Wednesday, 23 June 2021

ਸੁਲਤਾਨਪੁਰ ਲੋਧੀ ਦੇ ਪਿੰਡ ਜੱਬੋਵਾਲ ਵਿਖੇ ‘ਤੇਰਾ ਤੇਰਾ ਲਾਇਬ੍ਰੇਰੀ’ ਸ਼ੁਰੂ ਕਰਨ ਵਾਲਾ ਸਾਹਿਤ ਪੁਜਾਰੀ : ਨੌਜਵਾਨ ਮਨਦੀਪ ਸਿੰਘ


ਇਸ ਰੰਗ-ਬਰੰਗੀ ਦੁਨੀਆਂ ਵਿਚ ਸ਼ੌਂਕ ਵੀ ਰੰਗ-ਬਰੰਗੇ ਹੀ ਹਨ ਸਭ ਦੇ।  ਜਿੱਥੇ ਕੁਝ ਇਕ ਕੱਚ-ਘਰੜੇ ਗੀਤਕਾਰ ਤੇ ਗਾਇਕ ਅਸ਼ਲੀਲਤਾ, ਨਸ਼ਿਆਂ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਤੇ ਤੁਲੇ ਹੋਏ ਸਾਡੇ ਵੱਡਮੁੱਲੇ ਵਿਰਸੇ ਦਾ ਉਜਾੜਾ ਕਰਨ ਨੂੰ ਹੀ ਆਪਣੀ ਗੀਤਕਾਰੀ ਤੇ ਗਾਇਕੀ ਸਮਝ ਰਹੇ ਹਨ, ਉਥੇ ਇਸਦੇ ਉਲਟ ਕੁਝ ਇਕ ਲੋਕ ਆਪਣੇ ਵੱਡਮੁੱਲੇ ਵਿਰਸੇ ਦੀ ਸਾਂਭ-ਸੰਭਾਲ ਵਿਚ ਵੀ ਪੂਰੀ ਸੁਹਿਰਦਤਾ, ਵਫ਼ਾਦਾਰੀ ਅਤੇ ਇਮਾਨਦਾਰੀ ਨਾਲ ਜੁਟੇ ਹੋਏ ਹਨ।  ਵਿਰਸੇ ਨੂੰ ਸੰਭਾਲਣ ਵਾਲੇ ਇਹ ਲੋਕ ਭਾਂਵੇ ਗਾਇਕ ਜਾਂ ਗੀਤਕਾਰ ਨਹੀ ਵੀ ਹਨ, ਪਰ ਫਿਰ ਵੀ ਉਨ੍ਹਾਂ ਦਾ ਵਿਰਸੇ ਨੂੰ ਸੰਭਾਲਣ ਦਾ ਅਹਿਮ ਰੋਲ ਉਭਰਕੇ ਸਾਹਮਣੇ ਆਂਉਂਦਾ ਹੈ।  ਮੁੱਖ ਤੌਰ ਤੇ ਇਹ ਦੋ ਕਿਸਮ ਦੇ ਲੋਕ ਹਨ। ਇਕ ਤਾਂ ਸਾਂਊਂਡ-ਸਪੀਕਰਾਂ ਵਾਲੇ ਉਹ ਲੋਕ ਹਨ ਜਿਹੜੇ ਕਿ ਪੁਰਾਣੇ ਰਿਕਾਰਡ ਹੋਏ ਗੀਤਾਂ ਨੂੰ ਤਵਿਆਂ ਤੇ ਕੈਸਿਟਾਂ ਦੇ ਰੂਪ ਵਿਚ ਸੰਭਾਲੀ ਬੈਠੇ ਹਨ, ਜਿਨ੍ਹਾਂ ਵਿਚ ਬਲਜੀਂਤ ਸਿੰਘ ਟੰਡਨ, ਅਵਤਾਰ ਸਿੰਘ ਟੰਡਨ, ਸੁਰਿੰਦਰ ਸਿੰਘ ਗਿੱਲ ਦੁੱਗਰੀ, ਕੁਲਵੀਰ ਸਿੰਘ ਗਰੇਵਾਲ ਤੇ   ਜਗਨ ਉਗੋਕੇ ਦਾ ਨਾਂਓਂ ਮੂਹਰਲੀ ਕਤਾਰ ਵਿਚ ਮਾਣ ਨਾਲ ਲਿਆ ਜਾਂਦਾ ਹੈ। ਦੂਸਰੀ ਕਿਸਮ ਦੇ ਉਹ ਲੋਕ ਹਨ, ਜੋ ਲਾਇਬਰੇਰੀ ਚਲਾਉਣ ਦੇ ਰੂਪ ਵਿਚ ਸਾਡੇ ਵੱਡਮੁੱਲੇ ਸਰਮਾਏ ਨੂੰ ਸੰਭਾਲਣ ਲਈ ਯਤਨਸ਼ੀਲ ਹਨ। ਇਸ ਕਤਾਰ ਵਿਚ ਪਿੰਡ ਦੀਵਾਲਾ ਦੇ ਨੌਜਵਾਨ ਤਸਵਿੰਦਰ ਸਿੰਘ ਵੜੈਚ ਅਤੇ ਪਿੰਡ ਖੱਟਰਾਂ ਦੇ ਸੁਖਵਿੰਦਰ ਸਿੰਘ ਭੰਗੂ ਦਾ ਨਾਂ ਸਾਹਿਤ ਪੁਜਾਰੀਆਂ ਦੀਆਂ ਮੂਹਰਲੀਆਂ ਸਫ਼ਾਂ ਵਿਚ ਬੋਲਦਾ ਹੈ।  ਹੁਣ ਇਸੇ ਲਾਇਬਰੇਰੀ ਦੇ ਹੀ ਮਿਸ਼ਨ ਨੂੰ ਲੈਕੇ ਸਾਹਮਣੇ ਆਇਆ ਹੈ, ਸੁਲਤਾਨਪੁਰ ਲੋਧੀ ਦਾ ਨੌਜਵਾਨ ਮਨਦੀਪ ਸਿੰਘ। ਪਿਤਾ ਸ੍ਰ. ਸਰੂਪ ਸਿੰਘ ਤੇ ਮਾਤਾ ਸ੍ਰੀਮਤੀ ਹਰਦੀਸ਼ ਕੌਰ ਜੀ ਦਾ ਲਾਡਲਾ ਮਨਦੀਪ ਦੱਸਦਾ ਹੈ ਕਿ ਭਾਂਵੇਂ ਉਸ ਅੰਦਰ ਲਿਖਣ, ਗਾਉਣ ਆਦਿ ਵਰਗਾ ਤਾਂ ਕੋਈ ਵਰਣਨਯੋਗ ਗੁਣ ਨਹੀ ਹੈ, ਪਰ ਵੱਡਮੁੱਲੇ ਵਿਰਸੇ ਦਾ ਹੋ ਰਿਹਾ ਉਜਾੜਾ ਉਸਤੋਂ ਵੇਖਿਆ ਨਹੀ ਜਾ ਰਿਹਾ।  ਉਹ ਆਪਣੇ ਵੱਡਮੁੱਲੇ ਸਾਹਿਤ ਨੂੰ ਸੰਭਾਲਣ ਲਈ ਬਹੁਤ ਚਿੰਤਤ ਹੈ।  ਉਸ ਦੀ ਚਿਰੋਕਣੀ ਇੱਛਾ ਨੂੰ ਹੁਣ ਉਦੋਂ ਬੂਰ ਪਿਆ, ਜਦੋਂ ਸੁਲਤਾਨਪੁਰ ਲੋਧੀ ਦੇ ਪਿੰਡ ਜੱਬੋਵਾਲ ਵਿਖੇ ‘ਤੇਰਾ ਤੇਰਾ ਲਾਇਬ੍ਰੇਰੀ’ ਨਾਂ ਦੀ ਲਾਇਬਰੇਰੀ ਨੂੰ ਸ਼ੁਰੂ ਕਰਨ ਦਾ ਉਸ ਦਾ ਸੁਪਨਾ ਸਾਕਾਰ ਹੋਣ ਜਾ ਰਿਹਾ ਹੈ।

  ਲਾਇਬਰੇਰੀ ਨੂੰ ਆਪਣੀ ਜ਼ਿੰਦਗੀ ਦਾ ਮਿਸ਼ਨ ਬਣਾਉਣ ਵਾਲਾ ਸੁਲਤਾਨਪੁਰ ਲੋਧੀ ਦਾ 26 ਸਾਲਾ ਨੌਜਵਾਨ ਮਨਦੀਪ ਸਿੰਘ ਕਿੱਤੇ ਵਜੋਂ ਪੰਜਾਬ ਬਿਜਲੀ ਬੋਰਡ ਵਿਖੇ ਲਾਈਨਮੈਨ ਦੀ ਸਰਕਾਰੀ ਨੌਕਰੀ ਕਰ ਰਿਹਾ ਹੈ।  ਲਾਇਬਰੇਰੀ ਦੀ ਸਾਂਭ-ਸੰਭਾਲ ਉਹ ਆਪਣੇ ਫੁਰਸ਼ਿਤ ਭਰੇ ਪਲਾਂ ਦੌਰਾਨ ਕਰਕੇ ਆਪਣੇ ਮਨ ਨੂੰ ਸਕੂਨ ਦਿੰਦਾ ਹੈ। ਉਹ ਇਕ ਉਤਸ਼ਾਹੀ ਪਾਠਕ ਹੈ ਜੋ ਉਹ ਲੋਕਾਂ ਲਈ ਕਿਤਾਬਾਂ ਦਾ ਪ੍ਰਬੰਧ ਕਰਨ ਵਿਚ ਪੂਰੀ ਵਫ਼ਾਦਾਰੀ ਨਾਲ ਤਪੱਸਵੀ ਦੀ ਤਰ੍ਹਾਂ ਅਣਥੱਕ ਮਿਹਨਤ ਕਰ ਰਿਹਾ ਹੈ।  ਜਿਨ੍ਹਾਂ ਨੂੰ ਕਦੇ ਕਿਤਾਬਾਂ ਪੜ੍ਹਨ ਦਾ ਮੌਕਾ ਨਹੀਂ ਮਿਲਿਆ ਜਾਂ ਜਿਹੜੇ ਲੋਕ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰਨਾ ਚਾਹੁੰਦੇ ਹਨ, ਪਰ ਉਨ੍ਹਾਂ ਕੋਲ ਤਿਆਰੀ ਲਈ ਢੁੱਕਵੀਆਂ ਪੁਸਤਕਾਂ ਨਹੀ ਹਨ,  ਇਹ ਨੌਜਵਾਨ ਉਹਨਾਂ ਲਈ ਆਪਣੇ ਪਿੰਡ ਵਿਚ ਖੋਲ੍ਹੀ ਲਾਇਬ੍ਰੇਰੀ ਵਿਚ ਐਸਾ ਸਭ ਕੁਝ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ।  ਉਹ ਗੀਤਕਾਰਾਂ, ਨਾਵਲਕਾਰਾਂ, ਸਾਹਿਤਕਾਰਾਂ, ਸਾਹਿਤਕ ਸੰਸਥਾਵਾਂ ਅਤੇ ਮੰਚਾਂ ਆਦਿ ਨੂੰ ਇਸ ਲਾਇਬ੍ਰੇਰੀ ਵਿਚ ਕਿਤਾਬੀ ਯੋਗਦਾਨ ਪਾਉਣ ਲਈ ਤਹਿ ਦਿਲੋਂ ਬੇਨਤੀਆਂ ਤੇ ਅਪੀਲਾਂ ਕਰਨ ਵਿਚ ਤਰਲੋ-ਮੱਛੀ ਹੋਇਆ ਪਿਆ ਹੈ।  ਕਿਤਾਬੀ ਮਦਦ ਲਈ ਪੁਕਾਰ ਕਰਦਾ ਸੋਸ਼ਲ ਮੀਡੀਆ ’ਤੇ ਉਸਦਾ ਇਕ ਪੋਸਟਰ ਵੀ ਚੱਲ ਰਿਹਾ ਹੈ ਜਿਸ ਨੂੰ ਸਾਹਿਤਕਾਰਾਂ ਲਿਖਾਰੀਆਂ ਨੇ ਤਾਂ ਸਪੋਟ ਕਰਨੀ ਹੀ ਕਰਨੀ ਹੈ, ਪਰ ਰਾਣਾ ਰਣਬੀਰ, ਐਮੀ ਵਿਰਕ, ਪਰਮਜੀਤ ਕੌਰ ਧੰਜਲ, ਕਨਵਰ ਗਰੇਵਾਲ ਤੇ ਕਰਮਜੀਤ ਅਨਮੋਲ ਆਦਿ ਵਰਗੀਆਂ ਅੰਤਰਰਾਸ਼ਟਰੀ ਅਵਾਜ਼ਾਂ ਵੀ ਸ਼ੇਅਰ ਕਰ ਕੇ ਇਸ ਨੌਜਵਾਨ ਦਾ ਉਤਸ਼ਾਹ ਵਧਾ ਰਹੀਆਂ ਹਨ।  

