Monday, 21 June 2021

ਪੁਰਾਣੇ ਤਵਿਆਂ ਦੁਆਰਾ ਜਾਗਦੇ ਰਹੋ ਦਾ ਹੋਕਾ ਦੇ ਰਹੇ ਭਤੀਜਾ-ਚਾਚਾ : ਅਵਤਾਰ ਸਿੰਘ ਟੰਡਨ - ਬਲਜੀਤ ਸਿੰਘ ਟੰਡਨ


ਗੁਰਬਾਣੀ ਫ਼ੁਰਮਾਉਂਦੀ ਹੈ ਕਿ ਦੁਨੀਆਂ ਵਿਚ ਜਿੰਨੇ ਅੱਤਿਆਚਾਰ, ਜ਼ੁਲਮ ਅਤੇ ਪਾਪ ਚੱਲ ਰਹੇ ਹਨ, ਧਰਤੀ ਉਨ੍ਹਾਂ ਜ਼ੁਲਮਾਂ, ਪਾਪਾਂ ਅਤੇ ਅੱਤਿਆਚਾਰਾਂ ਦੇ ਭਾਰ ਥੱਲੇ ਦੱਬੀ ਹੁਣ ਤੱਕ ਗਰਕ ਗਈ ਹੁੰਦੀ, ਜੇਕਰ ਦਾਨ-ਪੁੰਨ ਕਰਨ ਵਾਲੀਆਂ ਅਤੇ ਰੱਬ ਦਾ ਨਾਂਉ ਲੈਣ ਵਾਲੀਆਂ ਧਰਮੀ ਰੂਹਾਂ ਦੁਨੀਆਂ ਵਿਚ ਨਾ ਹੁੰਦੀਆਂ। ਬਿਲਕੁਲ ਇਹੀ ਗੱਲ ਢੁੱਕਦੀ ਹੈ ਸਾਡੇ ਵੱਡਮੁੱਲੇ ਸਾਹਿਤਕ ਅਤੇ ਸੱਭਿਆਚਾਰਕ ਵਿਰਸੇ ਉਤੇ। ਨਵੀਆਂ ਉਠ ਰਹੀਆਂ ਕੱਚ-ਘਰੜ ਕਲਮਾਂ, ਅਵਾਜ਼ਾਂ ਤੇ ਸੁਰਾਂ ਪੰਜਾਬੀ ਮਾਂ-ਬੋਲੀ ਅਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੀ ਬਜਾਇ ਜਿੰਨਾ ਨਸ਼ਿਆਂ, ਅਸ਼ਲੀਲਤਾ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਤੇ ਤੁਲੀਆਂ ਹੋਈਆਂ ਹਨ, ਹੁਣ ਤੱਕ ਸਾਡੇ ਸਾਹਿਤ ਤੇ ਸੱਭਿਆਚਾਰ ਦਾ ਉਕਾ ਹੀ ਭੱਠਾ ਬਹਿ ਗਿਆ ਹੁੰਦਾ ਜੇਕਰ ਤਵਿਆਂ ਦੇ ਗੀਤਾਂ ਦੇ ਰੂਪ ਵਿਚ ਸੱਭਿਆਚਾਰਕ ਖ਼ਜ਼ਾਨਾ ਸੰਭਾਲੀ ਬੈਠੇ ਕਲਾ ਦੇ ਪੁਜਾਰੀ ਨਾ ਹੁੰਦੇ। ਹੁਣ ਤੱਕ ਸਾਰਾ ਉਥਲ-ਪੁਥਲ ਹੋ ਗਿਆ ਹੁੰਦਾ ਜੇਕਰ ਆਪਣੇ ਤਵਿਆਂ ਦੇ ਪੁਰਾਣੇ ਗੀਤਾਂ ਨੂੰ ਸੋਸ਼ਲ-ਮੀਡੀਆ ਉਤੇ ਪਾ ਪਾ ਕੇ ਕੁਰਾਹੇ ਪੈ ਰਹੇ ਲੋਕਾਂ ਨੂੰ ਜਗਾਉਣ ਦਾ ਹੋਕਾ ਦੇਣ ਦਾ ਕਾਰਜ ਉਹ ਨਾ ਕਰ ਰਹੇ ਹੁੰਦੇ।  ਜਾਗਦੇ ਰਹੇ ਦਾ ਹੋਕਾ ਦੇਣ ਵਾਲੇ ਸੱਭਿਆਚਾਰ ਦੇ ਅਸਲੀ ਵਾਰਸਾਂ ਵਿਚੋਂ ਸਾਹਮਣੇ ਆਈ ਹੈ, ਅਵਤਾਰ ਸਿੰਘ ਟੰਡਨ ਤੇ ਬਲਜੀਤ ਸਿੰਘ ਟੰਡਨ ਭਤੀਜੇ ਤੇ ਚਾਚੇ ਦੀ ਇਕ ਜੋੜੀ। 

