Saturday, 22 June 2024

ਸ਼ਰੀਰ ਨੂੰ ਰੋਗਾਂ ਤੋਂ ਮੁਕਤ ਰੱਖਣ ਲਈ ਯੋਗ ਤੇ ਧਿਆਨ ਦਾ ਹੈ ਵਿਸ਼ੇਸ਼ ਮਹੱਤਵ - ਸਿੰਘ

 


ਫਗਵਾੜਾ 21 ਜੂਨ (ਸ਼ਿਵ ਕੋੜਾ)-
ਪੰਜਾਬ ਸਰਕਾਰ ਦੀ ਮੁਹਿਮ ਸੀ.ਐਮ ਦੀ ਯੋਗਸ਼ਾਲਾ ਤਹਿਤ ਕੌਮਾਂਤਰੀ ਯੋਗ ਦਿਵਸ ਮੌਕੇ ਅੱਜ ਯੋਗਾ ਇੰਸਟ੍ਰਕਟਰ ਅਮਰਦੀਪ ਸਿੰਘ ਵਲੋਂ ਸਥਾਨਕ ਮਸਤ ਨਗਰ ਹਦੀਆਬਾਦ ਸਥਿਤ ਸੰਤ ਸਰਵਣ ਦਾਸ ਸਕੂਲ ਵਿਖੇ ਗੁਰੂ ਰਵਿਦਾਸ ਆਯੂਰਵੇਦ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਐਸ.ਡੀ.ਐਮ. ਜਸ਼ਨਜੀਤ ਸਿੰਘ ਦੀ ਅਗਵਾਈ ਹੇਠ ਯੋਗ ਫਾਰ ਸੈਲਫ ਐਂਡ ਸੁਸਾਇਟੀ ਥੀਮ ਨੂੰ ਮੁੱਖ ਰੱਖ ਕੇ ਯੋਗ ਦਿਵਸ ਮਨਾਇਆ ਗਿਆ। ਇਸ ਯੋਗਾ ਕਲਾਸ ‘ਚ ਨਗਰ ਨਿਵਾਸੀਆਂ ਅਤੇ ਪਤਵੰਤਿਆਂ ਨੇ ਯੋਗ ਅਭਿਆਸ ਦਾ ਭਰਪੂਰ ਅਨੰਦ ਮਾਣਿਆ। ਐਸ.ਡੀ.ਐਮ. ਜਸ਼ਨਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਰੀਰ ਨੂੰ ਰੋਗਾਂ ਤੋਂ ਮੁਕਤ ਰੱਖਣ ਲਈ ਸੂਕਸ਼ਮ ਕਿਰਿਆਵਾਂ, ਆਸਨ, ਪ੍ਰਾਣਾਯਾਮ ਤੇ ਧਿਆਨ ਬਹੁਤ ਹੀ ਲਾਹੇਵੰਦ ਬਣਦੇ ਹਨ। ਸਾਨੂੰ ਆਪਣੇ ਰੋਜਾਨਾ ਦੇ ਰੁਝੇਵਿਆਂ ਵਿਚ ਕੁੱਝ ਸਮਾਂ ਯੋਗ ਅਤੇ ਧਿਆਨ ਕ੍ਰਿਆਵਾਂ ਲਈ ਜਰੂਰ ਕੱਢਣਾ ਚਾਹੀਦਾ ਹੈ। ਇਸ ਦੌਰਾਨ ਕੱਦ ਲੰਬਾ ਕਰਨ ਲਈ ਤਾੜ ਆਸਨ, ਸ਼ਰੀਰ ਸਥਿਰਤਾ ਲਈ ਬ੍ਰਿਕਸ਼ ਆਸਨ, ਕਮਰ ਦਰਦ ਲਈ ਪਾਦਹਸਤ ਆਸਨ, ਅਰਧ ਚੱਕਰ ਆਸਨ ਅਤੇ ਤ੍ਰਿਕੋਣ ਆਸਨ, ਪਾਚਨ ਸ਼ਕਤੀ ਮਜ਼ਬੂਤ ਕਰਨ ਲਈ ਵਜਰ ਆਸਨ, ਤਨਾਅ, ਕ੍ਰੋਧ ਸ਼ਾਂਤੀ ਲਈ ਸ਼ਸ਼ਕ ਆਸਨ ਅਤੇ ਰੀੜ੍ਹ ਦੀ ਲਚਕਤਾ ਲਈ ਉਸ਼ਟਰ ਆਸਨ ਤੋਂ ਇਲਾਵਾ ਵਕਰ ਆਸਾਨ, ਭੂਜੰਗ ਆਸਨ ਤੇ ਸ਼ਲਭ ਆਸਨ ਆਦਿ ਕਰਵਾਏ ਗਏ। ਇਸੇ ਤਰ੍ਹਾਂ ਕਬਜ਼, ਮੋਟਾਪੇ ਅਤੇ ਔਰਤਾਂ ਵਿੱਚ ਮਹਾਂਮਾਰੀ ਤੇ ਪੀ.ਸੀ.ਓ.ਡੀ ਲਈ ਸੇਤੁਬੰਧ ਆਸਨ, ਹਾਲ ਆਸਨ ਅਤੇ ਪਵਨ ਮੁਕਤ ਆਸਨ ਦਾ ਅਭਿਆਸ ਕਰਵਾਇਆ ਗਿਆ। ਇਸ ਤੋਂ ਇਲਾਵਾ ਸਾਧਕਾਂ ਨੇ ਮਾਨਸਿਕ ਸ਼ਾਂਤੀ ਲਈ ਕਪਾਲਭਾਤੀ, ਅਨੁਲੋਮ-ਵਿਲੋਮ ਤੇ ਧਿਆਨ ਲਗਾਉਣ ਦਾ ਅਭਿਆਸ ਕੀਤਾ। ਅੰਤ ਵਿੱਚ ਸਰਬ ਮੰਗਲ ਕਾਮਨਾ ਲਈ ਸ਼ਾਂਤੀ ਪਾਠ ਦੇ ਨਾਲ ਇਸ ਯੋਗ ਕਲਾਸ ਦੀ ਸਮਾਪਤੀ ਕੀਤੀ ਗਈ।

No comments:

Post a Comment