ਸਾਹਿਤ ਜਗਤ ਵਿੱਚ ਜਿਹੜੀ ਪੰਜਾਬੀ ਕਵਿਤਾ ਦੇਹ-ਨਾਦ ਉਪਭੋਗਤਾਵਾਦ ਅਤੇ ਕਾਮ-ਪ੍ਰਵਿਰਤੀ ਤੋਂ ਮੁਕਤ ਅਤੇ ਹਾਸ਼ੀਆ ਗ੍ਰਸਤ ਵਰਗ ਦੇ ਦੁੱਖਾਂ-ਦਰਦਾਂ ਦੀ ਗੱਲ ਕਰਦੀ ਹੈ, ਅਜਿਹੀ ਕਵਿਤਾ ਦਾ ਬੜੇ ਆਦਰ-ਸਤਿਕਾਰ ਨਾਲ ਮੂਹਰਲੀਆਂ ਸਫਾਂ ਵਿੱਚ ਲਏ ਜਾਣ ਵਾਲਾ ਨਾਓਂ ਹੈ-ਕਵੀ ਪ੍ਰਸ਼ੋਤਮ ਪੱਤੋ। ਜਿਲਾ ਮੋਗਾ ਦੇ ਪਿੰਡ ਪੱਤੋ ਹੀਰਾ ਸਿੰਘ ਵਿਖੇ ਮਾਤਾ ਸ੍ਰੀਮਤੀ ਸਵਿੱਤਰੀ ਦੇਵੀ ਦੀ ਕੁੱਖੋਂ, ਪਿਤਾ ਸਵ: ਸ੍ਰੀ ਰਾਮ ਲਾਲ ਦੇ ਗ੍ਰਹਿ ਵਿਖੇ ਜਨਮਿਆ ਪ੍ਰਸ਼ੋਤਮ ਚਾਰ ਸਾਲ ਦੀ ਉਮਰ ਦਾ ਹੀ ਸੀ ਜਦੋਂ ਉਸਦੇ ਪਿਤਾ ਜੀ ਇਸ ਸੰਸਾਰ ਤੋਂ ਇਨਾਂ ਪੰਜ ਭੈਣ ਭਰਾਵਾਂ ਨੂੰ ਪਿਤਾ ਵਿਹੂਣੇ ਕਰ ਗਿਆ ਸੀ। ਉਨਾਂ ਦਾ ਪਾਲਣ-ਪੋਸ਼ਣ ਦਾਦਾ ਮਾ. ਲਛਮਣ ਦਾਸ ਜੀ ਨੇ ਕੀਤਾ। ਪ੍ਰਸ਼ੋਤਮ ਨੇ ਪਿੰਡ ਦੇ ਹਾਇਰ ਸੈਕੰ: ਸਕੂਲ ਤੋਂ ਹਾਇਰ ਸੈਕੰਡਰੀ ਪਾਸ ਕਰਕੇ ਉਸੇ ਹੀ ਸਕੂਲ ਵਿਚ ਲੈਬਾਰਟਰੀ ਅਸਿੱਸਟੈਂਟ ਦੀ ਪੋਸਟ ’ਤੇ ਵਧੀਆ ਸੇਵਾਵਾਂ ਦਿੱਤੀਆਂ।
ਪੱਤੋ ਨੂੰ ਚੌਵੀ ਸਾਲ ਦੀ ਉਮਰ ਵਿੱਚ ਲਿਖਣ ਦਾ ਸੌਂਕ ਉਸਦੇ ਪਿੰਡ ਦੇ ਕਹਾਣੀਕਾਰ ਅਜੀਤ ਸਿੰਘ ਪੱਤੋ ਦੀਆਂ ਅਖਬਾਰਾਂ ਵਿੱਚ ਛਪਦੀਆਂ ਕਹਾਣੀਆਂ ਪੜ ਕੇ ਜਾਗਿਆ। ਉਨਾਂ ਦਿਨਾਂ ਵਿਚ ਇਨਕਲਾਬੀ ਲਹਿਰ ਜ਼ੋਰਾਂ ’ਤੇ ਸੀ। ਪ੍ਰਸ਼ੋਤਮ ਨੇ ਕਿਹਾ,‘‘ਸਾਡੇ ਪਿੰਡ ਜਾਂ ਆਲੇ-ਦੁਆਲੇ ਦੇ ਪਿੰਡਾਂ ਵਿੱਚ ਭਾਈ ਮੰਨਾ ਸਿੰਘ ਜੀ ਦੇ ਨਾਟਕ ਚੱਲਦੇ ਹੁੰਦੇ ਸਨ ਜਿਨਾਂ ਦਾ ਪ੍ਰਭਾਵ ਮੇਰੇ ਜਿਹਨ ’ਤੇ ਵੀ ਕਾਫੀ ਗਹਿਰਾ ਪਿਆ ਅਤੇ ਨਾਲ ਹੀ ਲੋਕ ਕਵੀ ਸੰਤ ਰਾਮ ਉਦਾਸੀ ਜੀ ਦੇ ਇਨਕਲਾਬੀ ਗੀਤ ਸੁਣ ਕੇ ਇਨਕਲਾਬੀ ਗੀਤ ਲਿਖਣ ਅਤੇ ਗਾਉਣ ਦੀ ਚੇਟਕ ਲੱਗ ਗਈ।’’
ਪੱਤੋ ਜਿੱਥੇ ਹੁਣ ਤੱਕ, ‘ਸੱਜਰੀ ਸਵੇਰ’, ‘ਸੂਖਮ ਪਰਤਾਂ’, ‘ਚਾਨਣ ਦੇ ਰਾਹੀ’, ’ਮੈਂ ਸੋਚਦੀ ਹਾਂ’, ’ਪੀੜ ਦਰ ਪੀੜ’ ਆਪਣੀਆਂ ਮੌਲਿਕ ਪੰਜ ਪੁਸਤਕਾਂ ਸਾਹਿਤ ਦੀ ਝੋਲੀ ਪਾ ਚੁੱਕਿਆ ਹੈ, ਉਥੇ ਦੇਸ਼-ਵਿਦੇਸ਼ ਦਾ ਐਸਾ ਕੋਈ ਅਖਬਾਰ ਜਾਂ ਮੈਗਜ਼ੀਨ ਨਹੀਂ ਹੋਣਾ, ਜਿੱਥੇ ਤੱਕ ਉਸ ਦੀ ਕਲਮ ਨੇ ਪਹੁੰਚ ਨਾ ਕੀਤੀ ਹੋਵੇ। ਪ੍ਰਸ਼ੋਤਮ ਨੇ ਸੰਨ ਉੱਨੀ ਸੌ ਅਠੱਤਰ ਵਿੱਚ ਬੇਰੁਜ਼ਗਾਰ ਟੀਚਰ ਯੂਨੀਅਨ ਪੰਜਾਬ ਦਾ ਘੋਲ ਸੂਬਾ ਪੱਧਰ ’ਤੇ ਲੜਿਆ। ਉਸ ਨੇ ਉਸ ਘੋਲ ਵਿੱਚ ਇੱਕ ਮਹੀਨੇ ਤੋਂ ਉੱਤੇ ਪਟਿਆਲਾ ਜੇਲ ਵਿੱਚ ਜੇਲ ਕੱਟੀ। . . ਸੰਸਥਾਵਾਂ ਨਾਲ ਪੱਖੋਂ, ਪੱਤੋ ਪੰਜਾਬੀ ਲੇਖਕ ਸਭਾ, ਨਿਹਾਲ ਸਿੰਘ ਵਾਲਾ ਦਾ ਛੇ ਸਾਲ ਪ੍ਰਧਾਨ ਰਿਹਾ। ਅੱਜ ਕੱਲ ਉਹ ਲੇਖਕ ਪਾਠਕ ਮੰਚ ਦਾ ਸਰਗਰਮ ਮੈਂਬਰ, ਚੁੱਪ ਦੀ ਅਵਾਜ਼ ਗਰੁੱਪ ਦਾ ਸੰਚਾਲਕ ਅਤੇ ਲੋਕ ਸਾਹਿਤ ਅਕਾਦਮੀ ਮੋਗਾ ਦਾ ਸੀ. ਮੀਤ ਪ੍ਰਧਾਨ ਹੈ। . .. ਮਾਨ-ਸਨਮਾਨ ਪੱਖ ਵਿਚ ਪ੍ਰਸ਼ੋਤਮ ਨੂੰ 2006 ਵਿੱਚ ਅਜ਼ਾਦੀ ਦਿਵਸ ’ਤੇ ਐਸ ਡੀ ਐਮ ਨਿਹਾਲ ਸਿੰਘ ਵਾਲਾ ਵੱਲੋਂ, 2011 ਵਿੱਚ ਮੋਗਾ ਵਿਖੇ ਗਣਤੰਤਰ ਦਿਵਸ ਮੌਕੇ ਕੈਬਨਿਟ ਮੰਤਰੀ ਅਜੀਤ ਸਿੰਘ ਕੁਹਾੜ ਵੱਲੋਂ (ਪੱਤੋ ਦੁਆਰਾ ਸਕੂਲ ਵਿੱਚ ਬੱਚਿਆਂ ਨੂੰ ਸਾਹਿਤ ਅਤੇ ਸੱਭਿਆਚਾਰ ਨਾਲ ਜੋੜਨ ਬਦਲੇ), 2015 ਵਿੱਚ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ) ਵੱਲੋਂ, 2021 ਵਿਚ ਅੰਤਰਰਾਸ਼ਟਰੀ ਲੇਖਕ ਪਾਠਕ ਮੰਚ ਅਤੇ ਲੋਹਮਣੀ ਮੈਗਜ਼ੀਨ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਨਸਾਨੀਅਤ ਦੇ ਉੱਚੇ ਸੁੱਚੇ ਅਸੂਲਾਂ ’ਤੇ ਪਹਿਰਾ ਦਿੰਦੀ ਇਸ ਕਲਮ ਤੋਂ ਸਾਹਿਤ, ਸੱਭਿਆਚਾਰ ਅਤੇ ਸਮਾਜ ਨੂੰ ਅਸੀਮ ਆਸਾਂ ਉਮੀਦਾਂ ਤੇ ਸੰਭਾਵਨਾਵਾਂ ਹਨ। ਰੱਬ ਕਰੇ! ਇਹ ਕਲਮ ਨਿਰੰਤਰ, ਨਿਰਵਿਘਨ ਵਗਦੀ ਬੁਲੰਦੀਆਂ ਵੱਲ ਤੁਰੀ ਮਾਅਰਕੇ ਮਾਰਦੀ ਰਵੇ!
-ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641
ਸੰਪਰਕ : ਕਵੀ ਪ੍ਰਸ਼ੋਤਮ ਪੱਤੋ, 9855038775


No comments:
Post a Comment