ਚੰਡੀਗੜ (ਪ੍ਰੀਤਮ ਲੁਧਿਆਣਵੀ)- 14 ਸਤੰਬਰ, 2022 : ਰੋਜ਼ਾਨਾ ‘ਲਿਸ਼ਕਾਰਾ ਟਾਈਮਜ ਪੇਪਰ ਤੇ ਟੀ. ਵੀ ਚੈਨਲ ਦੇ ਮੁੱਖ ਸੰਪਾਦਕ, ਅਨੇਕਾਂ ਸੰਸਥਾਵਾਂ ਨੂੰ ਹੋਂਦ ’ਚ ਲਿਆਉਣ ਵਾਲੇ, ਬੁਲੰਦ ਅਵਾਜ਼ ਦੇ ਮਾਲਕ, ਨਾਮਵਰ ਸੁਰੀਲੇ ਫੰਨਕਾਰ ਸ੍ਰੀ ਹਰੀ ਦੱਤ ਸ਼ਰਮਾ ਜੀ ਨੇ ਅਨਗਿਣਤ ਰਿਕਾਰਡ ਗੀਤਾਂ ਦੀ ਅਪਾਰ ਸਫ਼ਲਤਾ ਤੋਂ ਬਾਅਦ ਹੁਣ ਆਪਣੀ ਦਮਦਾਰ ਅਵਾਜ਼ ਵਿਚ ਰਿਕਾਰਡ ਗੀਤ ‘ਪੀਓ ਨਾ ਸ਼ਰਾਬ’ ਸਰੋਤਿਆਂ/ਦਰਸ਼ਕਾਂ ਦੀ ਝੋਲੀ ਪਾਇਆ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇਸ ਸ਼ਾਨਾਂ-ਮੱਤੇ ਫੰਨਕਾਰ ਜਨਾਬ ਹਰੀ ਦੱਤ ਸ਼ਰਮਾ ਜੀ ਨੇ ਦੱਸਿਆ ਕਿ ਇਸ ਗੀਤ ਨੂੰ ਨਾਮਵਰ ਕੰਪਨੀ ਪੀ ਐਸ ਐਫ ਗੁਣਗਾਵਾਂ ਵੱਲੋਂ ਮਾਰਕੀਟ ਵਿਚ ਬੜੇ ਮਾਣ, ਗੌਰਵ ਤੇ ਚਾਵਾਂ ਨਾਲ ਉਤਾਰਿਆ ਗਿਆ ਹੈ। ਪ੍ਰੀਤਮ ਸਮਾਲ ਫੋਕਸ ਇਸ ਗੀਤ ਦੇ ਸੰਗੀਤਕਾਰ ਪ੍ਰੀਤਮ ਸਟੁੱਡੀਓ, ਗੀਤਕਾਰ ਰਵੀ ਸਿੰਘ ਉੱਬੂ ਹਨ। ਸੁਖਦੇਵ ਸੋਢੀ ਦੀ ਇਸ ਪੇਸ਼ਕਸ਼ ਦੇ ਡਾਇਰੈਕਟਰ ਜਸਵਿੰਦਰ ਵਾਲੀਆ ਤੇ ਵੀਡੀਓ ਡਾਇਰੈਕਟਰ ਹਰਪ੍ਰੀਤ ਸਿੰਘ ਵਾਲੀਆ ਜੀ ਹਨ। ਇਸ ਵਿਚ ਬਾਬਾ ਚਮਕੌਰ ਸਿੰਘ ਮੂੰਡੀਆਂ ਦਾ ਸਪੈਸ਼ਲ ਧੰਨਵਾਦ ਕੀਤਾ ਗਿਆ ਹੈ।
ਜ਼ਿਕਰ ਯੋਗ ਹੈ ਕਿ ਜਿਸ ਤਰਾਂ ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਠਾਠਾਂ ਮਾਰਦਾ ਵਗਦਾ ਪੰਜਾਬ ਦੀ ਨੌਜਵਾਨੀ ਨੂੰ ਰੋੜਦਾ ਲਈ ਜਾ ਰਿਹਾ ਹੈ, ਉਸ ਨੂੰ ਵੇਖਦਿਆਂ ਨਸ਼ਿਆਂ ਦੇ ਕੁਰਾਹੇ ਪਈ ਪੰਜਾਬ ਦੀ ਨੌਜਵਾਨੀ ਨੂੰ ਆਪਣੇ ਸਹੀ ਮਾਰਗ ਉਤੇ ਲਿਆਉਣ ਲਈ ਇਹ ਗੀਤ ਖ਼ੂਬ ਸਹਾਈ ਹੋ ਰਿਹਾ ਹੈ। ਦੇਸ਼-ਵਿਦੇਸ਼ ਤੱਕ ਧੁੰਮਾਂ ਪਾ ਰਹੇ ਇਸ ਗੀਤ ਨੂੰ ਸੁਣਕੇ ਹਰ ਵਰਗ ਦੇ ਜੁਬਾਨ ਉਤੇ ਇੱਕੋ ਇੱਕ ਗੱਲ ਟਪਕ ਕੇ ਸਾਹਮਣੇ ਆਉਂਦੀ ਹੈ ਕਿ ‘ਪੀਓ ਨਾ ਸ਼ਰਾਬ’ ਵਰਗੇ ਗੀਤਾਂ ਦੀ ਅੱਜ ਸਾਡੇ ਸਮਾਜ ਤੇ ਸਾਹਿਤ ਨੂੰ ਡਾਹਢੀ ਜਰੂਰਤ ਹੈ। ਗੀਤ ਦੇ ਫੰਨਕਾਰ ਨੂੰ ਤੇ ਉਸਦੀ ਸਮੁੱਚੀ ਟੀਮ ਨੂੰ ਲੋਕ ਦਿਲੀ ਦੁਆਵਾਂ ਦਿੰਦੇ ਨਹੀਂ ਥੱਕਦੇ, ਜਿਹੜੇ ਕਿ ਹਥਿਆਰਾਂ ਜਾਂ ਅਸ਼ਲੀਲਤਾ ਨੂੰ ਪਰਮੋਟ ਕਰਨ ਦੀ ਬਜਾਇ ਕਿਸੇ ਮਿਸ਼ਨ ਦੀ ਪੂਰਤੀ ਲਈ ਤਨ, ਮਨ, ਧੰਨ ਨਾਲ ਸੰਘਰਸ਼ ਕਰ ਰਹੀ ਹੈ। ਪੂਰੀ ਟੀਮ ਦੀ ਸੋਚ-ਉਡਾਰੀ ਦੀ ਜਿੰਨੀ ਤਾਰੀਫ਼ ਕੀਤੀ ਜਾਏ, ਥੋੜੀ ਹੈ। ਵਾਹਿਗੁਰੂ ਟੀਮ ਨੂੰ ਸਰਗਰਮ ਕਦਮੀਂ ਚੱਲਦੇ ਰਹਿਣ ਅਤੇ ਅਜਿਹੇ ਸੇਧਆਤਮਕ ਗੀਤਾਂ ਦੁਆਰਾ ਸਮਾਜਿਕ ਬੁਰਾਈਆਂ ਦਾ ਟਾਕਰਾ ਕਰਨ ਲਈ ਜੂਝਦੇ ਰਹਿਣ ਦਾ ਅਨੰਤ ਬਲ ਬਖਸ਼ੇ।

No comments:
Post a Comment