ਟੇਲੈਂਟ ਹੰਟ ਨੇ ਵਿਦਿਆਰਥੀਆਂ ਅੰਦਰ ਕਲਾ ਦੀ ਜੋਤ ਜਗਾਈ
ਆਦਮਪੁਰ (ਵਰਿੰਦਰ ਬੈਂਸ)- ਗੁਰੂ ਨਾਨਕ ਖਾਲਸਾ ਕਾਲਜ ਡਰੋਲੀ ਕਲਾਂ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਰਚਨਾ ਤੁਲੀ ਦੀ ਅਗਵਾਈ ਹੇਠ ਅੱਜ ਕਾਲਜ ਵਿਚ ਟੇਲੈਂਟ ਹੰਟ ਕਰਵਾਇਆ ਗਿਆ। ਇਸ ਕਰਵਾਏ ਗਏ, ਟੇਲੈਂਟ ਹੰਟ ਦਾ ਮੂਲ ਮਕਸਦ ਵਿਦਿਆਰਥੀਆਂ ਅੰਦਰ ਛੁਪੀ ਅਦਾਕਾਰੀ ਅਤੇ ਕਲਾਤਮਕ ਗੁਣਾਂ ਨੂੰ ਉਭਾਰਨਾ ਹੈ। ਇਸ ਸਮਾਗਮ ਦੇ ਮੁੱਖ ਮਹਿਮਾਨ ਆਦਮਪੁਰ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਦਵਿੰਦਰ ਕੌਰ ਕਾਲਰਾ ਅਤੇ ਵਿਸ਼ੇਸ਼ ਮਹਿਮਾਨ ਪ੍ਰੋ. ਹਰਬੰਸ ਸਿੰਘ ਬੋਲੀਨਾ ਅਤੇ ਕਾਲਜ ਦੇ ਸਾਬਕਾ ਪ੍ਰੋਫੈਸਰ ਦਵਿੰਦਰ ਸਿੰਘ ਸਨ। ਇਸ ਸਾਰੇ ਸਮਾਗਮ ਦੇ ਕੋਆਰਡੀਨੇਟਰ ਅਤੇ ਮੰਚ ਸੰਚਾਲਕ ਡਾ. ਰਵਿੰਦਰ ਕੌਰ ਸਨ। ਇਸ ਸਮਾਗਮ ਵਿਚ ਜੱਜਮੈਂਟ ਦੀ ਭੂਮਿਕਾ ਡਾ. ਬਲਵਿੰਦਰ ਸਿੰਘ ਥਿੰਦ ਮੈਡਮ ਕੁਲਵੰਤ ਕੌਰ ਅਤੇ ਮੈਡਮ ਪਰਮਜੀਤ ਕੌਰ ਨੇ ਨਿਭਾਈ। ਇਸ ਕਰਵਾਏ ਗਏ ਟੇਲੈਂਟ ਹੰਟ ਦੀ ਸ਼ੁਰੂਆਤ ਧਾਰਮਿਕ ਸ਼ਬਦ "ਦੇਹਿ ਸ਼ਿਵਾ ਬਰ ਮੋਹਿ ਇਹੈ" ਨਾਲ ਹੋਈ। ਇਸ ਪ੍ਰਤੀਯੋਗਤਾ ਵਿਚ ਆਨ ਸਟੇਜ ਅਤੇ ਆਫ ਸਟੇਜ ਦੋਵੇਂ ਤਰ੍ਹਾਂ ਦੇ ਮੁਕਾਬਲੇ ਸਨ, ਜਿਨ੍ਹਾਂ ਵਿੱਚੋਂ ਸਟੇਜ 'ਤੇ ਹੋਏ ਮੁਕਾਬਲਿਆਂ ਵਿੱਚ ਭੰਗੜਾ, ਗਿੱਧਾ, ਸੋਲੋ ਡਾਂਸ, ਲੋਕ ਗੀਤ, ਸਕਿੱਟ, ਮਮਿਕਰੀ, ਪਹਿਰਾਵਾ, ਪ੍ਰਦਰਸ਼ਨੀ, ਮਾਡਲਿੰਗ ਆਦਿ ਸਨ। ਆਫ ਸਟੇਜ ਦੇ ਮੁਕਾਬਲਿਆਂ ਵਿੱਚ ਕੁਦਰਤੀ ਵਾਤਾਵਰਣ ਦੀ ਫੋਟੋਗ੍ਰਾਫੀ, ਮਹਿੰਦੀ ਲਗਾਉਣਾ, ਰੰਗੋਲੀ, ਵਾਲ ਗੁੰਦਣਾ, ਮਿੱਟੀ ਦੇ ਖਿਡੌਣੇ ਬਣਾਉਣਾ, ਲੋਕ ਖੇਡਾਂ, ਦਸਤਾਰਬੰਦੀ ਆਦਿ ਸਨ। ਇਸ ਮੌਕੇ ਮੁਕਾਬਲਿਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਬੀਬੀ ਦਵਿੰਦਰ ਕੌਰ ਕਾਲਰਾ ਨੇ ਇਨਾਮ ਵਜੋਂ ਸਨਮਾਨ ਚਿੰਨ੍ਹ ਦਿੱਤੇ। ਇਸ ਮੌਕੇ ਬੀਬੀ ਦਵਿੰਦਰ ਕੌਰ ਕਾਲਰਾ ਨੇ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਕਰਵਾਉਣ ਨਾਲ ਵਿਦਿਆਰਥੀ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੁੜਦੇ ਹਨ।
ਉਨ੍ਹਾਂ ਕਿਹਾ ਕਿ ਪੱਛਮੀ ਸੱਭਿਆਚਾਰ ਦੇ ਪਰਛਾਵੇਂ ਹੇਠ ਅਜੋਕੇ ਸਰਾਪੇ ਸਮਿਆਂ ਵਿੱਚ ਸਾਨੂੰ ਆਪਣੇ ਅਮੀਰ ਸਿੱਖ ਧਰਮ ਅਤੇ ਵਿਰਸੇ ਨਾਲ ਜੁੜਨ ਦੀ ਅਹਿਮ ਲੋੜ ਹੈ। ਸਮਾਗਮ ਦੇ ਅੰਤ ਵਿਚ ਪ੍ਰੋ ਤੁਲੀ ਨੇ ਆਏ ਮਹਿਮਾਨਾਂ ਦਾ ਜੀ ਆਇਆਂ ਕਹਿੰਦਿਆਂ ਵਿਦਿਆਰਥੀਆਂ ਦੀ ਕਲਾ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਅਸੀਂ ਯੂਨੀਵਰਸਿਟੀ ਦੇ ਮੁਕਾਬਲਿਆਂ ਵਿਚ ਭੇਜਾਂਗੇ। ਲੜਕੀਆਂ ਵੱਲੋਂ ਪੇਸ਼ ਗਿੱਧਾ ਅਤੇ ਲੜਕਿਆਂ ਵੱਲੋਂ ਪੇਸ਼ ਭੰਗੜੇ ਨੇ ਸਭ ਦਾ ਮਨ ਮੋਹ ਲਿਆ। ਇਸ ਸਮੇਂ ਕਾਲਜ ਦੇ ਸਮੂਹ ਸਟਾਫ ਮੈਂਬਰਾਨ ਅਤੇ ਵਿਦਿਆਰਥੀ ਹਾਜ਼ਰ ਸਨ।



No comments:
Post a Comment