Tuesday, 23 August 2022

ਪਿੰਡ ਧੋਗੜੀ ਵਿਖੇ ਛੱਪੜ ਨੁੰਮਾਂ ਤਲਾਬ ਵਿਚ ਡੁੱਬਣ ਨਾਲ ਗਿਆਰਾਂ ਸਾਲਾ ਬੱਚੇ ਦੀ ਮੌਤ

     


ਜਲੰਧਰ (ਅਮਰਜੀਤ ਸਿੰਘ, ਹਰਜਿੰਦਰ ਸਿੰਘ)-
  ਜੰਡੂ ਸਿੰਘਾ ਦੇ  ਨਜ਼ਦੀਕੀ ਪਿੰਡ ਧੋਗੜੀ ਵਿਖੇ ਇੱਕ ਛੱਪੜ ਨੁੰਮਾਂ ਤਲਾਬ ਵਿਚ ਆਪਣੇ ਦੋਸਤਾਂ ਨਾਲ ਨਹਾਉਣ ਗਏ ਬੱਚੇ ਦੀ ਡੁੱਬ ਕੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿ੍ਰਤਕ ਬੱਚੇ ਦੀ ਮਾਤਾ ਅਨੀਤਾ ਅਤੇ ਪਿਤਾ ਬਲਜੀਤ ਸਿੰਘ ਵਾਸੀ ਪਿੰਡ ਧੋਗੜੀ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਜਸ਼ਨਦੀਪ ਸਿੰਘ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੈ ਅਤੇ ਉਹ ਬੀਤੇ ਦਿਨ ਕਰੀਬ ਦੋ ਵਜੇ ਘਰ ਆਇਆ ਅਤੇ ਸਕੂਲ ਵਾਲਾ ਬਸਤਾ ਰੱਖ ਕੇ ਘਰੋਂ ਬਾਹਰ ਚਲਾ ਗਿਆ। ਜੋ ਕਿ ਸ਼ਾਮ ਤੱਕ ਆਪਣੇ ਘਰ ਵਾਪਸ ਨਹੀਂ ਪਰਤਿਆ, ਜਿਸ ਦੀ ਪਿੰਡ ਵਿੱਚ ਕਾਫੀ ਭਾਲ ਕੀਤੀ ਗਈ ਪਰ ਉਹ ਨਹੀਂ ਮਿਲਿਆ, ਜਦ ਜਸ਼ਨਦੀਪ ਬਾਰੇ ਨਾ ਪਤਾ ਲੱਗਾ ਤਾਂ ਘਰੈਲੂ ਮੈਂਬਰਾਂ ਵੱਲੋਂ ਜੰਡੂ ਸਿੰਘਾ ਪੁਲਿਸ ਚੌਕੀ ਦੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਗਿਆ। ਜਸ਼ਨਦੀਪ ਦੇ ਪਿਤਾ ਬਲਜੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਕਰੀਬ ਸੱਤ ਵਜੇ ਪਤਾ ਲੱਗਾ ਕਿ ਉਨ੍ਹਾਂ ਦੇ ਬੱਚੇ ਦੀ ਲਾਸ਼ ਪਿੰਡ ਦੇ ਛੱਪੜ ਨੁੰਮਾਂ ਤਲਾਬ ਵਿੱਚ ਪਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਤੁਰੰਤ ਜੰਡੂਸਿੰਘਾ ਪੁਲਸ ਨੂੰ ਸੂਚਿਤ ਕੀਤਾ ਗਿਆ। ਘਟਨਾਸਥਲ ਤੇ ਮੌਕਾ ਦੇਖਣ ਲਈ ਡੀ.ਐਸ.ਪੀ ਹਲਕਾ ਆਦਮਪੁਰ ਸਰਬਜੀਤ ਸਿੰਘ ਰਾਏ, ਐਸ.ਐਚ.ਓ ਆਦਮਪੁਰ ਰਾਜੀਵ ਕੁਮਾਰ, ਐੱਸ.ਆਈ ਲਾਭ ਸਿੰਘ ਪੁਲਿਸ ਚੋਂਕੀ ਜੰਡੂ ਸਿੰਘਾ ਅਤੇ ਹੋਰ ਮੁਲਾਜ਼ਮ ਪੁੱਜੇ ਅਤੇ ਮਾਮਲੇ ਦੀ ਜਾਂਚ ਸੁਰੂ ਕੀਤੀ।

