Thursday, 22 September 2022

ਬੈਕਟਰ ਬੋਰਨ ਬੀਮਾਰੀਆਂ ਤੋਂ ਬਚਾਅ ਲਈ ਲੋਕਾਂ ਦਾ ਸਹਿਯੋਗ ਜਰੂਰੀ: ਸਿਵਲ ਸਰਜਨ


ਹੁਸ਼ਿਆਰਪੁਰ (ਤਰਸੇਮ ਦੀਵਾਨਾ)-  ਵੈਕਟਰ ਬੌਰਨ ਬਿਮਾਰੀਆਂ ਜਿਵੇਂ ਮਲੇਰੀਆ, ਡੇਂਗੂ, ਚਿਕਨਗੂਣੀਆ ਤੋਂ  ਬਚਾਅ ਲਈ ਸਿਵਲ ਸਰਜਨ ਡਾ.ਅਮਰਜੀਤ ਸਿੰਘ ਜੀ ਦੇ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਹੁਸ਼ਿਆਰਪੁਰ ਵਲੋਂ ਨਗਰ ਨਿਗਮ ਦੀ ਟੀਮ ਦੇ ਸਹਿਯੋਗ ਨਾਲ ਹੁਸ਼ਿਆਰਪੁਰ ਸ਼ਹਿਰੀ ਖੇਤਰ ਦੇ ਘਰਾਂ ਦਾ ਸਰਵੇਖਣ ਕੀਤਾ ਗਿਆ ਅਤੇ ਜਾਗਰੂਕਤਾ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਸੁਚੇਤ ਕੀਤਾ ਗਿਆ ।ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਸਿਵਲ ਸਰਜਨ ਡਾ.ਅਮਰਜੀਤ ਸਿੰਘ ਜੀ ਨੇ ਦੱਸਿਆ ਕਿ  ਸਿਹਤ ਵਿਭਾਗ ਦੇ ਐਂਟੀ ਲਾਰਵਾ ਵਿੰਗ ਵੱਲੋਂ ਨਗਰ ਨਿਗਮ ਦੀ ਟੀਮ ਦੇ ਸਹਿਯੋਗ ਨਾਲ ਕੁੱਲ 10 ਟੀਮਾਂ ਨੇ ਹੁਸ਼ਿਆਰਪੁਰ ਸ਼ਹਿਰ ਦੇ 947 ਘਰਾਂ ਦਾ ਸਰਵੇਖਣ ਕੀਤਾ ਅਤੇ 4 ਘਰਾਂ ਦੇ ਚਲਾਨ ਕੱਟੇ ਗਏ। ਇਨ੍ਹਾਂ ਘਰਾਂ ਵਿੱਚ 6774 ਕੰਟੇਨਰ ਚੈਕ ਕੀਤੇ ਗਏ ਜਿਨ੍ਹਾਂ ਵਿੱਚੋਂ 56 ਕੰਟੇਨਰਾਂ ਵਿੱਚ ਲਾਰਵਾ ਪਾਇਆ ਗਿਆ ਜੋ ਕਿ ਮੌਕੇ ਤੇ ਹੀ ਟੀਮਾਂ ਵੱਲੋਂ ਨਸ਼ਟ ਕਰਵਾਇਆ ਗਿਆ। ਹੁਣ ਤੱਕ ਜਿਲ੍ਹੇ ਵਿੱਚ  ਕੁੱਲ 30 ਚਲਾਨ ਕੱਟੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਘਰ ਘਰ ਵਿਜ਼ਿਟ ਦੌਰਾਨ ਕੂਲਰ, ਗਮਲੇ, ਛੱਤਾਂ ਤੇ ਪਿਆ ਸਮਾਨ, ਫਰਿਜ ਦੀ ਟਰੇਅ ਆਦਿ ਵਿੱਚ ਜਮਾ ਪਾਣੀ ਨੂੰ ਨਸ਼ਟ ਕਰਵਾਕੇ, ਪੂਰੀ ਤਰ੍ਹਾਂ ਖੁਸ਼ਕ (ਡਰਾਈ) ਰੱਖਣ ਲਈ ਕਿਹਾ ਜਾਂਦਾ ਹੈ ਤਾਂ ਜੋ ਇਹ ਬਿਮਾਰੀਆਂ ਫੈਲਾਉਣ ਵਾਲੇ ਮੱਛਰਾਂ ਦਾ ਲਾਰਵਾ ਖਤਮ ਕੀਤਾ ਜਾਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਡੇਂਗੂ ਅਤੇ ਚਿਕਨਗੁਨੀਆ ਆਦਿ ਤੋਂ ਬਚਾਅ ਲਈ ਜਰੂਰੀ ਹੈ ਕਿ ਆਪਣੇ ਆਪ ਦਾ ਮੱਛਰ ਤੋਂ ਬਚਾਅ ਕੀਤਾ ਜਾਵੇ। ਇਸ ਲਈ ਜਰੂਰੀ ਹੈ ਇਸਦੇ ਪੈਦਾ ਹੋਣ ਦੇ ਕਾਰਣਾਂ ਦੀ ਰੋਕਥਾਮ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹਰ ਹਫਤੇ ਕਿਸੇ ਇਕ ਦਿਨ ਮੱਛਰਾਂ ਦੇ ਲਾਰਵੇ ਦੇ ਪੈਦਾ ਹੋਣ ਵਾਲੀ ਥਾਂਵਾਂ (ਜਿਵੇਂ ਕੂਲਰ, ਗਮਲੇ ਫਰਿਜ਼ਾਂ ਦੀਆਂ ਟੇ੍ਰਆਂ ਆਦਿ) ਨੂੰ ਸਾਫ ਕਰਨ ਤੇ ਸੁਕਾਉਣ ਲਈ ਸਮਰਪਿਤ ਕਰੀਏ। ਮੱਛਰ ਦੇ ਕਟੱਣ ਤੋਂ ਬਚਾਅ ਲਈ ਦਿਨ ਵਿੱਚ ਪੂਰੀਆਂ ਬਾਹਾਂ ਦੇ ਕੱਪੜੇ ਪਹਿਨਣ ਨਾਲ, ਮੱਛਰ ਭਜਾਊ ਕਰੀਮਾਂ ਦੀ ਵਰਤੋਂ ਕਰਨ ਅਤੇ ਸਾਫ ਸਫਾਈ ਦਾ ਪੂਰਾ ਧਿਆਨ ਰੱਖਣ ਤਾਕਿ ਅਸੀਂ ਇਨਾਂ ਬੀਮਾਰੀਆਂ ਤੋਂ ਬੱਚ ਸਕੀਏ।ਜਿਲ੍ਹਾ ਐਪੀਡਿਮੋਲੇਜਿਸਟ ਡਾ. ਜਗਦੀਪ ਸਿੰਘ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਬੁਖਾਰ ਹੋਣ ਦੀ ਸਥਿਤੀ ਵਿੱਚ ਤੁਰੰਤ ਨੇੜੇ ਦੇ ਸਿਹਤ ਕੇਂਦਰ ਜਾਂ ਸਰਕਾਰੀ ਹਸਪਤਾਲ ਵਿੱਚ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਆਦਿ ਬੈਕਟਰ ਬੋਰਨ ਬੀਮਾਰੀਆਂ ਦੇ ਟੈਸਟ ਅਤੇ ਇਲਾਜ ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ।ਸਿਹਤ ਵਿਭਾਗ ਦੇ ਟੀਮ ਮੈਂਬਰਾਂ ਵਿੱਚ ਏ.ਐਮ.ਓ.  ਗੋਪਾਲ ਸਰੂਪ, ਹੈਲਥ ਇੰਸਪੈਕਟਰ  ਰਾਕੇਸ਼ ਕੁਮਾਰ ਅਤੇ  ਬਸੰਤ ਕੁਮਾਰ ਸ਼ਾਮਿਲ ਸਨ।

No comments:

Post a Comment