Tuesday, 19 July 2022

ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਵਿਖੇ ਕਾਵਿ ਪੁਸਤਕ ‘ਮਹਿਕਦੇ ਅਲਫਾਜ’ ਦਾ ਲੋਕ ਅਰਪਣ


ਚੰਡੀਗੜ (ਪ੍ਰੀਤਮ ਲੁਧਿਆਣਵੀ) 19 ਜੁਲਾਈ-: ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਡਾ. ਰਵਿੰਦਰ ਕੌਰ ਭਾਟੀਆ ਅਤੇ ਡਾ. ਜਗਮੋਹਨ ਸੰਘਾ ਜੀ ਕੈਨੇਡਾ ਵੱਲੋਂ ਸੰਪਾਦਿਤ ਸਾਂਝਾ ਕਾਵਿ- ਸੰਗ੍ਰਹਿ ‘ਮਹਿਕਦੇ ਅਲਫਾਜ’ ਜਿਸ ਵਿਚ ਦੇਸ਼-ਵਿਦੇਸ਼ ਦੇ 70 ਉੱਘੇ ਕਵੀਆਂ ਦੀਆਂ ਰਚਨਾਵਾਂ ਹਨ, ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵਿਖੇ ਲੋਕ-ਅਰਪਣ ਕੀਤਾ ਗਿਆ।  ਕੈਨੇਡਾ ਤੋਂ ਤਸ਼ਰੀਫ ਲਿਆਏ ਪੁਸਤਕ ਦੇ ਸੰਪਾਦਕ ਡਾ. ਜਗਮੋਹਨ ਸੰਘਾ ਨੇ ਮੁੱਖ ਮਹਿਮਾਨ, ਡਾ. ਦੀਪਕ ਮਨਮੋਹਨ ਸਿੰਘ ਜੀ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪੁਸਤਕ ਦੀ ਸੰਪਾਦਨਾਂ ਸੰਬੰਧੀ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੁਸਤਕ ਵਿੱਚ ਸ਼ਾਮਿਲ ਕਰਨ ਤੋਂ ਪਹਿਲਾਂ ਬਜਾਤੇ ਖੁਦ ਇਨਾਂ ਰਚਨਾਵਾਂ ਵਿਚਲੀ ਸਗੁਫਤਗੀ ਤੇ ਮਹਿਕ ਨੂੰ ਮਾਣਿਆ ਹੈ। ਉਨ੍ਹਾਂ ਕਵੀਆਂ ਨੂੰ ਉਤਸ਼ਾਹਿਤ ਵੀ ਕੀਤਾ ਤੇ ਹੋਰ ਚੰਗਾ ਲਿਖਣ ਲਈ ਪ੍ਰੇਰਿਤ ਵੀ ਕੀਤਾ। ਡਾ.ਰਵਿੰਦਰ ਕੌਰ ਭਾਟੀਆ ਨੇ ਪੁਸਤਕ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿਚ ਮਾਂ ਬੋਲੀ ਪੰਜਾਬੀ ਨੂੰ ਬਿਲਕੁਲ ਖਤਮ ਕੀਤਾ ਜਾ ਰਿਹਾ ਹੈ। ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਇਸ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਵੱਧ ਤੋਂ ਵੱਧ ਉਪਰਾਲੇ ਕਰੀਏ। ਮੁੱਖ ਮਹਿਮਾਨ ਡਾ. ਦੀਪਕ ਮਨਮੋਹਨ ਸਿੰਘ ਜੀ ਨੇ ਕਾਵਿ ਪੁਸਤਕ ਸਾਹਿਤ ਪ੍ਰੇਮੀਆਂ ਨੂੰ ਸਮਰਪਿਤ ਕੀਤੀ। ਉਨਾਂ ਨੇ ਸੰਪਾਦਕਾਂ ਨੂੰ ਇਸ ਕਾਰਜ ਲਈ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਵਿਦੇਸ਼ ਦੇ 70 ਕਵੀਆਂ ਦੀਆਂ ਰਚਨਾਵਾਂ ਨੂੰ ਇਕ ਥਾਂ ਸੰਪਾਦਿਤ ਕਰਨਾ ਬੜਾ ਕਠਿਨ ਕਾਰਜ ਹੈ। ਮੀਨਾ ਮਹਿਰੋਕ ਨੇ ਪੇਪਰ ਪੜਦਿਆਂ ਕਿਹਾ ਕਿ ‘ਮਹਿਕਦੇ ਅਲਫਾਜ’ ਵਿਚਲੀਆਂ ਰਚਨਾਵਾਂ ਨੇ ਹੱਦਾਂ ਸਰਹੱਦਾਂ ਦੇ ਹੱਦ ਬੰਨੇ ਟੱਪ ਕੇ ਹਰ ਚੰਗੀ ਕਲਮ ਨੂੰ ਆਪਣੀ ਬੁੱਕਲ ਵਿੱਚ ਲਿਆ ਹੈ ਜੋ ਕਿ ਇਸ ਕਿਤਾਬ ਦੇ ਸੰਪਾਦਕਾਂ ਦੀ ਵੱਡੀ ਪ੍ਰਾਪਤੀ ਹੈ। ਡਾ. ਜੀ. ਐਸ. ਆਨੰਦ, ਸ਼੍ਰੋਮਣੀ ਕਵੀ ਦਰਸ਼ਨ ਬੁੱਟਰ, ਉੱਘੇ ਆਲੋਚਕ ਡਾ ਸ਼ਿੰਦਰ ਪਾਲ ਸਿੰਘ, ਪੱਤਰਕਾਰ ਅਤੇ ਸ਼ਾਇਰ ਸੁਸ਼ੀਲ ਦੁਸਾਂਝ ਤੇ ਮੈਡਮ ਗੁਰਚਰਨ ਕੋਛੜ ਨੇ ਵੀ ਆਪਣੇ ਕੀਮਤੀ ਵਿਚਾਰ ਅਤੇ ਕਾਵਿ ਰਚਨਾਵਾਂ ਪੇਸ਼ ਕੀਤੀਆਂ। 

