Wednesday, 22 September 2021

ਪਰਿਵਾਰਕ ਗਾਇਕੀ ਦਾ ਪਹਿਰੇਦਾਰ ਸਿਰਮੌਰ ਗਾਇਕ ਤੇ ਪੱਤਰਕਾਰ : ਰਾਮ ਸਿੰਘ ਅੱਬਲਖੈਰ

 

       


ਪੰਜਾਬ ਦੇ ਜ਼ਿਲਾ ਗੁਰਦਾਸਪੁਰ ਨੂੰ ਇਸ ਗੱਲ ਦਾ ਵਿਸ਼ੇਸ਼ ਮਾਣ ਹਾਸਲ ਹੈ ਕਿ ਇਸ ਨੇ ਅਨੇਕਾਂ ਜਾਨਦਾਰ ਤੇ ਸ਼ਾਨਦਾਰ ਕਲਮਾਂ, ਸੁਰਾਂ ਤੇ ਅਵਾਜ਼ਾਂ ਦੇਕੇ ਪੰਜਾਬੀ ਸਾਹਿਤ ਤੇ ਸੱਭਿਆਚਾਰ ਦੇ ਵਿਹੜੇ ਨੂੰ ਰੁਸ਼ਨਾ ਕੇ ਰੱਖ ਦਿੱਤਾ ਹੈ।  ਸੁਰੀਲੀਆਂ, ਮਨਮੋਹਕ ਤੇ ਮਖਮਲੀ ਅਵਾਜ਼ਾਂ ਵਿਚੋਂ ਇਕ ਮਾਣ-ਮੱਤੀ ਅਵਾਜ਼ ਦਾ ਨਾਂ ਹੈ  ਰਾਮ ਸਿੰਘ ਅੱਬਲਖੈਰ। ਪਿੰਡ ਅੱਬਲਖੈਰ ਵਿਚ ਸ੍ਰੀ ਸੰਤੋਖ ਦਾਸ (ਪਿਤਾ) ਅਤੇ ਸ੍ਰੀਮਤੀ ਅਮਰਤੀ ਦੇਵੀ (ਮਾਤਾ) ਜੀ ਦੇ ਗ੍ਰਹਿ ਨੂੰ ਰੁਸ਼ਨਾਉਣ ਵਾਲੇ ਇਸ ਰਾਮ ਸਿੰਘ ਨੇ ਇਕ ਮੁਲਾਕਾਤ ਦੌਰਾਨ ਦੱਸਿਆ ਕਿ ਘਰੇਲੂ ਮਹੌਲ ਗੀਤ-ਸੰਗੀਤ ਦਾ ਹੋਣ ਕਰਕੇ ਉਸਨੂੰ ਗਾਇਕੀ ਦੀ ਦਾਤ ਦਾਦਾ ਸ੍ਰੀ ਹਰਨਾਮ ਦਾਸ ਅਤੇ ਚਾਚਾ ਅਮਰ ਨਾਥ ਸੂਫੀ ਗਾਇਕ ਪਾਸੋਂ ਵਿਰਸੇ ਵਿਚ ਹੀ ਮਿਲੀ ਹੈ। ਪਿੰਡ ਦੇ ਸਕੂਲ ਤੋਂ ਛੋਟੀਆਂ ਛੋਟੀਆਂ ਮੱਲਾਂ ਮਾਰਦੀ ਸ਼ੁਰੂ ਹੋਈ ਉਸਦੀ ਗਾਇਕੀ ਖਾਲਸਾ ਸੀਨੀ. ਸੈਕੰ. ਸਕੂਲ, ਗੁਰਦਾਸਪੁਰ ਵਿੱਚ ਜਾ ਕੇ ਹੋਰ ਵੀ ਸਰਗਰਮੀ ਫੜ ਗਈ। ਇੱਥੇ ਗਾਇਕੀ ਦੇ ਮੁਕਾਬਲਿਆਂ ਵਿਚ ਉਹ ਸਕੂਲ ਬੈਂਡ ਦੀ ਟੀਮ ਦਾ ਮੋਹਰੀ ਵੀ ਰਿਹਾ। ਫਿਰ, ਗੁਰੂ ਨਾਨਕ ਕਾਲਜ ਗੁਰਦਾਸਪੁਰ ਵਿੱਚ ਢੋਲ-ਉਸਤਾਦ ਸ੍ਰੀ ਮਿਲਖੀ ਰਾਮ ਦੀ ਰਹਿਨੁਮਾਈ ਹੇਠ ਭੰਗੜਾ ਟੀਮ ਨਾਲ ਬੋਲੀਆਂ ਪਾਉਂਦੇ-ਪਾਉਂਦੇ ਉਹ ਯੂਨੀਵਰਸਿਟੀਆਂ ਦੀਆਂ ਮਾਣ-ਮੱਤੀਆਂ ਸਟੇਜਾਂ ਦਾ ਸ਼ਿੰਗਾਰ ਹੋ ਨਿੱਬੜਿਆ।

