ਹੁਸ਼ਿਆਰਪੁਰ, 23 ਜੂਨ (ਤਰਸੇਮ ਦੀਵਾਨਾ)- ਸੂਬੇ ਵਿੱਚ ਬਿਜਲੀ ਦੀ ਨਿਰੰਤਰ ਸਪਲਾਈ ਨੂੰ ਲੈ ਕੇ ਪੰਜਾਬ ਦੀ ਕੈਪਟਨ ਸਰਕਾਰ ਆਏ ਦਿਨ ਸਵਾਲਾਂ ਦੇ ਘੇਰੇ ਚ ਖੜ੍ਹੀ ਨਜ਼ਰ ਆ ਰਹੀ ਹੈ। ਅਜਿਹੀ ਹੀ ਸਮੱਸਿਆ ਪਾਵਰਕੌਮ ਵਿਭਾਗ ਦੇ ਛਿਆਹਠ ਕੇਵੀ ਸਬ ਸਟੇਸ਼ਨ ਮਰਨਾਈਆਂ ਖ਼ੁਰਦ ਵਿਖੇ ਦੇਖਣ ਨੂੰ ਮਿਲੀ। ਜਿੱਥੇ ਪਾਵਰਕਾਮ ਵਿਭਾਗ ਵੱਲੋਂ ਲਗਾਏ ਜਾ ਰਹੇ ਅਣ-ਐਲਾਨੇ ਪਾਵਰ ਕੱਟਾਂ ਤੋਂ ਪ੍ਰੇਸ਼ਾਨ ਗੁੱਸਾਏ ਕਿਸਾਨਾਂ ਨੇ ਜੱਸਾ ਸਿੰਘ ਸਾਬਕਾ ਸਰਪੰਚ ਮਰਨਾਈਆਂ, ਅਮਰ ਸਿੰਘ ਸਰਪੰਚ ਪੰਡੋਰੀ ਬੀਬੀ, ਲਖਵਿੰਦਰ ਸਿੰਘ ਮਰਨਾਈਆਂ, ਕੁਲਵਿੰਦਰ ਸਿੰਘ, ਗੁਰਾ ਸਿੰਘ, ਦਵਿੰਦਰ ਸਿੰਘ ਨੰਬਰਦਾਰ ਤਾਜੋਵਾਲ ਆਦਿ ਦੀ ਅਗਵਾਈ ਵਿੱਚ ਪਾਵਰਕੌਮ ਵਿਭਾਗ ਦੇ ਮਰਨਾਈਆਂ ਖ਼ੁਰਦ ਦੇ ਦਫਤਰ ਸਾਹਮਣੇ ਰੋਸ ਧਰਨਾ ਲਾ ਕੇ ਲਗਪਗ 2 ਘੰਟੇ ਹੁਸ਼ਿਆਰਪੁਰ-ਫਗਵਾੜਾ ਰੋਡ ਤੇ ਚੱਕਾ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ। ਸੂਚਨਾ ਮਿਲਦੇ ਹੀ ਡੀ.ਐੱਸ.ਪੀ. ਅਮਰਨਾਥ ਤੇ ਐੱਸ.ਐੱਚ.ਓ. ਮੇਹਟੀਆਣਾ ਦੇਸ ਰਾਜ ਭਾਰੀ ਪੁਲਸ ਫੋਰਸ ਸਮੇਤ ਰੋਡ ਜਾਮ ਵਾਲੀ ਥਾਂ ਤੇ ਪਹੁੰਚੇ। ਜਿਨ੍ਹਾਂ ਧਰਨਾਕਾਰੀਆਂ ਨੂੰ ਸਮਝਾ ਬੁਝਾ ਕੇ ਰੋਡ ਜਾਮ ਖੁਲ੍ਹਵਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ। ਪ੍ਰੰਤੂ ਕਿਸਾਨਾਂ ਨੇ ਉਨ੍ਹਾਂ ਨੂੰ ਅਣਦੇਖਿਆ ਕਰਦੇ ਹੋਏ ਆਪਣਾ ਰੋਸ ਧਰਨਾ ਜਾਰੀ ਰੱਖਿਆ।