 


ਇਸ ਸਮਾਰੋਹ ਵਿੱਚ ਡਾ. ਰਵਿੰਦਰ ਭਾਟੀਆ ਅਤੇ ਡਾ. ਜਗਮੋਹਨ ਸੰਘਾ ਜੀ ਵੱਲੋਂ ਪੁਸਤਕ ਵਿੱਚ ਯੋਗਦਾਨ ਪਾਉਣ ਵਾਲੇ ਕਵੀ /ਕਵਿੱਤਰੀਆਂ ਅਤੇ ਹਾਜ਼ਰ ਮਹਿਮਾਨਾਂ ਨੂੰ ਖੂਬਸੂਰਤ ਲੋਈਆਂ ਤੇ ਫੁਲਕਾਰੀਆਂ ਨਾਲ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਆਏ ਪ੍ਰੋ. ਕਵਲਜੀਤ, ਆਸ਼ਾ ਸਰਮਾ, ਕੁਲਦੀਪ ਧੰਜੂ, ਮੀਨਾ ਮਹਿਰੋਕ, ਸੁਦੇਸ਼ ਮੋਦਗਿਲ, ਭਾਰਤ ਭੂਸ਼ਣ, ਜੋਬਨਰੂਪ ਕੋਰ ਛੀਨਾ, ਸ਼ਾਇਰ ਭੱਟੀ, ਹਰਪ੍ਰੀਤ, ਗੁਲਸ਼ਨ ਕੋਮਲ, ਪਰਮਜੀਤ ਕਲਾਕਾਰ, ਗੁਰਦਰਸ਼ਨ ਗੁਸੀਲ, ਰਮਨਦੀਪ ਰਮੀ, ਹਰਪ੍ਰੀਤ, ਅਮਰਜੀਤ ਕੌਂਕੇ, ਕੰਵਰ ਜਸਵਿੰਦਰ, ਸਤਪਾਲ, ਸ਼ਿਵਨਾਥ ਦਰਦੀ, ਹਰਜੀਤ ਸੱਧਰ, ਹਰਜਿੰਦਰ ਸੱਧਰ ਆਦਿ ਕਵੀ /ਕਵਿੱਤਰੀਆਂ ਨੇ ਵੀ ਹਾਜਰੀ ਲਵਾਈ। ਪ੍ਰੋ. ਕਵਲਜੀਤ ਨੇ ਮੰਚ ਸੰਚਾਲਨ ਬੜੇ ਉਮਦਾ ਤੇ ਸਾਹਿਤਕ ਅੰਦਾਜ ਵਿਚ ਕੀਤਾ। ਸਮਾਰੋਹ ਬਹੁਤ ਹੀ ਸ਼ਾਨਦਾਰ ਰਿਹਾ। ਹਰ ਕਿਸੇ ਦੇ ਦਿਲ ਵਿਚ ਇਕ ਅਨੋਖੀ ਖੁਸ਼ੀ ਸੀ। ਅੰਤ ਵਿਚ ਡਾ ਰਵਿੰਦਰ ਭਾਟੀਆ ਨੇ ਉਪਰਾਲੇ ਜਾਰੀ ਰੱਖਣ ਦਾ ਵਾਅਦਾ ਕਰਦਿਆਂ ਆਏ ਮਹਿਮਾਨਾਂ ਅਤੇ ਕਵੀਆਂ ਦਾ ਧੰਨਵਾਦ ਕੀਤਾ।  


No comments:

Post a Comment