Tuesday, 19 April 2022

ਯਾਦਗਾਰ ਹੋ ਨਿਬੜਿਆ ਐੱਸ.ਸੀ/ਬੀ.ਸੀ. ਅਧਿਆਪਕ ਜਥੇਬੰਦੀ, ਰੂਪਨਗਰ ਵੱਲੋਂ ਬਾਬਾ ਸਾਹਿਬ ਦਾ ਮਨਾਇਆ ਗਿਆ ਜਨਮ ਦਿਨ

 


ਚੰਡੀਗੜ (ਪ੍ਰੀਤਮ ਲੁਧਿਆਣਵੀ),19 ਅਪ੍ਰੈਲ, 2022: ਬੀਤੇ ਦਿਨੀ ਐੱਸ. ਸੀ/ਬੀ. ਸੀ. ਅਧਿਆਪਕ ਜਥੇਬੰਦੀ, ਰੂਪਨਗਰ ਵੱਲੋਂ ਨਾਰੀ ਸ਼ਕਤੀ ਦੀ ਆਵਾਜ਼ ਬੁਲੰਦ ਕਰਨ, ਸੰਵਿਧਾਨ ਨਿਰਮਾਤਾ ਅਤੇ ਮਨੁੱਖਤਾ ਦੇ ਮਸੀਹਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 131ਵਾਂ ਜਨਮ ਦਿਨ ਸ਼ਹਿਨਾਈ ਪੈਲੇਸ, ਰੂਪਨਗਰ ਵਿਖੇ ਮਨਾਇਆ ਗਿਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਮੀਤ ਪ੍ਰਧਾਨ ਪੰਜਾਬ ਅਤੇ ਜਿਲਾ ਪ੍ਰਧਾਨ ਪਰਵਿੰਦਰ ਭਾਰਤੀ ਵੱਲੋਂ ਨਿਭਾਈ ਗਈ। ਪ੍ਰੋਗਰਾਮ ਦੀ ਸ਼ੁਰੁਆਤ ਵਿੱਚ ਹੀ ਭਾਰਤੀ ਵੱਲੋਂ ਬਾਬਾ ਸਾਹਿਬ ਵੱਲੋਂ ਹਰ ਵਰਗ ਲਈ ਕੀਤੇ ਗਏ ਕੰਮਾਂ ਦੀ ਜਾਣਕਾਰੀ ਸਟੇਜ ਰਾਹੀ ਬਿਆਨ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਹ ਸਾਬਿਤ ਕਰ ਰਿਹਾ ਸੀ ਕਿ ਬਾਬਾ ਸਾਹਿਬ ਇਲਾਕੇ ਦੇ ਲੋਕਾਂ ਲਈ ਬਹੁਤ ਵੱਡੇ ਆਇਕਨ ਹਨ ਅਤੇ ਲੋਕ ਉਹਨਾਂ ਦੇ ਜੀਵਨ ਅਤੇ ਕੀਤੇ ਕਾਰਜਾਂ ਬਾਰੇ ਜਾਨਣ ਲਈ ਉੱਤਸਕ ਹਨ। ਜਿੱਥੇ ਇਸ ਪ੍ਰੋਗਰਾਮ ਵਿੱਚ ਡਾ. ਇੰਦਰਜੀਤ ਕੁਮਾਰ ਵੱਲੋਂ ਸਰੋਤਿਆਂ ਨੂੰ ਬਾਬਾ ਸਾਹਿਬ ਦੁਆਰਾ ਸਮਾਜ ਦੇ ਹਰ ਵਰਗ ਨੂੰ ਦਿੱਤੇ ਅਧਿਕਾਰਾਂ ਦੀ ਬੇਸ਼ਕੀਮਤੀ ਜਾਣਕਾਰੀ ਸਾਂਝੀ ਕੀਤੀ ਗਈ, ਉੱਥੇ ਨਾਲ ਹੀ ਚੱਕ ਦੇਸ ਰਾਜ ਕਲਾ ਭਵਨ, ਫਗਵਾੜਾ ਵੱਲੋਂ ਬਾਬਾ ਸਾਹਿਬ ਦੇ ਜੀਵਨ ਅਤੇ ਸੰਘਰਸ਼ ਤੇ ਖੇਡਿਆ ਗਿਆ ਨਾਟਕ ਇੰਨਾਂ ਪ੍ਰਭਾਵਸ਼ਾਲੀ ਸਾਬਿਤ ਹੋਇਆ ਕਿ ਸਰੋਤਿਆਂ ਦੀਆਂ ਅੱਖਾਂ ਨਾਟਕ ਦੇਖਦੇ ਹੋਏ ਨਮ ਹੁੰਦੀਆਂ ਰਹੀਆਂ।  ਨਾਟਕ ਦੌਰਾਨ ਬਾਬਾ ਸਾਹਿਬ ਦੇ ਆਖਿਰੀ ਬੇਟੇ ਰਾਜ ਰਤਨ ਦੇ ਗੁਜ਼ਰਨ ਦਾ ਦਿ੍ਰਸ਼ ਦੇਖ ਜ਼ਿਆਦਾਤਰ ਲੋਕਾਂ ਦੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਸਨ ਰੁੱਕ ਰਹੇ। 

