ਸੌ ਭਾਰਤੀ ਪ੍ਰੇਰਨਾਸ੍ਰੋਤ ਉੱਚ ਸ਼ਖਸੀਅਤਾਂ ਦੀ ਪੁਸਤਕ ’ਚ ਜਸਵਿੰਦਰ ਕੌਰ ਅੰਮ੍ਰਿਤਸਰ ਦਾ ਵੀ ਚਮਕਿਆ ਨਾਂ

 

         


ਜੋ ਲੋਕ ਆਪਣੇ ਸਾਹਿਤ, ਸੱਭਿਆਚਾਰ ਅਤੇ ਸਮਾਜ ਨੂੰ ਸੱਚੇ ਦਿਲੋਂ-ਮਨੋਂ ਪਿਆਰ ਕਰਦੇ ਸੰਵਾਰਨਾ, ਸੁਧਾਰਨਾ ਤੇ ਪ੍ਰਫੁੱਲਤ ਕਰਨਾ ਚਾਹੁੰਦੇ ਹਨ, ਉਹ ਕਦੀ ਗੁੱਝੇ ਨਹੀ ਰਹਿੰਦੇ।  ਆਖਰ ਕਲਾ ਦੇ ਪਾਰਖੂ ਜ਼ੌਹਰੀ ਲੱਭ ਹੀ ਲੈਂਦੇ ਹਨ, ਇਹੋ ਜਿਹੀਆਂ ਵਿਲੱਖਣ ਤਪੱਸਵੀ ਰੂਹਾਂ ਨੂੰ। ਕਲਾ ਦੇ ਕਦਰਦਾਨ, ‘ਗਿਨੀਜ ਵਰਲਡ ਰਿਕਾਰਡ ਹੋਲਡਰ’ ਤੇ ਉੱਘੇ ਲੇਖਕ ਡਾ: ਤਿਲਕ ਤਨਵਰ ਤੇ ਆਲ ਇੰਡੀਆ ਰੇਡੀਓ ਤੋਂ ਆਰ. ਜੇ ਆਰਤੀ ਮਲਹੋਤਰਾ ਜੀ ਦੇ ਸਾਂਝੇ ਉਪਰਾਲੇ ਨਾਲ 100 ਭਾਰਤੀ ਪ੍ਰੇਰਨਾਸ੍ਰੋਤ ਸਖਸ਼ੀਅਤਾਂ ਦੀ ਇੰਟਰਵਿਊ, ‘ਮੀਡੀਆ ਨਿਊਜ਼ 47’ ਰਾਹੀਂ ਲਈ ਗਈ। ਜਿਸ ਰਾਹੀਂ ਉਨਾਂ ਵੱਲੋਂ ਜੀਵਨ ’ਚ ਕੀਤੇ ਗਏ ਸੰਘਰਸ਼ ਦੇ ਨਾਲ ਨਾਲ ਵੱਖ-ਵੱਖ ਖੇਤਰਾਂ ’ਚ ਪ੍ਰਾਪਤ ਕੀਤੀਆਂ ਗਈਆਂ ਉਪਲੱਬਧੀਆਂ ਬਾਰੇ ਚਰਚਾ ਕੀਤੀ ਗਈ। ਇਸ ਸਾਰੀ ਕਾਰਵਾਈ ਨੂੰ ਆਧਾਰ ਬਣਾ ਕੇ ਉਨਾਂ ਨੂੰ ਪ੍ਰੇਰਨਾ ਸਰੋਤ ਸ਼ਖਸੀਅਤ ਘੋਸ਼ਿਤ ਕਰਦੇ ਹੋਏ ਉਨਾਂ ਦੀ ਜੀਵਨ ਕਹਾਣੀ (ਲਾਈਫ ਸਟੋਰੀ) ਨੂੰ, ‘100 ਇੰਸਪਾਇਰਿੰਗ ਇੰਡੀਅਨਜ’ ਪੁਸਤਕ ਵਿੱਚ ਸ਼ਾਮਲ ਕੀਤਾ ਗਿਆ। ਇਨਾਂ ਵਿੱਚੋਂ ਹੀ ਇੱਕ ਸ਼ਖ਼ਸੀਅਤ ਜਸਵਿੰਦਰ ਕੌਰ, ਅੰਮ੍ਰਿਤਸਰ (ਪੰਜਾਬ) ਨੂੰ ਵੀ ਚੁਣਿਆ ਗਿਆ ਹੈ ਜੋ ਕਿ ਅੰਮ੍ਰਿਤਸਰ ਦੇ ਡੀ. ਏ. ਵੀ ਇੰਟਰਨੈਸ਼ਨਲ ਸਕੂਲ ਵਿੱਚ ਪੰਜਾਬੀ ਅਧਿਆਪਕਾ ਵਜੋਂ ਪੜਾ ਰਹੇ ਹਨ। ਇਸ ਸੰਬੰਧ ਵਿਚ ਉਨਾਂ ਨੂੰ ਸਨਮਾਨਿਤ ਕਰਨ ਲਈ 8 ਅਗਸਤ ਨੂੰ ਦਿੱਲੀ ਪੁੱਜਣ ਦਾ ਨਿਓਤਾ ਦਿੱਤਾ ਗਿਆ ਹੈ।