          ਦੂਜੇ ਪਾਸੇ, ਗਾਇਕੀ ਦੇ ਮੈਦਾਨ ਵਿਚ ਪੱਕੇ ਤੌਰ ਤੇ ਨਿਕਲਣ ਲਈ ਗੁਰੂ ਸ੍ਰੀ ਓਮ ਪ੍ਰਕਾਸ਼ ਅਤੇ ਮੈਡਮ ਸਤਨਾਮ ਕੌਰ ਅੰਮ੍ਰਿਤਸਰ ਕੋਲੋਂ ਉਸਨੇ ਕਲਾਸੀਕਲ ਸੰਗੀਤ ਦੀਆਂ ਬਰੀਕੀਆਂ ਦੀ ਵਿੱਦਿਆ ਹਾਸਲ ਕੀਤੀ। ਐਮ ਏ ਮਿਊਜ਼ਿਕ ਕਰਨ ਤੋਂ ਬਾਅਦ 1981 ਵਿੱਚ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਵਿੱਚ ਬਤੌਰ ਵਲੰਟੀਅਰ ਚੋਣ ਹੋਈ। ਉਪਰੰਤ ਗਾਇਕੀ ਖੇਤਰ ਵਿਚ ਮੱਲਾਂ ਮਾਰਦਾ ਤੁਰਿਆ ਰਾਮ ਸਿੰਘ ਹਰਿਆਣਾ, ਦਿੱਲੀ, ਰਾਜਿਸਥਾਨ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ, ਨਾਗਪੁਰ, ਲਖਨਊ ਚੌਧਰਪੁਰ, ਮੁਰਾਦਾਬਾਦ, ਜੈਪੁਰ ਲਖਨਊ, ਉੜੀਸਾ, ਮੱਧ ਪ੍ਰਦੇਸ਼, ਯੂ ਪੀ, ਕੇਰਲਾ, ਕਰਨਾਟਕ, ਬਿਹਾਰ ਆਦਿ ਭਾਰਤ ਦੇ ਕੋਨੇ ਕੋਨੇ ਵਿਚ ਆਪਣੀ ਸੁਰੀਲੀ ਤੇ ਮਨਮੋਹਕ ਆਵਾਜ਼ ਦਾ ਸਿੱਕਾ ਮੰਨਵਾਉਣ ’ਚ ਖ਼ੂਬ ਸਫ਼ਲ ਰਿਹਾ। ਨਹਿਰੂ ਯੁਵਾ ਕੇਂਦਰ ਮਹਾਂਰਾਸ਼ਟਰਾਂ, ਗਵਾਲੀਅਰ, ਜੰਮੂ ਕਸ਼ਮੀਰ, ਵੱਲੋਂ ਬੈਸਟ ਗਾਇਕੀ ਦਾ ਐਵਾਰਡ ਅਤੇ ‘ਆਜ ਤੱਕ ਆਮਣੇ ਸਾਹਮਣੇ ਨਿਊਜ਼ ਚੈਨਲ’ ਵੱਲੋਂ ਸਟਾਰ ਐਵਾਰਡ ਆਦਿ ਅਨਗਿਣਤ ਸਟੇਜਾਂ ਤੋਂ ਮਾਨ- ਸਨਮਾਨ ਹਾਸਲ ਕਰ ਚੁੱਕਾ ਇਹ ਗਾਇਕ ਜਿੱਥੇ, ‘ਪੰਜਾਬ ਯੂਥ ਆਰਗੇਨਾਈਜ਼ਰ’ ਦਾ ਕੌਮੀ ਜਨਰਲ ਸੈਕਟਰੀ ਤੇ ‘ਮੁਹੰਮਦ ਰਫ਼ੀ ਸੰਗੀਤ ਸੁਸਾਇਟੀ ਬਟਾਲਾ’ ਦਾ ਜਨਰਲ ਸੈਕਟਰੀ ਹੈ, ਉਥੇ ਆਪਣੇ ਪਿੰਡ ਦੇ,‘ਸ਼ੇਰੇ ਪੰਜਾਬ ਯੂਥ ਕਲੱਬ’ ਦਾ ਪ੍ਰਧਾਨ ਵੀ ਹੈ। ਇਸ ਕਲੱਬ ਵੱਲੋਂ ਦਹਾਕੇ ਤੋਂ ਵੱਧ ਸਮੇਂ ਤੋਂ ਹਰ ਸਾਲ ਸਵ: ਯਮਲਾ ਜੱਟ ਯਾਦਗਾਰੀ ਮੇਲਾ ਕਰਵਾ ਕੇ ਰੌਣਕਾਂ ਲਾਉਂਦਾ ਆ ਰਿਹਾ ਹੈ,ਉਹ।  ਸਮਾਜ-ਸੇਵੀ ਖੇਤਰ ਵਿਚ ਉਹ ਹਜ਼ਾਰਾਂ ਹੀ ਪੌਦੇ ਆਪਣੇ ਹੱਥੀਂ ਲਾ ਚੁੱਕਾ ਹੈ ਅਤੇ ਪੋਲੀਓ ਮੁਹਿੰਮ ਵਿੱਚ ਵੀ ਲੋਕਾਂ ਨੂੰ ਜਾਗਰੂਕ ਕਰਨ ’ਚ ਬਹੁਤ ਵੱਡਾ ਰੋਲ ਅਦਾ ਕਰਦਾ ਆ ਰਿਹਾ ਹੈ।

