Saturday, 28 May 2022

ਸਰਗਰਮ ਕਦਮੀਂ ਮੰਜ਼ਲਾਂ ਸਰ ਕਰ ਰਹੀ ਬਹ-ਪੱਖੀ ਸ਼ਖਸੀਅਤ : ਬੂਟਾ ਕਾਹਨੇ ਕੇ

 

         


ਘਰਦਿਆਂ ਦੇ ਬੂਟਾ ਸਿੰਘ ਤੇ ਸਾਹਿਤਕ ਹਲਕਿਆਂ ਦੇ ਬੂਟਾ ਕਾਹਨੇ ਕੇ ਦਾ ਜਨਮ 5 ਅਪ੍ਰੈਲ 1987 ਨੂੰ ਜਿਲਾ ਬਰਨਾਲਾ ਦੀ ਤਹਿਸੀਲ ਤਪਾ ਵਿਚ ਪੈਂਦੇ ਪਿੰਡ ਕਾਹਨੇ ਕੇ ਵਿਖੇ ਪਿਤਾ ਸ. ਗੁਰਦੇਵ ਸਿੰਘ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਗੁਰਮੀਤ ਕੌਰ ਦੀ ਪਾਕਿ ਕੁੱਖੋਂ ਹੋਇਆ।  ਬੂਟੇ ਨੂੰ ਲਿਖਣ ਦਾ ਸ਼ੌਂਕ 2014 ਤੋਂ ਜਾਗਿਆ ਸੀ ਪਰ ਇਹ ਸ਼ੌਂਕ 2018 ਵਿਚ ਉਭਰ ਕੇ ਉਸ ਵਕਤ ਸਾਹਮਣੇ ਆਇਆ ਜਦੋਂ ਉਸ ਦੀ ਕਲਮ ’ਚੋਂ ਨਿਕਲੇ ਗੀਤ, ਕਵਿਤਾ ਤੇ ਲੇਖ ਪੇਪਰਾਂ ਵਿਚ ਛਪਣੇ ਸ਼ੁਰੂ ਹੋ ਗਏ। ਕਿੱਤੇ ਵਜੋਂ ਇੰਟੀਰੀਅਰ ਡਿਜਾਈਨਰ ਦੀਆਂ ਸੇਵਾਵਾਂ ਨਿਭਾ ਰਿਹਾ ਬੂਟਾ ਕਾਹਨੇ ਕੇ ਹੁਣ ਤੱਕ ‘ਦਾ ਟਾਈਮਜ਼ ਆਫ ਪੰਜਾਬ’, ‘ਆਵਾਜ਼ ਏ ਪੰਜਾਬ’, ‘ਪੰਜਾਬ ਟਾਈਮਜ’, ‘ਟਰਾਲੀ ਟਾਈਮਜ਼’, ‘ਪੰਜਾਬੀ ਇੰਨ ਹਾਲੈਂਡ’, ‘ਜੱਗ ਬਾਣੀ’, ‘ਨਿਰਪੱਖ ਕਲਮ’, ‘ਪੰਜਾਬੀ ਅੱਖਰ’, ‘ਪੰਜਾਬੀ ਸਾਂਝ’, ‘ਅਦਬੀ ਸਾਂਝ’ ਤੇ ‘ਭਗਤ ਰਵਿਦਾਸ ਜੀ’ (ਹਾਲੈਂਡ) ਆਦਿ ਅਖ਼ਬਾਰਾਂ/ਮੈਗਜ਼ੀਨਾਂ ਵਿਚ ਛਪਣ ਦਾ ਮਾਣ ਹਾਸਲ ਕਰ ਚੁੱਕਾ ਹੈ।