          ਵਿਸ਼ੇਸ਼ ਜ਼ਿਕਰ ਯੋਗ ਹੈ ਕਿ ਜਸਵਿੰਦਰ ਕੌਰ, ਅਧਿਆਪਕਾ ਹੋਣ ਦੇ ਨਾਲ-ਨਾਲ ਉੱਘੀ ਪੰਜਾਬੀ ਲੇਖਿਕਾ ਵੀ ਹਨ, ਜੋ ਲਗਭਗ 1990 ਤੋਂ ਕਵਿਤਾਵਾਂ, ਲੇਖ, ਨਾਟਕ ਆਦਿ ਲਿਖਦੇ ਆ ਰਹੇ ਹਨ ਤੇ ਹੁਣ ਤੱਕ ਦੋ ਕਿਤਾਬਾਂ, ‘ਸੁਹਾਵੀਆਂ ਰੁੱਤਾਂ ਦਿਨ ਸੁਹੇਲੜੇ’ ਅਤੇ ‘ਕਲਾਮ ਨੂੰ ਸਲਾਮ’ ਸਾਹਿਤ ਦੀ ਝੋਲੀ ਪਾ ਚੁੱਕੇ ਹਨ। ਜਦਕਿ ਅਗਲੀ ਪੁਸਤਕ ਜਲਦੀ ਹੀ ਉਹ ਲੈਕੇ ਸੂਝਵਾਨ ਪਾਠਕਾਂ ਦੇ ਕਟਹਿਰੇ ਵਿਚ ਹਾਜ਼ਰ ਹੋ ਰਹੇ ਹਨ। ਉਨਾਂ ਦੀਆਂ ਪੰਜ ਸੌ ਤੋਂ ਵੱਧ ਰਚਨਾਵਾਂ ਅੱਡ-ਅੱਡ ਸਾਂਝੇ ਕਾਵਿ ਸੰਗ੍ਰਹਿਾਂ, ਮੈਗਜ਼ੀਨਾਂ ਅਤੇ ਅਖ਼ਬਾਰਾਂ ’ਚ ਛਪ ਚੁੱਕੀਆਂ ਹਨ। ਇਸ ਤੋਂ ਇਲਾਵਾ ਵਿਸ਼ਵ ਪੱਧਰ ਦੇ ਰੇਡੀਓ ਪ੍ਰੋਗਰਾਮਾਂ ’ਚ ਸ਼ਿਰਕਤ ਕਰਨ ਦਾ ਮਾਣ ਵੀ ਹਾਸਲ ਹੋਇਆ ਹੈ, ਉਨਾਂ ਨੂੰ। ਇੱਥੇ ਹੀ ਬਸ ਨਹੀਂ, ਜਸਵਿੰਦਰ ਜੀ, ਰਾਸ਼ਟਰੀ ਮਹਿਲਾ ਕਾਵਿ ਮੰਚ ਪੰਜਾਬ ਇਕਾਈ, ਅੰਮ੍ਰਿਤਸਰ ਦੀ ਪ੍ਰੈਜ਼ੀਡੈਂਟ ਹੋਣ ਦੇ ਨਾਲ ਨਾਲ ਵਿਸ਼ਵ ਨਾਰੀ ਸਾਹਿਤਕ ਮੰਚ, ਪ੍ਰਗਤੀਸ਼ੀਲ ਲੇਖਕ ਸੰਘ, ਫੋਕਲੋਰ ਰਿਸਰਚ ਅਕੈਡਮੀ, ਓਂਟਾਰੀਓ ਫਰੈਂਡਜ਼ ਕਲੱਬ ਕਨੇਡਾ, ਵਿਸ਼ਵ ਪੰਜਾਬੀ ਚੈਂਬਰ ਆਫ ਕਾਮਰਸ ਆਦਿ ਦੇ ਕਿਰਿਆ ਸ਼ੀਲ ਮੈਂਬਰ ਵੀ ਹਨ। ਇਨਾਂ ਸਭਨਾਂ ਵਲੋਂ ਉਨਾਂ ਨੂੰ ਇਸ ਵਿਸ਼ੇਸ਼ ਉਪਲੱਬਧੀ ਲਈ ਮੁਬਾਰਕਬਾਦ ਭੇਜੀ ਗਈ ਹੈ।