  ਚੰਡੀਗੜ੍ਹ ਨੇੜੇ ਹਰਿਆਣਾ ਦੇ ਜਿਲ੍ਹਾ ਪੰਚਕੂਲਾ ਵਿਚ ਪੈਂਦੇ ਪਿੰਡ ਮਾਣਕਿਆਂ ਦੇ ਵਸਨੀਕ ਅਵਤਾਰ ਸਿੰਘ ਟੰਡਨ ਤੇ ਬਲਜੀਤ ਸਿੰਘ ਟੰਡਨ ਦੱਸਦੇ ਹਨ ਕਿ ਉਹ ਇਕ ਦੂਜੇ ਬਿਨਾ ਅਧੁਰੇ ਹਨ। ਇਨ੍ਹਾਂ ’ਚੋਂ ਬਲਜੀਤ ਸਿੰਘ ਟੰਡਨ ਚਾਚਾ ਹੈ ਜਦਕਿ ਟੱਬਰ ਵਿੱਚੋਂ ਉਸਤੋਂ ਪੰਜ ਛੇ ਸਾਲ ਵੱਡਾ ਉਸਦਾ ਭਤੀਜਾ ਹੈ, ਅਵਤਾਰ ਸਿੰਘ ਟੰਡਨ।  ‘ਟੰਡਨ ਫੈਮਲੀ’ ’ਚੋਂ ਉਠੇ ਵਿਰਸੇ ਦੇ ਇਹ ਪੁਜਾਰੀ ਦੱਸਦੇ ਹਨ ਕਿ ਉਨ੍ਹਾਂ ਦਾ ਸ਼ੌਂਕ ਦੋਨਾਂ ਦਾ ਇੱਕੋ-ਇੱਕ ਹੀ ਹੈ, ਗੀਤਾਂ ਦੇ ਪੁਰਾਣੇ-ਤੋਂ-ਪੁਰਾਣੇ ਤਵਿਆਂ, ਰੀਲ੍ਹਾਂ, ਟੇਪਾਂ ਤੇ ਮਸ਼ੀਨਾਂ ਨੂੰ ਸੰਭਾਲਣਾ।  ਜਿਹੜਾ ਵੀ ਪੁਰਾਣਾ ਗੀਤ ਉਨ੍ਹਾਂ ਕੋਲ ਨਹੀ ਹੁੰਦਾ ਅਤੇ ਜਿੱਥੋਂ ਵੀ ਉਸ ਗੀਤ ਦੀ ਉਨ੍ਹਾਂ ਨੂੰ ਦੱਸ ਪੈਦੀ ਹੈ, ਉਹ ਹਰ ਹੀਲੇ ਉਸਨੂੰ ਹਾਸਲ ਕਰਦਿਆਂ ਵਿਰਸੇ ਦੇ ਇਸ ਖ਼ਜਾਨੇ ਵਿਚ ਸ਼ਾਮਲ ਕਰ ਕੇ ਆਪਣੀ ਰੂਹ ਨੂੰ ਸਕੂਨ ਦਿੰਦੇ ਹਨ।  ਭਤੀਜੇ ਅਵਤਾਰ ਸਿੰਘ ਟੰਡਨ ਨੇ ਮੁਲਾਕਾਤ ਦੌਰਾਨ ਕਿਹਾ, ‘‘ਨਿੱਕੇ ਹੁੰਦੇ ਅਸੀਂ ਮਿੱਟੀ ਦਾ ਲਾਊਡ-ਸਪੀਕਰ ਬਣਾਕੇ ਖੇਡ੍ਹਦੇ ਰਹਿੰਦੇ ਸੀ। ਕੁਝ ਦੇਰ ਬਾਅਦ ਸਾਡੇ ਘਰ ਵਿੱਚ ਚਾਚੇ ਨੇ ਲਾਊਡ-ਸਪੀਕਰ ਖਰੀਦ ਲਿਆ। ਅਸੀਂ ਫੇਰ ਦੋਵੇ ਜਣੇ ਸੱਚਮੁੱਚ ਦੇ ਲਾਊਡ-ਸਪੀਕਰ ਨੂੰ ਵਿਆਹਾਂ, ਮੰਗਣਿਆਂ ਅਤੇ ਹੋਰ ਪ੍ਰੋਗਰਾਮਾਂ ਵਿੱਚ ਲਿਜਾ ਕੇ ਲਗਾਉਣ ਲੱਗ ਪਏ।  ਇਹ ਕਾਰਜ ਅੱਜ ਵੀ ਜਾਰੀ ਹੈ।’’  ਇਸ ਸ਼ੌਂਕ ਵਿੱਚ ਸੁਰਿੰਦਰ ਸਿੰਘ ਗਿੱਲ, ਕੁਲਵੀਰ ਗਰੇਵਾਲ, ਸਰਵਣ ਜੌਹਲ, ਦਰਸ਼ਨ ਸਿੰਘ ਸੇਮੀ, ਮਹਿੰਦਰ ਸਿੰਘ ਪਾਤੜਾਂ ਵਾਲੇ, ਸੁਖਜੀਤ ਝਾਰ, ਜਗਨਾ ਉਗੋਕੇ, ਦਰਸ਼ਨ ਸਿੰਘ ਨੂਰ, ਗੁਰਪ੍ਰੀਤ ਸਿੰਘ ਝਾੜੀ ਵਾਲਾ, ਸੁੱਖਦੇਵ ਸਿੰਘ ਢਿੱਲੋਂ ਇੰਗਲੈਂਡ, ਜਗਮੀਤ ਸਿੰਘ ਚੌਹਾਨ, ਚਮਕਾਰਾ ਬਰਦਰਜ਼ ਅਤੇ ਬਹੁਤ ਸਾਰੇ ਗਾਇਕ, ਗੀਤਕਾਰ ਤੇ ਯਾਰ- ਮਿੱਤਰ ਉਨ੍ਹਾਂ ਨੂੰ ਬਹੁਤ ਹੌਂਸਲਾ ਦਿੰਦੇ ਰਹਿੰਦੇ ਹਨ। ਇਸ ਜੋੜੀ ਦਾ ਕਹਿਣ ਹੈ, ‘‘ਨਵੇ ਗੀਤਕਾਰਾਂ ਤੇ ਕਲਾਕਾਰਾਂ ਵਿਚ ਬਹੁਤ ਘੱਟ ਗੀਤਕਾਰ ਤੇ ਕਲਾਕਾਰ ਹਨ ਜਿਹੜੇ ਵਧੀਆ ਲਿਖਦੇ ਤੇ ਵਧੀਆ ਗਾ ਰਹੇ ਹਨ, ਵਰਨਾ ਜਿਆਦਾ-ਤਰ ਤਾਂ ਨਵੀਂ ਪੀੜ੍ਹੀ ਨੂੰ ਕੁਰਾਹੇ ਹੀ ਤੋਰ ਰਹੇ ਹਨ। ਇਸੇ ਕਰਕੇ ਅਸੀ ਇਨ੍ਹਾਂ ਕੁਰਾਹੇ ਪਏ ਹੋਏ ਗੀਤਕਾਰਾਂ ਅਤੇ ਗਾਇਕਾਂ ਨੂੰ ਲੀਹ ਉਤੇ ਪਰਤਾਉਣ ਲਈ ਪੁਰਾਣੇ ਗੀਤਾਂ ਨੂੰ ਯੂ-ਟਿਊਬ ਅਤੇ ਹੋਰ ਸੋਸ਼ਲ-ਮੀਡੀਆ ਉਤੇ ਵੀ ਪਾਉਂਦੇ ਰਹੀਦਾ ਹੈ। ਸਾਡੀ ਕੋਈ ਸੁਣੇ ਨਾ ਸੁਣੇ, ਪਰ ਹੋਕਾ ਦਿੰਦੇ ਰਹਿਣ ਦੀ ਅਸੀਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਵਫ਼ਾਦਾਰੀ ਨਾਲ ਵਜਾਈ ਜਾ ਰਹੇ ਹਾਂ।’’ 

