Wednesday, 31 August 2022

ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਲੈ ਕੇ ਐੱਸ.ਸੀ. ਸਮਾਜ ਨੇ ਕੀਤਾ ਚੱਕਾ ਜਾਮ


ਹੁਸ਼ਿਆਰਪੁਰ 31 ਅਗਸਤ (ਤਰਸੇਮ ਦੀਵਾਨਾ)- ਹੁਸ਼ਿਆਰਪੁਰ-ਫਗਵਾੜਾ ਮਾਰਗ ਤੇ ਥਾਣਾ ਮੇਹਟੀਆਣਾ ਦੀ ਪੁਲਸ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ। ਜਦੋਂ ਅੱਡਾ ਡਵਿੱਡਾ ਅਹਿਰਾਣਾ ਵਿਖੇ ਪਿੰਡ ਦੇ ਹੀ ਐੱਸ.ਸੀ ਸਮਾਜ ਦੇ ਲੋਕਾਂ ਨੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਅਤੇ ਜਲ ਵਿਭਾਗ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਮੌਕੇ ਤੇ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਉਹ ਲਗਪਗ ਇਕ ਸਾਲ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਜਿਸ ਸਬੰਧੀ ਸਰਕਾਰੀ ਵਿਭਾਗ ਦੇ ਕਈ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਵੀ ਕਰ ਚੁੱਕੇ ਹਨ। ਪਰੰਤੂ ਪ੍ਰਸ਼ਾਸਨ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ। 

              ਇਸ ਚੱਕਾ ਜਾਮ ਦੌਰਾਨ ਲਗਪਗ ਇੱਕ ਘੰਟੇ ਦਾ ਸਮਾਂ ਬੀਤ ਜਾਣ ਤਕ ਵੀ ਥਾਣਾ ਮੇਹਟੀਆਣਾ ਦੀ ਪੁਲਸ ਵੱਲੋਂ ਚੱਕਾ ਜਾਮ ਵਾਲੀ ਥਾਂ ਤੇ ਪਹੁੰਚ ਨਹੀਂ ਕੀਤੀ ਗਈ। ਜਿਸ ਕਾਰਨ ਅੱਤ ਦੀ ਪੈ ਰਹੀ ਗਰਮੀ ਵਿੱਚ ਰਾਹਗੀਰਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲਗਪਗ ਇੱਕ ਘੰਟੇ ਬਾਅਦ ਥਾਣਾ ਮੇਹਟੀਆਣਾ ਦੀ ਐੱਸ.ਐੱਚ.ਓ ਪ੍ਰਭਜੋਤ ਕੌਰ ਨੇ ਚੱਕਾ ਜਾਮ ਵਾਲੀ ਥਾਂ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਬੁਝਾਉਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਪ੍ਰਦਰਸ਼ਨਕਾਰੀ ਉਸ ਨੂੰ ਅਣਗੌਲਿਆਂ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। 

              ਆਖ਼ਰ ਨਾਇਬ ਤਹਿਸੀਲਦਾਰ ਹੁਸ਼ਿਆਰਪੁਰ ਸ੍ਰੀ ਰਜਿੰਦਰ ਸਿੰਘ ਅਤੇ ਐੱਸ.ਡੀ.ਓ ਜਲ ਵਿਭਾਗ ਸ੍ਰੀ ਵਿਕਾਸ ਕੁਮਾਰ ਸੈਣੀ ਨੇ ਮੌਕੇ ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦੁਆ ਕੇ ਆਵਾਜਾਈ ਬਹਾਲ ਕਰਵਾਈ। ਇਸ ਮੌਕੇ ਹਾਜ਼ਰ ਰੇਖਾ ਰਾਣੀ ਸਰਪੰਚ, ਮਹਿੰਦਰਪਾਲ ਨੰਬਰਦਾਰ, ਚੈਂਚਲ ਰਾਮ ਪੰਚ, ਬਲਵਿੰਦਰ ਕੌਰ ਪੰਚ, ਪ੍ਰੇਮ ਕੁਮਾਰ ਕਾਂਗਰਸੀ ਆਗੂ ਆਦਿ ਨੇ ਦੱਸਿਆ ਕਿ ਅੱਤ ਦੀ ਪੈ ਰਹੀ ਗਰਮੀ ਵਿੱਚ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਲੈ ਕੇ ਪਿੰਡ ਵਾਸੀ ਬਹੁਤ ਹੀ ਪਰੇਸ਼ਾਨ ਹੋ ਚੁੱਕੇ ਹਨ। 

No comments:

Post a Comment