Wednesday, 28 July 2021

ਕਮਿਊਨਿਸਟ ਆਗੂ ਅਤੇ ਸਮਾਜ ਸੇਵੀ, ਕਾਮਰੇਡ ਸੋਹਣ ਸਿੰਘ ਸੰਧੂ ਉਰਫ 'ਸੋਹਣ ਜੰਪ' ਨਹੀਂ ਰਹੇ


ਕਾਮਰੇਡ ਸੇਖੋਂ, ਕਾਮਰੇਡ ਤੱਗੜ, ਕਾਮਰੇਡ ਬਾਸੀ ਅਤੇ ਹੋਰ ਸਾਥੀਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਜਲੰਧਰ 28 ਜੁਲਾਈ (ਖ਼ਬਰਸਾਰ ਪੰਜਾਬ)- ਅੰਤਰਰਾਸ਼ਟਰੀ ਪੱਧਰ ਦੇ ਕਬੱਡੀ ਖਿਡਾਰੀ, ਕਮਿਊਨਿਸਟ ਆਗੂ ਅਤੇ ਸਮਾਜ ਸੇਵੀ ਕਾਮਰੇਡ ਸੋਹਣ ਸਿੰਘ ਸੰਧੂ ਉਰਫ਼' ਸੋਹਣ ਜੰਪ' ਦਾ ਬੀਤੇ ਦਿਨੀਂ ਬਰਮਿੰਘਮ (ਇੰਗਲੈਂਡ) ਵਿਖੇ 88 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਇਹ ਜਾਣਕਾਰੀ ਰੁੜਕਾ ਕਲਾਂ ਦੇ ਸਾਬਕਾ ਸਰਪੰਚ ਅਤੇ ਸੀ.ਪੀ.ਆਈ (ਐਮ) ਆਗੂ ਕਾਮਰੇਡ ਮੇਲਾ ਸਿੰਘ ਰੁੜਕਾ ਕਲਾਂ ਵਲੋਂ ਦਿੱਤੀ ਗਈ ਹੈ। ਕਾਮਰੇਡ ਸੋਹਣ ਸਿੰਘ ਸੰਧੂ ਨੇ 1950 ਵਿਆਂ ਵਿਚ ਰੁੜਕਾ ਕਲਾਂ ਪਿੰਡ ਵਿੱਚ ਕਬੱਡੀ ਟੀਮ ਬਣਾਈ ਅਤੇ ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟਿਆ। 'ਜੰਪ' ਦਾ ਖਿਤਾਬ ਉਨ੍ਹਾਂ ਨੂੰ ਉਨ੍ਹਾਂ ਦੇ ਦਰਸ਼ਕਾਂ ਅਤੇ ਪ੍ਰਸ਼ੰਸਕਾਂ ਵੱਲੋਂ ਕਬੱਡੀ ਖੇਡਦੇ ਸਮੇਂ ਮਾਰੀਆਂ ਜਾਣ ਵਾਲੀਆਂ ਛਾਲਾਂ (ਜੰਪਸ) ਦੇ ਆਧਾਰ ਤੇ ਦਿੱਤਾ ਗਿਆ ਜੋ ਸਾਰੀ ਉਮਰ ਉਨ੍ਹਾਂ ਦੀ ਵਿਲੱਖਣ ਪਛਾਣ ਬਣਿਆ ਰਿਹਾ। ਉਨ੍ਹਾਂ ਨੇ 1950 ਵਿਆਂ ਵਿਚ ਪਿੰਡ ਦੇ ਵਿੱਚ ਹੀ  ਕਮਿਊਨਿਸਟ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਅਤੇ ਪਾਰਟੀ ਨੂੰ ਮਜ਼ਬੂਤ ਕੀਤਾ। ਸੀ.ਪੀ.ਆਈ (ਐਮ) ਦੀ 1964 ਵਿੱਚ ਹੋਈ ਸਥਾਪਨਾ ਸਮੇਂ ਉਹ ਅਤੇ ਉਨ੍ਹਾਂ ਦੇ ਹੋਰ ਸਾਰੇ ਸਾਥੀ ਸੀ.ਪੀ.ਆਈ (ਐਮ) ਵਿੱਚ ਸ਼ਾਮਲ ਹੋਏ। ਉਹ ਪਹਿਲੇ ਸਮਿਆਂ ਵਿੱਚ ਹੀ ਇੰਗਲੈਂਡ ਚਲੇ ਗਏ ਸਨ ਜਿੱਥੇ ਉਨ੍ਹਾਂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ ਪ੍ਰੇਰਨਾ ਅਤੇ ਸਹਾਇਤਾ ਨਾਲ ਅਤੇ ਬਾਕੀ ਸਾਥੀਆਂ ਦੇ ਸਹਿਯੋਗ ਨਾਲ ਇੰਡੀਅਨ ਵਰਕਰਜ਼ ਐਸੋਸੀਏਸ਼ਨ (ਆਈ.ਡਬਲਯੂ.ਏ) ਦੀ ਸਥਾਪਨਾ ਵਿੱਚ ਅਹਿਮ ਯੋਗਦਾਨ ਪਾਇਆ। ਅੰਤ ਤਕ ਸਾਥੀ ਜੰਪ ਆਪਣੇ ਪਿੰਡ  ਨਾਲ ਜੁੜੇ ਰਹੇ ਅਤੇ ਪਿੰਡ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਉਹ ਅੰਤ ਤੱਕ ਸੀ.ਪੀ.ਆਈ (ਐਮ) ਨਾਲ ਜੁੜੇ ਰਹੇ। ਉਹ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਵਿਸ਼ਵਾਸਪਾਤਰ ਸਾਥੀਆਂ ਵਿੱਚ ਸ਼ਾਮਲ ਸਨ। ਸੀ.ਪੀ.ਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਸੂਬਾ ਸਕੱਤਰੇਤ ਮੈਂਬਰ ਅਤੇ ਜ਼ਿਲ੍ਹਾ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ, ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਸਾਥੀ ਗੁਰਚੇਤਨ ਸਿੰਘ ਬਾਸੀ, ਸੂਬਾ ਕਮੇਟੀ ਮੈਂਬਰ ਸੁਖਪ੍ਰੀਤ ਸਿੰਘ ਜੌਹਲ, ਤਹਿਸੀਲ ਸਕੱਤਰ ਪ੍ਰਸ਼ੋਤਮ ਬਿਲਗਾ, ਗੁਰਪਰਮਜੀਤ ਕੌਰ ਤੱਗੜ, ਸੁਖਦੇਵ ਸਿੰਘ ਬਾਸੀ, ਗੁਰਮੇਲ ਸਿੰਘ ਨਾਹਲ, ਮਾਸਟਰ ਮੂਲ ਚੰਦ ਸਰਹਾਲੀ, ਵਿਜੈ ਧਰਨੀ ਅਤੇ ਹੋਰ ਬਹੁਤ ਸਾਰੇ ਸਾਥੀਆਂ ਵੱਲੋਂ ਸਾਥੀ ਸੋਹਣ ਸਿੰਘ ਜੰਪ ਦੇ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਗਈ ਹੈ।

