Saturday, 7 May 2022

‘ਤੇਰਾ ਇਸ਼ਕ’, ਨਾਲ ਜ਼ਬਰਦਸਤ ਦਸਤਕ ਦਿੱਤੀ ਹੈ ਅੰਤਰਰਾਸ਼ਟਰੀ ਸੁਰੀਲੀ ਗਾਇਕਾ ਰਾਹਤ ਗੁਰਮੀਤ ਨੇ

 


ਚੰਡੀਗੜ (ਪ੍ਰੀਤਮ ਲੁਧਿਆਣਵੀ), 7 ਮਈ, 2022:
ਸਾਹਿਤ ਤੇ ਸੱਭਿਆਚਾਰਕ ਖੇਤਰ ਵਿਚ ਰਾਹਤ ਗੁਰਮੀਤ ਜਿੱਥੇ ਸੁਰੀਲੀ ਤੇ ਬੁਲੰਦ ਅਵਾਜ਼ ਦੀ ਮਲਿਕਾ ਗਾਇਕਾ ਵਜੋਂ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਗਾਇਕੀ ਦਾ ਲੋਹਾ ਮੰਨਵਾ ਚੁੱਕੀ ਹੈ, ਉਥੇ ਮਾਲਕ ਨੇ ਉਸਨੂੰ ਮਿਆਰੀ ਗੀਤਕਾਰੀ ਦਾ ਵਰਦਾਨ ਵੀ ਦਿਲ ਖੋਲਕੇ ਦੇ ਰੱਖਿਆ ਹੈ। ਆਪਣੇ ਦਮਦਾਰ ਗੀਤਾਂ ਅਤੇ ਉਚ-ਪੱਧਰੀ ਗਾਇਕੀ ਦੇ ਸਿਰ ’ਤੇ ਉਹ ਨਾ-ਸਿਰਫ ਭਾਰਤ ਦੇ ਕੋਨੇ-ਕੋਨੇ ਵਿਚ ਹੀ ਭਰਵੀਆਂ ਹਾਜ਼ਰੀਆਂ ਲਗਵਾ ਚੁੱਕੀ ਹੈ, ਬਲਕਿ ਵਿਦੇਸ਼ਾਂ ਦੀ ਧਰਤ ਦੀਆਂ ਉਡਾਣਾਂ ਵੀ ਬਾਰ ਬਾਰ ਭਰਕੇ ਪ੍ਰਵਾਸੀ ਪੰਜਾਬੀਆਂ ਦੀਆਂ ਦੁਆਵਾਂ ਵੀ ਭਰਪੂਰ ਖੱਟ ਚੁੱਕੀ ਹੈ।

          ਰਾਹਤ ਗੁਰਮੀਤ ਹੁਣ ਆਪਣੇ ਨਵੇਂ ਗੀਤ, ‘ਤੇਰਾ ਇਸ਼ਕ’ ਨਾਲ ਮੁੜ ਸਰੋਤਿਆਂ ਦੇ ਰੂ-ਬ-ਰੂ ਹੋਈ ਹੈ। ਇਹ ਗੀਤ ਵੀ ਉਸਦੀ ਆਪਣੀ ਹੀ ਕਲਮ ਦਾ ਸਿਰਜਿਆ ਗੀਤ ਹੈ। ਇਸ ਨੂੰ ਡੇਂਜਰ ਰਿਕਾਰਡ ਕੰਪਨੀ ਦੁਆਰਾ ਰਿਲੀਜ਼ ਕੀਤਾ ਗਿਆ ਹੈ। ਪ੍ਰੋਜੈਕਟ ਨੂੰ ਨੇਪਰੇ ਚਾੜਨ ਵਾਲੇ ਸਹਿਯੋਗੀਆਂ ਵਿਚ ਯਸ਼ਪਾਲ ਫੌਜੀ ਤੇ ਸਤਨਾਮ ਸ਼ੈਰੀ ਮਾਡਲ ਦਾ ਵਿਸ਼ੇਸ ਧੰਨਵਾਦ ਕੀਤਾ ਗਿਆ ਹੈ।

          ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗਾਇਕਾ ਤੇ ਗੀਤਕਾਰਾ ਰਾਹਤ ਗੁਰਮੀਤ ਨੇ ਦੱਸਿਆ ਕਿ ਇਸ ਗੀਤ ਨੂੰ ਸੰਗੀਤਕ ਛੋਹਾਂ ਨਾਲ ਸ਼ਿੰਗਾਰਦਿਆਂ ਮਿਊਜ਼ਿਕ ਡਾਇਰੈਕਟਰ ਏ ਬੀ ਕਿੰਗ ਨੇ ਅਤੇ ਇਸਦਾ ਫਿਲਮਾਂਕਣ ਕਰਦਿਆਂ ਨੰਬਰ -1 ਕਰੀਏਸ਼ਨ ਨੇ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਮਾਡਲਿੰਗ ਦੀ ਭੂਮਿਕਾ ਨਿਭਾਂਉਂਦਿਆਂ ਮਾਡਲ ਰੂਬਲ ਐਕਸ ਤੇ ਕੈਫ਼ੀ ਨੇ ਹੋਰ ਵੀ ਚਾਰ ਚੰਨ ਲਾ ਕੇ ਰੱਖ ਦਿੱਤੇ ਹਨ ਇਸ ਗੀਤ ਨੂੰ।  ਇਸ ਵਿਚ ਡੀ. ਓ. ਪੀ. ਦਾ ਰੋਲ ਸੁਖਦੇਵ ਸਿੰਘ ਤੇ ਸੋਨੂੰ ਮੋਗਾ ਵੱਲੋਂ ਵਧੀਆ ਢੰਗ ਨਾਲ ਅਦਾ ਕੀਤਾ ਗਿਆ ਹੈ, ਜਦਕਿ ਮੇਕ-ਅੱਪ ਦੀ ਭੂਮਿਕਾ ਧਰਨਾ ਮੋਗਾ ਵਲੋਂ ਨਿਭਾਈ ਗਈ ਹੈ। ਜਿਸ ਰੂਹ, ਲਗਨ, ਰੀਝ ਤੇ ਮਿਹਨਤ ਨਾਲ ਇਸ ਗੀਤ ਨੂੰ ਨੇਪਰੇ ਚਾੜਿਆ ਗਿਆ ਹੈ, ਉਸਤੋਂ ਸਰੋਤਿਆਂ ਦੀਆਂ ਆਸਾਂ-ਉਮੀਦਾਂ ਉਤੇ ਖਰਾ ਉਤਰਨ ਦੀਆਂ ਅਤੇ ਰਾਹਤ ਗੁਰਮੀਤ ਦੇ ਪਹਿਲੇ ਗੀਤਾਂ ਵਾਂਗ ਸੁਪਰ ਹਿੱਟ ਜਾਣ ਦੀਆਂ ਪੂਰਨ ਸੰਭਾਵਨਾਵਾਂ ਹਨ। ਵਾਹਿਗੁਰੂ ਰਾਹਿਤ ਗੁਰਮੀਤ ਨੂੰ ਇਸੇ ਤਰਾਂ ਪੰਜਾਬੀ ਮਾਂ-ਬੋਲੀ ਦੇ ਖਜ਼ਾਨੇ ਨੂੰ ਮਾਲੋ-ਮਾਲ ਕਰਦੇ ਰਹਿਣ ਦਾ ਅਨੰਤ ਬਲ ਬਖ਼ਸ਼ੇ, ਦਿਲੀ ਦੁਆਵਾਂ ਹਨ ਸਾਫ-ਸੁਥਰੀ ਤੇ ਮਿਆਰੀ ਗਾਇਕੀ ਦਾ ਅਨੰਦ ਮਾਣਨ ਵਾਲੇ ਲੱਖਾਂ ਕਲਾ-ਪ੍ਰੇਮੀਆਂ ਦੀਆਂ।

No comments:

Post a Comment