ਗੁਰਮਤਿ ਸਿਧਾਂਤਾਂ ’ਤੇ ਪਹਿਰਾ ਦੇ ਰਹੇ, ਪੰਜਾਬ ਦੇ ਸਰਹੱਦੀ ਖੇਤਰ ਗੁਰਦਾਸਪੁਰ ਵਿੱਚ ਪੈਂਦੇ ਪਿੰਡ ਮਹਿਮਾ ਚੱਕ ਦੇ ਜੰਮਪਲ ਸਾਹਿਤਕਾਰ, ਅਦਾਕਾਰ ਅਤੇ ਸੁਰੀਲੀ ਅਵਾਜ਼ ਦੀ ਮਲਿਕਾ ਬੀਬੀ ਕੰਵਲਜੀਤ ਕੌਰ ਗੁਰਦਾਸਪੁਰੀ ਸਾਹਿਤਕ ਅਤੇ ਸੰਗੀਤਕ ਖੇਤਰ ਦਾ ਜਾਣਿਆ-ਪਛਾਣਿਆ ਸਿਰਮੌਰ ਹਸਤਾਖਰ ਹਨ। ਅਗਾਹਵਧੂ ਸੋਚ ਦੇ ਧਾਰਨੀ ਪਿਤਾ ਸ: ਲਾਲ ਸਿੰਘ ਅਤੇ ਮਾਤਾ ਸ੍ਰੀਮਤੀ ਕੁਲਦੀਪ ਕੌਰ ਜੀ ਦੀ ਲਾਡਲੀ ਕੰਵਲਜੀਤ ਕੌਰ ਗੁਰਦਾਸਪੁਰੀ ਆਪਣਾ ਨਾਇਕ, ਬਾਣੀ ਦੇ ਰਸੀਏ ਅਤੇ ਬਲੰਦ ਅਵਾਜ ਦੇ ਮਾਲਕ ਆਪਣੇ ਪਿਤਾ ਜੀ ਨੂੰ ਹੀ ਮੰਨਦੇ ਹਨ। ਬਚਪਨ ਤੋਂ ਹੀ ਬਹੁਤ ਗੰਭੀਰ ਸੂਝ-ਬੂਝ ਵਾਲੀ ਮੁਟਿਆਰ ਕੰਵਲਜੀਤ ਕੌਰ ਜੀ ਨੇ ਨੌਂਵੀਂ ਜਮਾਤ ਵਿੱਚ ਪੜਦਿਆਂ ਮਾਸਟਰ ਤਾਰਾ ਸਿੰਘ ਜੀ ਦੀ ਪ੍ਰੇਰਨਾ ਸਦਕਾ ਅੰਮਿਰਤਪਾਨ ਕੀਤਾ। ਸਾਦਗੀ, ਨਿਮਰਤਾ, ਭੋਲੇਪਨ ਤੇ ਸਿਆਣਪ ਦੀ ਇਹ ਮੂਰਤ ਜੋ ਸਕੂਲ ਅਤੇ ਕਾਲਜਾਂ ਵਿੱਚ ਹੈੱਡ-ਗਰਲ ਵੀ ਰਹੇ ਹਨ, ਵਿੱਦਿਅਕ ਯੋਗਤਾ ਪੱਖੋਂ ਐਮ. ਏ. (ਪੰਜਾਬੀ), ਬੀ. ਐੱਡ ਹਨ।
ਇਕ ਮੁਲਾਕਾਤ ਦੌਰਾਨ ਕੰਵਲਜੀਤ ਕੌਰ ਗੁਰਦਾਸਪੁਰੀ ਜੀ ਨੇ ਦੱਸਿਆ ਕਿ ਉਨਾਂ ਨੇ 2009 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਥਫੈਸਟੀਵਲ ਮੁਕਾਬਲਿਆਂ ਦੌਰਾਨ ਲੋਕ ਗੀਤਾਂ ਵਿਚ ਤੀਜਾ ਅਤੇ ਸਵੈ-ਰਚਿਤ ਕਵਿਤਾ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ। 