Monday, 31 January 2022

ਬਹੁ-ਕਲਾਵਾਂ ਦੀਆਂ ਮਹਿਕਾਂ ਵੰਡਦਾ ਹਸਤਾਖਰ : ਬਲਵਿੰਦਰ ਕੌਰ ਲਗਾਣਾ

 

         


ਸਾਹਿਤਕ, ਸੱਭਿਆਚਾਰਕ, ਸਮਾਜ-ਸੇਵੀ ਤੇ ਵਿੱਦਿਅਕ ਖੇਤਰ ਵਿਚ ਬਲਵਿੰਦਰ ਕੌਰ ਲਗਾਣਾ ਇਕ ਜਾਣਿਆ-ਪਛਾਣਿਆ ਬਹੁ-ਕਲਾਵਾਂ ਦਾ ਸ਼ਾਨਦਾਰ ਸੁਮੇਲ ਹੈ। ਜਿਲਾ ਹੁਸ਼ਿਆਰਪੁਰ ਦੇ ਪਿੰਡ ਡਡਿਆਣਾ ਕਲਾਂ ਦੀ ਜੰਮਪਲ, ਬਲਵਿੰਦਰ ਦੱਸਦੀ ਹੈ ਕਿ ਜਿੱਥੇ ਉਸਨੂੰ ਬਚਪਨ ਵਿਚ ਹੀ ਮਾਲਕ ਵੱਲੋਂ ਕਲਮ ਦੀ ਬਖਸ਼ੀਸ਼ ਹੋ ਗਈ ਸੀ, ਉਥੇ ਮਾਤਾ ਸ੍ਰੀਮਤੀ ਅੰਮਿਰਤ ਕੌਰ ਅਤੇ ਪਿਤਾ ਸ. ਜੋਗਿੰਦਰ ਸਿੰਘ ਜੀ ਵੱਲੋਂ ਲੋਰੀਆਂ ਵਿਚ ਹੀ ਉਸਨੂੰ ਸਮਾਜ-ਸੇਵੀ ਗੁੜਤੀ ਮਿਲ ਗਈ ਸੀ ਜੋ ਉਸ ਦੇ ਸਾਹ ਸਾਹ ਵਿਚ ਵਸੀ ਅੱਜ ਤੱਕ ਸਮਾਜਿਕ ਗਤੀਵਿਧੀਆਂ ਦੁਆਰਾ ਉਸ ਦੀ ਝੋਲ਼ੀ ਦੁਆਵਾਂ ਤੇ ਅਸੀਸਾਂ ਨਾਲ ਭਰਦੀ ਆ ਚਲੀ ਆ ਰਹੀ ਹੈ। ਉਸ ਦਾ ਕਹਿਣ ਹੈ ਕਿ ਇਨਸਾਨ ਦਾ ਅਸਲੀ ਜਿਊਣਾ ਉਹੀ ਹੈ ਜੋ ਦੂਜਿਆਂ ਦੇ ਕੰਮ ਆ ਸਕੇ। ਕਿੱਤੇ ਵਜੋਂ ਬਲਵਿੰਦਰ, ਵਾਰਡ ਨੰਬਰ 9, ਬਲਾਕ ਦਸੂਹਾ, ਜਿਲਾ ਹੁਸ਼ਿਆਰਪੁਰ ਵਿਖੇ ਬਤੌਰ ਆਂਗਣਵਾੜੀ ਵਰਕਰ ਆਪਣੀਆ ਸੇਵਾਵਾਂ ਨਿਭਾਉਂਦਿਆਂ ਜਿੱਥੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦਸੂਹਾ ਦੇ ਹਰੇਕ ਪ੍ਰੋਗਰਾਮ ਵਿੱਚ ਮੰਚ ਸੰਚਾਲਕਾ ਦਾ ਰੋਲ ਨਿਭਾਉਂਦੀ ਹੈ, ਉਥੇ ਵਿਭਾਗ ਦੀਆਂ ਹਰੇਕ ਗਤੀਵਿਧੀਆਂ ’ਚ ਆਪਣੀ ਅਹਿਮ ਭੂਮਿਕਾ ਨਿਭਾਉਣ ’ਚ ਵੀ ਉਹ ਸਦਾ ਮੂਹਰਲੀ ਕਤਾਰ ਵਿਚ ਹੀ ਰਹਿੰਦੀ ਹੈ। ਇਹ ਲਿਖਦਿਆਂ ਬੜਾ ਗੌਰਵ ਮਹਿਸੂਸ ਹੁੰਦਾ ਹੈ ਕਿ ਉਹ ਦਸੂਹਾ ਵਿਖੇ ਪਿਛਲੇ 13 ਸਾਲਾਂ ਦੇ ਲੰਬੇ ਅਰਸੇ ਤੋਂ ਹਰੇਕ ਗਣਤੰਤਰ ਦਿਵਸ ਅਤੇ ਸਵਤੰਤਰਤਾ ਦਿਵਸ ਮੌਕੇ ’ਤੇ ਆਪਣੇ ਵਿਭਾਗ ਦੀਆਂ ਵਰਕਰ ਭੈਣਾਂ ਨਾਲ ਰੰਗੋਲੀ ਬਣਾਉਣ ਦੀ ਪੂਰੀ ਜ਼ਿੰਮੇਵਾਰੀ ਨਿਭਾ ਰਹੀ ਹੈ। 

