Saturday, 26 June 2021

ਉਡਾਰੀ ਮਾਰ ਗਏ, ਕਲਮ ਦੇ ਬਾਦਸ਼ਾਹ, ਸਾਬਕਾ ਮੰਤਰੀ ਤੇ ਡਿਪਟੀ ਸਪੀਕਰ ਗੁਲਜ਼ਾਰ ਸਿੰਘ ਗੁਰੂ ਜੀ

 

ਪੰਜਾਬ ਦੇ ਮਾਲਵਾ ਖਿੱਤੇ ਦੇ ਛੋਟੇ ਜਿਹੇ ਪਿੰਡ ਲਹਿਰਾ ਖਾਨਾ ਦੇ ਜੰਮਪਲ ਗੁਲਜ਼ਾਰ ਸਿੰਘ ਗੁਰੂ ਜੀ ਸੰਖੇਪ ਜਿਹੀ ਬੀਮਾਰੀ ਪਿੱਛੋਂ 23 ਜੂਨ ਦੀ ਰਾਤ ਨੂੰ 8-30 ਵਜੇ ਦੇ ਕਰੀਬ ਆਪਣੀ ਦੁਨਿਆਵੀ ਯਾਤਰਾ ਪੂਰੀ ਕਰਨ ਪਿੱਛੋਂ ਪਰਿਵਾਰ ਨੂੰ ਰੋਂਦੇ ਕੁਰਲਾਂਉਂਦਿਆਂ ਛੱਡ ਕੇ ਲੰਮੀ ਉਡਾਰੀ ਮਾਰ ਗਏ। ਸਾਹਿਤਕ ਤੇ ਰਾਜਨੀਤਿਕ ਹਲਕਿਆਂ ਵਿਚ ਇਹ ਦੁਖਦਾਇਕ ਖ਼ਬਰ ਜੰਗਲ ਦੀ ਅੱਗ ਦੀ ਤਰਾਂ ਫੈਲ ਗਈ। ਜ਼ਿਕਰ ਯੋਗ ਹੈ ਕਿ ਗੁਰੂ ਜੀ ਇਕ ਐਸੀ ਮਿਕਨਾਤੀਸੀ ਸਖ਼ਸ਼ੀਅਤ ਸਨ ਜਿਨਾਂ ਨੂੰ ਕਿ ਐਮ. ਏ. ਦੀ ਪੜਾਈ ਦੌਰਾਨ ਹੀ ਇਨਕਲਾਬੀ ਹਵਾ ਲੱਗ ਗਈ ਸੀ ਅਤੇ ਓਸ ਹਵਾ ਨੇ ਜਿੱਥੇ ਉਨਾਂ ਹੱਥ ਨਰੋਈ ਕਲਮ ਫੜਾ ਦਿੱਤੀ ਸੀ, ਉਥੇ ਸ਼ੇਰਾਂ ਵਰਗੀ ਗਰਜ਼ਵੀ ਅਵਾਜ਼ ਵੀ ਮਾਲਕ ਨੇ ਉਨਾਂ ਨੂੰ ਦਿੱਤੀ। ਜੋਸ਼ੀਲੀਆਂ ਰਚਨਾਵਾਂ ਸਿਰਜ ਕੇ ਸਟੇਜਾਂ ਉਤੇ ਜਦ ਉਹ ਬੋਲਦੇ ਤਾਂ ਇਕ ਬਾਰ ਤਾਂ ਸਰੋਤਿਆਂ ਦਾ ਖ਼ੂਨ ਗਰਮਾ ਕੇ ਰੱਖ ਦਿੰਦੇ। ਫਿਰ, ਅਚਾਨਕ ਸਮਾਂ ਬਦਲਿਆ ਤਾਂ ਆਪ ਕਿਸੇ ਰੂਹਾਨੀਅਤ ਦੀ ਧਾਰਮਿਕ ਸਖ਼ਸ਼ੀਅਤ ਦੇ ਲੜ ਲੱਗ ਗਏ। ਰੂਹਾਨੀਅਤ ਦੇ ਮਾਰਗ ਨੂੰ ਸਮਝਦਿਆਂ ਦੱਬੇ ਕੁਚਲੇ, ਨਿਮਾਣੇ-ਨਿਤਾਣੇ ਅਤੇ ਨਿਆਸਰੇ ਵਰਗ ਪ੍ਰਤੀ ਹੋਰ ਵੀ ਕਹਿਰਾਂ ਦਾ ਮੋਹ-ਅਪਣੱਤ, ਦਯਾ ਤੇ ਹਮਦਰਦਰੀ ਜਾਗ ਉਠੀ। ਕਲਮ ਨੂੰ ਹੋਰ ਵੀ ਵੰਨ-ਸਵੰਨੇ ਵਿਸ਼ੇ ਮਿਲਣ ਲੱਗੇ। 

