ਪੰਜਾਬੀ ਸਾਹਿਤ-ਜਗਤ ਵਿਚ ਅਣਿਮੇਸ਼ਵਰ ਕੌਰ ਨਾਂ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ। ਜਿੱਥੇ ਉਹ ਹੁਣ ਤੱਕ 4 ਬਾਲ ਕਹਾਣੀਆਂ ਦੀਆਂ, 1 ਮਿੰਨੀ ਕਹਾਣੀਆਂ ਦੀ ਅਤੇ 1 ਕਹਾਣੀਆਂ ਦੀ ਪੁਸਤਕ ਸਾਹਿਤ-ਜਗਤ ਦੀ ਝੋਲ਼ੀ ਪਾ ਚੁੱਕੀ ਹੈ, ਉਥੇ ਉਸਦੀਆਂ ਰਚਨਾਵਾਂ ਪੰਜਾਬੀ ਦੇ ਤਕਰੀਬਨ ਸਾਰੇ ਅਖਬਾਰਾਂ, ਰਸਾਲਿਆਂ ਜਿਨਾਂ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਗਜ਼ੀਨ, ‘ਪੰਖੜੀਆਂ’ ਅਤੇ ਭਾਸ਼ਾ ਵਿਭਾਗ ਦੇ ਮੈਗਜੀਨ, ‘ਜਨ ਸਾਹਿਤ’ ਆਦਿ ਸ਼ਾਮਲ ਹਨ, ਵਿਚ ਵੀ ਛਪ ਚੁੰਕੀਆਂ ਹਨ। ਸਵ. ਈਸ਼ਵਰ ਚਿੱਤਰਕਾਰ ਜੀ ਦੀ ਇਸ ਲਾਡਲੀ ਨੇ ਆਪਣੇ ਨਾਂ ਅਣਿਮੇਸ਼ਵਰ ਦਾ ਅਰਥ ਦੱਸਦਿਆਂ ਕਿਹਾ, ‘‘ ਇਹ ਨਾਂ ਮੇਰੇ ਪਿਤਾ ਸਵ; ਈਸ਼ਵਰ ਚਿੱਤਰਕਾਰ ਜੀ ਨੇ ਰੱਖਿਆ ਸੀ। ਜੋਗੀਆਂ ਦੀਆਂ 18 ਸਿਧੀਆਂ ਵਿੱਚੋਂ ਇੱਕ ਸਿੱਧੀ ਹੈ, ਅਣਿਮਾ, ਲਘੁਮਾ, ਗਰਿਮਾ, ਮਹਿਮਾ ਇਤਿਆਦਿ। ਅਣੂ : ਸੂਖ਼ਸ਼ਮ, ਨਿੱਕਾ, ਈਸ਼ਵਰ ਮਤਲਬ ਪਰਮਾਤਮਾ, ਸੂਖ਼ਸ਼ਮ ਪਰਮਾਤਮਾ।’’
ਅਣਿਮੇਸ਼ਵਰ ਦੇ ਬਚਪਨ ਦੇ ਪਹਿਲੇ 4 ਸਾਲ ਸ਼ਿਮਲਾ ਬੀਤੇ। ਫਿਰ ਉਸਦੇ ਦਾਰ ਜੀ, ਜੋ ਸੂਚਨਾ ਤੇ ਪ੍ਰਸਾਰ ਮੰਤਰਾਲੇ ਵਿਚ ਸੀਨੀਅਰ ਆਰਟਿਸਟ ਸਨ, ਦੀ ਬਦਲੀ ਦਿੱਲੀ ਹੋ ਗਈ। 1960 ਵਿਚ ਉਹ ਲੰਦਨ ਚਲੇ ਗਏ। 1968 ਵਿਚ ਦਿਮਾਗ ਦੀ ਨਾੜੀ ਫੱਟਣ ਨਾਲ ਉਹਨਾਂ ਦਾ ਦਿਹਾਂਤ ਹੋ ਗਿਆ। ਇਕ ਸਵਾਲ ਦਾ ਜੁਵਾਬ ਦਿੰਦਿਆਂ ਗੱਲਬਾਤ ਦੌਰਾਨ ਅਣਿਮੇਸ਼ਵਰ ਨੇ ਕਿਹਾ, ‘ਸੁਜਾਨ ਸਿੰਘ, ਈਸ਼ਵਰ ਚਿੱਤਰਕਾਰ, ਬਾਵਾ ਬਲਵੰਤ, ਕਰਤਾਰ ਸਿੰਘ ਸੁਮੇਰ, ਉਸਤਾਦ ਪਾਲ ਸਿੰਘ ਇਹ ਪੰਜੋ ਸਾਹਿਤਕਾਰ ਪੰਜਾਬੀ ਸਾਹਿਤ ਜਗਤ ਵਿੱਚ, ‘ਪੰਜ ਪਾਂਡਵ’ ਕਰ ਕੇ ਜਾਣੇ ਜਾਂਦੇ ਸਨ। ਉਹਨਾਂ ਦਾ ਨਾਂਅ ਐਸ. ਐਸ. ਅਮੋਲ ਜੀ ਨੇ ਰੱਖਿਆ ਸੀ। ਇਹ ਸਾਰੇ ਬਚਪਨ ਦੇ ਦੋਸਤ ਸਨ। ਈਸ਼ਵਰ ਚਿੱਤਰਕਾਰ ਜੀ ਸਰਬਾਂਗੀ ਸਾਹਿਤਕਾਰ ਦੇ ਨਾਲ-ਨਾਲ ਚਿੱਤਰਕਾਰ ਵੀ ਸਨ। ਦਾਰ ਜੀ ਦੇ ਤੁਰ ਜਾਣ ਵਕਤ ਮੇਰੀ ਵੱਡੀ ਭੈਣ ਜਿਸ ਨੇ ਅੱਠਵੀਂ ਤੋਂ ਬਾਅਦ ਪ੍ਰਾਈਵੇਟ ਪੜਾਈ ਕੀਤੀ, ਇਕ ਡ੍ਰਾਇਕਲੀਨ ਦੀ ਦੁਕਾਨ ਤੇ ਨੌਕਰੀ ਕਰਦੀ ਸੀ। ਮੈਨੂੰ ਫੁਲਾਂ ਰਾਣੀ ਨੇ ਆਪਣੇ ਸਕੂਲ ਦਾਖਲ ਕਰ ਕੇ ਪੜਾਇਆ। ਬਾਕੀ ਦੋ ਭੈਣ ਭਰਾ ਵੀ ਓਹਨਾਂ ਦੇ ਸਕੂਲ ਮੁਫ਼ਤ ਪੜੇ। ਘਰ ਦੇ ਗੁਜ਼ਾਰੇ ਲਈ ਅਸੀਂ ਸ਼ਾਲਾਂ ਦੀ ਕਢਾਈ ਵੀ ਕੀਤੀ। ਜਦੋਂ ਸੁਜਾਨ ਸਿੰਘ ਜੀ ਸਾਡੇ ਘਰ ਆਏ ਤਾਂ ਕਹਿੰਦੇ ਤੂੰ ਮੈਟਿ੍ਰਕ ਕਰ ਲੈ। ਜੇ ਮੈਨੂੰ ਐਕਸਟੈਨਸ਼ਨ ਮਿਲ ਗਈ ਤਾਂ ਮੈਂ ਤੈਨੂੰ ਪੜਾਵਾਂਗਾ। ਉਹ ਫਤਹਿਗੜ ਸਾਹਿਬ ਵਾਇਸ ਪ੍ਰਿੰਸੀਪਲ ਸਨ। ਉਹਨਾਂ ਨੂੰ ਪੰਜ ਸਾਲ ਦੀ ਐਕਸਟੈਨਸ਼ਨ ਮਿਲ ਗਈ। ਢੁੱਡੀਕੇ ਕਾਲਜ ਪ੍ਰਿੰਸੀਪਲ ਲੱਗ ਗਏ। ਮੈਂ ਇਥੇ ਪਿ੍ਰਯੂਨੀਵਰਸਟੀ ਕੀਤੀ। ਫਿਰ ਉਹ ਗੁਰਦਾਸਪੁਰ ਪ੍ਰਿੰਸੀਪਲ ਲੱਗੇ। ਉੱਥੇ ਮੈਂ ਬੀ. ਏ. ਕੀਤੀ। ਮੈਂ ਕਾਲਜ ਦੇ ਹਰ ਪ੍ਰੋਗਰਾਮ ਵਿੱਚ ਹਿੱਸਾ ਲਿਆ ਕਰਦੀ ਸੀ। ਬਾਅਦ ਵਿਚ ਸਟੈਨੋ ਟਾਈਪਿੰਗ ਸਿੱਖੀ। ਕੁਝ ਚਿਰ ਪ੍ਰਾਈਵੇਟ ਨੌਕਰੀ ਵੀ ਕੀਤੀ।’’
ਉਪਰੰਤ ਫਿਰ ਅਣਿਮੇਸ਼ਵਰ ਦਾ ਵਿਆਹ ਦਿੱਲੀ ਨਿਵਾਸੀ ਸ੍ਰ. ਜਤਿੰਦਰ ਸਿੰਘ ਨਾਲ ਹੋ ਗਿਆ। ਗਗਨਜੋਤ ਸਿੰਘ ਤੇ ਗੁਰਪ੍ਰੀਤ ਸਿੰਘ ਉਸ ਦੋ ਬੇਟੇ ਅਤੇ ਅਬੀਰ ਸਿੰਘ ਤੇ ਕਬੀਰ ਸਿੰਘ ਦੋ ਪੋਤਰੇ ਹਨ। 2004 ਵਿਚ ਅਣਿਮੇਸ਼ਵਰ ਨੂੰ ਅਧਰੰਗ ਦਾ ਅਟੈਕ ਹੋ ਗਿਆ। ਪਰ ਫਿਰ ਵੀ ਉਸ ਨੇ ਬਿਲਕੁੱਲ ਵੀ ਹਿੰਮਤ ਨਹੀਂ ਹਾਰੀ। ਬਲਕਿ ਦਿੱਲੀ ਦੀ ਚਰਚਿਤ ਕਵਿੱਤਰੀ ਪ੍ਰੀਤਮਾ ਜੀ ਵੱਲੋਂ ਕਵਿਤਾ ਲਿਖਣ ਲਈ ਉਤਸ਼ਾਹਿਤ ਕਰਨ ਤੇ ਉਹ ਕਵਿਤਾਵਾਂ ਲਿਖਣ ਵੱਲ ਨੂੰ ਵੀ ਚੱਲ ਪਈ। ਅੱਜ ਕਲ ਆਨਲਾਈਨ ਸਮਾਗਮਾਂ ਵਿਚ ਵੀ ਵੱਧ ਚੜਕੇ ਹਿੱਸਾ ਲੈ ਰਹੀ ਹੈ, ਉਹ। ਰੱਬ ਕਰੇ ! ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਤ ਕਰ ਰਹੀ, ਸ਼ੇਰਨੀ ਜਿਹਾ ਬੁਲੰਦ ਹੌਸਲਾ ਰੱਖਦੀ ਅਣਿਮੇਸ਼ਵਰ ਦੀ ਕਲਮ ਦਾ ਸਿਲਸਿਲਾ ਸਰਗਰਮੀ ਨਾਲ ਜਾਰੀਂ ਰਵੇ ਅਤੇ ਉਸ ਦੀ ਉਮਰ ਯੁੱਗਾਂ ਦੇ ਹਾਣ ਦੀ ਹੋਵੇ !
-ਪ੍ਰੀਤਮ ਲੁਧਿਆਣਵੀ, (ਚੰਡੀਗੜ), 9876428641
ਸੰਪਰਕ : ਅਣਿਮੇਸ਼ਵਰ ਕੌਰ, +91 92133-53630

No comments:
Post a Comment