          ਪ੍ਰੋਗਰਾਮ ਦੇ ਅੰਤ ਵਿੱਚ ਹਰ ਕਿਸੇ ਦੀ ਜੁਬਾਨ ਤੇ ਇੱਕੋ ਗੱਲ ਸੀ ਕਿ ਸਾਡੇ ਅਸਲ ਰੱਬ ਬਾਬਾ ਸਾਹਿਬ ਅੰਬੇਡਕਰ ਹੀ ਹਨ, ਜਿਹਨਾਂ ਆਪਣੀ ਪੂਰੀ ਜ਼ਿੰਦਗੀ ਸ਼ੋਸ਼ਿਤ ਅਤੇ ਲਤਾੜੇ ਹੋਏ ਸਮਾਜ ਦੇ ਵਿਕਾਸ ਲਈ ਕੁਰਬਾਨ ਕਰ ਦਿੱਤੀ। ਬਾਬਾ ਸਾਹਿਬ ਸਿਰਫ ਕਿਸੇ ਖਾਸ ਵਰਗ ਜਾਂ ਧਰਮ ਦੇ ਲੀਡਰ ਨਹੀਂ, ਸਗੋਂ ਸਮੁੱਚੀ ਮਨੁੱਖਤਾ ਦੇ ਲੀਡਰ ਸਨ, ਇਹ ਸਭ ਬੁਲਾਰਿਆਂ ਅਤੇ ਨਾਟਕ ਮੰਡਲੀ ਵੱਲੋਂ ਸਟੇਜ ਰਾਹੀ ਬਹੁਤ ਹੀ ਨਿਪੁੰਨਤਾ ਨਾਲ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੌਰਾਨ ਅਧਿਆਪਕ ਵਰਗ ਵਿੱਚੋਂ ਸਮੂਹ ਲੇਖਕ ਸਾਥੀਆਂ ਅਤੇ ਉੱਘੀਆਂ ਸਖਸ਼ੀਅਤਾਂ ਦਾ ਬਾਬਾ ਸਾਹਿਬ ਦੇ ਫੋਟੋ ਅਤੇ ਸਰੌਪਾ ਦੇ ਕੇ ਸਨਮਾਨ ਕੀਤਾ ਗਿਆ। ਸ਼ਹਿਨਾਈ ਪੈਲੇਸ ਮੁਲਾਜ਼ਮਾਂ ਅਤੇ ਆਮ ਪਬਲਿਕ ਨਾਲ ਖਚਾਖਚ ਭਰਿਆ ਨਜ਼ਰੀ ਆ ਰਿਹਾ ਸੀ। ਸਮੂਹ ਹਾਜ਼ਰਿਨ ਨੇ ਜਥੇਬੰਦੀ ਨੂੰ ਹਰ ਤਰਾਂ ਦਾ ਸਹਿਯੋਗ ਦੇਣ ਦਾ ਵਾਅਦਾ ਕਰਦੇ ਹੋਏ ਅਪੀਲ ਕੀਤੀ ਕਿ ਅਗਲੇ ਸਾਲ ਇਸਤੋਂ ਵੀ ਵੱਡਾ ਪ੍ਰੋਗਰਾਮ ਉਲੀਕਿਆ ਜਾਵੇ। ਜ਼ਿਕਰਯੋਗ ਹੈ ਕਿ ਜਥੇਬੰਦੀ ਦੇ ਵਲੰਟੀਅਰਜ਼ ਵੱਲੋਂ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਹਰ ਵਿਅਕਤੀ ਦੀ ਸੁਵਿਧਾ ਦਾ ਪੂਰਨ ਧਿਆਨ ਦਿੱਤਾ ਗਿਆ ਅਤੇ ਵਲੰਟੀਅਰਜ਼ ਦਾ ਡਰੈਸ ਕੋਡ ਵੀ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸੇ ਦੌਰਾਨ ਹੀ ਬੁੱਕ ਸਟਾਲ ਅਤੇ ਫੋਟੋ ਗੈਲਰੀ ਵੀ ਲਗਾਈ ਗਈ।

No comments:

Post a Comment