2010 ਵਿੱਚ ਲੋਕ ਕਲਾ ਪਰਦਰਸ਼ਨੀ ਵਿੱਚ ਵੀ ਇਨਾਮ ਹਾਸਿਲ ਕੀਤਾ। ਪੜਾਈ ਉਪਰੰਤ ਆਪ 11 ਸਾਲ ਤੋਂ ਉਹ ਕਲਗੀਧਰ ਟਰੱਸਟ ਬੜੂ ਸਾਹਿਬ ਵਿੱਚ ਅਧਿਆਪਨ ਕਿੱਤੇ ਨਾਲ ਜੁੜੇ ਹੋਏ ਹਨ। ਉਹਨਾਂ ਨੇ ਅਕਾਲ ਅਕੈਡਮੀ ਕਾਲੇਕੇ, ਅਕਾਲ ਅਕੈਡਮੀ ਬੜੂ ਸਾਹਿਬ ਵਿਖੇ ਬਤੌਰ ਅਧਿਆਪਕਾ ਦੀ, ਅਕਾਲ ਅਕੈਡਮੀ ਰਾਮਸਿੰਘਪੁਰ 59 ਜੀ.ਬੀ (ਰਾਜਸਥਾਨ) ਅਤੇ ਅਕਾਲ ਅਕੈਡਮੀ ਮਧੀਰ (ਮੁਕਤਸਰ) ਵਿੱਖੇ ਬਤੌਰ ਪ੍ਰਿੰਸੀਪਲ ਸੇਵਾ ਨਿਭਾਈ। ਹੁਣ ਉਹ ਅਕਾਲ ਅਕੈਡਮੀ ਵਛੋਆ ਵਿਖੇ ਵਾਈਸ ਪ੍ਰਿੰਸੀਪਲ ਦੀ ਸੇਵਾ ਨਿਭਾ ਰਹੇ ਹਨ। ਕੰਵਲਜੀਤ ਕੌਰ ਜੀ ਨੇ ਕਿਹਾ, ‘‘ਕੁਝ ਸਮਾਂ ਪਹਿਲਾਂ ਹੀ ਮੇਰਾ ਰਾਬਤਾ ਪੰਥ ਦੇ ਮਹਾਨ ਰਾਗੀ ਭਾਈ ਸਾਹਿਬ ਭਾਈ ਬਰਿੰਦਰ ਸਿੰਘ ਗੁਰਦਾਸਪੁਰੀ ਜੀ ਨਾਲ ਹੋਇਆ ਹੈ। ਉਹ ਸਤਿਕਾਰਯੋਗ ਸ਼ਖਸੀਅਤ ਮੇਰੇ ਉਸਤਾਦ ਜੀ ਮੈਨੂੰ ਸਿੱਖਿਆ ਦੇ ਰਹੇ ਹਨ।’’
ਇਸ ਤੋਂ ਇਲਾਵਾ ਇਸਤਰੀ ਲਿਖਾਰੀ ਮੰਚ ਗੁਰਦਾਸਪੁਰ ਜ਼ਿਲੇ ਦੇ ਪ੍ਰਧਾਨ ਕੰਵਲਜੀਤ ਕੌਰ ਗੁਰਦਾਸਪੁਰੀ ਜੀ ਨੇ ਜਿੱਥੇ ਅੰਮਿਰਤਪਾਲ ਬਿੱਲਾ ਜੀ ਨਾਲ, ਪੰਜਾਬੀ ਫਿਲਮ, ‘ਲਾਈਫ ਆਫ ਸਿੱਖ’ ਅਤੇ ‘ਵਿਸਾਖੀ’ ਵਿਚ ਕੰਮ ਕੀਤਾ, ਉਥੇ ਇੰਟਰਨੈਸ਼ਨਲ ਪੱਧਰ ’ਤੇ ਕਰਵਾਏ ਗਏ ਕਵੀ ਦਰਬਾਰ, ‘ਕੂੰਜਾਂ ਦੀ ਪਰਵਾਜ’ ਲਿਖਾਰੀ ਸਭਾ ਸਿਆਟਲ ਅਮਰੀਕਾ, ਇੰਟਰਨੈਸ਼ਨਲ ਸਰਬ ਸਾਂਝਾ ਕਵੀ ਦਰਬਾਰ ਟਰਾਂਟੋ ਕੈਨੇਡਾ, ਸਾਂਝੀ ਆਵਾਜ਼ ਰੇਡੀਓ ਮੈਲਬੌਰਨ ਆਸਟ੍ਰੇਲੀਆ, ਪੱਕੀਆਂ ਥਾਂਵਾਂ ਪਾਕਿਸਤਾਨ ਆਦਿ ਵਿੱਚ ਵੀ ਭਾਗ ਲੈ ਕੇ ਸਭ ਦੇ ਮਨਾਂ ਤੇ ਅਮਿੱਟ ਛਾਪ ਛੱਡੀ ਹੈ। ਜ਼ਿਕਰਯੋਗ ਹੈ ਕਿ ਕੰਵਲਜੀਤ ਕੌਰ ਗੁਰਦਾਸਪੁਰੀ ਜੀ ਨੇ ਨਾ-ਸਿਰਫ਼ ਧਾਰਮਿਕ ਅਤੇ ਸਮਾਜ ਲਈ ਸੇਧਆਤਮਕ ਰਚਨਾਵਾਂ ਹੀ ਰਚੀਆਂ ਹਨ, ਬਲਕਿ ਚਲੰਤ ਮਾਮਲਿਆਂ ਦੀ ਗੱਲ ਕਰਦਿਆਂ ਕਿਸਾਨੀ ਮੁੱਦਿਆਂ ’ਤੇ ਨਿਡੱਰ ਹੋ ਕੇ ਨਾਦਰਸ਼ਾਹੀ ਸਰਕਾਰਾਂ ਦੇ ਫੁਰਮਾਨਾਂ ਨੂੰ ਖੁੱਲ ਕੇ ਲਾਹਨਤਾਂ ਵੀ ਪਾਈਆਂ ਹਨ। ਉਨਾਂ ਨੇ ਹਮੇਸਾਂ ਹੱਕ ਸੱਚ ਤੇ ਇਨਸਾਫ ਲਈ ਲਿਖਿਆ ਹੈ। ਕਿਸਾਨੀ ਸੰਘਰਸ਼ ਦੇ ਹਿੱਤ ਵਿਚ, ‘ਜੀਹਨੇ ਤੇਰੇ ਮੂੰਹ ਦੇ ਵਿਚ ਪਾਉਣੀ ਬੁਰਕੀ, ਉਨਾਂ ਦੇ ਹੱਕਾਂ ਦਾ ਕਾਹਤੋਂ ਘਾਣ ਕੀਤਾ ਏ’ ਇੰਗਲੈਂਡ ਦੀ ਕੰਪਨੀ ਗੋਲਡ ਰਿਕਾਰਡਜ ਵੱਲੋਂ ਰਿਲੀਜ ਕੀਤਾ ਗਿਆ ਕੰਵਲਜੀਤ ਕੌਰ ਗੁਰਦਾਸਪੁਰੀ ਜੀ ਦੀ ਆਪਣੀ ਕਲਮ ਦਾ ਲਿਖਿਆ ਅਤੇ ਆਪਣੀ ਆਵਾਜ਼ ਵਿਚ ਰਿਕਾਰਡ ਗੀਤ ਖ਼ੂਬ ਚਰਚਾ ਵਿਚ ਹੈ।
ਕੰਵਲਜੀਤ ਕੌਰ ਜੀ ਦੀਆ ਰਚਨਾਵਾਂ ਨੂੰ ਜਿੱਥੇ ਅਜੀਤ, ਪੰਜਾਬ ਨਾਓ ਟੀਵੀ, ਲਿਸ਼ਕਾਰਾ ਟਾਈਮਜ, ਵਰਡਲਜ ਪੰਜਾਬੀ ਟਾਈਮਜ, ਸਾਂਝ -ਸਵੇਰਾ, ਨਿਰਪੱਖ ਆਵਾਜ, ਪਿੰਡੋਂ ਆਈਆਂ ਡਾਕਾ, ਕਲਮਾਂ ਦਾ ਕਾਫਲਾ, ਵਰਲਡ ਪੀਸ ਮਿਸ਼ਨ, ਪੰਜਾਬੀ ਸਾਂਝ ਜਰਮਨੀ, ਸ਼ਬਦ ਕਾਫਲਾ ਪੁਰਤਗਾਲ ਆਦਿ ਦੇਸ਼-ਵਿਦੇਸ਼ ਦੀਆਂ ਅਖ਼ਬਾਰਾਂ ਤੇ ਮੈਗਜੀਨਾਂ ਵਿੱਚ ਵਿਸੇਸ ਥਾਂ ਮਿਲ ਚੁੱਕੀ ਹੈ ਉਥੇ, ‘ਅਹਿਸਾਸਾਂ ਦੀ ਸਾਂਝ’, ‘ਸਾਂਝ ਦਿਲਾਂ ਦੀ’, ‘ਮਿੱਟੀ ਦੇ ਬੋਲ’ ਨਾਂ ਦੀਆਂ ਸਾਂਝੀਆਂ ਪ੍ਰਕਾਸ਼ਨਾਵਾਂ ਵਿਚ ਵੀ ਉਨਾਂ ਸ਼ਮੂਲੀਅਤ ਕੀਤੀ ਹੈ। ਹੁਣ ਉਹ ਜਲਦੀ ਹੀ ਆਪਣਾ ਮੌਲਿਕ ਕਾਵਿ-ਸੰਗ੍ਰਹਿ ਪਾਠਕਾਂ ਲਈ ਲੈ ਕੇ ਹਾਜ਼ਰ ਹੋ ਰਹੇ ਹਨ। ਕੰਵਲਜੀਤ ਕੌਰ ਗੁਰਦਾਸਪੁਰੀ ਜੀ ਇੱਥੋਂ ਤੱਕ ਦਾ ਮੁਕਾਮ ਹਾਸਲ ਕਰਨ ਦਾ ਸਿਹਰਾ ਹਰ ਪਲ ਸਾਥ ਦੇਣ ਵਾਲੇ ਆਪਣੇ ਜੀਵਨ-ਸਾਥੀ ਸ. ਹਰਮੀਤ ਸਿੰਘ ਤੇ ਪਰਿਵਾਰ ਸਿਰ ਦੇਣ ਦੇ ਨਾਲ-ਨਾਲ ਸਾਹਿਤਕ ਖੇਤਰ ਦੀਆਂ ਆਪਣੇ ਨਾਲ ਵਿਚਰ ਰਹੀਆਂ ਮੈਡਮ ਗੁਰਜੀਤ ਕੌਰ ਅਜਨਾਲਾ, ਸਰਬਜੋਤ ਕੌਰ, ਤੇਜੀ 34 ਵਾਲਾ, ਨਦੀਮ ਅਫਜ਼ਲ, ਨਵਰਾਜ ਸਿੰਘ ਸੰਧੂ, ਗਗਨਦੀਪ ਕੌਰ ਧਾਲੀਵਾਲ, ਕੁਲਜੀਤ ਕੌਰ ਗਜ਼ਲ, ਬਲਿਹਾਰ ਸਿੰਘ ਲੇਹਿਲ, ਦੁੱਖ ਭੰਜਨ, ਜਸਵਿੰਦਰ ਕੌਰ ਜੱਸੀ, ਰਮਿੰਦਰ ਕੌਰ ਰੰਮੀ ਤੇ ਹਰਮੀਤ ਕੌਰ ਮੀਤ ਵਰਗੀਆਂ ਸ਼ਖ਼ਸੀਅਤਾਂ ਦੇ ਸਿਰ ਦਿੰਦੇ ਹੋਏ ਉਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕਰਦੇ ਹਨ। ਸਾਹਿਤਿਕ ਜਗਤ ਵਿੱਚ ਲਗਾਤਾਰ ਵੱਡਮੁੱਲਾ ਯੋਗਦਾਨ ਪਾ ਰਹੇ ਬਹੁ ਕਲਾਵਾਂ ਦੇ ਸੁਮੇਲ ਮੁਟਿਆਰ ਕੰਵਲਜੀਤ ਕੌਰ ਜੀ ਨੂੰ ਮਾਲਕ ਮੰਜ਼ਲਾਂ ਤਹਿ ਕਰਦਿਆਂ ਸਰਗਰਮ ਕਦਮੀਂ ਤੁਰੇ ਰਹਿਣ ਦਾ ਅਸ਼ੀਰਵਾਦ ਤੇ ਬਲ ਬਖਸ਼ਦੇ ਰਹਿਣ ! ਆਮੀਨ ! -ਪ੍ਰੀਤਮ ਲੁਧਿਆਣਵੀ), (ਚੰਡੀਗੜ), 9876428641
ਸੰਪਰਕ : ਕੰਵਲਜੀਤ ਕੌਰ ਗੁਰਦਾਸਪੁਰੀ, ਮਹਿਮਾ ਚੱਕ/ ਫਤਿਹ ਵਾਲੀ ਗੁਰਦਾਸਪੁਰ, 9915986343
No comments:
Post a Comment