          ਗਾਇਕੀ ਖੇਤਰ ’ਚ ਜਿੱਥੇ ਉਸਦਾ ਗੀਤ,‘ਚੌਧਰੀ ਦਾ ਪੁੱਤ’ ਮਾਰਕੀਟ ਵਿੱਚ ਸੁਹਣੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉਥੇ ਜਸਪਾਲ ਗਿੱਲ, ਸੂਬਾ ਸਿੰਘ ਤੇ ਜੇ ਪੀ ਖਰਲਾਂਵਾਲਾ ਵਰਗੇ ਗੀਤਕਾਰਾਂ ਦੇ ਗੀਤ ਗਾ ਕੇ ਉਹ,‘ਸਾਫ਼-ਸੁਥਰੀ ਗਾਇਕੀ ਦਾ ਪਹਿਰੇਦਾਰ’ ਹੋਣ ਦਾ ਰੁੱਤਬਾ ਪਾ ਚੁੱਕਾ ਹੈ। ਹੁਣ ਜਲਦ ਹੀ ਉਸ ਦਾ ਇਕ ਹਿਮਾਚਲੀ ਗੀਤ ਵੀ ਆ ਰਿਹਾ ਹੈ। ਰੇਡੀਓ ਸਟੇਸ਼ਨ ਅਤੇ ਦੂਰਦਰਸ਼ਨ ਕੇਂਦਰ ਜਲੰਧਰ ਵਿਚ ਵਾਰ ਵਾਰ ਹਾਜ਼ਰੀਆਂ ਭਰਨ ਤੋਂ ਇਲਾਵਾ ਉਹ ਬੰਬੇ ਵਿੱਚ ਹੋਏ ਲਿਸ਼ਕਾਰਾ ਟੀ ਵੀ ਵੱਲੋਂ, ‘ਆਓ ਸਾਰੇ ਗਾਓ’ ਵਿੱਚ ਵੀ ਭਾਗ ਲੈ ਕੇ ਵਾਹ-ਵਾਹ ਖੱਟ ਚੁੱਕਾ ਹੈ। ਰਾਮ ਸਿੰਘ ਦੀਆਂ ਗਤੀ-ਵਿਧੀਆਂ ਦਾ ਅਗਲਾ ਅਹਿਮ ਤੇ ਸ਼ਲਾਘਾਯੋਗ ਪੱਖ ਹੈ ਪੱਤਰਕਾਰੀ। ਜਿਸ ਵਿਚ ਵੀ ਅਨੇਕਾਂ ਕਲਮਾਂ, ਸੁਰਾਂ ਤੇ ਅਵਾਜ਼ਾਂ ਨੂੰ ਅਖਬਾਰਾਂ ਦੇ ਕਾਲਮਾਂ ਦਾ ਸ਼ਿੰਗਾਰ ਬਣਾਕੇ ਸੁਹਣਾ ਨਾਮਨਾ ਖੱਟ ਚੁਕਾ ਹੈ ਉਹ। ਰਾਮ ਸਿੰਘ ਦਾ ਕਹਿਣ ਹੈ,‘‘ਬੇਸ਼ੱਕ ਮੈਂ ਅੱਜ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਕਾਂਗੜਾ ਵਿੱਚ ਸੁਰ ਸੰਗੀਤ ਅਕੈਡਮੀ ਚਲਾ ਰਿਹਾ ਹਾਂ, ਪਰ ਮੇਰਾ ਦਿਲ ਪੰਜਾਬ ਵਿੱਚ ਹੀ ਧੜਕਦਾ ਰਹਿੰਦਾ ਹੈ।’’

