ਉਦਘਾਟਨੀ ਸੈਸ਼ਨ ਦੇ ਮੁਕਾਬਲਿਆਂ ਵਿੱਚ ਮੇਜ਼ਬਾਨ ਕਾਲਜ ਭਾਰੂ
ਹੁਸ਼ਿਆਰਪੁਰ 1 ਦਸੰਬਰ (ਤਰਸੇਮ ਦੀਵਾਨਾ)- ਸਿੱਖ ਵਿਦਿਅਕ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪਿ੍ਰੰਸੀਪਲ ਡਾ. ਜਸਪਾਲ ਸਿੰਘ ਦੀ ਦੇਖ ਰੇਖ ਅਧੀਨ ਪੰਜਾਬ ਯੂਨੀਵਰਸਿਟੀ ਜੋਨਲ ਯੁਵਕ ਅਤੇ ਵਿਰਾਸਤੀ ਮੇਲਾ ਸ਼ਾਨੋ ਸ਼ੋਕਤ ਨਾਲ ਸ਼ੁਰੂ ਹੋ ਗਿਆ। ਇਸ ਯੁਵਕ ਮੇਲੇ ਦੇ ਉਦਘਾਟਨੀ ਸੈਸ਼ਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ। ਉਨ੍ਹਾਂ ਨਾਲ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਸਕੱਤਰ ਗੁਰਿੰਦਰ ਸਿੰਘ ਬੈਂਸ, ਗੁਰਮੇਲ ਸਿੰਘ ਗਿੱਲ, ਵੀਰਇੰਦਰ ਸ਼ਰਮਾ, ਪਿ੍ਰੰਸੀਪਲ ਜਸਪਾਲ ਸਿੰਘ, ਪਿ੍ਰੰ ਰੋਹਤਾਂਸ਼, ਪਿ੍ਰੰ. ਸੁਨੀਲ ਖੌਸਲਾ, ਪਿ੍ਰੰ ਬਲਜੀਤ ਸਿੰਘ ਹਾਜ਼ਰ ਹੋਏ। ਸਮਾਰੋਹ ਦੇ ਆਰੰਭ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ‘ਦੇਹ ਸ਼ਿਵਾ ਵਰ ਮੋਹੇ ਇਹੈ’ ਸ਼ਬਦ ਦਾ ਗਾਇਣ ਕੀਤਾ। ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਵੱਲੋਂ ਸ਼ਮ੍ਹਾਂ ਰੌਸ਼ਨ ਦੀ ਰਸਮ ਕੀਤੀ ਗਈ। ਪਿ੍ਰੰਸੀਪਲ ਡਾ. ਜਸਪਾਲ ਸਿੰਘ ਨੇ ਪੁੱਜੀਆਂ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ ਅਤੇ ਦੱਸਿਆ ਕਿ ਕਾਲਜ ਦੀ 75ਵੀਂ ਵਰ੍ਹੇਗੰਢ ‘ਤੇ ਕਰਵਾਏ ਜਾ ਰਹੇ ਇਸ ਯੂਥ ਫੈਸਟੀਵਲ ਦਾ ਮੁੱਖ ਥੀਮ ਕੁਦਰਤ ਨੂੰ ਪਿਆਰ ਤੇ ਸਤਿਕਾਰ ਕਰਨਾ ਹੈ। ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਪ੍ਰਧਾਨਗੀ ਭਾਸ਼ਨ ਵਿੱਚ ਵਿਦਿਆਰਥੀਆਂ ਨੂੰ ਅਜਿਹੀਆਂ ਸਭਿਆਚਾਰਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਖਾਲਸਾ ਕਾਲਜ ਮਾਹਿਲਪੁਰ ਸਿੱਖਿਆ ਅਤੇ ਖੇਡਾਂ ਦੇ ਨਾਲ ਨਾਲ ਅਜਿਹੀਆਂ ਸਭਿਆਚਾਰਕ ਗਤੀਵਿਧੀਆਂ ਦਾ ਕੇਂਦਰ ਬਣਕੇ ਵਿਦਿਆਰਥੀਆਂ ਦਾ ਭਵਿੱਖ ਰੁਸ਼ਨਾ ਰਿਹਾ ਹੈ। ਮੁੱਖ ਮਹਿਮਾਨ ਹਰਜਿੰਦਰ ਸਿੰਘ ਧਾਮੀ ਨੇ ਯੂਥ ਫੈਸਟੀਵਲ ਦੇ ਆਯੋਜਨ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਆਪਣੀਆਂ ਧਾਰਮਿਕ ਕਦਰਾਂ ਕੀਮਤਾਂ ਅਤੇ ਵਿਰਸੇ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਾਲਜ ਨੂੰ ਦੋ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਸਮੇਤ ਹਾਜ਼ਰ ਵੱਖ ਵੱਖ ਕਾਲਜਾਂ ਦੇ ਪਿ੍ਰੰਸੀਪਲਾਂ ਦਾ ਸਨਮਾਨ ਕੀਤਾ ਗਿਆ। ਅੱਜ ਦੇ ਉਦਘਾਟਨੀ ਸੈਸ਼ਨ ਦੌਰਾਨ ਹੋਏ ਸ਼ਬਦ/ਭਜਨ ਦੇ ਮੁਕਾਬਲਿਆਂ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਨੇ ਪਹਿਲਾ, ਸ੍ਰੀ ਗੁਰੂ ਹਰਿ ਰਾਏ ਸਾਹਿਬ ਕਾਲਜ ਚੱਬੇਵਾਲ ਨੇ ਦੂਜਾ ਅਤੇ ਬੀ.ਏ.ਐੱਮ. ਖਾਲਸਾ ਕਾਲਜ ਗੜ੍ਹਸ਼ੰਕਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ਬਦ ਗਾਇਣ ਮੁਕਾਬਲੇ ਵਿੱਚ ਖਾਲਸਾ ਕਾਲਜ ਮਾਹਿਲਪੁਰ ਨੇ ਪਹਿਲਾ ਅਤੇ ਖਾਲਸਾ ਕਾਲਜ ਗੜ੍ਹਸ਼ੰਕਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਲਾਸੀਕਲ ਸੰਗੀਤ ਵੋਕਲ ਵਿੱਚ ਖਾਲਸਾ ਕਾਲਜ ਮਾਹਿਲਪੁਰ ਨੇ ਪਹਿਲਾ, ਡੀਏਵੀ ਕਾਲਜ ਹੁਸ਼ਿਆਰਪੁਰ ਨੇ ਦੂਜਾ ਅਤੇ ਖਾਲਸਾ ਕਾਲਜ ਗੜ੍ਹਸ਼ੰਕਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸੰਤ ਸਾਧੂ ਸਿੰਘ ਕਹਾਰਪੁਰ, ਇਕਬਾਲ ਸਿੰਘ ਖੇੜਾ, ਜਗਦੀਪ ਸਿੰਘ, ਪਿ੍ਰੰ. ਕੁਲਵਿੰਦਰ ਕੌਰ, ਪਿ੍ਰੰ. ਡਾ. ਸਤਵੰਤ ਕੌਰ, ਡਾ. ਰਮੇਸ਼ ਕੁਮਾਰੀ, ਪਿ੍ਰੰ ਡਾ, ਅਨੀਤਾ ਕੁਮਾਰੀ, ਪ੍ਰਬੰਧਕੀ ਸਕੱਤਰ ਪ੍ਰੋ ਜਸਵਿੰਦਰ ਸਿੰਘ, ਡਾ. ਰਾਕੇਸ਼ ਕੁਮਾਰ ਆਦਿ ਸਮੇਤ ਵੱਖ ਵੱਖ ਕਾਲਜਾਂ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ। ਮੰਚ ਦੀ ਕਾਰਵਾਈ ਡਾ. ਜੇ ਬੀ ਸੇਖੋਂ ਅਤੇ ਪ੍ਰੋ ਬਿਮਲਾ ਜਸਵਾਲ ਨੇ ਨਿਭਾਈ।
No comments:
Post a Comment