ਸੜਕਾਂ ਦੀ ਖੁਦਾਈ ਸਮੇਂ ਐਸ.ਓ.ਪੀ. ਦੀ ਪਾਲਣਾ ਨਾ ਕਰਨ 'ਤੇ ਸਬੰਧਿਤ ਵਿਭਾਗ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ : ਡਿਪਟੀ ਕਮਿਸ਼ਨਰ*


 ਕਿਹਾ, ਪੁੱਟੀ ਗਈ ਸੜਕ ਮਿੱਥੇ ਸਮੇਂ ਅੰਦਰ ਮੁੜ ਤਿਆਰ ਕਰਨਾ ਸਬੰਧਤ ਵਿਭਾਗ ਦੀ ਜ਼ਿੰਮੇਵਾਰੀ, ਅਣਗਹਿਲੀ ਨਾ ਵਰਤਣ ਦੀ ਸਖ਼ਤ ਹਦਾਇਤ


ਜਲੰਧਰ, 2 ਦਸੰਬਰ (ਅਮਰਜੀਤ ਸਿੰਘ)- :
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਵਿਭਾਗਾਂ ਨੂੰ ਖੁਦਾਈ ਕਰਨ ਸਮੇਂ ਐਸ.ਓ.ਪੀ. ਦੀ ਪਾਲਣਾ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਸਪਸ਼ਟ ਕਿਹਾ ਕਿ ਖੁਦਾਈ ਦੇ ਕੰਮ ਦੌਰਾਨ ਐਸ.ਓ.ਪੀ. ਦੀ ਪਾਲਣਾ ਨਾ ਕਰਨ ’ਤੇ ਸਬੰਧਤ ਵਿਭਾਗ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

      ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਦੋਂ ਵੀ ਕਿਤੇ ਸੜਕ ਦੀ ਖੁਦਾਈ ਕੀਤੀ ਜਾਣੀ ਹੈ ਤਾਂ ਸਬੰਧਤ ਵਿਭਾਗ ਐਸ.ਓ.ਪੀ. ਪਾਲਣਾ ਯਕੀਨੀ ਬਣਾਏਗਾ ਅਤੇ ਜੇਕਰ ਸੜਕ ਹੇਠਾਂ ਕੋਈ ਸੀਵਰੇਜ, ਤਾਰਾਂ ਜਾਂ ਕੋਈ ਹੋਰ ਪਾਇਪ ਲਾਈਨ ਹੈ, ਤਾਂ ਉਸ ਦੀ ਪੁਖ਼ਤਾ ਢੰਗ ਨਾਲ ਮੈਪਿੰਗ ਕਰਵਾਈ ਜਾਵੇ। ਉਨ੍ਹਾਂ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਮੈਪਿੰਗ ਉਪਰੰਤ ਹੀ ਖੁਦਾਈ ਲਈ ਪ੍ਰਕਿਰਿਆ ਵਿੱਢੀ ਜਾਵੇ ਅਤੇ ਖੁਦਾਈ ਦੇ ਚੱਲਦੇ ਕੰਮ ਦੌਰਾਨ ਸਬੰਧਤ ਵਿਭਾਗ ਵੱਲੋਂ ਲੋਕਾਂ ਦੀ ਸਹੂਲਤ ਲਈ ਸਾਈਟ ’ਤੇ ‘ਕੰਮ ਚਾਲੂ ਹੋਣ, ਸਬੰਧਤ ਵਿਭਾਗ ਦਾ ਨਾਂਅ ਅਤੇ ਕਾਰਜ ਦੇ ਮੁਕੰਮਲ ਹੋਣ ਦੀ ਮਿਤੀ’ ਬਾਰੇ ਜਾਗਰੂਕਤਾ ਬੋਰਡ ਲਗਾਏ ਜਾਣ।

        ਵਿਭਾਗਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਪੁੱਟੀ ਗਈ ਸੜਕ ਮਿੱਥੇ ਸਮੇਂ ਵਿੱਚ ਮੁੜ ਤਿਆਰ ਕਰਨਾ ਸਬੰਧਤ ਵਿਭਾਗ ਦੀ ਜ਼ਿੰਮੇਵਾਰੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਕਿਸੇ ਕਿਸਮ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਅਣਗਹਿਲੀ ਵਰਤਣ ਵਾਲੇ ਸਬੰਧਤ ਅਧਿਕਾਰੀ ਖਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

        ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਗੈਸ ਪਾਈਪਲਾਈਨਾਂ ਅਤੇ ਅਣਜਾਣ ਖੁਦਾਈ ਗਤੀਵਿਧੀਆਂ ਕਾਰਨ ਪਾਈਪਲਾਈਨ ਨੂੰ ਹੋਣ ਵਾਲੇ ਨੁਕਸਾਨ ਦੇ ਖਤਰਿਆਂ ਬਾਰੇ ਜਾਗਰੂਕਤਾ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਗੈਸ ਲੀਕ ਅਤੇ ਹਾਦਸਿਆਂ ਤੋਂ ਬਚਾਅ ਲਈ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ’ਤੇ ਵੀ ਜ਼ੋਰ ਦਿੱਤਾ।

        ਉਨ੍ਹਾਂ ਨਗਰ ਨਿਗਮ ਨੂੰ ਹਦਾਇਤ ਕਰਦਿਆਂ ਕਿਹਾ ਕਿ ਕਾਰਪੋਰੇਸ਼ਨ ਏਰੀਏ ਵਿੱਚ ਖੁਦਾਈ ਸਬੰਧੀ ਪੂਰੀ ਜਾਣਕਾਰੀ ਰੱਖੀ ਜਾਵੇ। ਉਨ੍ਹਾਂ ਨਾਲ ਹੀ ਵਿਭਾਗਾਂ ਨੂੰ ਆਪਸੀ ਬੇਹਤਰ ਤਾਲਮੇਲ ਰੱਖਣ 'ਤੇ ਵੀ ਜ਼ੋਰ ਦਿੱਤਾ, ਤਾਂ ਜੋ ਜਨਤਾ ਨੂੰ ਕਿਸੇ ਕਿਸਮ ਦੀ ਦਿਕੱਤ ਦਾ ਸਾਹਮਣਾ ਨਾ ਕਰਨਾ ਪਵੇ।

Post a Comment

0 Comments