Friday, 17 December 2021

ਸਿਰਕੱਢ ਸਮਾਜ-ਸੇਵਕ ਤੇ ਵਾਤਾਵਰਣ ਪ੍ਰੇਮੀ : ਹਰਜਿੰਦਰ ਸਿੰਘ (ਸਾਬਕਾ ਸਰਪੰਚ)

 


ਸਮਾਜ ਵਿਚ ਜਿਹੜੀਆਂ ਰੂਹਾਂ ਜਦੋਂ ਸਮਾਜ ਲਈ ਹਰ ਪੱਖ ਤੋਂ ਵਰਦਾਨ-ਹੀ- ਵਰਦਾਨ ਸਾਬਤ ਹੁੰਦੀਆਂ ਨਜ਼ਰੀ ਆਉਣ ਲੱਗ ਜਾਂਦੀਆਂ ਹਨ ਤਾਂ ਲੋਕ ਝੁਕ-ਝੁਕ ਸਲਾਮਾਂ ਕਰਦੇ ਉਨਾਂ ਦੇ ਕਦਮ ਚੁੰਮਣ ਤੱਕ ਜਾਂਦੇ ਹਨ। ਐਸੀਆਂ ਹਰਮਨ ਪਿਆਰੀਆਂ ਸ਼ਖਸ਼ੀਅਤਾਂ ਦੇ ਕੀਤੇ ਜਾ ਰਹੇ ਸਮਾਜ-ਸੇਵੀ ਕਾਰਜਾਂ ਦੀ ਗੱਲ ਜਿੱਥੇ ਵੀ ਛਿੜਦੀ ਹੈ ਤਾਂ ਇੰਝ ਲੱਗਦੈ ਜਿਓਂ ਓਸ ਸ਼ਖਸੀਅਤ ਨੂੰ ਓਸ ਅਕਾਲ-ਪੁਰਖ ਨੇ ਬਣਾ ਕੇ ਬਸ ਭੇਜਿਆ ਹੀ ਭਲਾਈ ਕਾਰਜਾਂ ਲਈ ਹੋਵੇ।  ਅਜਿਹੇ ਭਲੇ-ਪੁਰਸ਼ਾਂ ਦੀ ਲਿਸਟ ਵਿਚ ਆਂਉਂਦੇ ਮਾਣ-ਮੱਤੇ ਪੁਰਸ਼ਾਂ ਨੂੰ ਸਮਾਜ ਵੀ ਆਪਣੇ ਦਿਲ ਦਾ ਮੋਹ-ਪਿਆਰ, ਆਦਰ-ਸਤਿਕਾਰ ਤੇ ਅਪਣੱਤ ਬਖਸ਼ਦਾ ਅੱਖਾਂ ’ਤੇ ਬਿਠਾਉਂਦਾ ਨਹੀਂ ਥੱਕਦਾ।  ਮੇਰੀ ਮੁਰਾਦ ਹੈ, ਗੁਣਾਂ ਦੀ ਪਟਾਰੀ ਜਾਣੇ ਜਾਂਦੇ ਸ੍ਰ. ਹਰਜਿੰਦਰ ਸਿੰਘ (ਸਾਬਕਾ ਸਰਪੰਚ) ਤੋਂ। ਜਿਲਾ ਲੁਧਿਆਣਾ ਵਿਚ ਪੈਂਦੇ ਪਿੰਡ ਪੰਜੇਟਾ ਦੇ ਵਸਨੀਕ ਸ੍ਰ: ਭਾਗ ਸਿੰਘ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਗੁਰਮੇਲ ਕੌਰ ਜੀ ਦੀ ਪਾਕਿ ਕੁੱਖੋਂ 4 ਜਨਵਰੀ,1968 ਨੂੰ ਪਹਿਲੀ ਕਿਲਕਾਰੀ ਮਾਰਨ ਵਾਲੇ ਹਰਜਿੰਦਰ ਜੀ ਨੇ ਪੰਜਵੀ ਕਲਾਸ ਦੀ ਪੜਾਈ ਸ. ਪ੍ਰਾਇਮਰੀ ਸਕੂਲ ਪੰਜੇਟਾ ਵਿਖੇ, ਅੱਠਵੀ ਦੀ ਪੜਾਈ ਸ. ਮਿਡਲ ਸਕੂਲ ਪ੍ਰਤਾਪਗੜ (ਲੁਧਿਆਣਾ) ਵਿਖੇ ਅਤੇ ਦਸਵੀ ਸ. ਸੀਨੀ. ਸੈਕੰ. ਸਕੂਲ ਕੂੰਮ ਕਲਾਂ (ਲੁਧਿਆਣਾ) ਵਿਖੇ ਕਰਨ ਉਪਰੰਤ ਫਿਟਰ ਦਾ ਡਿਪਲੋਮਾ ਆਈ. ਟੀ. ਆਈ ਲੁਧਿਆਣਾ ਵਿਖੇ ਕੀਤਾ।

