸ਼ ਤਹਿਤ ਖਰਾਬ ਕੀਤਾ ਗਿਆ ਹੈ ਉਸ ਦੀ ਰਿਪੋਰਟ ਅਤੇ ਜਿਨ੍ਹਾਂ ਬੱਚਿਆਂ ਨੂੰ ਫ਼ੀਸ ਨਾ ਦੇ ਸਕਣ ਕਾਰਨ ਗਰੁੱਪਾਂ ਵਿਚੋਂ ਰਿਮੂਵ ਕੀਤਾ ਗਿਆ ਸੀ, ਉਸਦੀ ਰਿਪੋਰਟ ਬਣਾ ਉੱਚ ਅਧਿਕਾਰੀਆਂ ਨੂੰ ਤਿੰਨ ਦਿਨਾਂ ਦੇ ਵਿੱਚ ਭੇਜ ਦਿੱਤੀ ਜਾਵੇਗੀ ਅਤੇ ਸਕੂਲਾਂ ਖਿਲਾਫ ਕਾਰਵਾਈ ਕਰਨ ਦੀ ਸਿਫ਼ਾਰਸ਼ ਵੀ ਕੀਤੀ ਜਾਵੇਗੀ। ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਇਹ ਵੀ ਕਿਹਾ ਗਿਆ ਕਿ ਕੋਈ ਵੀ ਸਕੂਲ ਕਿਸੇ ਵੀ ਮਾਪੇ ਨੂੰ ਕਿਸੇ ਖ਼ਾਸ ਦੁਕਾਨ ਤੋਂ ਵਰਦੀਆਂ ਖਰੀਦਣ ਲਈ ਮਜਬੂਰ ਨਹੀਂ ਕਰੇਗਾ ਸਗੋਂ ਉਸ ਨੂੰ ਆਪਣੇ ਸਕੂਲ ਦਾ ਟਾਈ ਬੈਲਟ ਅਤੇ ਬੈਚ ਦੇਵੇਗਾ ਤਾਂ ਕਿ ਮਾਪੇ ਆਪਣੀ ਮਨਮਰਜ਼ੀ ਦੀ ਵਰਦੀ ਜਿੱਥੋਂ ਮਰਜ਼ੀ ਸਿਲਾਈ ਕਰਵਾ ਕੇ ਬੱਚੇ ਨੂੰ ਦੇ ਦੇਣ ਅਤੇ ਪ੍ਰਾਈਵੇਟ ਸਕੂਲਾਂ ਨੂੰ ਇਹ ਵੀ ਹਦਾਇਤ ਕੀਤੀ ਜਾਵੇਗੀ ਕਿ ਪ੍ਰਾਈਵੇਟ ਸਕੂਲ ਕੋਈ ਵੀ ਕਿਤਾਬਾਂ ਰਿਕਮੈਂਡ ਕਰਨ ਪਰ ਉਹ ਕਿਤਾਬਾਂ ਮਾਰਕੀਟ ਵਿੱਚੋਂ ਆਮ ਦੁਕਾਨਾਂ ਤੋਂ ਮਿਲਣੀਆਂ ਚਾਹੀਦੀਆਂ ਹਨ ਤਾਂ ਜੋ ਮਾਪਿਆਂ ਦੀ ਕਿਤਾਬਾਂ ਵਿੱਚ ਲੁੱਟ ਨਾ ਹੋ ਸਕੇ ਅਤੇ ਬਾਕੀ ਸਾਰੇ ਮਸਲਿਆਂ ਦਾ ਹੱਲ ਵੀ ਪੰਦਰਾਂ ਦਿਨਾਂ ਦੇ ਅੰਦਰ ਅੰਦਰ ਕਰ ਦਿੱਤਾ ਜਾਵੇਗਾ ਅਤੇ ਆਉਣ ਵਾਲੇ ਟਾਈਮ ਵਿੱਚ ਮਾਪਿਆਂ ਨੂੰ ਕੋਈ ਮੁਸ਼ਕਲ ਨਾ ਆਵੇ ਇਸ ਤਰ੍ਹਾਂ ਦਾ ਭਰੋਸਾ ਵੀ ਦਿੱਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੀਰ ਠਾਕੁਰ, ਡਾ. ਸੁਖਦੇਵ ਚੌਕੜੀਆ, ਬਲਰਾਜ ਬਾਊ, ਵਿਜੇ ਪੰਡੋਰੀ, ਜਤਿੰਦਰ ਮੋਹਨ, ਲਲਿਤ ਮਦਾਨ, ਸ਼ਸ਼ੀ ਬੰਗੜ, ਸ਼ੰਮੀ ਕਪੂਰ, ਡਾ ਰਮੇਸ਼ ਪੀਪਾ ਰੰਗੀ, ਰਮੇਸ਼ ਰਾਣੀਪੁਰ, ਅਵਤਾਰ ਸਿੰਘ, ਜੱਸੀ ਗੰਢਵਾਂ, ਚਰਨਜੀਤ ਭਾਟੀਆ, ਮਨੂ ਬੰਗਾ, ਜਗਜੀਵਨ ਡਮੇਲੀ, ਯੋਗਰਾਜ ਰਿਹਾਣਾ ਜੱਟਾਂ ਅਤੇ ਹੋਰ ਆਗੂ ਵੀ ਹਾਜ਼ਰ ਸਨ।

No comments:

Post a Comment