          ਇੱਥੋਂ ਤੱਕ ਦਾ ਮੁਕਾਮ ਹਾਸਲ ਕਰਨ ਦਾ ਸਿਹਰਾ ਜਿੱਥੇ ਉਹ ਆਪਣੇ ਪਰਿਵਾਰ, ਆਪਣੀ ਹਮਸਫ਼ਰ ਸ੍ਰੀਮਤੀ ਸਪਨਾ ਅਤੇ ਉਸਤਾਦ ਸਿਰ ਬੰਨਦਾ ਹੈ, ਉਥੇ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਦੇ ਵੱਖ-ਵੱਖ ਸਾਥੀਆਂ ਦੇ ਨਾਲ-ਨਾਲ ਅਜੈਬ ਸਿੰਘ ਚਾਹਲ, ਬਲਵਿੰਦਰ ਬਾਲਮ, ਪਵਨ ਰਾਏ, ਰਾਜੇਸ਼ ਬੱਬੀ ਤੇ ਜੈਕਬ ਮਸੀਹ ਦੇ ਮਿਲੇ ਯੋਗਦਾਨ ਨੂੰ ਵੀ ਉਹ ਭੁੱਲਦਾ ਨਹੀ, ਬਲਕਿ ਬੜੇ ਸਤਿਕਾਰ ਨਾਲ ਯਾਦ ਕਰਦਾ ਹੈ। ਜ਼ਿਕਰ ਯੋਗ ਹੈ ਕਿ ਉਸ ਦੀਆਂ ਲਾਡਲੀਆਂ ਧੀਆਂ ਕਨੂ ਸਿੰਘ ਦਸਵੀਂ ਜਮਾਤ ਤੇ ਰੀਆ ਸੱਤਵੀਂ ਜਮਾਤ ਵੀ ਆਪਣੇ ਪਿਤਾ ਦੇ ਪਾਏ ਪੂਰਨਿਆਂ ਉਤੇ ਚੱਲਦੀਆਂ ਸੰਗੀਤ ਦੀ ਤਾਲੀਮ ਹਾਸਿਲ ਕਰ ਰਹੀਆਂ ਹਨ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਸੱਚੇ-ਸੁੱਚੇ ਸਪੂਤ ਰਾਮ ਸਿੰਘ ਅੱਬਲਖੈਰ ਵੱਲੋਂ ਆਪਣੀਆਂ ਅੱਡ-ਅੱਡ ਕਲਾਵਾਂ ਦੁਆਰਾ ਵਿਖੇਰੀਆਂ ਜਾ ਰਹੀਆਂ ਖ਼ੁਸ਼ਬੂਆਂ ਨੂੰ ਤਹਿ ਦਿਲ ਤੋਂ ਸਿਰ ਝੁਕਾ ਕੇ ਸਜ਼ਦਾ ਕਰਦਾ ਹੋਇਆ, ਸਾਹਿਤਕ ਤੇ ਸੱਭਿਆਚਾਰਕ ਰੋਸ਼ਨੀਆਂ ਵੰਡਦੇ ਇਸ ਦੀਵਟ ਦੇ ਲਟ ਲਟ ਨਿਰੰਤਰ ਤੇ ਨਿਰਵਿਘਨ ਬਲ਼ਦੇ ਰਹਿਣ ਦੀ ਦੁਆ ਕਰਦਾ ਹਾਂ।

          -ਪ੍ਰੀਤਮ ਲੁਧਿਆਣਵੀ), (ਚੰਡੀਗੜ), 9876428641

ਸੰਪਰਕ : ਰਾਮ ਸਿੰਘ ਅੱਬਲਖੈਰ, ਹਿਮਾਚਲ ਪ੍ਰਦੇਸ਼, 7831032367   

No comments:

Post a Comment