         ਆਪਣੇ ਸਮਿਆਂ ਵਿੱਚ ਕਬੱਡੀ ਦੇ  ਸੁਪਰ ਸਟਾਰ ਅਤੇ ਪਿੰਡ ਰੁੜਕਾ ਕਲਾਂ ਦਾ ਨਾਮ ਸੰਸਾਰ ਦੇ ਕਬੱਡੀ ਜਗਤ ਦੀ ਚਰਚਾ ਵਿੱਚ ਲਿਆਉਣ ਵਾਲੇ ਸ. ਸੋਹਣ ਸਿੰਘ (ਜੰਪ) ਇਸ ਦੁਨੀਆ ਵਿਚ ਨਹੀਂ ਰਹੇ। ਪਿੰਡ ਦੇ ਚਹੁਮੁਖੀ ਵਿਕਾਸ ਲਈ ਤਤਪਰ ਰਹਿਣ ਵਾਲੇ ਸ. ਜੰਪ ਨੇ ਵਿੱਦਿਅਕ ਖੇਤਰ ਵਿੱਚ ਕੰਮ ਕਰਦੇ ਹੋਏ ਸੀਨੀਅਰ ਸੈਕੰਡਰੀ ਸਕੂਲ ਦੇ ਨਿਰਮਾਣ ਅਤੇ ਸਿਹਤ ਸੁਵਿਧਾਵਾਂ ਲਈ ਬਾਬਾ ਭਾਈ ਸਾਧੂ ਜੀ ਚੈਰੀਟੇਬਲ ਹਸਪਤਾਲ ਦੇ ਨਿਰਮਾਣ ਵਿੱਚ ਮੋਹਰੀ ਭੂਮਿਕਾ ਨਿਭਾਈ। ਸਵਰਗੀ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਸੁਰਜੀਤ ਦੇ ਸਾਥੀ ਰਹੇ ਸ. ਸੋਹਣ ਸਿੰਘ (ਜੰਪ) ਦਾ ਨਾਮ ਹਮੇਸ਼ਾਂ ਕਬੱਡੀ ਜਗਤ ਅਤੇ ਪਿੰਡ ਰੁੜਕਾ ਕਲਾਂ ਦੇ ਇਤਿਹਾਸ ਵਿੱਚ ਅਮਰ ਰਹੇਗਾ।

No comments:

Post a Comment