          ਨਿੱਤ ਅਖਬਾਰਾਂ ਦੀਆਂ ਸੁਰਖੀਆਂ ਵਿਚ ਰਹਿਣ ਵਾਲੇ ਹਰਜਿੰਦਰ ਸਿੰਘ ਜੀ ਦੇ ਸਮਾਜ-ਸੇਵੀ ਕਾਰਜਾਂ ਵੱਲ ਝਾਤ ਮਾਰਿਆਂ ਪਤਾ ਲੱਗਦਾ ਹੈ ਕਿ ਉਨਾਂ ਦੀ ਸੁਚੱਜੀ ਨਿਗਰਾਨੀ ਹੇਠ ਪਿੰਡ ਪੰਜੇਟਾ, ਹੀਰਾਂ, ਸੰਦਲਾਂ, ਗੁਰਦੁਆਰਾ ਕਟਾਣਾ ਸਾਹਿਬ, ਗੁਰਦੁਆਰਾ ਚਰਨਕੰਵਲ ਮਾਛੀਵਾੜਾ ਆਦਿ ਵਿਖੇ ਖੂਨ ਦਾਨ ਕੈਂਪ ਅਤੇ ਅੱਖਾਂ ਦੇ ਕੈਂਪ ਲਗਾਏ ਜਾ ਚੁੱਕੇ ਹਨ। ਆਪਣੇ ਪਿੰਡ ਪੰਜੇਟਾ ਦੇ ਪ੍ਰਾਇਮਰੀ ਅਤੇ ਸਰਕਾਰੀ ਮਿਡਲ ਸਕੂਲ ਦੇ ਹੋਣਹਾਰ ਬੱਚਿਆਂ ਨੂੰ ਕਈ ਬਾਰ ਸਨਮਾਨਿਤ ਕਰ ਕੇ ਉਤਸ਼ਾਹਿਤ ਕੀਤਾ ਜਾ ਚੁੱਕਾ ਹੈ। ਅਨੇਕਾਂ ਪਿੰਡਾਂ ਦੀਆਂ ਗਰੀਬ ਤੇ ਜਰੂਰਤਮੰਦ ਲੜਕੀਆਂ ਦੇ ਵਿਆਹਾਂ ਵਿੱਚ ਆਪਣੀ ਨੇਕ ਕਮਾਈ ਵਿੱਚੋਂ ਮਦਦ ਕੀਤੀ ਜਾ ਚੁੱਕੀ ਹੈ। ਤਿੰਨ ਚਾਰ ਬਾਰ ਆਪਣੇ ਇਲਾਕੇ ਦੇ 25 ਕੁ ਪਿੰਡਾਂ ਦੇ ਘੇਰੇ ਵਿਚ ਪੈਂਦੇ ਪਿੰਡਾਂ ਵਿਚ ਨੌਜਵਾਨ ਪੀੜੀ ਨੂੰ ਜਾਗਰੂਕ ਕਰਨ ਲਈ ਜਿੱਥੇ ਨਸ਼ਿਆਂ ਅਤੇ ਦਾਜ-ਦਹੇਜ ਪ੍ਰਥਾ ਖਿਲਾਫ ਰੈਲੀਆਂ ਕੱਢੀਆਂ ਗਈਆਂ ਉਥੇ ਥਾਂ-ਥਾਂ ’ਤੇ ਨਸ਼ਿਆਂ ਅਤੇ ਦਾਜ-ਦਹੇਜ ਦੇ ਖਿਲਾਫ ਸਮਾਜ-ਸੁਧਾਰਿਕ ਨਾਟਕ ਵੀ ਖੇਡੇ ਗਏ।. . ਪਿੰਡ ਕੂੰਮਕਲਾਂ, ਘੁਮੈਤ, ਭੈਣੀ ਚੀਮਾ, ਭੈਣੀ ਦੁਆਬਾ, ਭੈਣੀ ਸ਼ਾਲੂ, ਭੈਣੀ ਨੱਥੂ, ਭੈਣੀ ਗਾਹੀ, ਰਜ਼ੂਲ, ਪਿੰਡ ਸੰਘੇ ਆਦਿ ਵੱਖ-ਵੱਖ ਅਨੇਕਾਂ ਪਿੰਡਾਂ ਵਿਚ ਧੰਨ ਧੰਨ ਗੁਰੂ ਸਾਹਿਬਾਨ ਜੀ ਦੇ ਧਾਰਮਿਕ ਦਿਹਾੜਿਆਂ ਅਤੇ ਸੰਗਰਾਦ ਆਦਿ ਦਿਹਾੜਿਆਂ ’ਤੇ ਉਨਾਂ ਵੱਲੋਂ ਨਿਸ਼ਕਾਮ ਕਥਾ ਕਰਦਿਆਂ ਗੁਰੂਆਂ ਪੀਰਾਂ ਦੇ ਇਤਿਹਾਸ ਤੋਂ ਜਾਣੂ ਕਰਵਾਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜੇ ਜਾਣ ਦੇ ਸਿਰਤੋੜ ਉਪਰਾਲੇ ਕੀਤੇ ਜਾਂਦੇ ਰਹੇ।  ਇੱਥੇ ਹੀ ਬਸ ਨਹੀਂ, ਬੂਟੇ ਲਗਾਉਣੇ, ਪੰਛੀਆਂ ਦੇ ਆਲਣੇ ਲਗਾਉਣੇ ਤੇ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਉਣੇ ਆਦਿ ਕਾਰਜਾਂ ਨੂੰ ਕਰਨਾ ਵੀ ਉਹ ਆਪਣੀ ਸੇਵਾ ਦਾ ਹਿੱਸਾ ਸਮਝਦੇ ਹਨ। ਸਮਾਜ ਸੇਵਾ ਦੇ ਉਪਰੋਕਤ ਕੰਮਾਂ ਤੋ ਸੇਧ ਲੈ ਕੇ ਅੱਜ ਦੇ ਨੌਜਵਾਨ ਇਨਾਂ ਸਮਾਜ-ਸੇਵੀ ਕਾਰਜਾਂ ਵਿੱਚ ਬੇਹੱਦ ਦਿਲਚਸਪੀ ਲੈਕੇ ਆਪਣਾ ਤੇ ਸਮਾਜ ਦਾ ਭਲਾ ਕਰਨ ਵੱਲ ਨੂੰ ਤੁਰੇ ਹੋਏ ਹਨ। 

