Wednesday, 3 August 2022

ਸਾਹਿਤ ਵਿਗਿਆਨ ਕੇਂਦਰ ਵੱਲੋਂ ਪ੍ਰਸਿੱਧ ਗਾਇਕ ਸੂਫੀ ਬਲਬੀਰ ਜੀ ਨਾਲ ਸਫ਼ਲਤਾ ਦੀਆਂ ਸ਼ਿਖਰਾਂ ਛੋਹ ਗਿਆ ਰੂ-ਬ-ਰੂ ਸਮਾਗਮ


ਚੰਡੀਗੜ (ਪ੍ਰੀਤਮ ਲੁਧਿਆਣਵੀ)- ਚੰਡੀਗੜ ਦੀ ਜਾਣੀ-ਪਛਾਣੀ ਸੰਸਥਾ ਸਾਹਿਤ ਵਿਗਿਆਨ ਕੇਂਦਰ ਵੱਲੋਂ ਖਾਲਸਾ ਕਾਲਜ ਮੋਹਾਲੀ ਵਿਖੇ ਪ੍ਰਸਿੱਧ ਗਾਇਕ, ਗੀਤਕਾਰ ਤੇ ਕਵੀ ਸੂਫੀ ਬਲਬੀਰ ਜੀ ਨਾਲ ਰੂ-ਬ-ਰੂ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਸੂਫੀ ਬਲਬੀਰ ਜੀ, ਰਾਜਵਿੰਦਰ ਸਿੰਘ (ਰਾਜ ਹਰੀਕੇ), ਅਮਰਜੀਤ ਸਿੰਘ ਖੁਰਲ, ਡਾ: ਅਵਤਾਰ ਸਿੰਘ ਪਤੰਗ ਤੇ ਪਰਮਜੀਤ ਕੌਰ ਪਰਮ ਸੁਸ਼ੋਭਿਤ ਸਨ। ਸੂਫੀ ਬਲਬੀਰ ਜੀ ਨੇ ਆਪਣੇ ਬਾਰੇ ਸੰਖੇਪ ਰੂਪ ਵਿਚ ਦੱਸਦਿਆਂ ਕਿਹਾ,‘‘ਮੇਰੇ ਬਚਪਨ ਵਿਚ ਮੇਰੇ ਘਰ ਦੇ ਹਾਲਾਤ ਸੁਖਾਵੇਂ ਨਹੀਂ ਸਨ। ਮੇਰੇ ਮਾਤਾ ਜੀ ਮੇਰੇ ਜਨਮ ਤੋਂ ਹੀ ਬਿਮਾਰ ਸਨ ਅਤੇ ਘਰ ਵਿਚ ਗਰੀਬੀ ਸੀ। ਛੋਟੇ ਹੁੰਦੇ ਤੋਂ ਗੀਤ ਲਿਖਣ ਦਾ ਸ਼ੌਂਕ ਸੀ ਜੋ ਹੁਣ ਤਕ ਜਾਰੀ ਹੈ। ਰੰਮੀ ਗੋਹ ਵਾਲਾ ਤੋਂ ਗੀਤ ਲਿਖਣ ਦੀ ਵਿੱਦਿਆ ਹਾਸਲ ਕੀਤੀ ਅਤੇ ਪ੍ਰੋ: ਭੁਪਿੰਦਰ ਸਿੰਘ ਜੀ ਤੋਂ ਸੰਗੀਤ ਦੀਆਂ ਬਾਰੀਕੀਆਂ ਸਿੱਖੀਆਂ। ਮੋਹਾਲੀ ਆਏ ਤਾਂ ਘੇਰਾ ਹੋਰ ਵਿਸ਼ਾਲ ਹੋ ਗਿਆ। ਹੁਣ ਜਿੰਦਗੀ ਵਿਚ ਸੰਤੁਸ਼ਟੀ ਹੈ।’’

  ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਾਹਿਤ ਵਿਗਿਆਨ ਕੇਂਦਰ ਦੇ ਜਨ: ਸਕੱਤਰ ਗੁਰਦਰਸ਼ਨ ਸਿੰਘ ਮਾਵੀ (98148 51298) ਜੀ ਨੇ ਦੱਸਿਆ ਕਿ ਇਸ ਉਪਰੰਤ ਸਾਹਿਤ ਵਿਗਿਆਨ ਕੇਂਦਰ ਦੇ ਮੈਂਬਰ ਸ: ਦਰਸ਼ਨ ਸਿੰਘ ਸਿੱਧੂ ਜੀ ਵਲੋਂ ਲਿਖੇ ਅਤੇ ਸ੍ਰੀਮਤੀ ਦਵਿੰਦਰ ਕੌਰ ਢਿੱਲੋਂ ਜੀ ਵਲੋਂ ਗਾਏ ਗਏ ਧਾਰਮਿਕ ਗੀਤ ‘ਅਜਬ ਦਾਸਤਾਨ’ ਦਾ ਪੋਸਟਰ ਪ੍ਰਧਾਨਗੀ ਮੰਡਲ ਵੱਲੋਂ ਰਿਲੀਜ਼ ਕੀਤਾ ਗਿਆ। ਫਿਰ, ਕੇਂਦਰ ਵੱਲੋਂ ਸੂਫੀ ਬਲਬੀਰ ਜੀ, ਰਾਜ ਹਰੀਕੇ ਜੀ, ਅਮਰਜੀਤ ਖੁਰਲ ਜੀ, ਦਰਸ਼ਨ ਸਿੱਧੂ ਜੀ ਅਤੇ ਦਵਿੰਦਰ ਕੌਰ ਢਿੱਲੋਂ ਜੀ ਦਾ ਮੋਮੈਂਟੋ ਅਤੇ ਲੋਈ/ ਫੁਲਕਾਰੀ ਦੇ ਕੇ ਸਨਮਾਨ ਕੀਤਾ ਗਿਆ। ਸਮੁੱਚੇ ਸਮਾਗਮ ਦੌਰਾਨ ਸਟੇਜ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਜੀ ਨੇ ਬੜੇ ਸੁਚੱਜੇ ਢੰਗ ਨਾਲ਼ ਕੀਤਾ। ਇਸ ਮੌਕੇ ਚੰਡੀਗੜ, ਪੰਚਕੂਲਾ, ਜੀਰਕਪੁਰ, ਮੋਰਿੰਡਾ, ਕੁਰਾਲੀ, ਸਮਰਾਲਾ ਆਦਿ ਸ਼ਹਿਰਾਂ ਤੋਂ ਵੱਡੀ ਗਿਣਤੀ ਵਿਚ ਲੇਖਕ, ਕਵੀ ਅਤੇ ਪਤਵੰਤੇ ਸੱਜਣਾਂ ਨੇ ਸ਼ਾਮਲ ਹੋਕੇ ਸਮਾਗਮ ਦੀਆਂ ਖੂਬ ਰੌਣਕਾਂ ਵਧਾਈਆਂ। ਸਫ਼ਲਤਾ ਦੀਆਂ ਸ਼ਿਖਰਾਂ ਨੂੰ ਛੋਹ ਗਏ ਇਸ ਸਮਾਗਮ ਮੌਕੇ ਖੀਰ-ਪੂੜਿਆਂ ਦਾ ਪ੍ਰਬੰਧ ਅਮਰਜੀਤ ਸਿੰਘ ਖੁਰਲ ਜੀ ਵੱਲੋਂ ਕੀਤਾ ਗਿਆ।

No comments:

Post a Comment