          ਪੁਸਤਕ ਪ੍ਰਕਾਸ਼ਨਾ ਖੇਤਰ ਵਿਚ ਉਹ ‘ਕਾਵਿ ਲਕੀਰਾਂ’ (2019) (ਭਾਈ ਕਾਨ ਸਿੰਘ ਨਾਭਾ- ਸੰਪਾਦਕ ਸੁਰਿੰਦਰਜੀਤ ਚੋਹਾਨ), ‘ਸਿਰਜਣਹਾਰੇ (2020)  (ਭਾਈ ਕਾਨ ਸਿੰਘ ਨਾਭਾ -ਸੰਪਾਦਕ ਸੁਰਿੰਦਰਜੀਤ ਚੋਹਾਨ), ‘ਕਲਮਕਾਰ’ (2021)-ਸੰਪਾਦਕ ਰਣਜੀਤ ਕੌਰ ਸਵੀ) ਅਤੇ ‘ਨਾ ਨਰ ਨਾ ਨਾਰੀ’ (2022)  (ਇਸਤਰੀ ਲਿਖਾਰੀ ਸਭਾ ਬਰਨਾਲਾ -ਸੰਪਾਦਕ ਹਰਦੀਪ ਬਾਵਾ) ਆਦਿ ਵਿਚ ਹਾਜ਼ਰੀਆਂ ਭਰ ਚੁੱਕਾ ਹੈ। ਇਸਤੋਂ ਇਲਾਵਾ ਪ੍ਰਕਾਸ਼ਿਤ ਹੋ ਰਹੀਆਂ ਸਾਂਝੀਆਂ ਪ੍ਰਕਾਸ਼ਨਾਵਾਂ ‘ਇਬਾਦਤ’ (17 ਲੇਖਕ) ਵਿਚ ਮੁੱਖ ਸੰਪਾਦਕ, ‘ਕਲਮਾਂ ਦੀ ਸਾਂਝ’ (57 ਲੇਖਕ), ‘ਕਾਵਿ ਕਿਆਰੀ’ (21 ਲੇਖਕ) ਅਤੇ ‘ਸਯੋਗ ਸਾਗਰ’ (44 ਲੇਖਕ) ਵਿਚ ਸਹਾਇਕ ਸੰਪਾਦਕ ਦੀ ਉਹ ਭੂਮਿਕਾ ਨਿਭਾ ਰਿਹਾ ਹੈ।  ਇੱਥੇ ਹੀ ਬਸ ਨਹੀਂ ਅਦਾਕਾਰ ਦੇ ਤੌਰ ਤੇ ‘ਪੇਕਾ ਪਿੰਡ 2’ (ਕੁੜੀ ਦੇ ਭਰਾ ਦਾ ਰੋਲ), ‘ਪਛਤਾਵਾ’ (ਹੀਰੋ ਦਾ ਦੋਸਤ)  ਤੇ ‘ਅਮਲੀ ਦਾ ਖਾਤਾ’ (ਅਮਲੀ ਦਾ ਰੋਲ)  ਨਾਂ ਦੀਆਂ ਲਘੂ ਫਿਲਮਾਂ ਵਿਚ ਵੀ ਅਦਾਕਾਰੀ ਦੇ ਜ਼ੌਹਰ ਦਿਖਾਏ ਹਨ ਉਸਨੇ।  ਇਵੇਂ ਹੀ ਗੀਤ ‘ਸਰਦਾਰ ਜੀ’ (ਗੀਤਕਾਰਾ ਸਿਮਰਨ ਧੁੱਗਾ, ਗਾਇਕਾ ਸਿਮਰਨ ਸਿੰਮੀ) ਵਿਚ ਵੀਡੀਓ ਡਾਇਰੈਕਟ ਕਰਨ ਦੀ ਭੂਮਿਕਾ ਨਿਭਾਉਣ ਦੇ ਨਾਲ ਨਾਲ ਦਰਜਨ ਦੇ ਕਰੀਬ ਪੁਸਤਕਾਂ ਦਾ ਰਿਵਿਊ ਵੀ ਕੀਤਾ ਹੈ, ਬੂਟਾ ਕਾਹਨੇ ਕੇ ਨੇ।