  ਇਕ ਮੁਲਾਕਾਤ ਦੌਰਾਨ ਮਨਦੀਪ ਨੇ ਦੱਸਿਆ ਕਿ ਉਨ੍ਹਾਂ ਦੀ ਆਪਣੀ ਇਸ ਲਾਇਬਰੇਰੀ ਵਿਚੋਂ ਨਾ ਸਿਰਫ ਹਿੰਦੀ, ਪੰਜਾਬੀ ਤੇ ਉਰਦੂ ਦੀਆਂ ਕਿਤਾਬਾਂ ਹੀ ਪੜ੍ਹਨ ਨੂੰ ਮਿਲਣਗੀਆਂ, ਬਲਕਿ ਵੱਖ-ਵੱਖ ਤਰ੍ਹਾਂ ਦੇ ਬੂਟੇ ਵੀ ਫਰੀ ਮਿਲਿਆ ਕਰਨਗੇ। ਉਨ੍ਹਾਂ ਨੇ ਸ਼ੁਰੂਆਤੀ ਦੌਰ ਵਿਚ ਦੋ ਸੌ ਬੂਟੇ ਮੰਗਵਾਉਣ ਦਾ ਆਰਡਰ ਦੇ ਦਿੱਤਾ ਹੈ, ਜਿਸ ਵਿਚ ਫਲਦਾਰ ਬੂਟੇ ਵੀ ਹਨ। ਪਹਿਲੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ-ਛੋਹ ਪ੍ਰਾਪਤ ਧਰਤ ਉਤੇ ਖੋਲ੍ਹੀ ਜਾ ਰਹੀ ਇਸ ਲਾਇਬਰੇਰੀ ਲਈ ਮੇਰਾ ਮਾਲਕ ਇਸ ਨੌਜਵਾਨ ਦੀ ਨੇੜੇ ਹੋਕੇ ਸੁਣੇ, ਦਿਲੀ ਫ਼ਰਿਆਦਾਂ, ਅਰਦਾਸਾਂ ਤੇ ਜੋਦੜੀਆਂ ਹਨ, ਮੇਰੀਆਂ।

- ਪ੍ਰੀਤਮ ਲੁਧਿਆਣਵੀ (ਚੰਡੀਗੜ੍ਹ), 9876428641

ਸੰਪਰਕ : ਮਨਦੀਪ ਸਿੰਘ, ਪਿੰਡ ਜੱਬੋਵਾਲ (ਸੁਲਤਾਨਪੁਰ ਲੋਧੀ), 8283870384

 


No comments:

Post a Comment