          ਪੰਜਾਬ ਸੱਚਮੁੱਚ ਹੀ ਆਪਣੀਆਂ ਪਹਿਲੇ ਵਾਲੀਆਂ ਬੁਲੰਦੀਆਂ ਵੱਲ ਵਧਦੀਆਂ ਲੀਹਾਂ ਉਤੇ ਮੁੜ ਆ ਜਾਵੇ, ਜੇਕਰ ਸਮਾਜ ਨੂੰ ਖੁਸ਼ਹਾਲ ਅਤੇ ਸਮਾਜਿਕ ਕੁਰੀਤੀਆਂ ਰਹਿਤ ਬਣਾਉਣ ਦੇ ਉਪਰਾਲੇ ਕਰ ਰਹੇ ਹਰਜਿੰਦਰ ਸਿੰਘ ਸਾਬਕਾ ਸਰਪੰਚ ਜੀ ਵਰਗੇ ਨਿੱਗਰ, ਅਗਾਂਹ-ਵਧੂ ਅਤੇ ਦੂਰ-ਅੰਦੇਸ਼ੀ ਸੋਚ ’ਤੇ ਪਹਿਰਾ ਦੇਣ ਵਾਲੇ ਸਰਪੰਚ ਪਿੰਡ ਪਿੰਡ ਜੰਮ ਪੈਣ। ਪਰ, ਅਫ਼ਸੋਸ ਕਿ ਐਸੇ ਸਰਪੰਚ ਤਲਾਸ਼ਿਆਂ ’ਤੇ ਵਿਰਲੇ-ਵਿਰਲੇ ਪਿੰਡਾਂ ’ਚ ਹੀ ਲੱਭਦੇ ਹਨ। ਬਹੁਤ ਘਾਟ ਰੜਕਦੀ ਹੈ ਇਹੋ ਜਿਹੇ ਸਮਾਜ-ਸੁਧਾਰਿਕ ਕੋਹੇਨੂਰ ਹੀਰਿਆਂ ਦੀ।

          -ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641       

ਸੰਪਰਕ : ਹਰਜਿੰਦਰ ਸਿੰਘ, 8872555001

No comments:

Post a Comment