ਸ਼ਾਹਕੋਟ ਖੇਤਰ ਦੇ ਕਿਸਾਨਾਂ ਨਾਲ ਅਹਿਮ ਵਿਚਾਰਾਂ, ਹਰ ਸੰਭਵ ਮਦਦ ਅਤੇ ਮੰਗਾਂ ਪ੍ਰਵਾਨ ਕਰਨ ਦਾ ਭਰੋਸਾ
ਜਲੰਧਰ 19 ਜੁਲਾਈ (ਅਮਰਜੀਤ ਸਿੰਘ)- ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ, ਉਨਾਂ ਕਿਸਾਨਾਂ ਨੂੰ ਜਿਨਾਂ ਦੀਆਂ ਜ਼ਮੀਨਾਂ ਅੰਮ੍ਰਿਤਸਰ-ਬਠਿੰਡਾ-ਜਾਮ ਨਗਰ ਐਕਸਪ੍ਰੈਸਵੇਅ ਵਿੱਚ ਆਉਂਦੀਆਂ ਹਨ, ਨੂੰ ਅਪੀਲ ਕੀਤੀ ਕਿ ਉਹ ਜਲਦ ਆਪਣੀਆਂ ਜ਼ਮੀਨਾਂ ਸਬੰਧਿਤ ਅਥਾਰਟੀ ਦੇ ਸਪੁਰਦ ਕਰਨ ਤਾਂ ਜੋ ਇਸ ਵੱਕਾਰੀ ਪ੍ਰਾਜੈਕਟ ’ਤੇ ਕੰਮ ਸ਼ੁਰੂ ਹੋ ਸਕੇ।
ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ, ਰੋਡ ਸੰਘਰਸ਼ ਕਮੇਟੀ ਅਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰਾਂ ਨਾਲ ਐਕਸਪ੍ਰੈਸਵੇਅ ਸਬੰਧੀ ਵਿਚਾਰਾਂ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿੰਨੀ ਛੇਤੀਂ ਕਿਸਾਨਾਂ ਵਲੋਂ ਪ੍ਰਾਜੈਕਟ ਲਈ ਲੋੜੀਂਦੀਆਂ ਜ਼ਮੀਨਾਂ ਸਪੁਰਦ ਕੀਤੀਆਂ ਜਾਣਗੀਆਂ ਉਨੀ ਜਲਦੀ ਬਣਦੀਆਂ ਅਦਾਇਗੀਆਂ ਵੀ ਅਮਲ ਵਿੱਚ ਲਿਆਂਦੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸਾਨਾਂ ਦੇ ਹਿੱਤਾਂ ਦੀ ਹਰ ਪੱਖੋਂ ਰਾਖੀ ਕਰਦਿਆਂ ਉਨ੍ਹਾਂ ਦੀਆਂ ਮੰਗਾਂ ਨੂੰ ਵੀ ਗਹੁ ਨਾਲ ਵਿਚਾਰਕੇ ਢੁਕਵਾਂ ਹੱਲ ਯਕੀਨੀ ਬਣਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਨੈਸ਼ਨਲ ਹਾਈਵੇਜ਼ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨਾਲ ਰਾਬਤਾ ਕਰਕੇ ਉਨ੍ਹਾਂ ਦੀਆਂ ਜ਼ਮੀਨਾਂ ਵਿਚੋਂ ਦੀ ਨਿਕਲਣ ਵਾਲੇ ਐਕਸਪ੍ਰੈਸਵੇਅ ਕਾਰਨ ਭਵਿੱਖ ਵਿੱਚ ਵਾਹੀ ਲਈ ਆਉਣ ਵਾਲੀਆਂ ਮੁਸ਼ਕਲਾਂ ਦਾ ਵੀ ਯੋਗ ਹੱਲ ਕੀਤਾ ਜਾਵੇਗਾ। ਕਿਸਾਨਾਂ ਵਲੋਂ ਸੌਂਪੇ ਗਏ 10 ਨੁਕਾਤੀ ਮੰਗ ਪੱਤਰ ’ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਮੁਆਵਜ਼ੇ ਦੀ ਰਕਮ ਵਿੱਚ ਕੋਈ ਫ਼ਰਕ ਹੋਵੇਗਾ ਤਾਂ ਉਸ ਨੂੰ ਆਰਬੀਟਰੇਸ਼ਨ ਵਿੱਚ ਲਿਜਾ ਕੇ ਇਹ ਮਸਲਾ ਵੀ ਹੱਲ ਕਰਵਾਇਆ ਜਾਵੇਗਾ। ਉਨ੍ਹਾਂ ਨੇ ਐਸ.