  ਅਵਤਾਰ ਦੱਸਦਾ ਹੈ ਕਿ ਅੱਜ ਦਿਨ ੳਨ੍ਹਾਂ ਕੋਲ ਛੋਟੇ -ਵੱਡੇ ਛੇ ਸੌ ਤੋਂ ਵੱਧ ਤਵੇ, ਪੰਜ ਸੌ ਵੱਧ ਟੇਪਾਂ ਦੀਆਂ ਰੀਲ੍ਹਾਂ, ਛੇ ਸੌ ਤੋਂ ਵੱਧ ਹਿੰਦੀ-ਪੰਜਾਬੀ ਫਿਲਮਾਂ ਦੀਆਂ ਅਤੇ ਪੰਜਾਬੀ ਪੁਰਾਣੇ ਗੀਤਾਂ ਦੀਆਂ ਸੀਡੀਆਂ ਹਨ।  ਤਵਿਆਂ ਬਾਰੇ ਉਨ੍ਹਾਂ ਦੋਵਾਂ ਨੂੰ ਹਰ ਪੱਖ ਤੋਂ ਬਹੁਤ ਜਾਣਕਾਰੀ ਹੈ। ਇਸ ਵਕਤ ਉਨ੍ਹਾਂ ਦੇ ਇਸ ਖ਼ਜਾਨੇ ਵਿਚ ਲਾਲ ਚੰਦ ਯਮਲਾ ਜੱਟ, ਆਸਾ ਸਿੰਘ ਮਸਤਾਨਾ, ਕਰਮਜੀਤ ਧੂਰੀ, ਨਾਇਬ ਕੋਟੀਆ ਘੁਮਿਆਰ, ਫਕੀਰ ਮੁਹੰਮਦ, ਦਿਲਵਾਰਾ ਸਿੰਘ ਮਾਂਗਟ, ਪਾਲ ਪਟੇਲ, ਰਾਜਿੰਦਰ ਸਿੰਘ ਰਾਜ, ਰਣਜੀਤ ਸਿੰਘ ਸਿੱਧੂਆਂ, ਬਲਵੰਤ ਸਿੰਘ ਰਾਮੂਵਾਲੀਆ, ਨਰਿੰਦਰ ਬੀਬਾ, ਅਮਰ ਸਿੰਘ ਸੌਂਕੀਂ, ਪਾਲ ਸਿੰਘ ਪੰਛੀ, ਬਿੱਕਰ ਸਿੰਘ ਪਰਦੇਸੀ, ਨਸੀਬ ਸਿੰਘ ਨਸੀਬ, ਗੁਰਮੇਲ ਸਿੰਘ ਪੰਛੀ ਤੇ ਹੋਰ ਵੀ ਬਹੁਤ ਸਾਰੇ ਪੁਰਾਣੇ ਗਾਇਕਾਂ ਦੇ ਨਾਲ-ਨਾਲ ਇਨ੍ਹਾਂ ਤੋਂ ਬਾਅਦ ਵਾਲੇ ਕਲਾਕਾਰਾਂ ਦੇ ਤਵੇ ਵੀ ਹਨ।  