      ਸਾਹਿਤਕ ਖੇਤਰ ਵਿਚ ਜਿੱਥੇ ਗੁਰੂ ਜੀ, ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਦੀਆਂ, ‘ਕਲਮਾਂ ਦਾ ਸਫਰ', ‘ਟੈਲੀਫੂਨ ਡਾਇਰੈਕਟਰੀ' ਅਤੇ ‘ਰੰਗ-ਬਰੰਗੀਆਂ ਕਲਮਾਂ' ਆਦਿ ਸਮੇਤ ਦਰਜਨਾਂ ਸਾਂਝੀਆਂ ਪੁਸਤਕਾਂ ਦਾ ਸ਼ਿੰਗਾਰ ਬਣੇ, ਉਥੇ ਉਨਾਂ ਨੇ ‘ਨੂਰ ਨਿਰੰਕਾਰ', ‘ਨਵੀਂ ਰੋਸ਼ਨੀ' ਅਤੇ ‘ਨੂਰੀ ਰਿਸ਼ਮਾਂ' ਨਾਂਓਂ ਦੀਆਂ ਤਿੰਨ ਮੌਲਿਕ ਪੁਸਤਕਾਂ ਵੀ ਸਾਹਿਤ ਦੀ ਝੋਲੀ ਪਾਉਣ ਦਾ ਉਪਰਾਲਾ ਕੀਤਾ।  ਇਨਾਂ ਤਿੰਨੋਂ ਹੀ ਪੁਸਤਕਾਂ ਦੇ ਪੰਜਾਬੀ ਦੇ ਨਾਲ-ਨਾਲ ਹਿੰਦੀ ਅਤੇ ਅੰਗ੍ਰੇਜ਼ੀ ਭਾਸ਼ਾਵਾਂ ਵਿਚ ਵੀ ਉਲੱਥੇ ਕਰਵਾਏ। ਇਹ ਤਿੰਨੋਂ ਹੀ ਪੁਸਤਕਾਂ ਨੂੰ ਰਿਲੀਜ ਕਰਨ ਲਈ ਇਸ ਸੰਸਥਾ ਵੱਲੋ 4 ਅਪ੍ਰੈਲ 2020 ਦੀ ਮਿਤੀ ਵੀ ਫਿਕਸ ਕਰ ਲਈ ਗਈ ਸੀ, ਪਰ ਉਨਾਂ ਹੀ ਦਿਨਾਂ ਵਿਚ ਅਚਾਨਕ ਕਰੋਨਾ ਮਹਾਂਮਾਰੀ ਦੀ ਆਫ਼ਤ ਆ ਗਈ, ਜਿਸ ਦੀ ਚੱਲਦੀ ਚਾਲ ਨੇ ਅੱਜ ਤੱਕ ਰਿਲੀਜ਼ ਦਾ ਸਬੱਬ ਹੀ ਨਹੀ ਬਣਨ ਦਿੱਤਾ।   ਵਰਣਨ ਯੋਗ ਹੈ ਕਿ ‘ਨੂਰੀ ਰਿਸ਼ਮਾਂ' ਬਾਰੇ ਸੁਪ੍ਰਸਿੱਧ ਕਹਾਣੀਕਾਰ ਸਵ: ਸ੍ਰ. ਪ੍ਰੇਮ ਗੋਰਖੀ ਜੀ ਨੇ ਲਿਖਿਆ ਹੈ, ‘‘ਬੜੀ ਉਚਤਮ ਦਰਜੇ ਦੀ ਲਿਖੀ ਹੋਈ ਇਹ ਪੁਸਤਕ ਸਾਨੂੰ ਪੈਰ-ਪੈਰ ’ਤੇ  ਗੁਰੂਆਂ, ਸੰਤਾਂ ਅਤੇ ਉਚ ਪਾਏ ਦੇ ਧਾਰਮਿਕ ਮਹਾਂ-ਪੁਰਸ਼ਾਂ ਦੀ ਬਾਣੀ ਤੋਂ ਜਾਣੂ ਕਰਵਾਉਂਦੀ ਹੋਈ ਮੁਸ਼ਕਲਾਂ ਤੋਂ ਨਿਕਲਣ ਦਾ ਰਾਹ ਦੱਸਦੀ ਹੈ।''  ਜਗਦੀਸ਼ ਸਿੰਘ ਖ਼ੁਸ਼ਦਿਲ ਜੀ ਲਿਖਦੇ ਹਨ, ‘‘ਲਿਖਣ-ਸ਼ੈਲੀ ਸਾਦੀ ਅਤੇ ਭੋਲ਼ੀ ਹੈ ਜੋ ਸੁਤੇ-ਸਿੱਧ ਹੀ ਪਾਠਕਾਂ ਨੂੰ ਮੰਤਰ-ਮੁਗਧ ਕਰਨ ਦੀ ਸਮਰੱਥਾ ਰੱਖਦੀ ਹੈ।''  ਸਾਹਿਤ ਦੇ ਪਿਤਾਮਾ ਸ੍ਰੀ ਸਿਰੀ ਰਾਮ ਅਰਸ਼ ਜੀ ਨੇ ‘ਨਵੀਂ ਰੋਸ਼ਨੀ' ਬਾਰੇ ਲਿਖਿਆ ਹੈ, ‘‘ਗੁਲਜ਼ਾਰ ਸਿੰਘ ਗੁਰੂ ਨਿਰੰਕਾਰ ਦੇ ਪ੍ਰਗਟਾਏ ਰਾਹਾਂ ਅਤੇ ਸਿਧਾਂਤਾਂ ਉਪਰ ਹੂ-ਬ-ਹੂ ਅਮਲ ਕਰਨ ਵਾਲਾ ਕਵੀ ਹੈ।''  ਇਸ ਤਰਾਂ ਇਨਾਂ ਉਚ ਕਲਮੀ-ਸਖ਼ਸ਼ੀਅਤਾਂ ਨੇ ਪੂਰਾ ਇਨਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਗੁਰੂ ਜੀ ਦੀ ਕਲਮ ਅਤੇ ਜ਼ਿੰਦਗੀ ਦੀ ਅਸਲ ਸੋਚ ਨਾਲ। ਇਵੇਂ ਹੀ ਮਿਆਰੀ ਹਨ ਉਨਾਂ ਦੀਆਂ ਦੂਜੀਆਂ ਦੋ ਪੁਸਤਕਾਂ।   