ਦੋ ਘੰਟੇ ਤੋਂ ਵੱਧ ਸਮੇਂ ਤੱਕ ਲਗਾਏ ਇਸ ਰੋਡ ਜਾਮ ਦੌਰਾਨ ਜਿੱਥੇ ਰਾਹਗੀਰਾਂ ਨੂੰ ਅੱਤ ਦੀ ਪੈ ਰਹੀ ਗਰਮੀ ਕਾਰਨ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਰੋਡ ਜਾਮ ਵਿਚ ਦੋ ਘੰਟੇ ਤੱਕ ਫਸੇ ਬੱਚੇ ਅਤੇ ਬਜ਼ੁਰਗ ਪਾਣੀ ਨੂੰ ਵੀ ਤਰਸਦੇ ਨਜ਼ਰ ਆਏ। ਦੋ ਘੰਟੇ ਤੋਂ ਵੀ ਵੱਧ ਸਮੇਂ ਤੱਕ ਲੱਗੇ ਇਸ ਰੋਡ ਜਾਮ ਦੌਰਾਨ ਸੜਕ ਦੇ ਦੋਹਾਂ ਸਾਈਡਾਂ ਤੇ ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗ ਗਈਆਂ। ਪੁਲਸ ਦੇ ਉੱਚ ਅਧਿਕਾਰੀ ਵੀ ਇਸ ਰੋਡ ਜਾਮ ਨੂੰ ਖੁਲ੍ਹਵਾਉਣ ਲਈ ਬੇਵੱਸ ਹੁੰਦੇ ਨਜ਼ਰ ਆਏ।
ਧਰਨਾਕਾਰੀਆਂ ਨੇ ਕਿਹਾ ਕਿ ਵਿਭਾਗ ਵੱਲੋਂ ਕੇਹੇ ਮੁਤਾਬਿਕ 8 ਘੰਟੇ ਵੀ ਲਗਾਤਾਰ ਟਿਊਬਵੈੱਲਾਂ ਦੀ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਰਹੀ। ਜਿਸ ਕਾਰਨ ਉਨ੍ਹਾਂ ਵੱਲੋਂ ਲਗਾਈ ਗਈ ਝੋਨੇ ਦੀ ਫਸਲ ਬਰਬਾਦ ਹੋ ਰਹੀ ਹੈ। ਆਖਰਕਾਰ ਕੁਲਦੀਪ ਠਾਕਰ ਐਕਸੀਅਨ ਪਾਵਰਕੌਮ ਵਿਭਾਗ ਨੇ ਮੌਕੇ ਤੇ ਪਹੁੰਚ ਕੇ ਧਰਨਾਕਾਰੀਆਂ ਦੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦੁਆ ਕੇ ਰੋਡ ਜਾਮ ਖੁਲ੍ਹਵਾਇਆ।
ਧਰਨਾਕਾਰੀ ਕਿਸਾਨਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 28 ਜੂਨ ਨੂੰ ਦੁਬਾਰਾ ਅਣਮਿੱਥੇ ਸਮੇਂ ਲਈ ਰੋਸ ਧਰਨਾ ਲਗਾਇਆ ਜਾਵੇਗਾ। ਧਰਨਾਕਾਰੀਆਂ ਨੇ ਪਾਵਰ ਕੱਟ ਬੰਦ ਕਰਨ, ਡੁਗਰੀ ਫੀਡਰ ਦਾ ਕੰਮ ਮੁਕੰਮਲ ਕਰਨ ਤੇ ਵਿਭਾਗ ਵਿਚ ਕਾਮਿਆਂ ਦੀ ਭਰਤੀ ਕਰਨ ਦੀ ਮੰਗ ਰੱਖੀ।

No comments:
Post a Comment