          ਬੂਟਾ ਕਾਹਨੇ ਕੇ ਦੀਆਂ ਸਾਹਿਤਕ ਤੇ ਸੱਭਿਆਚਾਰਕ ਗਤੀ ਵਿਧੀਆਂ ਦੀ ਕਦਰ ਪਾਉਂਦਿਆਂ ‘ਗ੍ਰੇਟ ਪਰਸਨ’ (ਜਤਿੰਦਰ ਕੌਰ ਸੰਧੂ ਬਲਾਕ ਪ੍ਰਧਾਨ ਸਾਹਨੇਵਾਲ ਦੁਆਰਾ), ਪ੍ਰੀਤ ਪਬਲੀਕੇਸ਼ਨ ਨਾਭਾ, ਆਜਾਦ ਵੈਲਫੇਅਰ ਸੁਸਾਇਟੀ (ਰਜਿ:) ਅਤੇ ਪੰਜਾਬ ਟੀਵੀ 87, ਪੰਜਾਬੀ ਗੀਤਕਾਰ ਮੰਚ ਲੁਧਿਆਣਾ, ਦੁਆਬਾ ਸਾਹਿਤ ਸਭਾ ਮਿਆਣੀ, ਸੁੱਖ ਰਿਲੀਫ ਵੈੱਲਫੇਅਰ ਸੁਸਾਇਟੀ ਅਤੇ ਸਾਹਿਤਿਕ ਦੀਪ ਵੈਲਫੇਅਰ ਸੁਸਾਇਟੀ (ਯੂ-ਟਿਊਬ ਪ੍ਰਤੀਯੋਗਿਤਾ ਵਿੱਚ ਦੂਸਰਾ ਸਥਾਨ) (ਜਿਸ ਵਿਚ ਉਹ ਹੁਣ ਸਕੱਤਰ ਦੀ ਸੇਵਾ ਨਿਭਾ ਰਿਹਾ ਹੈ) ਆਦਿ ਸੰਸਥਾਵਾਂ ਵਿਸ਼ੇਸ ਤੌਰ ਤੇ ਉਸਨੂੰ ਸਨਮਾਨਿਤ ਕਰ ਚੁੱਕੀਆਂ ਹਨ।

           ਇੱਥੋਂ ਤੱਕ ਦਾ ਮੁਕਾਮ ਹਾਸਲ ਕਰਨ ਦਾ ਸਿਹਰਾ ਆਪਣੀ ਜੀਵਨ-ਸਾਥਣ ਰਾਜਵਿੰਦਰ ਕੌਰ ਅਤੇ ਆਪਣੇ ਮਾਤਾ ਪਿਤਾ ਸਿਰ ਦੇਣ ਵਾਲੇ ਬਹੁ-ਕਲਾਵਾਂ ਦਾ ਸੁਮੇਲ ਨੌਜਵਾਨ ਬੂਟਾ ਕਾਹਨੇ ਕੇ ਨੂੰ ਆਪਣੀਆਂ ਸਾਹਿਤਕ, ਸੱਭਿਆਚਾਰਕ ਤੇ ਸਮਾਜਿਕ ਗਤੀ ਵਿਧੀਆਂ ਨਿਰੰਤਰ ਚੱਲਦੇ ਰੱਖਣ ਦਾ ਮਾਲਕ ਹੋਰ ਵੀ ਅਨੰਤ ਬਲ ਬਖ਼ਸ਼ਦੇ ਰਹਿਣ, ਤਾਂ ਕਿ ਉਹ ਹੋਰ ਵੀ ਉੱਚੀ ਪਰਵਾਜ਼ ਭਰਦਿਆਂ ਆਪਣਾ ਤੇ ਆਪਣੇ ਸੂਬੇ ਦਾ ਨਾਂ ਦੇਸ਼-ਵਿਦੇਸ਼ ਵਿਚ ਚਮਕਾਉਣ ਵਿਚ ਅਹਿਮ ਰੋਲ ਅਦਾ ਕਰਦਾ ਰਵੇ।   ਆਮੀਨ !

    -ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641

ਸੰਪਰਕ : ਬੂਟਾ ਕਾਹਨੇ ਕੇ, 9877905335

No comments:

Post a Comment