ਡੀ.ਐਮ. ਸ਼ਾਹਕੋਟ ਨੂੰ ਕਿਹਾ ਕਿ ਜ਼ਮੀਨਾਂ ਦੀ ਸਪੁਰਦਗੀ ਸਬੰਧੀ ਉਹ ਲਗਾਤਾਰ ਸਮੀਖਿਆ ਕਰਦੇ ਰਹਿਣ ਤਾਂ ਜੋ 12 ਪਿੰਡਾਂ ਨਾਲ ਸਬੰਧਿਤ ਐਕਸਪ੍ਰੈਸਵੇਅ ਲਈ ਸ਼ਨਾਖਤ ਕੀਤੀਆਂ ਲੋੜੀਂਦੀਆਂ ਜ਼ਮੀਨਾਂ ਪ੍ਰਾਪਤ ਕਰਕੇ ਪ੍ਰਾਜੈਕਟ ’ਤੇ ਕੰਮ ਸ਼ੁਰੂ ਕੀਤਾ ਜਾ ਸਕੇ।
ਮੀਟਿੰਗ ਦੌਰਾਨ ਰਤਨ ਸਿੰਘ ਕਾਕੜ ਕਲਾਂ ਅਤੇ ਹੋਰਨਾਂ ਕਿਸਾਨ ਆਗੂਆਂ ਨੇ ਮੁਆਵਜ਼ੇ ਦੀ ਰਕਮ ਇਕਮੁਸ਼ਤ ਜਾਰੀ ਕਰਨ ਦੀ ਮੰਗ ਰੱਖੀ ਜਿਸ ’ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਮੀਨਾਂ ਸਪੁਰਦ ਕਰਨ ਨਾਲ ਹੀ ਅਦਾਇਗੀਆਂ ਅਤੇ ਬਣਦੇ ਵਿਆਜ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਨ੍ਹਾਂ ਮਾਮਲਿਆਂ ਵਿੱਚ ਰਜ਼ਾਮੰਦੀ ਨਾਲ ਘਰੇਲੂ ਵੰਡ ਹੋ ਚੁੱਕੀ ਹੈ ਉਨ੍ਹਾਂ ਵਿੱਚ ਧਿਰਾਂ ਦੀ ਸਹਿਮਤੀ ਨਾਲ ਮੁਆਵਜ਼ਾ ਜਾਰੀ ਕੀਤਾ ਜਾਵੇ।
ਜਸਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦੁਆਇਆ ਕਿ ਉਨ੍ਹਾਂ ਦੀਆਂ ਵਾਜਿਬ ਮੰਗਾਂ ਨੂੰ ਹਰ ਹਾਲ ਪੂਰਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ.ਸ਼ਾਹਕੋਟ ਲਾਲ ਵਿਸਵਾਸ਼, ਜ਼ਿਲ੍ਹਾ ਮਾਲ ਅਫ਼ਸਰ ਜਸ਼ਨਜੀਤ ਸਿੰਘ ਤੋਂ ਇਲਾਵਾ ਐਨ.ਐਚ.ਏ.ਆਈ. ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੇ ਮੈਂਬਰ ਸਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਦਲਬੀਰ ਸਿੰਘ, ਗੁਰਜੀਤ ਸਿੰਘ, ਜੇ.ਐਸ. ਨੰਬਰਦਾਰ, ਜਸਪਾਲ ਸ਼ਰਮਾ ਆਦਿ ਵੀ ਮੌਜੂਦ ਸਨ।

No comments:
Post a Comment