Friday, 18 February 2022

ਉੱਘੀ ਕੱਵਿਤਰੀ ਗਗਨਦੀਪ ਕੌਰ ਧਾਲੀਵਾਲ ਨੇ ਆਪਣੇ ਵਿਆਹ ਮੌਕੇ ਆਪਣੀ ਕਿਤਾਬ ਰਿਲੀਜ਼ ਕਰ ਕੇ ਕੀਤਾ ਯੁੱਗ-ਪਲਟਾਊ ਕਾਰਜ

 


         


ਨਵੀਆਂ ਅਗਾਂਹ-ਵਧੂ ਸੋਚਾਂ ਦੇ ਮਾਲਕ ਸਮਾਜ ਤੋਂ ਅਲਾਹਿਦਾ ਹੋ ਕੇ ਵਿਚਰਦਿਆਂ ਹਮੇਸ਼ਾਂ ਸਾਹਿਤ ਤੇ ਸਮਾਜ ਲਈ ਲਾਹੇਵੰਦ ਨਵੀਆਂ ਪੈੜਾਂ ਹੀ ਸਿਰਜਿਆ ਕਰਦੇ ਹਨ। ਅਜਿਹੀ ਕਤਾਰ ਵਿਚ ਆਉਂਦੇ ਵਿਰਲੇ ਨਾਵਾਂ ਦੀ ਸੂਚੀ ਵਿਚ ਉਭਰਕੇ ਸਾਹਮਣੇ ਆਇਆ ਇਕ ਨਾਂ ਹੈ- ਗਗਨਦੀਪ ਕੌਰ ਧਾਲੀਵਾਲ। ਪੰਜਾਬ ਦੇ ਜਿਲਾ ਬਰਨਾਲਾ ਵਿਚ ਵਸਦੇ ਪਿੰਡ ਝਲੂਰ ਦੀ ਜੰਮਪਲ ਉੱਘੀ ਕੱਵਿਤਰੀ ਗਗਨਦੀਪ ਕੌਰ ਧਾਲੀਵਾਲ ਨੂੰ ਜਿੱਥੇ ਕਈ ਸਾਂਝੀਆਂ ਪੁਸਤਕਾਂ ਸੰਪਾਦਿਤ ਕਰਕੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਉਣ ਦਾ ਮਾਣ ਹਾਸਲ ਹੈ, ਉਥੇ ਦੇਸ਼-ਵਿਦੇਸ਼ ਦੇ ਪੇਪਰਾਂ ਤੇ ਮੈਗਜ਼ੀਨਾਂ ਵਿਚ ਸਰਗਰਮੀ ਨਾਲ ਛਪਣ ਦਾ ਮਾਣ ਵੀ ਉਸ ਹਿੱਸੇ ਆਇਆ ਹੈ। ਉਸ ਦੀਆਂ ਇਨਾਂ ਕਲਮੀ-ਗਤੀਵਿਧੀਆਂ ਨੇ ਉਸ ਨੂੰ ਸਾਹਿਤ-ਜਗਤ ਵਿਚ ਇਕ ਵੱਖਰਾ ਹੀ ਸ਼ਾਨਾ-ਮੱਤਾ ਮੁਕਾਮ ਦਿਵਾ ਰੱਖਿਆ ਹੈ।

