Thursday, 24 June 2021

ਵਰ੍ਹਦੇ ਮੀਂਹ ਵਿੱਚ ਕਿਸਾਨਾਂ ਵੱਲੋਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦਾ ਕਾਲੇ ਝੰਡਿਆਂ ਨਾਲ ਜ਼ੋਰਦਾਰ ਵਿਰੋਧ

ਹੁਸ਼ਿਆਰਪੁਰ 24 ਜੂਨ (ਤਰਸੇਮ ਦੀਵਾਨਾ)- ਅੱਜ ਅਚਨਚੇਤ ਸਵੇਰੇ ਸੰਯੁਕਤ ਕਿਸਾਨ ਮੋਰਚੇ ਦੀਆਂ ਧਿਰਾਂ ਨੂੰ ਪਤਾ ਲੱਗਾ ਕਿ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਪੀ.ਡਬਲਿਊ.ਡੀ ਰੈਸਟ ਹਾਊਸ ਵਿੱਚ ਆ ਰਹੇ ਹਨ ਤਾਂ ਉਸੇ ਸਮੇਂ ਕਿਸਾਨ ਆਗੂਆਂ ਨੇ ਮੋਰਚੇ ਦੀਆਂ ਸਾਰੀਆਂ ਧਿਰਾਂ ਨਾਲ ਵਿਚਾਰ ਕਰਕੇ ਉਸ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕਰਨ ਦਾ ਐਕਸ਼ਨ ਉਲੀਕ ਲਿਆ, ਮੌਸਮ ਦੀ ਖ਼ਰਾਬੀ ਦੇ ਬਾਵਜੂਦ ਅਜੇ ਕਿਸਾਨ ਧਿਰਾਂ ਇਕੱਠੀਆਂ ਹੋ ਰਹੀਆਂ ਸਨ ਉਸੇ ਸਮੇਂ ਮੰਤਰੀ ਦੇ ਆਉਣ ਦਾ ਪਤਾ ਲੱਗਣ ਤੇ ਥਾਣਾ ਸਦਰ ਦੇ ਚੌਕ ਵਿਚ ਕਾਲੀਆਂ ਝੰਡੀਆਂ ਨਾਲ ਜ਼ੋਰਦਾਰ ਵਿਰੋਧ ਕਰ ਕੇ ਮੰਤਰੀ ਦੇ ਕਾਫ਼ਲੇ ਨੂੰ ਰੋਕਣ ਦਾ ਯਤਨ ਕੀਤਾ। ਤੁਰੰਤ ਹੀ ਕਿਸਾਨਾਂ ਨੇ ਉਸਦੀ ਅਰਥੀ ਬਣਾ ਕੇ ਪੁਲੀਸ ਦੀਆਂ ਰੋਕਾ ਤੋੜ ਕੇ ਅੱਗੇ ਵੱਧਦਿਆਂ ਪੀ.ਡਬਲਿਊ.ਡੀ ਰੈਸਟ ਹਾਊਸ ਵੱਲ ਨੂੰ ਮਾਰਚ ਕੀਤਾ, ਰਸਤੇ ਵਿੱਚ ਵੱਡੀ ਗਿਣਤੀ ਪੁਲੀਸ ਨੇ ਪੁਲੀਸ ਬਸ ਤੇ ਬੈਰੀਕੇਡ ਰੋਕਾਂ ਲਗਾ ਕੇ ਰੋਸ ਮਾਰਚ ਕਰਦੇ ਕਿਸਾਨਾਂ ਨੂੰ ਰੋਕ ਲਿਆ। ਅੰਦੋਲਨਕਾਰੀ ਕਿਸਾਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ "ਸੋਮ ਪ੍ਰਕਾਸ਼- ਗੋ ਬੈਕ"  "ਮੋਦੀ ਸਰਕਾਰ-ਮੁਰਦਾਬਾਦ"  "ਕਾਲੇ ਕਾਨੂੰਨ- ਰੱਦ ਕਰੋ"  "ਸੰਯੁਕਤ ਕਿਸਾਨ ਮੋਰਚਾ- ਜ਼ਿੰਦਾਬਾਦ" ਅੰਤ ਸੋਮ ਪ੍ਰਕਾਸ਼ ਦੀ ਅਰਥੀ ਫੂਕ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਗੁਰਦੀਪ ਸਿੰਘ ਖੁਣਖੁਣ, ਗੁਰਨਾਮ ਸਿੰਘ ਸਿੰਗੜੀਵਾਲ, ਮਾਸਟਰ ਓਮ ਸਿੰਘ ਸਟਿਆਣਾ, ਰਣਜੀਤ ਸਿੰਘ ਕਾਹਰੀ, ਕਾ ਗੰਗਾ ਪ੍ਰਸ਼ਾਦ, ਪ੍ਰੇਮ ਲਤਾ, ਸੁਰਿੰਦਰ ਕੌਰ, ਸਤਨਾਮ ਸਿੰਘ ਪੁਰਹੀਰਾਂ, ਪਰਮਿੰਦਰ ਸਿੰਘ ਲਾਚੋਵਾਲ, ਰਣਧੀਰ ਸਿੰਘ ਅਸਲ ਪੁਰ, ਸ਼ਾਮ ਸਿੰਘ ਮੋਨਾ ਕਲਾਂ, ਮੰਗਤ ਸਿੰਘ, ਦਲਵੀਰ ਸਿੰਘ ਜਸਬੀਰ ਸਿੰਘ ਚੱਕੋਵਾਲ ਅਤੇ ਕਰਨੈਲ ਸਿੰਘ ਢੱਡੇ ਆਦਿ ਹਾਜ਼ਰ ਸਨ।

No comments:

Post a Comment