          ਸਮਾਜਿਕ ਵਿਸ਼ਿਆਂ ਤੇ ਲੇਖ, ਕਵਿਤਾਵਾਂ, ਕਹਾਣੀਆ ਲਿਖਣੀਆਂ ਅਤੇ ਆਨ ਲਾਈਨ ਕਵੀ ਸਮੇਲਨਾਂ ਅਤੇ ਹੋਰ ਸਾਹਿਤਕ ਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨਾ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਾ ਹੈ। ਜਿੱਥੇ ਉਹ ਵੱਖ-ਵੱਖ ਸਾਹਿਤਕ ਕਲੱਬਾਂ ਤੇ ਮੰਚਾਂ ਨਾਲ ਜੁੜੀ ਚਲੀ ਆ ਰਹੀ ਹੈ, ਉਥੇ ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਸੰਸਥਾ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਦੀ ਅਹੁੱਦੇਦਾਰ ਹੋਣਾ ਦੱਸਣ ਵਿਚ ਉਹ ਆਪਣਾ ਇਕ ਅੱਡਰਾ ਹੀ ਫ਼ਖ਼ਰ ਮਹਿਸੂਸ ਕਰਦੀ ਹੈ, ਜਿਸ ਸੰਸਥਾ ਵੱਲੋਂ ਕਿ ਉਸਨੂੰ ‘ਹੋਣਹਾਰ ਧੀ ਪੰਜਾਬ ਦੀ ਐਵਾਰਡ-2017’ ਨਾਲ ਸਨਮਾਨਿਆ ਜਾ ਚੁੱਕਾ ਹੈ। ਇਸੇ ਹੀ ਸੰਸਥਾ ਵੱਲੋਂ 25 ਦਸੰਬਰ, 2021 ਨੂੰ ਮੁਹਾਲੀ ਵਿਖੇ ਸਾਂਝੇ ਕਾਵਿ-ਸੰਗ੍ਰਹਿ, ‘ਰੰਗ ਬਰੰਗੀਆਂ ਕਲਮਾਂ’ ਜਿਸ ਵਿਚ ਕਿ ਇਹ ਕਵਿੱਤਰੀ ਵੀ ਪੁਸਤਕ ਦਾ ਹਿੱਸਾ ਬਣੀ ਹੈ, ਦੇ ਲੋਕ-ਅਰਪਣ ਅਵਸਰ ’ਤੇ ਬਲਵਿੰਦਰ ਲਗਾਣਾ ਨੂੰ ਇਕ ਸਰਟੀਫਿਕੇਟ ਅਤੇ ਮੈਡਲ ਨਾਲ ਨਿਵਾਜਿਆ ਗਿਆ ਹੈ। ਇਹ ਬਲਵਿੰਦਰ ਲਗਾਣਾ ਦੀ ਕਲਮ ਦਾ ਉਚ ਮਿਆਰ ਹੀ ਹੈ ਕਿ ਪੰਜਾਬੀ ਸੱਥ ਬਰਵਾਲੀ ਦੇ ਸਾਹਿਤਕ ਸਨਮਾਨ ਸਮਾਰੋਹ ਸਮੇਂ ਪੰਜਾਹ ਕਹਾਣੀਕਾਰਾਂ ਦੀਆਂ ਇਕ ਸੌ ਪੰਜਾਹ ਕਹਾਣੀਆਂ/ ਮਿੰਨੀ ਕਹਾਣੀਆਂ ਵਿੱਚੋਂ, ਬਲਵਿੰਦਰ ਦੀ ਲਿਖੀ ਮਿੰਨੀ ਕਹਾਣੀ, ‘ਜੁੜਵਾਂ’ ਪਹਿਲੇ ਸਥਾਨ ਤੇ ਰਹੀ।  