          ਇਸ ਮੁਟਿਆਰ ਨੇ ਹੁਣ ਸ੍ਰ ਸੁਖਚੈਨ ਸਿੰਘ ਪਿੰਡ ਕੁਰਾਰ ਜਿਲਾ ਬਰਨਾਲਾ ਨਾਲ ਵਿਆਹ ਬੰਧਨਾਂ ’ਚ ਬੱਝਣ ਮੌਕੇ ਆਪਣੇ ਨਵ-ਪ੍ਰਕਾਸ਼ਿਤ ਕਵਿ-ਸੰਗ੍ਰਹਿ, ‘ਵਿਰਸੇ ਦਾ ਚਾਨਣ ਰਿਲੀਜ਼ ਕਰ ਕੇ ਸਭ ਨੂੰ ਅਚੰਭਿਤ ਕਰ ਦਿੱਤਾ ਹੈ। ਇਸ ਵਿਆਹ- ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਨਾਮਵਰ ਲੇਖਕ ਸੁਖਦੇਵ ਸਿੰਘ ਔਲਖ, ਹਰਜੀਤ ਕਾਤਿਲ, ਵੀਰਪਾਲ ਕੌਰ ਕਮਲ, ਮਮਤਾ ਸੇਤੀਆ ਸੇਖਾ, ਰਣਜੀਤ ਕੌਰ ਅਤੇ ਹਰਪ੍ਰੀਤ ਕੌਰ ਨੇ ਜਿੱਥੇ ਜੋੜੀ ਨੂੰ ਅਸ਼ੀਰਵਾਦ ਦਿੱਤਾ ਉੱਥੇ ਸ਼ਗਨ ਵੱਜੋਂ ਆਪੋ-ਆਪਣੀਆਂ ਕਿਤਾਬਾਂ ਵੀ ਭੇਟ ਕੀਤੀਆਂ ਜਿਨਾਂ ਨੂੰ ਨਵੀਂ ਜੋੜੀ ਨੇ ਬੜੇ ਆਦਰ-ਸਤਿਕਾਰ ਤੇ ਮਾਣ ਨਾਲ ਸਵੀਕਾਰ ਕੀਤਾ। ਇਸ ਮੌਕੇ ਗਗਨਦੀਪ ਧਾਲੀਵਾਲ ਦੇ ਮਾਤਾ ਸ਼ਿੰਦਰਪਾਲ ਕੌਰ, ਪਿਤਾ ਅਜਮੇਰ ਸਿੰਘ, ਭਰਾ ਕਰਮਜੀਤ ਸਿੰਘ ਤੇ ਸਹੁਰਾ ਪਰਿਵਾਰ ਵੱਲੋਂ ਗੁਰਚਰਨ ਸਿੰਘ, ਗਗਨਦੀਪ ਕੌਰ, ਪ੍ਰਗਟ ਸਿੰਘ, ਸਵਰਨਜੀਤ ਸਿੰਘ ਤੇ ਨੈਬ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਇਲਾਕਾ ਨਿਵਾਸੀ ਜੋੜੀ ਨੂੰ ਅਸ਼ੀਰਵਾਦ ਦੇਣ ਪੁੱਜੇ ਹੋਏ ਸਨ। ਮੁਟਿਆਰ ਗਗਨਦੀਪ ਕੌਰ ਧਾਲੀਵਾਲ ਅਤੇ ਨੌਜਵਾਨ ਸ੍ਰ ਸੁਖਚੈਨ ਸਿੰਘ ਵੱਲੋਂ ਪਾਈ ਗਈ ਇਸ ‘ਯੁੱਗ ਪਲਟਾਊ ਨਵੀਂ ਪਿਰਤ ਨੂੰ ਸਮਾਜ ਵਿਚ, ਖਾਸ ਕਰਕੇ ਸਾਹਿਤਕ ਤੇ ਸੱਭਿਆਚਾਰਕ ਹਲਕਿਆਂ ਵਿਚ ਬਹੁਤ ਅਹਿਮੀਅਤ ਦਿੱਤੀ ਜਾ ਰਹੀ ਹੈ। ਸੋਸ਼ਲ ਮੀਡੀਏ ਉਤੇ ਤੇਜ਼ੀ ਨਾਲ ਘੁੰਮਦੀ ਹਨੇਰੀਆਂ ਲਿਆ ਰਹੀ ਇਹ ਨਵੀਂ ਪਿਰਤ ਹਰੇਕ ਦੇ ਦਿਲ ਨੂੰ ਟੁੰਭਦੀ ਦੁਆਵਾਂ ਤੇ ਅਸ਼ੀਰਵਾਦ ਖੱਟ ਰਹੀ ਹੈ।  

          -ਪ੍ਰੀਤਮ ਲੁਧਿਆਣਵੀ, (ਚੰਡੀਗੜ) 9876428641

No comments:

Post a Comment