          ਜਸਵਿੰਦਰ ਕੌਰ ਦਾ ਜੀਵਨ ਭਾਂਵੇਂ ਬਹੁਤ ਹੀ ਸੰਘਰਸ਼ਸ਼ੀਲ ਰਿਹਾ ਹੈ ਫਿਰ ਵੀ ਉਹ ਸਵੈ ਪ੍ਰੇਰਨਾ ਤੇ ਸਕਾਰਾਤਮਕ ਸੋਚ ਨਾਲ ਜੀਵਨ ਵਿੱਚ ਅੱਗੇ ਵਧਦੇ ਗਏ। ਨਤੀਜਨ, ਉਨਾਂ ਨੂੰ ਪ੍ਰੇਰਨਾਸ੍ਰੋਤ ਸਖਸ਼ੀਅਤ ਦੇ ਤੌਰ ਤੇ ਇਸ ਪੁਸਤਕ ਵਿੱਚ ਸ਼ਾਮਲ ਹੋਣ ਦਾ ਮਾਣ ਮਿਲਿਆ ਹੈ। ਉਨਾਂ ਦੇ ਪ੍ਰਸ਼ੰਸਕਾਂ ਵੱਲੋਂ ਆਸ ਪ੍ਰਗਟਾਈ ਜਾ ਰਹੀ ਹੈ ਕਿ ਜਸਵਿੰਦਰ ਜੀ ਦੀ ਜੀਵਨ ਕਹਾਣੀ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਕੇ ਉਨਾਂ ਦੇ ਜੀਵਨ ਨੂੰ ਸੇਧ ਦੇਵੇਗੀ।     ਜਸਵਿੰਦਰ ਜੀ ਦੀਆਂ ਸਾਹਿਤਕ, ਸੱਭਿਆਚਾਰਕ ਤੇ ਸਮਾਜਿਕ ਸੇਵਾਵਾਂ ਦੀ ਕਦਰ ਪਾਉਂਦਿਆਂ ਸੌ ਤੋਂ ਵੱਧ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਟੇਜਾਂ ’ਤੇ ਉਨਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਦੁਆ ਕਰਦੇ ਹਾਂ ਕਿ ਬਹੁ-ਕਲਾਵਾਂ ਦਾ ਇਹ ਚਿਰਾਗ ਇਸੇ ਤਰਾਂ ਦਗ ਦਗ ਬਲ਼ਦਾ, ਰੁਸ਼ਨਾਈਆਂ ਵਿਖੇਰਦਾ, ਚੌਗਿਰਦਾ ਰੁਸ਼ਨਾਉਂਦਾ,  ਉਚੇਰੀਆਂ ਮੰਜ਼ਲਾਂ ਸਰ ਕਰਦਾ ਰਵੇ !

          -ਪ੍ਰੀਤਮ ਲੁਧਿਆਣਵੀ, (ਚੰਡੀਗੜ) 9876428641 

Post a Comment

1 Comments