Friday, 17 September 2021

ਬੀਬੀ ਜਗੀਰ ਕੌਰ ਨੇ ਅਮੀਰ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ’ਤੇ ਵਧਾਈ ਦਿੱਤੀ


ਅੰਮਿ੍ਤਸਰ 17 ਸਤੰਬਰ (ਖ਼ਬਰਸਾਰ ਪੰਜਾਬ ਬਿਊਰੌ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ. ਅਮੀਰ ਸਿੰਘ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਨ ’ਤੇ ਵਧਾਈ ਦਿੱਤੀ ਹੈ। ਉਨਾਂ ਆਖਿਆ ਕਿ ਪਾਕਿਸਤਾਨ ਅੰਦਰ ਸਿੱਖਾਂ ਦੇ ਇਤਿਹਾਸਕ ਮਹੱਤਵ ਵਾਲੇ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਮੌਜੂਦ ਹਨ। ਜਿਨਾਂ ਦੀ ਸੇਵਾ-ਸੰਭਾਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ। ਇਨਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵੀ ਮੌਜੂਦ ਹੈ, ਜਿਸ ਨਾਲ ਪੂਰੇ ਵਿਸ਼ਵ ਦੀਆਂ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ। ਉਨਾਂ ਕਿਹਾ ਕਿ ਸਿੱਖਾਂ ਦੇ ਇਨਾਂ ਅਸਥਾਨਾਂ ਦੀ ਪ੍ਰਬੰਧਕੀ ਸੰਸਥਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਵੱਡੀ ਜ਼ੁੰਮੇਵਾਰੀ ਹੈ, ਜਿਸ ’ਤੇ ਸ. ਅਮੀਰ ਸਿੰਘ ਨੂੰ ਕਾਰਜ ਕਰਨ ਦਾ ਗੁਰੂ ਸਾਹਿਬ ਨੇ ਮੌਕਾ ਦਿੱਤਾ ਹੈ। ਉਨਾਂ ਆਸ ਪ੍ਰਗਟਾਈ ਕਿ ਸ. ਅਮੀਰ ਸਿੰਘ ਗੁਰਦੁਆਰਾ ਸਾਹਿਬਾਨ ਦਾ ਪੰਥਕ ਮਰਯਾਦਾ ਅਨੁਸਾਰ ਪ੍ਰਬੰਧ ਕਰਨ ਦੇ ਨਾਲ-ਨਾਲ ਪਾਕਿਸਤਾਨ ਅੰਦਰ ਵੱਸਦੇ ਘੱਟਗਿਣਤੀ ਸਿੱਖਾਂ ਦੇ ਮਸਲਿਆਂ ਸਬੰਧੀ ਵੀ ਸੰਜੀਦਾ ਪਹੁੰਚ ਅਪਨਾਉਂਦੇ ਰਹਿਣਗੇ ਅਤੇ ਪੂਰੇ ਵਿਸ਼ਵ ਵਿਚ ਵੱਸਦੀਆਂ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਸੇਵਾ ਨਿਭਾਉਣਗੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸ. ਵਿਕਾਸ ਸਿੰਘ ਨੂੰ ਵੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨਿਯੁਕਤ ਹੋਣ ’ਤੇ ਮੁਬਾਰਕਬਾਦ ਦਿੱਤੀ। ਉਨਾਂ ਕਿਹਾ ਕਿ ਸਿੱਖ ਕੌਮ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਵਿਚਲੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਲਈ ਕਾਰਜਸ਼ੀਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਰ ਤਰਾਂ ਦਾ ਸਹਿਯੋਗ ਕਰਦੀ ਰਹੇਗੀ। ਇਸੇ ਦੌਰਾਨ ਬੀਬੀ ਜਗੀਰ ਕੌਰ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਸਤਵੰਤ ਸਿੰਘ ਵੱਲੋਂ ਨਿਭਾਈਆਂ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ।

No comments:

Post a Comment