Friday, 25 June 2021

ਜੰਗਲਾਂ ’ਚ ਕੁਦਰਤੀ ਸਾਧਨਾਂ ਨੂੰ ਬਚਾਉਣ ਲਈ ਲਾਭਦਾਇਕ ਸਾਬਤ ਹੋ ਰਹੀ ਹੈ ਪਨਕੈਂਪਾ ਸਕੀਮ: ਸੁੰਦਰ ਸ਼ਾਮ ਅਰੋੜਾ


ਹੁਸ਼ਿਆਰਪੁਰ, 25 ਜੂਨ: ( ਤਰਸੇਮ ਦੀਵਾਨਾ  )ਪੰਜਾਬ ਸਰਕਾਰ ਵਲੋਂ ਜੰਗਲਾਂ ਨੂੰ ਬਚਾਉਣ ਅਤੇ ਕੁਦਰਤੀ ਸਾਧਨਾਂ ਦੀ ਸੰਭਾਲ ਨੂੰ ਯਕੀਨੀ ਬਣਾਉਣ ਲਈ ਸ਼ੁਰੂ ਕੀਤੀ ਗਈ ਪਨਕੈਂਪਾ ਸਕੀਮ ਤਹਿਤ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕੰਢੀ ਖੇਤਰ ਦੇ ਪਿੰਡ ਸਤਿਆਲ ਵਿੱਚ 45 ਲਾਭਪਾਤਰੀਆਂ ਨੂੰ ਗੈਸ ਕੁਨੈਕਸ਼ਨ ਪ੍ਰਦਾਨ ਕੀਤੇ, ਜਿਸ ਨਾਲ ਇਨ੍ਹਾਂ ਘਰਾਂ ਵਿੱਚ ਬਾਲਣ ਦੇ ਪ੍ਰਯੋਗ ਦੀ ਜਗ੍ਹਾ ਗੈਸ ਰਾਹੀਂ ਘਰੇਲੂ ਕੰਮਕਾਜ ਕੀਤਾ ਜਾ ਸਕੇਗਾ। ਪਿੰਡ ਸਤਿਆਲ ਵਿੱਚ ਲਾਭਪਾਤਰੀਆਂ ਨੂੰ ਗੈਸ ਕੁਨੈਕਸ਼ਨ ਦੇਣ ਸਮੇਂ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਵਣ ਵਿਭਾਗ ਦੀ ਵੁੱਡ ਸੇਵਿੰਗ ਕੂਕਿੰਗ ਐਂਪਲਾਇੰਸ ਸਕੀਮ (ਪਨਕੈਂਪਾ) ਤਹਿਤ ਇਹ ਕੁਨੈਕਸ਼ਨ ਦਿੱਤੇ ਗਏ ਹਨ, ਜਿਸ ਨਾਲ ਸਿਰਫ਼ ਜੰਗਲਾਂ ਦੀ ਗੈਰ ਜ਼ਰੂਰੀ ਕਟਾਈ ਰੁਕੇਗੀ ਬਲਕਿ ਵਾਤਾਵਰਣ ਨੂੰ ਵੀ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇਗਾ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਭਰੋਸਾ ਦਿੱਤਾ ਕਿ ਜਿਹੜੇ ਲਾਭਪਾਤਰੀ ਸਕੀਮ ਦਾ ਲਾਭ ਲੈਣ ਤੋਂ ਰਹਿ ਗਏ ਹਨ, ਉਨ੍ਹਾਂ ਨੂੰ ਵੀ ਜਲਦ ਗੈਸ ਕੁਨੈਕਸ਼ਨ ਮੁਹੱਈਆ ਕਰਵਾਏ ਜਾਣਗੇ। ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਗੈਸ ਕੁਨੈਕਸ਼ਨ ਮਿਲਣ ਨਾਲ ਲਾਭਪਾਤਰੀ ਆਪਣੀ ਰਸੋਈ ਦੇ ਕੰਮ ਤੋਂ ਇਲਾਵਾ ਰੋਜਮਰਾ ਦੇ ਕੰਮਾਂ ਲਈ ਪੌਦੇ ਕੱਟ ਕੇ ਲੱਕੜੀ ਦੇ ਬਾਲਣ ਦਾ ਪ੍ਰਯੋਗ ਨਹੀਂ ਕਰਨਗੇ, ਜਿਸ ਨਾਲ ਉਨ੍ਹਾਂ ਦੀ ਸਿਹਤ ’ਤੇ ਵੀ ਚੰਗਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੰਢੀ ਖੇਤਰ ਵਿੱਚ ਜ਼ਰੂਰੀ ਵਿਕਾਸ ਯਕੀਨੀ ਬਣਾਉਣ ਲਈ ਪਿਛਲੇ ਚਾਰ ਸਾਲਾਂ ਦੌਰਾਨ ਠੋਸ ਕਦਮ ਚੁੱਕੇ ਗਏ ਹਨ ਜਿਸ ਵਿੱਚ ਕੰਢੀ ਖੇਤਰ ਵਿੱਚ ਸਿੰਚਾਈ ਅਤੇ ਪਾਣੀ ਦੀ ਸਪਲਾਈ ਆਦਿ ਮੁੱਖ ਤੌਰ ’ਤੇ ਸ਼ਾਮਲ ਹੈ। ਇਸ ਮੌਕੇ ਸਰਪੰਚ ਯਸ਼ਪਾਲ, ਡਵੀਜਨਲ ਵਣ ਅਫ਼ਸਰ ਅਮਨੀਤ ਸਿੰਘ, ਮਹਿੰਦਰ ਪਾਲ, ਕਮਲੇਸ਼ ਕੌਰ, ਦੇਵ ਰਾਜ, ਰੌਸ਼ਲ ਲਾਲ (ਸਾਰੇ ਪੰਚ) ਬਲਾਕ ਸੰਮਤੀ ਮੈਂਬਰ ਕਿਰਨ ਮੱਲੀ, ਸਾਬਕਾ ਬਲਾਕ ਸੰਮਤੀ ਮੈਂਬਰ ਹੰਸ ਰਾਜ, ਮਨਜੀਤ ਕੌਰ, ਸਰਪੰਚ ਕੁਲਦੀਪ ਅਰੋੜਾ, ਸੰਜੀਵ ਕੁਮਾਰ ਮਿੰਟੂ ਆਦਿ ਮੌਜੂਦ ਸਨ। 

No comments:

Post a Comment