  ਅਜਿਹਾ ਲਾ-ਜੁਵਾਬ ਸ਼ੌਂਕ ਪਾਲ਼ ਰਹੇ ‘ਟੰਡਨ ਫੈਮਲੀ’ ਦੀ ਭਤੀਜਾ-ਚਾਚਾ ਜੋੜੀ ਦੀ ਸੋਚ ਨੂੰ ਕੋਟਿ-ਕੋਟਿ ਪ੍ਰਣਾਮ।  ਰੱਬ ਕਰੇ !  ਲੀਹੋਂ ਭਟਕੇ  ਗੀਤਕਾਰਾਂ ਤੇ ਗਾਇਕ-ਕਲਾਕਾਰਾਂ ਨੂੰ ਲੀਹੇ ਚਾੜ੍ਹਨ ਲਈ ਉਹ ਪੁਰਾਣੇ ਸੱਭਿਆਚਾਰਕ ਸਰਮਾਏ ਦੁਆਰਾ ਇਵੇਂ ਹੀ ਸੁਹਿਰਦਤਾ ਤੇ ਵਫ਼ਾਦਾਰੀ ਨਾਲ ਹੋਕਾ ਦਿੰਦੇ ਰਹਿਣ ਦੀ ਆਪਣੀ ਡਿਯੂਟੀ ਨਿਭਾਉਂਦੇ ਕਲਾ ਦੇ ਪਾਰਖੂਆਂ ਪਾਸੋਂ ਕੋਹ-ਕੋਹ ਲੰਬੀਆਂ ਅਸੀਸਾਂ ਖੱਟਦਾ ਰਹਿਣ !  ਵੱਡਮੁੱਲੇ ਪੰਜਾਬੀ ਸੱਭਿਆਚਾਰਕ ਵਿਰਸੇ ਨੂੰ ਜਿਊਂਦਾ-ਜਾਗਦਾ ਰੱਖਣ ਵਾਲੀ ਐਸੀ ਜੋੜੀ ਉਤੇ ਜਿੰਨਾ ਮਾਣ ਕੀਤਾ ਜਾਵੇ, ਥੋੜ੍ਹਾ ਹੈ।  

-ਪ੍ਰੀਤਮ ਲੁਧਿਆਣਵੀ (ਚੰਡੀਗੜ੍ਹ), 9876428641

ਸੰਪਰਕ : ਅਵਤਾਰ ਸਿੰਘ ਟੰਡਨ-9592306812, ਬਲਜੀਤ ਸਿੰਘ ਟੰਡਨ, 9729248511


No comments:

Post a Comment