       ਇਨਸਾਨਾ ’ਚੋਂ ਇਨਸਾਨ, ਰੁਹਾਨੀਅਤ ਦੇ ਮਾਰਗ ਦੇ ਪਾਂਧੀ, ਸੱਚ ਉਤੇ ਪਹਿਰਾ ਦੇਣ ਵਾਲੇ ਗੁਰੂ ਜੀ ਇਕ ਐਸੀ ਅਨੂਪਮ ਮੂਰਤ ਸਨ, ਜਿਨਾਂ ਦੇ ਬੁੱਲਾਂ ਉਤੇ ਦਇਆ ਭਰੀ ਮੁਸਕਾਨ, ਚਿਹਰੇ ਉਤੇ ਸ਼ਾਂਤੀ ਭਰਿਆ ਤੇਜ਼, ਰੂਹਾਨੀ ਜਲਾਲ ਅਤੇ ਚਮਕ-ਦਮਕ, ਦੀਦਾਰ ਕਰਨ ਵਾਲੇ ਦੀ ਭੁੱਖ ਲਾਹ ਕੇ ਰੱਖ ਦਿੰਦੀ ਸੀ। ਆਪ ਜਿੱਥੇ ਵੀ ਬਹਿੰਦੇ-ਉਠਦੇ ਅਤੇ ਖੜਦੇ ਸਨ, ਆਪ ਦੀ ਗੱਲਬਾਤ ਧਾਰਮਿਕਤਾ ਤੋਂ ਸ਼ੁਰੂ ਹੋ ਕੇ ਧਾਰਮਿਕਤਾ ਤੇ ਹੀ ਖਤਮ ਹੁੰਦੀ ਸੀ। ਇਕ ਗਰੀਬ ਪਰਿਵਾਰ ਵਿਚੋਂ ਉਠ ਕੇ ਐਮ. ਏ. ਅਤੇ ਐਲ ਐਲ. ਬੀ. ਦੀਆਂ ਡਿਗਰੀਆਂ ਹਾਸਲ ਕਰਨੀਆਂ ਗੁਰੂ ਜੀ ਦੇ ਮਿਹਨਤੀ, ਤਪੱਸਵੀ, ਸ੍ਰਿੜੀ ਅਤੇ ਦ੍ਰਿੜ ਇਰਾਦੇ ਵਾਲੇ ‘ਲੋਹ-ਪੁਰਸ਼' ਹੋਣ ਦੀਆਂ ਭਰਪੂਰ ਗਵਾਹੀ ਭਰਦੀਆਂ ਹਨ। ਗੁਰੂ ਜੀ ਦਾ ਕੱਦ-ਬੁੱਤ ਉਦੋਂ ਹੋਰ ਵੀ ਉਚਾ ਹੋ ਜਾਂਦਾ ਹੈ, ਜਦੋਂ ਦੇਖੀਦਾ ਹੈ ਕਿ ਜਨਤਾ ਦੀ ਸੇਵਾ ਪੱਖ ਵਿਚ ਵਿਚਰਦਿਆਂ ਪੰਜਾਬ ਸਰਕਾਰ ਦੇ ਰਾਜਨੀਤਕ ਨਕਸ਼ੇ ਵਿਚ ਦਰਬਾਰਾ ਸਿੰਘ ਦੀ ਮਨਿਸਟਰੀ ਵਿਚ ਆਪ ਵਿਧਾਨ ਸਭਾ ਦੇ ਮਾਨਯੋਗ ਡਿਪਟੀ ਸਪੀਕਰ ਅਤੇ ਮੰਤਰੀ ਜੀ ਵਰਗੇ ਸਤਿਕਾਰਥ ਅਹੁੱਦਿਆਂ ਉਤੇ ਵੀ ਰਹਿ ਚੁੱਕੇ ਸਨ। 

      ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਦੇ ਪ੍ਰਧਾਨ ਸ੍ਰ. ਲਾਲ ਸਿੰਘ ਲਾਲੀ ਜੀ ਦੀ ਪ੍ਰਧਾਨਗੀ ਹੇਠ ਸੰਸਥਾ ਦੀ ਆਨਲਾਈਨ ਹੰਗਾਮੀ ਸ਼ੋਕ ਇਕੱਤਰਤਾ ਹੋਈ, ਜਿਸ ਵਿਚ ਦੇਸ਼-ਵਿਦੇਸ਼ ਦੀਆਂ ਅਨੇਕਾਂ ਕਲਮਾਂ, ਅਵਾਜ਼ਾਂ ਅਤੇ ਸੁਰਾਂ ਵੱਲੋਂ ਸੇਜਲ ਅੱਖਾਂ ਨਾਲ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕਰਦਿਆਂ ਵਿਛੜੀ ਆਤਮਾਂ ਨੂੰ ਆਪਣੇ ਚਰਨਾਂ ’ਚ ਨਿਵਾਸ ਬਖਸ਼ਣ ਅਤੇ ਪਿੱਛੇ ਦੁਖੀ ਪਰਿਵਾਰ ਨੂੰ ਇਹ ਅਸਹਿ ਸਦਮਾ ਸਹਿਣ ਦਾ ਬਲ ਬਖ਼ਸ਼ਣ ਲਈ ਉਸ ਮਾਲਕ ਅੱਗੇ ਦੁਆਵਾਂ ਕੀਤੀਆਂ ਗਈਆਂ। ਪ੍ਰਧਾਨ ਲਾਲੀ ਜੀ ਨੇ ਇਸ ਮੌਕੇ ਬੋਲਦਿਆਂ ਕਿਹਾ, ‘‘ਨਿਮਾਣਿਆਂ-ਨਿਤਾਣਿਆ ਦੇ ਮਸੀਹਾ, ਸਾਹਿਤ ਅਤੇ ਸਮਾਜ-ਸੇਵਾ ਦੇ ਠਾਠਾਂ ਮਾਰਦੇ ਗੁਲਜ਼ਾਰ ਸਿੰਘ ਗੁਰੂ ਨਾਮੀ ਇਸ ਕਲਿਆਣਕਾਰੀ ਦਰਿਆ ਤੋਂ ਸਾਹਿਤ-ਜਗਤ ਅਤੇ ਸਮਾਜ ਨੂੰ ਅਸੀਮ ਆਸਾਂ-ਉਮੀਦਾਂ ਅਤੇ ਸੰਭਾਵਨਾਵਾਂ ਸਨ।''

 


- ਪ੍ਰੀਤਮ ਲੁਧਿਆਣਵੀ, (ਚੰਡੀਗੜ)  (9876428641)

No comments:

Post a Comment