ਅਖਬਾਰੀ ਖੇਤਰ ਵਿਚ ਦੇਸ਼-ਵਿਦੇਸ਼ ਦਾ ਸ਼ਾਇਦ ਹੀ ਕੋਈ ਅਜਿਹਾ ਪੇਪਰ ਜਾਂ ਮੈਗਜ਼ੀਨ ਬਚਿਆ ਹੋਵੇ, ਜਿੱਥੋਂ ਤੱਕ ਇਸ ਕਲਮ ਦੀ ਪਹੁੰਚ ਨਾ ਹੋ ਸਕੀ ਹੋਵੇ। ਇਸ ਦੇ ਨਾਲ ਨਾਲ ਆਲ ਇੰਡੀਆ ਰੇਡੀਓ ਜਲੰਧਰ ਵਿਖੇ ਵੀ ਕਵੀ ਸੰਮੇਲਨ ਵਿੱਚ ਉਹ ਹਾਜ਼ਰੀਆਂ ਲਗਵਾ ਚੁੱਕੀ ਹੈ। ਸਮਾਜ- ਸੇਵਿਕਾ ਹੋਣ ਕਾਰਨ, ਬਲਵਿੰਦਰ ਕੌਵਿਡ- 19 ਦੋਰਾਨ ਲੋੜਵੰਦਾਂ ਵਿੱਚ ਮਾਸਕ ਅਤੇ ਰਸਦ ਵੰਡਣ ਵਾਲਿਆਂ ਵਿਚ ਪੂਰੀ ਸਰਗਰਮ ਰਹੀ। ਇੱਥੇ ਹੀ ਬਸ ਨਹੀਂ, ਉਸਦੀ ਹਿੰਮਤ, ਹੌਸਲੇ ਅਤੇ ਦਲੇਰੀ ਨੂੰ ਵੇਖਦਿਆਂ ਆਂਗਣਵਾੜੀ ਮੁਲਾਜਮ ਯੂਨੀਅਨ, ਬਲਾਕ ਦਸੂਹਾ ਦੀ ਉਸਨੂੰ ਮੀਤ ਪ੍ਰਧਾਨ, ਸਰਕਲ ਦੀ ਪ੍ਰਧਾਨ ਅਤੇ ‘ਨਹਿਰੂ ਯੂਥ ਸੇਵਾ ਸੁਸਾਇਟੀ (ਰਜਿ:) ਆਲ ਇੰਡੀਆ, ਸੰਸਥਾ ਵਿੱਚ ਇਸਤਰੀ ਵਿੰਗ ਦੀ ਬਲਾਕ ਪ੍ਰਧਾਨ ਵੀ ਥਾਪਿਆ ਗਿਆ ਹੈ, ਜਿਸਦੀਆਂ ਕਿ ਅਹਿਮ ਜ਼ਿੰਮੇਵਾਰੀਆਂ ਨਿਭਾਂਉਂਦਿਆਂ ਉਹ ਕਦੀ ਵੀ ਕੜਾਕੇ ਦੀ ਗਰਮੀ, ਸਰਦੀ ਅਤੇ ਭਰਵੀਂ ਬਰਸਾਤ ਤੋਂ ਡਰਦੀ ਅੰਦਰ ਲੁਕ ਕੇ ਨਹੀਂ ਬੈਠੀ, ਬਲਕਿ ਯੂਨੀਅਨ ਨੂੰ ਲਾਮਬੰਦ ਕਰਨ ਵਿਚ ਹਮੇਸ਼ਾਂ ਤਤਪਰ ਰਹੀ। ਹੋਰ-ਤਾਂ-ਹੋਰ ਕਿਸਾਨੀ ਅੰਦੋਲਨ ਵਰਗੇ ਭਖਦੇ ਮਸਲੇ ਦੌਰਾਨ ਵੀ ਉਸਨੇ ਨਾ- ਸਿਰਫ ਲੋਕਲ ਕਿਸਾਨੀ ਅੰਦੋਲਨਾਂ ਵਿੱਚ ਜਾ ਕੇ ਹੀ ਆਪਣੀਆਂ ਲਿਖੀਆਂ ਕਵਿਤਾਵਾਂ ਨਾਲ ਹਾਜਰੀ ਲਗਵਾਈ, ਬਲਕਿ ਉਸਨੇ ਦੋ ਬਾਰ ਸਿੰਘੂ ਵਾਰਡਰ ਦਿੱਲੀ ਵਿਖੇ, ਕਿਸਾਨੀ ਸੰਘਰਸ਼ ਵਿਚ ਜਾ ਕੇ ਵੀ, ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਢੁੱਕਵੀਆਂ ਕਵਿਤਾਵਾਂ ਅਤੇ ਗੀਤ ਲਿਖ ਕੇ ਅੰਦੋਲਨਕਾਰੀਆਂ ਨਾਲ ਸਾਂਝ ਪਾਈ, ਜਿਹੜੇ ਕਿ ਬਹੁਤ ਹੀ ਪਸੰਦ ਕੀਤੇ ਜਾਂਦੇ ਰਹੇ। ਫਿਰ, ‘ਸੇਵ ਸ਼ਿਵਾਲਿਕ ਸੇਵ ਮਦਰ ਅਰਥ’ ਸੰਸਥਾ ਦੀ ਮਹਿਲਾ ਵਿੰਗ ਦੇ ਪ੍ਰਧਾਨ ਹੋਣ ਦੇ ਨਾਤੇ ਬਲਵਿੰਦਰ ਨੇ ਜਿੱਥੇ ਖੁਦ ਹਜਾਰਾਂ ਪੌਦੇ ਲਗਾਏ, ਉਥੇ ਪੌਦੇ ਲਗਾਉਣ ਲਈ ਉਹ ਦੂਜਿਆਂ ਵਿਚਕਾਰ ਵੀ ਵੰਡ ਚੁੱਕੀ ਹੈ।

