Thursday, 3 February 2022

ਬਲਾਤਕਾਰ ਦੇ ਕਥਿਤ ਦੋਸ਼ੀਆਂ ਨੂੰ ਤੁਰੰਤ ਫਾਹੇ ਲਾਇਆ ਜਾਵੇ : ਸੰਤ ਬਾਬਾ ਕੁਲਵੰਤ ਰਾਮ ਭਰੋਮਜਾਰਾ

 


ਹੁਸ਼ਿਆਰਪੁਰ, 3 ਫਰਵਰੀ (ਤਰਸੇਮ ਦੀਵਾਨਾ) - 26 ਜਨਵਰੀ ਨੂੰ ਜਿਸ ਵੇਲ਼ੇ ਮੁਲਕ ਦਾ ਪ੍ਰਧਾਨ ਮੰਤਰੀ ਗਣਤੰਤਰ ਦਿਵਸ ਦੀ ਪਰੇਡ 'ਚ ਮੁਲਕ ਦੀ "ਮਹਾਨਤਾ" ਦੇ ਕਸੀਦੇ ਪੜ੍ਹ ਰਿਹਾ ਸੀ ਉਸ ਵੇਲ਼ੇ ਦਿੱਲੀ ਦੇ ਵਿਵੇਕਾ ਵਿਹਾਰ ਇਲਾਕੇ 'ਚ 20 ਸਾਲ ਦੀ ਇੱਕ ਕੁੜੀ  ਨਾਲ ਦਰਿੰਦਿਆਂ ਵੱਲੋਂ ਕੁਝ ਔਰਤਾਂ ਦੀ ਸਹਾਇਤਾ ਨਾਲ ਅਗਵਾ ਕਰ ਕੇ ਉਸ ਦਾ ਸਮੂਹਿਕ ਬਲਾਤਕਾਰ ਕੀਤਾ ਗਿਆ, ਬਾਦ ਵਿੱਚ ਕੁੱਟਮਾਰ ਕੀਤੀ ਗਈ ਵਾਲ਼ ਕੱਟ ਕੇ ਤੇ ਮੂੰਹ ਕਾਲ਼ਾ ਕਰਕੇ ਉਸਨੂੰ ਗਲ਼ੀਆਂ ਵਿੱਚ ਘੁੰਮਾਉਣ ਵਾਲੀਆਂ ਵਹਿਸ਼ੀ ਔਰਤਾਂ ਤੇ ਮਰਦ ਦਰਿੰਦਿਆਂ ਦੀ ਕਰਤੂਤ ਨੇ ਪੂਰੇ ਭਾਰਤ ਦੀ ਦੁਨੀਆਂ ਹਿਲਾ ਕੇ ਰੱਖ ਦਿੱਤਾ ਹੈ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡੇਰਾ 108  ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਦੇ ਗੱਦੀ ਨਸ਼ੀਨ ਤੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ) ਪੰਜਾਬ ਦੇ ਪ੍ਰਧਾਨ ਸੰਤ ਬਾਬਾ ਕੁਲਵੰਤ ਰਾਮ ਭਰੋਮਜਾਰਾ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਕੀਤਾ। ਉਹਨਾ  ਦੇਸ਼ ਦੀ ਉੱਚ ਅਦਾਲਤ ਸੁਪਰੀਮ ਕੋਰਟ ਦੇ ਮੁੱਖ ਜੱਜ ਸਹਿਬਾਨਾ ਤੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕਰਦਿਆਂ ਉਹਨਾਂ ਵਹਿਸ਼ੀ ਦਰਿੰਦਿਆਂ ਨੂੰ ਫ਼ਾਹੇ ਲਾਉਣ ਦੀ ਮੰਗ ਕੀਤੀ, ਉਹਨਾ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਦਿੱਲੀ ਸਟੇਟ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਕਸਰ ਬੜੀਆਂ-ਬੜੀਆਂ ਡੀਂਗਾਂ ਮਾਰ ਕੇ ਮਹਾਨ ਹੋਣ ਦੇ ਦਾਅਵੇ ਕਰਦੇ ਰਹਿੰਦੇ ਹਨ ਇੱਥੋਂ ਤੱਕ ਕਿ ਪੰਜਾਬ ਵਿੱਚ ਆ ਕੇ ਕੇਜਰੀਵਾਲ ਔਰਤਾਂ ਨੂੰ ਆਰਥਿਕ ਅਤੇ ਸਮਾਜਿਕ ਗਰੰਟੀ ਦੀ ਦੁਹਾਈ ਦਿੰਦਾ ਹੈ ਪਰ ਆਪਣੇ ਦਿੱਲੀ ਵਿੱਚ ਨੌਜਵਾਨ ਲੜਕੀਆਂ ਦੀ ਆਬਰੂ ਬਚਾਉਣ ਵਿੱਚ ਬੁਰੀ ਤਰ੍ਹਾਂ ਫੇਲ ਸਾਬਿਤ ਹੋਇਆ ਹੈ। ਉਨ੍ਹਾਂ ਕਿਹਾ ਕਿ  ਇਹ ਕਾਰਾ ਇੰਨਾ ਦਰਦਨਾਕ ਤੇ ਦਿਲ ਕੰਬਾਊ ਸੀ ਕਿ  ਪੀੜਤ ਲੜਕੀ ਦੀ  ਭੈਣ ਵੀ ਉਸਨੂੰ ਬਚਾਉਣ ਲਈ ਨਾ ਆ ਸਕੀ ਤੇ ਉਸ ਵੱਲੋਂ ਸੱਦੀ ਪੁਲਿਸ ਨੇ ਆ ਕੇ ਪੀੜਤ ਦੀ ਜਾਨ ਬਚਾਈ ਨਹੀਂ ਤਾਂ ਭੀੜ ਦਾ ਇਹ ਵਹਿਸ਼ੀਆਨਾ ਪਤਾ ਨਹੀ ਇਸ ਜ਼ੁਲਮ ਨੂੰ ਕਿੱਥੋਂ ਤੱਕ ਲੈ ਜਾਦਾ । ਉਨ੍ਹਾਂ ਕਿਹਾ ਕਿ ਪੀੜਤ ਔਰਤ ਦਾ "ਕਸੂਰ" ਇਹ ਹੈ ਕਿ ਆਪਣੇ ਪਿੱਛੇ ਪਏ ਇੱਕ ਨਾਬਾਲਿਗ ਮੁੰਡੇ ਨੂੰ ਉਸਨੇ ਨਾਂਹ ਕਰ ਦਿੱਤੀ ਜਿਸ ਮਗਰੋਂ ਉਹ ਮੁੰਡਾ ਖੁਦਕੁਸ਼ੀ ਕਰ ਗਿਆ। ਉਸਦੇ ਇਸ "ਕਸੂਰ" ਦੀ ਉਕਤ ਲੜਕੀ ਨੂੰ ਇਹ ਸਜ਼ਾ ਦਿੱਤੀ ਗਈ, ਉਨ੍ਹਾਂ ਕਿਹਾ ਕਿ ਇਸ ਕਾਰੇ ਦੇ ਦੋਸ਼ੀ ਨਕਲੀ ਸ਼ਰਾਬ ਦੇ ਕਾਰੋਬਾਰੀ ਤੇ ਸਿਆਸੀ ਹਲਕਿਆਂ 'ਚ ਚੰਗੀ ਪਹਿਚਾਣ ਰੱਖਣ  ਵਾਲ਼ੇ ਦੱਸੇ ਜਾ ਰਹੇ ਹਨ। ਇੱਥੋਂ ਤੱਕ ਕੇ ਵਾਰਦਾਤ ਵਾਲ਼ੀ ਥਾਂ 'ਤੇ ਉਕਤ ਦਰਿੰਦਿਆਂ  ਵੱਲੋਂ ਇਹ ਵੀ ਆਖਿਆ ਗਿਆ ਕਿ ਪੁਲਿਸ ਸਾਡਾ ਕੁੱਝ ਨਹੀਂ ਕਰ ਸਕਦੀ । ਉਨ੍ਹਾਂ ਮੰਗ ਕੀਤੀ ਕਿ ਕਥਿਤ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਾ ਜਾਵੇ ।


No comments:

Post a Comment