      ਐਸ.ਐਚ.ਓ ਰਾਜੀਵ ਕੁਮਾਰ ਨੇ ਦੱਸਿਆ ਜਸ਼ਨਦੀਪ ਅਤੇ ਉਸਦੇ ਕੁਝ ਮਿੱਤਰ ਤਲਾਬ ਵਿਚ ਨਹਾਉਣ ਲਈ ਆਏ ਜਿਨ੍ਹਾਂ ਨੂੰ ਦੇਖ ਕੇ ਨਾਲ ਲੱਗਦੇ ਖੇਤ ਵਿੱਚ ਕੰਮ ਕਰਦੇ ਕਿਸਾਨ ਨੇ ਬੱਚਿਆਂ ਨੂੰ ਆਵਾਜ਼ ਮਾਰੀ ਕੇ ਤਲਾਬ ਡੂੰਘਾ ਹੈ ਆਪੋ ਆਪਣੇ ਘਰਾਂ ਨੂੰ ਜਾਉ। ਆਵਾਜ਼ ਸੁਣਦੇ ਹੀ ਕੁਝ ਬੱਚੇ ਉਥੋਂ ਮੌਕੇ ਤੋਂ ਚਲੇ ਗਏ। ਪਰ ਦਰਸ਼ਨਦੀਪ ਤਲਾਬ ‘ਚ ਹੀ ਰਹਿ ਗਿਆ। ਜਿਸਦੀ ਤਲਾਬ ਵਿਚ ਡੁੱਬਣ ਨਾਲ ਮੌਤ ਹੋ ਗਈ। ਜਸ਼ਨਦੀਪ ਦੀ ਮਾਤਾ ਅਨੀਤਾ ਨੇ ਦੱਸਿਆ ਕਿ ਉਸ ਦੇ ਦੋ ਬੇਟੇ ਤੇ ਇੱਕ ਬੇਟੀ ਹੈ ਤੇ ਜਸ਼ਨਦੀਪ ਉਸਦਾ ਸਭ ਤੋਂ ਛੋਟਾ ਪੁੱਤਰ ਸੀ। ਪÇੁਲਸ ਦੀ ਜਾਂਚ ਵਿਚ ਜਸ਼ਨਦੀਪ ਦੇ ਤਿੰਨ ਹੋਰ ਦੋਸਤਾਂ ਤੋਂ ਪੁੱਛਗਿੱਛ ਕਰਨ ਉਪਰੰਤ ਸਾਰੇ ਮਾਮਲੇ ਦਾ ਪੁਲਿਸ ਅਧਿਕਾਰੀਆਂ ਨੂੰ ਪਤਾ ਚੱਲਿਆ ਹੈ। ਫਿਲਹਾਲ ਜੰਡੂ ਸਿੰਘਾ ਪੁਲਿਸ ਦੇ ਮੁਲਾਜ਼ਮਾਂ ਨੇ 174 ਦੀ ਕਾਰਵਾਈ ਕੀਤੀ ਹੈ ਅਤੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਅੰਦਰ ਪਹੁੰਚਾ ਦਿੱਤਾ ਹੈ।

      ਇਸ ਮੌਕੇ ਤੇ ਮੋਜੂਦ ਪਿੰਡ ਵਾਸੀਆਂ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਜਸ਼ਨਦੀਪ ਦਾ ਪਿਤਾ ਹੀ ਘਰ ਵਿੱਚ ਇਕੱਲਾ ਕਮਾਉਣ ਵਾਲਾ ਹੈ ਜੋ ਕਿ ਇਕ ਫੈਕਟਰੀ ਵਿੱਚ ਕੰਮ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ। ਸਮੂਹ ਪਿੰਡ ਧੋਗੜੀ ਵਾਸੀਆਂ ਨੇ ਜਸ਼ਨਦੀਪ ਦੀ ਹੋਈ ਅਚਾਨਕ ਮੋਤ ਤੇ ਪੂਰੇ ਪਰਿਵਾਰ ਨਾਲ ਗਹਿੱਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


No comments:

Post a Comment