          ਬਲਵਿੰਦਰ ਲਗਾਣਾ ਦੀਆਂ ਅਜਿਹੀਆਂ ਸਰਗਰਮ ਗਤੀ-ਵਿਧੀਆਂ ਨੂੰ ਵੇਖਦਿਆਂ ਹੋਇਆਂ ਜਿੱਥੇ ਜਿਲਾ ਪ੍ਰਸਾਸ਼ਨ ਹੁਸ਼ਿਆਰਪੁਰ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ 2021 ਵਿਚ ਸਨਮਾਨਿਤ ਕੀਤਾ ਗਿਆ, ਉਥੇ ਹੁਣੇ ਹੁਣ ਉੱਪ ਮੰਡਲ ਮੈਜਿਸਟਰੇਟ ਦਸੂਹਾ ਵੱਲੋਂ ਉਸ ਨੂੰ ਸਮਾਜ ਸੇਵਿਕਾ ਹੋਣ ਦੇ ਨਾਲ ਨਾਲ ਵੱਖ ਵੱਖ ਖੇਤਰਾਂ ਵਿੱਚ ਤਨਦੇਹੀ ਨਾਲ ਕਾਰਗੁਜ਼ਾਰੀ ਕਰਨ ਬਦਲੇ 26 ਜਨਵਰੀ, 2022 ਨੂੰ ਮੋਮੈਂਟੋ ਅਤੇ ਪ੍ਰਸੰਸਾ ਪੱਤਰ ਦੇਕੇ ਉਸਦੇ ਸ਼ਲਾਘਾਯੋਗ ਕਾਰਜਾਂ ਦੀ ਕਦਰ ਪਾਈ ਗਈ ਹੈ। ਸਾਹਿਤ, ਸੱਭਿਆਚਾਰ, ਵਾਤਾਵਰਣ, ਸਮਾਜ-ਸੇਵੀ ਤੇ ਵਿੱਦਿਅਕ ਖੇਤਰ ਵਿਚ ਆਪਣੀ ਹਿੰਮਤ, ਹੌਸਲੇ, ਮਿਹਨਤ ਤੇ ਦਲੇਰੀ ਨਾਲ ਪੂਰਨੇ ਪਾਉਣ ਵਾਲੀ ਲਗਾਣਾ ਦੀ ਸੋਚ ਨੂੰ ਜਿੰਨਾ ਸਲਾਹਿਆ ਜਾਵੇ, ਥੋੜਾ ਹੈ। ਰੱਬ ਕਰੇ ! ਬਹੁ-ਕਲਾਵਾਂ ਦੀਆਂ ਮਹਿਕਾਂ ਵੰਡਦੀ, ਬਲਵਿੰਦਰ ਕੌਰ ਲਗਾਣਾ, ਸਾਹਿਤ ਤੇ ਸਮਾਜ ਵਿਚ ਇਵੇਂ ਹੀ ਨਵੇਂ ਯਾਦਗਾਰੀ ਪੂਰਨੇ ਪਾਉਂਦੀ ਨਾਰੀ- ਵਰਗ ਦਾ ਨਾਂ ਉਚਾ ਕਰਦੀ ਰਵੇ, ਦਿਲੀ ਦੁਆਵਾਂ ਹਨ, ਸਾਡੀਆਂ।

          ਪ੍ਰੀਤਮ ਲੁਧਿਆਣਵੀ), (ਚੰਡੀਗੜ੍ਵ), 9876428641

ਸੰਪਰਕ : ਬਲਵਿੰਦਰ ਕੌਰ ਲਗਾਣਾ, 9464928014

     

No comments:

Post a Comment